Share on Facebook

Main News Page

ਬਚਕੇ ਮੋੜ ਤੋਂ... ਸੌਦਾ ਸਾਧ ਨੂੰ ਮਾਫ਼ੀ ਵੀ ਰਾਜਨੀਤੀ ਸੀ, ਹੁਕਮਨਾਮਾ ਵਾਪਸੀ ਵੀ ਰਣਨੀਤੀ ਹੈ..!
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਤਖਤਾਂ ਦੇ ਜਥੇਦਾਰਾਂ ਨੇ ਅਕਾਲ ਤਖਤ ਸਾਹਿਬ ਉੱਤੇ ਬੈਠਕੇ ਕੁੱਝ ਦਿਨ ਪਹਿਲਾਂ ਸੌਦਾ ਸਾਧ ਨੂੰ ਪੰਥ ਵਿੱਚੋਂ ਛੇਕੇ ਜਾਣ ਵਾਲਾ ਫੈਸਲਾ ਵਾਪਿਸ ਲੈਂਦਿਆਂ, ਉਸ ਨੂੰ ਬਿਨ੍ਹਾਂ ਪੇਸ਼ ਹੋਏ ਕਲੀਨ ਚਿੱਟ ਦੇ ਦਿੱਤੀ ਸੀ, ਲੇਕਿਨ ਸਿੱਖਾਂ ਵਿੱਚ ਇਹ ਵੱਡਾ ਗੁਣ ਹੈ ਕਿ ਹੋਰ ਕਿਸੇ ਕਿਸਮ ਦਾ ਨੁਕਸਾਨ ਬਰਦਾਸ਼ਤ ਕਰ ਸਕਦੇ ਹਨ, ਆਪਣੇ ਕਾਤਲ ਨੂੰ ਮਾਫ਼ ਕਰ ਸਕਦੇ ਹਨ, ਪਰ ਕਦੇ ਵੀ ਗੁਰੂ ਗ੍ਰੰਥ ਸਾਹਿਬ ਜਾਂ ਕਿਸੇ ਗੁਰੂ ਸਹਿਬਾਨ ਦਾ ਅਪਮਾਨ ਕਰਨ ਵਾਲੇ ਨੂੰ ਦਿਲੋਂ ਨਹੀਂ ਭੁਲਾਉਂਦੇ। ਇਹ ਗੱਲ ਸਿਰਫ ਅੱਜ ਦੇ ਸਮੇਂ ਦੀ ਨਹੀਂ ਪੁਰਾਤਨ ਸਿੱਖ ਇਤਿਹਾਸ ਵਿੱਚ ਵੀ ਅਜਿਹੀਆਂ ਮਿਸਾਲਾਂ ਅਕਸਰ ਮਿਲਦੀਆਂ ਹਨ। ਬੇਸ਼ੱਕ ਅਕਾਲ ਤਖਤ ਸਾਹਿਬ ਉੱਤੇ ਹੀ ਪੰਜ ਜਥੇਦਾਰਾਂ ਨੇ ਸੌਦਾ ਸਾਧ ਨੂੰ ਮਾਫ਼ੀ ਦਾ ਫੈਸਲਾ ਕੀਤਾ ਸੀ ਅਤੇ ਇਸ ਨੂੰ ਜਬਰੀ ਮਨਵਾਉਣ ਵਾਸਤੇ ਸ਼੍ਰੋਮਣੀ ਕਮੇਟੀ ਅਤੇ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਨਾਲ ਨਾਲ ਪੰਜਾਬ ਦੇ ਉਚ ਅਫਸਰਾਂ ਨੇ ਅੱਡੀ ਚੋਟੀ ਦਾ ਜੋਰ ਲਾਇਆ ਸੀ, ਪਰ ਸਿੱਖ ਜਜਬਾਤਾਂ ਅੱਗੇ ਸਭ ਕੁੱਝ ਬੇਵੱਸ ਹੋ ਕੇ ਰਹਿ ਗਿਆ ਅਤੇ ਅਖੀਰ ਜਥੇਦਾਰਾਂ ਨੂੰ ਆਪਣਾ ਅਪੰਥਕ ਫੈਸਲਾ ਅੱਜ ਬਦਲਣਾ ਹੀ ਪਿਆ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨਾ ਤਾਂ ਪਹਿਲਾ ਸੌਦਾ ਸਾਧ ਨੂੰ ਬਦਲਣ ਵਾਲਾ ਫੈਸਲਾ ਜਥੇਦਾਰਾਂ ਨੇ ਆਪਣੀ ਆਜ਼ਾਦ ਮਰਜ਼ੀ ਜਾਂ ਪੰਥਕ ਹਿੱਤਾਂ ਜਾਂ ਸਿੱਖ ਮਰਿਯਾਦਾ ਅਨੁਸਾਰ ਕੀਤਾ ਸੀ ਅਤੇ ਨਾ ਹੀ ਹੁਣ ਉਸ ਫੈਸਲੇ ਨੂੰ ਰੱਦ ਕਰਨ ਲੱਗਿਆਂ ਜਥੇਦਾਰਾਂ ਨੂੰ ਕੋਈ ਪਤਾ ਹੈ। ਅਸਲ ਵਿੱਚ ਜਥੇਦਾਰ ਅੰਦਰੋਂ ਪੋਲੇ ਅਤੇ ਲਾਲਚੀ ਬਿਰਤੀ ਦੇ ਹੋਣ ਕਰਕੇ ਕਠਪੁਤਲੀਆਂ ਤੋਂ ਵਧਕੇ ਕੁੱਝ ਵੀ ਨਹੀਂ ਹਨ। ਜਿਹੜਾ ਕੋਈ ਫੁਰਮਾਨ ਨਾਗਪੁਰ ਜਾਂ ਚੰਡੀਗੜ ਦੀ ਚੰਡਾਲ ਚੌਂਕੜੀ ਵੱਲੋਂ ਲਿਖਿਆ ਆ ਜਾਵੇ, ਉਸ ਨੂੰ ਹੂ-ਬ-ਹੂ ਅਕਾਲ ਤਖਤ ਸਾਹਿਬ ਦੀ ਲੈਟਰ ਪੈਡ ਉੱਤੇ ਉਤਾਰਕੇ, ਅਕਾਲ ਤਖਤ ਸਾਹਿਬ ਦੀ ਮੋਹਰ ਲਾ ਕੇ, ਆਪਣੇ ਦਸਤਖਤ ਕਰ ਦਿੰਦੇ ਹਨ। ਮੀਟਿੰਗ ਤੋਂ ਪਹਿਲਾਂ ਉਹਨਾਂ ਨੂੰ ਖੁਦ ਵੀ ਪਤਾ ਨਹੀਂ ਹੁੰਦਾ ਕਿ ਅਸੀਂ ਅੱਜ ਕੀਹ ਕੀਹ ਮਸਲੇ ਵਿਚਾਰਨੇ ਹਨ। ਜੇ ਕਿਸੇ ਇੱਕ ਅੱਧੇ ਮਸਲੇ ਦਾ ਪਤਾ ਵੀ ਹੋਵੇ ਤਾਂ ਫਿਰ ਇਹ ਜਾਣਕਾਰੀ ਨਹੀਂ ਹੁੰਦੀ ਕਿ ਇਸ ਉੱਤੇ ਕੀਹ ਫੈਸਲਾ ਲੈਣਾ ਹੈ। ਇਹ ਆਮ ਚਰਚਾ ਹੈ ਕਿ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਕਰਦਿਆਂ ਪਿਸ਼ਾਬ ਦੀ ਹਾਜਤ ਆਮ ਨਾਲੋ ਵਧੇਰੇ ਹੁੰਦੀ ਹੈ। ਕੁੱਝ ਲੋਕ ਇਸ ਨੂੰ ਉਹਨਾਂ ਦੀ ਸਰੀਰਕ ਤਕਲੀਫ਼ ਸਮਝਦੇ ਹਨ, ਦਰਅਸਲ ਉਹ ਪਿਸ਼ਾਬ ਦੇ ਬਹਾਨੇ ਗੁਸਲਖਾਨੇ ਵਿੱਚ ਚੰਡੀਗੜ ਆਪਣੇ ਆਪਣੇ ਆਕਾ ਨੂੰ ਫੋਨ ਕਰਕੇ ਹਦਾਇਤ ਲੈਣ ਜਾਂਦੇ ਹਨ ਕਿ ਹੁਣ ਆ ਭਸੂੜੀ ਪੈ ਗਈ ਹੈ, ਇਸ ਦਾ ਕੀਹ ਹੱਲ ਕੀਤਾ ਜਾਵੇ, ਖਾਸ ਕਰਕੇ ਜਿਸ ਦਿਨ ਸਰਨਾ ਭਰਾਵਾਂ ਨੂੰ ਕਿਸੇ ਮਾਮਲੇ ਵਿੱਚ ਤਲਬ ਕੀਤਾ ਸੀ, ਉਸ ਦਿਨ ਘੱਟੋ ਘੱਟ ਦਸ ਵਾਰੀ ਜਥੇਦਾਰ ਸਾਬ ਨੂੰ ਹਾਜਤ ਹੋਈ ਸੀ। ਇਸ ਕਰਕੇ ਜਥੇਦਾਰ ਆਪਣੀ ਮਰਜ਼ੀ ਨਾਲ ਕੁੱਝ ਨਹੀਂ ਕਰਦੇ ਜਿਵੇਂ ਉੱਪਰੋਂ ਹੁਕਮ ਆਉਂਦਾ ਹੈ ਲਿਖ ਕੇ ਸੁਣਾ ਦਿੰਦੇ ਹਨ।

ਸੌਦਾ ਸਾਧ ਦੇ ਮਾਮਲੇ ਵਿੱਚ ਵੀ ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਇਹ ਛੋਟੇ ਬਾਦਲ ਦਾ ਕਾਹਲੀ ਅਤੇ ਫੁਕਰੇਪਣ ਵਿੱਚ ਲਿਆ ਗਿਆ ਇਕ ਵੱਡਾ, ਪਰ ਬਚਕਾਨਾ ਅਤੇ ਕੌਮ ਵਿਰੋਧੀ ਫੈਸਲਾ ਸੀ। ਸੂਤਰਾਂ ਅਨੁਸਾਰ ਛੋਟਾ ਬਾਦਲ ਆਪਣੀ ਫਿਲਮ "ਸਿੰਘ ਇਜ ਬਲਿੰਗ" ਨੂੰ ਵੇਖਣ ਮੁੰਬਈ ਗਿਆ ਸੀ, ਜਿੱਥੇ ਫਿਲਮੀ ਕਲਾਕਾਰ ਨੇ ਸੌਦਾ ਸਾਧ ਦੀ ਫਿਲਮ "ਐਮ.ਐਸ.ਜੀ.2" ਉੱਤੇ ਪਬੰਦੀ ਦਾ ਮੁੱਦਾ ਉਠਾਇਆ, ਉਸ ਸਮੇਂ ਸੌਦਾ ਸਾਧ ਦੇ ਪੈਰੋਕਾਰਾਂ ਵੱਲੋਂ ਮੋਗਾ ਸ਼ਹਿਰ ਦੀ ਘੇਰਾਬੰਦੀ ਵੀ ਕੀਤੀ ਹੋਈ ਸੀ ਤਾਂ ਛੋਟੇ ਬਾਦਲ ਨੇ ਫਿਲਮੀ ਹਸਤੀਆਂ ਦੇ ਕਹਿਣ ਉੱਤੇ, ਉਥੇ ਹੀ ਸੌਦਾ ਸਾਧ ਨਾਲ ਮੀਟਿੰਗ ਕੀਤੀ, ਜਿਸ ਵਿੱਚ ਫਿਲਮ ਦੀ ਪਬੰਦੀ, ਅਗਾਮੀ ਵਿਧਾਨਸਭਾ ਚੋਣਾਂ ਅਤੇ ਸੌਦਾ ਸਾਧ ਨੂੰ ਅਕਾਲ ਤਖਤ ਤੋਂ ਮਾਫ਼ੀ ਦਾ ਸੌਦਾ ਤਹਿ ਹੋਇਆ।

ਇਹ ਵੀ ਖਦਸ਼ਾ ਹੈ ਕਿ ਤਖਤ ਦਮਦਮਾ ਸਾਹਿਬ ਦਾ ਆਰਜੀ ਜਥੇਦਾਰ ਵੀ ਉਥੇ ਹਾਜਰ ਸੀ ਅਤੇ ਉਸ ਨੂੰ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਦਾ ਸਬਜ਼ ਬਾਗ ਵਿਖਾਕੇ, ਇਸ ਕੰਮ ਨੂੰ ਚੁੱਪ ਚੁਪੀਤੇ ਬਿਨ੍ਹਾਂ ਕਿਸੇ ਦੇਰੀ ਤੋਂ ਨੇਪਰੇ ਚਾੜਣ ਦਾ ਜਿੰਮਾ ਦਿੱਤਾ ਗਿਆ ਸੀ, ਜੋ ਉਸਨੇ ਬਖੂਬੀ ਨਿਭਾਇਆ। ਇਸ ਵਿੱਚ ਬਾਦਲ ਪਰਿਵਾਰ ਨੇ ਆਪਣੀ ਵੋਟ ਵਧਾਉਣ ਦਾ ਸੌਦਾ ਪੱਕਾ ਕਰਕੇ ਰਾਜਨੀਤਿਕ ਪਾਸਾ ਖੇਡਿਆ ਸੀ, ਪਰ ਹੁਣ ਬਾਜ਼ੀ ਪੁੱਠੀ ਪੈਂਦੀ ਵੇਖਕੇ ਪੈਂਤੜਾ ਬਦਲਣ ਲੱਗਿਆਂ ਇੱਕ ਮਿੰਟ ਵੀ ਨਹੀਂ ਲਾਇਆ।

ਉਸ ਦਿਨ ਸੌਦਾ ਸਾਧ ਨੂੰ ਮਾਫ਼ ਕਰਨਾ ਰਾਜਨੀਤੀ ਸੀ ਕਿ ਏਨੀਆਂ ਬਹੁਗਿਣਤੀ ਵੋਟਾਂ ਆਸਾਨੀ ਨਾਲ ਝੋਲੀ ਪਵਾਈਆਂ ਜਾ ਸਕਣ। ਬੇਸ਼ੱਕ ਸਿੱਖ ਪੰਥ ਅੰਦਰ ਇਸ ਗਲਤ ਅਤੇ ਸਿਧਾਂਤਹੀਂਨ ਫੈਸਲੇ ਨੂੰ ਲੈ ਕੇ ਰੋਹ ਪੈਦਾ ਹੋ ਗਿਆ ਸੀ ਅਤੇ ਪੰਥਕ ਕੰਵੈਨਸ਼ਨਾਂ ਦਾ ਦੌਰ ਚੱਲ ਪਿਆ ਸੀ, ਜਿਸ ਵਿੱਚ ਸਰਬੱਤ ਖਾਲਸਾ ਬਲਾਉਣ ਦੀ ਮੰਗ ਉਭਰਨ ਲੱਗੀ ਸੀ, ਨਾਲ ਹੀ ਇੱਕ ਜਥੇਦਾਰ ਉੱਤੇ ਹਮਲਾ ਅਤੇ ਇੱਕ ਜਥੇਦਾਰ ਦੇ ਪਰਿਵਾਰ ਵੱਲੋਂ ਬਾਈਕਾਟ ਕੀਤੇ ਜਾਣ ਦੀ ਗੱਲ ਵੀ ਸਾਹਮਣੇ ਆਈ ਸੀ, ਲੇਕਿਨ ਇਸ ਦੇ ਟਾਕਰੇ ਵਾਸਤੇ ਬਾਦਲਾਂ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਅਤੇ ਅੱਧ ਪਚੱਧੀ ਸਾਧ ਯੂਨੀਅਨ ਨੂੰ ਤਿਆਰ ਕਰ ਲਿਆ ਸੀ, ਪਰ ਬਾਦਲਾਂ ਦੀ ਬਦਕਿਸਮਤੀ ਕਿ ਅਚਾਨਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ ਹੋ ਗਈ, ਜਿਸ ਨਾਲ ਧੁਖਦੇ ਸਿੱਖ ਜਜਬਾਤ ਭਾਂਬੜ ਦਾ ਰੂਪ ਧਾਰਨ ਕਰ ਗਏ। ਸਿਰਫ ਧਾਰਮਿਕ ਸਟੇਜਾਂ ਉੱਤੇ ਪ੍ਰਚਾਰ ਕਰਨ ਵਾਲੇ ਪ੍ਰਚਾਰਕ ਵੀ ਮੈਦਾਨ-ਏ-ਜੰਗ ਵਿੱਚ ਉੱਤਰ ਆਏ। ਇੱਥੇ ਵੀ ਬਾਦਲਾਂ ਨੇ ਆਪਣੇ ਚਹੇਤੇ ਪੁਲਿਸ ਅਫਸਰਾਂ ਦੀ ਸਲਾਹ ਉੱਤੇ ਸਿੱਖ ਜਜਬਾਤਾਂ ਨੂੰ ਦਬਾਉਣ ਵਾਸਤੇ ਜਬਰ ਦਾ ਰੋਰਲ ਫੇਰਨ ਦਾ ਯਤਨ ਕੀਤਾ। ਜਿਸ ਵਿੱਚ ਦੋ ਸਿੱਖਾਂ ਦੀ ਜਾਨ ਚਲੀ ਗਈ, ਪਰ ਬਾਦਲਾਂ ਦੇ ਸੁਫਨੇ ਚਕਨਾਚੂਰ ਹੋ ਗਏ। ਸਮੁੱਚੇ ਸਿੱਖ ਜਗਤ ਵੱਲੋਂ ਏਕੇ ਨਾਲ ਕੀਤਾ ਬੰਦ ਬਾਦਲਾਂ ਦੀਆਂ ਅੱਖਾਂ ਖੋਲ ਗਿਆ ਤਾਂ ਕਰਕੇ ਅੱਜ ਦਾ ਸੌਦਾ ਸਾਧ ਦੀ ਮਾਫ਼ੀ ਰੱਦ ਕਰਨ ਦਾ ਫੈਸਲਾ ਅਮਲ ਵਿੱਚ ਲਿਆਉਣ ਦੀਆਂ ਹਦਾਇਤਾਂ ਜਾਰੀ ਹੋਈਆਂ।

ਹੁਣ ਸਿੱਖ ਪੰਥ ਜਾਂ ਕੁੱਝ ਪੰਥਕ ਜਥੇਬੰਦੀਆਂ ਨੂੰ ਸੌਦਾ ਸਾਧ ਦੀ ਮਾਫ਼ੀ ਰੱਦ ਹੋ ਜਾਣ ਦੀ ਖੁਸ਼ੀ ਵਿੱਚ ਖੀਵੇ ਹੋ ਕੇ, ਇਸ ਨੂੰ ਆਪਣੀ ਕਾਮਯਾਬੀ ਨਹੀਂ ਸਮਝ ਲੈਣਾ ਚਾਹੀਦਾ, ਅਸਲ ਵਿੱਚ ਅਮਲੀ ਲੜਾਈ ਤਾਂ ਹੁਣ ਆਰੰਭ ਹੋਣੀ ਹੈ, ਜਿਸ ਵਿੱਚ ਜਜਬਾਤਾਂ ਉੱਤੇ ਕਾਬੂ ਰੱਖਕੇ ਨੀਤੀ ਨਾਲ ਤੁਰਨਾ ਪਵੇਗਾ, ਕਿਉਂਕਿ ਇਹ ਨਾ ਸਮਝੋ ਕਿ ਬਾਦਲ ਹਾਰ ਮੰਨ ਗਏ ਹਨ ਅਤੇ ਸਾਡੀ ਫਤਿਹ ਹੋ ਗਈ ਹੈ। ਬਾਦਲਾਂ ਨੇ ਪਹਿਲਾਂ ਵੀ ਵੋਟਾਂ ਖਾਤਿਰ ਵੱਡਾ ਰਿਸਕ ਲਿਆ ਸੀ ਅਤੇ ਹੁਣ ਵੀ ਪੂਰੀ ਰਣਨੀਤੀ ਬਣਾਕੇ ਹੀ ਇਹ ਫੈਸਲਾ ਵਾਪਿਸ ਲਿਆ ਹੈ। ਹਾਲੇ ਇਸ ਤੋਂ ਇੱਕ ਕਦਮ ਹੋਰ ਅੱਗੇ ਵੀ ਜਾ ਸਕਦੇ ਹਨ ਕਿ ਜਥੇਦਾਰ ਘਰਾਂ ਨੂੰ ਤੋਰ ਦਿੱਤੇ ਜਾਣ। ਇਸ ਵਿੱਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਬਾਦਲ ਨੇ ਇਹ ਕਦਮ ਚੁੱਕਣ ਤੋਂ ਪਹਿਲਾਂ ਸੌਦਾ ਸਾਧ ਨੂੰ ਵੀ ਭਰੋਸੇ ਵਿੱਚ ਲਿਆ ਹੈ ਅਤੇ ਉਸ ਨੂੰ ਸਾਫ਼ ਲਫਜਾਂ ਵਿੱਚ ਸਮਝਾ ਦਿੱਤਾ ਹੈ ਕਿ ਹਲਾਤ ਸਾਡੇ ਵੱਸੋਂ ਬਾਹਰ ਜਾ ਰਹੇ ਹਨ, ਇਸ ਨਾਲ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਸਾਡੇ ਹੱਥੋਂ ਖਿਸਕ ਸਕਦੀ ਹੈ ਅਤੇ ਜੇ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਕਿਤੇ ਆਹ ਮਾਰਧਾੜ ਕਰਨ ਵਾਲਿਆਂ ( ਭਾਵ ਪੰਥਕ ਲੋਕਾਂ ) ਦੇ ਹੱਥ ਆ ਗਈ ਤਾਂ ਤੇਰਾ ਬਠਿੰਡੇ ਵਾਲਾ ਵਾਪਿਸ ਲਿਆ, ਕੇਸ ਵੀ ਦੁਬਾਰਾ ਖੁੱਲ ਸਕਦਾ ਹੈ ਅਤੇ ਤੈਨੂੰ ਤੇ ਨਾਲ ਸਾਨੂੰ ਸਭ ਨੂੰ ਅਕਾਲ ਤਖਤ ਉੱਤੇ ਇਮਲੀ ਨਾਲ ਬੰਨ ਕੇ ਸਜ਼ਾ ਮਿਲੇਗੀ। ਇਸ ਲਈ ਸਾਡੇ ਵੱਲੋਂ ਮਾਫ਼ੀ ਹੀ ਸਮਝ, ਪਰ ਆਪਾਂ ਨੂੰ ਇਹਨਾਂ ਹਲਾਤਾਂ ਵਿੱਚ ਹੁਣ ਗੁਪਤ ਸਮਝੌਤੇ ਤਹਿਤ ਡੰਗ ਟਪਾਉਣ ਵਿੱਚ ਹੀ ਭਲਾ ਹੈ।

ਹੁਣ ਸਿੱਖ ਪੰਥ ਸੁਚੇਤ ਹੋਵੇ ਕਿਉਂਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਖ ਜਜਬਾਤ ਚਰਮ ਸੀਮਾ ਤੇ ਹਨ, ਪਰ ਇਹਨਾਂ ਜਜਬਾਤਾਂ ਨੂੰ ਪੰਥਕ ਹਿੱਤ ਵਿੱਚ ਭੁਗਤਾਉਣ ਵਾਸਤੇ ਬੜੀ ਵੱਡੀ ਨੀਤੀ ਦੀ ਲੋੜ ਹੈ, ਉਸ ਦਾ ਮੂਲ ਅਧਾਰ ਪੰਥਕ ਏਕਤਾ ਅਤੇ ਕੌਮ ਵਿੱਚ ਅਨੁਸ਼ਾਸ਼ਨ ਪੈਦਾ ਕਰਨਾ ਹੈ। ਜੇ ਏਕਤਾ ਨਾ ਹੋਈ ਅਤੇ ਸਾਰੇ ਸੌਦਾ ਸਾਧ ਦੀ ਮਾਫ਼ੀ ਨੂੰ ਆਪਣੀ ਆਪਣੀ ਪਾਰਟੀ ਦੀ ਕਾਮਯਾਬੀ ਪ੍ਰਚਾਰਕੇ, ਰੁਪਈਏ ਕਿੱਲੋ ਵੇਚਣ ਲੱਗ ਪਾਏ ਤਾਂ ਫਿਰ ਪੰਥ ਇਸ ਘੁੰਮਣਘੇਰੀ ਵਿੱਚੋਂ ਨਹੀਂ ਨਿਕਲ ਸਕੇਗਾ। ਹੁਣ ਇਹ ਵੀ ਮੁੱਦਾ ਉਠਾਉਣਾ ਪਵੇਗਾ ਕਿ ਜਥੇਦਾਰ ਆਪਣੀ ਗਲਤੀ ਨੂੰ ਕਬੂਲਦੇ ਹੋਏ ਨੈਤਿਕਤਾ ਦੇ ਅਧਾਰ ਉੱਤੇ ਅਸਤੀਫੇ ਦੇਣ, ਪਰ ਉਸ ਤੋਂ ਪਹਿਲਾ ਨਾਨਕਸ਼ਾਹੀ ਕੈਲੰਡਰ ਸਮੇਤ ਸਾਰੇ ਪੰਥ ਵਿਰੋਧੀ ਫੈਸਲਿਆਂ ਦੀਆਂ ਆਪਣੇ ਹੱਥੀਂ ਦਿੱਤੀਆ ਗੰਢਾਂ ਨੂੰ ਮੁੰਹ ਨਾਲ ਖੋਲ ਕੇ ਜਾਣ। ਪੰਥ ਨੂੰ ਇਸ ਪੱਖੋਂ ਵੀ ਧਿਆਨ ਰੱਖਣਾ ਪਵੇਗਾ ਕਿ ਇਹਨਾਂ ਜਥੇਦਾਰਾਂ ਦੀ ਬਰਖਾਸਦਗੀ ਤੋਂ ਬਾਅਦ ਨਵੇਂ ਜਥੇਦਾਰ ਬਾਦਲ ਦੇ ਲਿਫਾਫੇ ਜਾਂ ਮੱਕੜ ਦੀ ਪੰਦਰਾਂ ਮੈਂਬਰੀ ਪੰਚਾਇਤ ਹੀ ਨਿਯੁਕਤ ਨਾ ਕਰ ਜਾਵੇ, ਜਿਹੜੇ ਕੱਲ ਕਲੋਤਰ ਨੂੰ ਕੋਈ ਹੋਰ ਸੇਹ ਦਾ ਤੱਕਲਾ ਪੰਥ ਦੇ ਵਿਹੜੇ ਗੱਡਕੇ ਕੋਈ ਨਵੀਂ ਖਵਾਰੀ ਪੈਦਾ ਕਰਨ।

ਇਸ ਵਾਸਤੇ ਹੁਣ ਸਭ ਤੋਂ ਪਹਿਲਾ ਯਤਨ ਪੰਥਕ ਏਕੇ ਦਾ ਹੋਣਾ ਚਾਹੀਦਾ ਹੈ, ਹਲਾਤ ਮੋੜਾ ਕੱਟ ਚੁੱਕੇ ਹਨ, ਪਰ ਹਲਾਤਾਂ ਨੂੰ ਸੰਭਲਣਾ ਸਾਡੀ ਜਿੰਮੇਵਾਰੀ ਹੈ, ਜੇ ਅਸੀਂ ਹਵਾ ਦੇ ਰੁਖ ਨੂੰ ਸਮਝ ਗਏ ਤਾਂ ਗੁਰੂ ਫਤਿਹ ਸਾਡੀ ਝੋਲੀ ਜਰੂਰ ਪਾਵੇਗਾ । ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top