Share on Facebook

Main News Page

ਸ਼੍ਰੋਮਣੀ ਕਮੇਟੀ ਮੈਂਬਰ ਦਰਸ਼ਨ ਸਿੰਘ ਸ਼ੇਰ ਖਾਂ ਅਤੇ ਅਲਵਿੰਦਰਪਾਲ ਸਿੰਘ ਪੱਖੋਕੇ ਦੀ ਸੰਗਤ ਵੱਲੋਂ ਕੁੱਟ-ਮਾਰ

ਫ਼ਿਰੋਜ਼ਪੁਰ-ਜ਼ੀਰਾ ਰੋਡ ’ਤੇ ਸਥਿਤ ਪਿੰਡ ਨਾਜੂ ਸ਼ਾਹ ਮਿਸ਼ਰੀ ਵਾਲਾ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਦਰਸ਼ਨ ਸਿੰਘ ਸ਼ੇਰ ਖਾਂ ਅਤੇ ਤਰਨ ਤਾਰਨ ਨੇਡ਼ਲੇ ਪਿੰਡ ਬਾਠ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਅਲਵਿੰਦਰਪਾਲ ਸਿੰਘ ਪੱਖੋਕੇ (ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ) ਦੀ ਸਿੱਖ ਸੰਗਤ ਵੱਲੋਂ ਕੁੱਟਮਾਰ ਕੀਤੀ ਗਈ।

ਨਾਜੂ ਸ਼ਾਹ ਮਿਸ਼ਰੀ ਵਾਲਾ ’ਚ ਅੱਜ ਦੁਪਹਿਰੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੇ ਜਾਣ ਬਾਅਦ ਮਾਹੌਲ ਵਿਗੜ ਗਿਆ। ਰੋਹ ਵਿੱਚ ਆਏ ਲੋਕਾਂ ਨੇ ਇੱਕ ਮੋਟਰਸਾਈਕਲ ਨੂੰ ਅੱਗ ਲਾ ਦਿੱਤੀ ਅਤੇ ਐਸਜੀਪੀਸੀ ਮੈਂਬਰ ਦਰਸ਼ਨ ਸਿੰਘ ਸ਼ੇਰ ਖਾਂ ਨਾਲ ਕੁੱਟ-ਮਾਰ ਕੀਤੀ ਅਤੇ ਉਨ੍ਹਾਂ ਦੀ ਸਕਾਰਪੀਓ ਗੱਡੀ ਭੰਨ ਦਿੱਤੀ। ਜਾਣਕਾਰੀ ਮੁਤਾਬਿਕ ਪਿੰਡ ਦੇ ਗੁਰਦੁਆਰੇ ਵਿੱਚ ਮੁਰੰਮਤ ਦਾ ਕੰਮ ਚੱਲਦਾ ਹੋਣ ਕਾਰਨ ਪਾਠੀ ਸੁਖਦੇਵ ਸਿੰਘ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਗੁਰਦੁਆਰੇ ਨਾਲ ਲੱਗਦੇ ਆਪਣੇ ਮਕਾਨ ਵਿੱਚ ਕੀਤਾ ਹੋਇਆ ਸੀ। ਸੁਖਦੇਵ ਸਿੰਘ ਅੱਜ ਦੁਪਹਿਰ ਵੇਲੇ ਕਿਧਰੇ ਕੰਮ ਚਲਾ ਗਿਆ ਅਤੇ ਜਦੋਂ ਵਾਪਸ ਆਇਆ ਤਾਂ ਪਾਵਨ ਸਰੂਪ ਦੇ ਕੁਝ ਅੰਗ ਖੰਡਿਤ ਸਨ। ਇਸ ਬਾਰੇ ਪਤਾ ਲੱਗਣ ’ਤੇ ਪਿੰਡ ਇਕੱਠਾ ਹੋ ਗਿਆ। ਲੋਕਾਂ ਨੇ ਰੋਹ ਵਿੱਚ ਸੜਕ ’ਤੇ ਜਾਮ ਕਰ ਦਿੱਤੀ।

ਘਟਨਾ ਦੀ ਸੂਚਨਾ ਮਿਲਣ ’ਤੇ ਨੇਡ਼ਲੇ ਪਿੰਡ ਸ਼ੇਰ ਖਾਂ ਤੋਂ ਦਰਸ਼ਨ ਸਿੰਘ ਸ਼ੇਰ ਖਾਂ ਮੌਕੇ ’ਤੇ ਪੁੱਜੇ। ਕਿਸੇ ਗੱਲੋਂ ਉਨ੍ਹਾਂ ਦੀ ਲੋਕਾਂ ਨਾਲ ਬਹਿਸ ਹੋ ਗਈ। ਕੁਝ ਲੋਕਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਗੱਡੀ ਭੰਨ ਦਿੱਤੀ। ਦਰਸ਼ਨ ਸਿੰਘ ਕਿਸੇ ਦੇ ਮੋਟਰਸਾਈਕਲ ’ਤੇ ਭੱਜਣ ਲੱਗੇ ਤਾਂ ਭੀੜ ਨੇ ਮੋਟਰਸਾਈਕਲ ਨੂੰ ਅੱਗ ਲਾ ਦਿੱਤੀ। ਐਸਐਸਪੀ ਹਰਦਿਆਲ ਸਿੰਘ ਮਾਨ ਨੇ ਮੌਕੇ ’ਤੇ ਪਹੁੰਚ ਕੇ ਹਾਲਾਤ ’ਤੇ ਕਾਬੂ ਪਾਇਆ। ਖ਼ਬਰ ਲਿਖੇ ਜਾਣ ਤਕ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਸੀ।

ਪਿੰਡ ਬਾਠ ’ਚ ਪਾਵਨ ਸਰੂਪ ਦੀ ਬੇਅਦਬੀ ਖ਼ਿਲਾਫ਼ ਰੋਸ ਜ਼ਾਹਿਰ ਕਰ ਰਹੇ ਲੋਕਾਂ ਨੇ ਹਾਕਮ ਧਿਰ ਅਕਾਲੀ ਦਲ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰ ਅਲਵਿੰਦਰਪਾਲ ਸਿੰਘ ਪੱਖੋਕੇ ਅਤੇ ਉਸ ਦੇ ਸਾਥੀਆਂ ’ਤੇ ਕਿਰਪਾਨਾਂ, ਡਾਂਗਾਂ ਤੇ ਬੇਸਬਾਲਾਂ ਨਾਲ ਹਮਲਾ ਕਰ ਦਿੱਤਾ। ਸ੍ਰੀ ਪੱਖੋਕੇ ਦੇ ਹਮਾਇਤੀਆਂ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ ਵਿੱਚ ਦੋਵੇਂ ਧਿਰਾਂ ਦੇ ਅੱਠ ਜਣੇ ਜ਼ਖ਼ਮੀ ਹੋ ਗਏ| ਇਸ ਮਾਮਲੇ ਵਿੱਚ ਕਿਸੇ ਵੀ ਧਿਰ ਨੇ ਪੁਲੀਸ ਨੂੰ ਸ਼ਿਕਾਇਤ ਨਹੀਂ ਦਿੱਤੀ ਹੈ। ਜਦੋਂ ਸ੍ਰੀ ਪੱਖੋਕੇ ਆਪਣੇ ਹਮਾਇਤੀਆਂ ਨਾਲ ਮੌਕੇ ’ਤੇ ਆਏ ਤਾਂ ਉਨ੍ਹਾਂ ਨੂੰ ਦੇਖਦਿਆਂ ਹੀ ਸਿੱਖ ਸੰਗਤ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ| ਦੇਖਦਿਆਂ ਹੀ ਦੇਖਦਿਆਂ ਵਿਰੋਧ ਕਰਨ ਵਾਲਿਆਂ ਨੇ ਸ੍ਰੀ ਪੱਖੋਕੇ ’ਤੇ ਹਮਲਾ ਕਰ ਦਿੱਤਾ। ਸ੍ਰੀ ਪੱਖੋਕੇ ਦੇ ਸਾਥੀਆਂ ਨੇ ਵੀ ਪ੍ਰਦਰਸ਼ਨਕਾਰੀਆਂ ’ਤੇ ਹਮਲਾ ਕੀਤਾ। ਸ੍ਰੀ ਪੱਖੋਕੇ ਨੇ ਕਿਹਾ ਕਿ ਇਸ ਹਮਲੇ ’ਚ ਦੋਹਾਂ ਧਿਰਾਂ ਦੇ ਕੁਝ ਹਮਾਇਤੀਆਂ ਦੀਆਂ ਦਸਤਾਰਾਂ ਉੱਤਰੀਆਂ ਹਨ ਤੇ ਸੱਟਾਂ ਲੱਗੀਆਂ ਹਨ। ਇਹ ਲਡ਼ਾਈ ਪੰਦਰਾਂ ਮਿੰਟ ਜਾਰੀ ਰਹੀ।

ਜਦੋਂ ਖੂਨ ਖੌਲਦੇ ਆ, ਉਦੋਂ ਲੀਡਰ ਭੱਜਣ ਨੂੰ ਰਾਹ ਟੋਲਦੇ ਆ !!
ਮਿਸ਼ਰੀ ਵਾਲਾ (ਫਿਰੋਜਪੁਰ) ਵਿਚ ਐਸ.ਜੀ.ਪੀ.ਸੀ. ਮੈਂਬਰ ਦਰਸ਼ਨ ਸਿੰਘ ਸ਼ੇਰ ਖਾਂ ਦੀ ਦੁੜਕੀ ਲੱਗਦੀ ਹੋਈ...ਪਤੰਦਰ ਨੇ ਭੱਜਣ ਵੇਲੇ ਆਵਦੇ ਨਾਂ ਦੀ ਵੀ ਲੱਜ ਨਾ ਪਾਲੀ ...ਸ਼ੇਰ ਖਾਂ, ਹਨੇਰ ਖਾਂ ਹੋ ਗਿਆ !!!!!!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top