Share on Facebook

Main News Page

ਪੰਥਕ ਜਥੇਬੰਦੀਆਂ ਵਲੋਂ ਭਾਈ ਪੰਥਪ੍ਰੀਤ ਸਿੰਘ ਜੀ ਦੀ ਅਗਵਾਈ ਵਿੱਚ ਲਿਆ ਗਿਆ ਫੈਸਲਾ

- ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਗ੍ਰਿਫਤਾਰ ਕਰਨ ਤੱਕ ਬਗਰਗਾੜੀ ਵਿਖੇ ਰਹੇਗਾ ਲਗਾਤਾਰ ਜਾਰੀ

- ਆਮ ਲੋਕਾਂ ਨੂੰ ਆ ਰਹੀਆਂ ਕਠਨਾਈਆਂ ਨੂੰ ਧਿਆਨ ਵਿੱਚ ਰੱਖ ਕੇ ਬਾਕੀ ਦੇ ਸਾਰੇ ਜ਼ਿਲ੍ਹਿਆਂ ਵਿੱਚ ਹਰ ਰੋਜ਼ ਕੇਵਲ ਇੱਕ ਥਾਂ ਧਰਨਾ ਸਿਰਫ ਤਿੰਨ ਘੰਟੇ ਲੱਗੇਗਾ

- ਬਠਿੰਡਾ ਜਿਲ੍ਹੇ ਦੇ ਪਿੰਡ ਕੋਟ ਸ਼ਮੀਰ ਵਿਖੇ 18 ਅਕਤੂਬਰ ਨੂੰ ਲੱਗੇਗਾ ਸਵੇਰੇ 10 ਵਜੇ ਤੋਂ ਦੁਪਹਿਰ ਇੱਕ ਵਜੇ ਤੱਕ ਧਰਨਾ

ਬਠਿੰਡਾ, 17 ਅਕਤੂਬਰ, (ਕਿਰਪਾਲ ਸਿੰਘ): ਜਿਨਾਂ ਚਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਅਤੇ ਪਿੰਡ ਬਹਿਬਲ ਕਲਾਂ ਵਿਖੇ ਲਗੇ ਧਰਨੇ ਦੌਰਾਨ ਦੋ ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਪੁਲਿਸ ਅਫਸਰਾਂ ਅਤੇ ਮੁਲਾਜ਼ਮਾਂ ’ਤੇ 302 ਦੇ ਪਰਚੇ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤਦ ਤੱਕ ਬਗਰਗਾੜੀ ਵਿਖੇ ਧਰਨਾ ਲਗਾਤਾਰ ਜਾਰੀ ਰਹੇਗਾ। ਪ੍ਰੰਤੂ ਆਮ ਲੋਕਾਂ ਨੂੰ ਆ ਰਹੀਆਂ ਕਠਨਾਈਆਂ ਨੂੰ ਧਿਆਨ ਵਿੱਚ ਰੱਖ ਕੇ ਬਾਕੀ ਦੇ ਸਾਰੇ ਜ਼ਿਲ੍ਹਿਆਂ ਵਿੱਚ ਹਰ ਰੋਜ਼ ਬਦਲਵੀਂ ਥਾਂ ’ਤੇ ਕੇਵਲ ਇੱਕ ਜਗ੍ਹਾ ’ਤੇ ਧਰਨਾ ਕੇਵਲ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਭਾਵ ਤਿੰਨ ਘੰਟੇ ਲੱਗਿਆ ਕਰੇਗਾ

ਇਹ ਫੈਸਲਾ ਭਾਈ ਪੰਥਪ੍ਰੀਤ ਸਿੰਘ, ਭਾਈ ਰਣਜੀਤ ਸਿੰਘ ਢੱਢਰੀਆਂ ਵਾਲੇ, ਸਮੇਤ ਹੋਰਨਾਂ ਆਗੂਆਂ ਦੀ ਰਿਹਾਈ ਉਪ੍ਰੰਤ ਅੱਜ ਦੁਪਹਿਰ ਵੇਲੇ ਬਰਗਾੜੀ ਵਿਖੇ ਲੱਗੇ ਧਰਨੇ ’ਚ ਸੰਗਤਾਂ ਦੀ ਹਾਜਰੀ ਵਿੱਚ ਸੰਘਰਸ਼ ਵਿੱਚ ਕੁਦੇ ਸਮੂਹ ਪ੍ਰਚਾਰਕਾਂ ਅਤੇ ਧਾਰਰਮਿਕ ਜੇਬੰਦੀਆਂ ਦੇ ਆਗੂਆਂ ਨੇ ਸਰਬਸੰਮਤੀ ਨਾਲ ਕੀਤਾ। ਇਸ ਫੈਸਲੇ ਦਾ ਖ਼ੁਲਾਸਾ ਅੱਜ ਸ਼ਾਮੀ ਬਠਿੰਡਾ ਵਿਖੇ ਵਿਸ਼ੇਸ਼ ਤੌਰ ’ਤੇ ਸੱਦੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਈ ਪੰਥਪ੍ਰੀਤ ਸਿੰਘ, ਭਾਈ ਰਣਜੀਤ ਸਿੰਘ ਢੱਢਰੀਆਂ ਵਾਲੇ, ਗਿਆਨੀ ਕੇਵਲ ਸਿੰਘ ਸਾਬਕਾ ਜਥੇਦਰ ਤਖ਼ਤ ਸ਼੍ਰੀ ਦਮਦਮਾ ਸਾਹਿਬ, ਨੇ ਬਾਕੀ ਦੇ ਸਾਰੇ ਆਗੂਆਂ ਦੀ ਹਾਜਰੀ ਵਿੱਚ ਕੀਤਾ।

ਉਨ੍ਹਾਂ ਸਰਕਾਰ ਤੋਂ ਇਹ ਮੰਗ ਵੀ ਕੀਤੀ ਕਿ ਜੇ ਜਥੇਦਾਰਾਂ, ਵਿਧਾਇਕਾਂ ਅਤੇ ਹੋਰ ਸਧਾਰਨ ਆਗੂਆਂ ਨੂੰ ਭਾਰੀ ਸੁਰੱਖਿਆ ਦਿੱਤੀ ਹੋਈ ਹੈ ਤਾਂ ਗੁਰਦੁਆਰਿਆਂ; ਜਿੱਥੇ ਸ਼ਰਾਰਤੀ ਅਨਸਰ ਤਕਰੀਬਨ ਹਰ ਰੋਜ ਹੀ ਕੋਈ ਸ਼ਰਾਰਤ ਕਰਕੇ ਸਿੱਖਾਂ ਦੇ ਧਾਰਮਿਕ ਜ਼ਜ਼ਬਾਤਾਂ ਨੂੰ ਭਾਰੀ ਠੇਸ ਪਹੁੰਚਾ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੇ ਹਨ; ਦੀ ਸੁਰੱਖਿਆ ਕਿਉਂ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ 1 ਜੂਨ ਨੂੰ ਚੋਰੀ ਹੋਇਆ ਸੀ ਜਿਸ ਦੀ ਰੀਪੋਰਟ ਦਰਜ ਕਰਵਾਉਣ ਅਤੇ ਪੰਥਕ ਜਥੇਬੰਦੀਆਂ ਵੱਲੋਂ ਧਰਨੇ ਲਾਉਣ ਤੇ ਕਈ ਵਾਰ ਪ੍ਰਸ਼ਾਸਨ ਨੂੰ ਮੈਮੋਰੰਡਮ ਦੇਣ ਦੇ ਬਾਵਯੂਦ ਵੀ ਪਲਿਸ ਨੇ ਚੋਰਾਂ ਦੀ ਕੋਈ ਭਾਲ ਨਹੀਂ ਕੀਤੀ। ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪੰਨੇ ਪਾੜ ਕੇ ਬਰਗਾੜੀ ਦੀਆਂ ਗਲੀਆਂ ਵਿੱਚ ਸੁੱਟੇ ਜਾਣੇ ਦੇ ਹੱਥ ਲਿਖਤ ਪੋਸਟਰ ਲਾਉਣ ਦੇ ਬਾਵਯੂਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। 12 ਅਕਤੂਬਰ ਨੂੰ ਉਸ ਚੋਰੀ ਹੋਏ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪੰਨੇ ਪਾੜ ਕੇ ਬਰਗਾੜੀ ਦੀਆਂ ਗਲੀਆਂ ਵਿੱਚ ਸੁੱਟੇ ਜਾਣ ਦੀ ਮੰਗਭਾਗੀ ਘਟਨਾ ਵਾਪਰਨ ਉਪ੍ਰੰਤ ਜਿਸ ਤਰ੍ਹਾਂ ਤਕਰੀਬਨ ਹਰ ਰੋਜ਼ ਹੀ ਗੁਰਦੁਆਰਿਆਂ ਵਿੱਚ ਅੱਗ ਲੱਗਣ ਜਾਂ ਹੋਰ ਮੰਦਭਾਗੀ ਘਟਨਾਵਾਂ ਵਾਪਰ ਰਹੀਆਂ ਹਨ; ਜਿਨ੍ਹਾਂ ਸਬੰਧੀ ਸਰਕਾਰ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ। ਜਦੋਂ ਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅਨਸਰਾਂ ਨੂੰ ਸਜਾਵਾਂ ਦਿਵਾਉਣ ਲਈ ਅਰੰਭੇ ਸੰਘਰਸ਼ ਦੌਰਾਨ ਗੁਰਬਾਣੀ ਦਾ ਜਾਪ ਕਰ ਰਹੇ ਸ਼ਾਂਤਮਈ ਧਰਨਾਕਾਰੀਆਂ ’ਤੇ ਪੰਜਾਬ ਪੁਲਿਸ ਵੱਲੋਂ ਜਿਸ ਤਰ੍ਹਾਂ ਅੰਨ੍ਹੇਵਾਹ ਗੋਲੀਆਂ ਚਲਾ ਕੇ, ਲਾਠੀ ਚਾਰਜ, ਅਥਰੂ ਗੈਸ, ਸੀਵਰੇਜ਼ ਪਾਣੀ ਦੀਆਂ ਬੁਛਾੜਾਂ ਕਰਕੇ ਜਲ੍ਹਿਆਂਵਾਲੇ ਬਾਗ ਦੀ ਘਟਨਾ ਯਾਦ ਕਰਵਾ ਦਿੱਤੀ। ਇਸ ਗੋਲਾਬਾਰੀ ਵਿੱਚ ਦੋ ਸਿੱਖ ਸ਼ਹੀਦ ਹੋ ਗਏ ਅਤੇ ਸੈਂਕੜੇ ਸਿੰਘ ਸਖਤ ਜ਼ਖ਼ਮੀ ਹੋ ਗਏ। ਭਾਈ ਪੰਥਪ੍ਰੀਤ ਸਿੰਘ, ਭਾਈ ਰਣਜੀਤ ਸਿੰਘ ਢੱਢਰੀਆਂ ਵਾਲੇ, ਸਮੇਤ ਸੈਂਕੜੇ ਸਿੰਘਾਂ ’ਤੇ ੩੦੭ ਦੇ ਝੂਠੇ ਪਰਚੇ ਦਰਜ ਕੀਤੇ ਗਏ ਇਸ ਤੋਂ ਸਾਬਤ ਹੁੰਦਾ ਹੈ ਕਿ ਸਿੱਖਾਂ ਨੂੰ ਦਬਾਉਣ ਦੀ ਖ਼ਾਤਰ ਸਰਕਾਰ ਖ਼ੁਦ ਹੀ ਆਪਣੀਆਂ ਏਜੰਸੀਆਂ ਰਾਹੀਂ ਇਸ ਤਰ੍ਹਾਂ ਦੇ ਮਨੁਖਤਾ ਤੋਂ ਗਿਰੇ ਹੋਏ ਕਾਰਨਾਮੇ ਕਰਵਾ ਰਹੀ ਹੈ। ਧਾਰਮਿਕ ਆਗੂਆਂ ਨੇ ਸਰਕਾਰ ਨੂੰ ਸਖਤ ਚਿਤਾਵਨੀ ਦਿੱਤੀ ਕਿ ਜੇ ਇਨ੍ਹਾਂ ਮੰਦਭਾਗੀ ਘਟਨਾਵਾਂ ਨੂੰ ਛੇਤੀ ਹੀ ਨੱਥ ਨਾ ਪਾਈ ਗਈ ਤਾਂ ਸਤਾਧਾਰੀ ਦਲ ਨੂੰ ਇਸ ਦੀ ਭਾਰੀ ਕੀਮਤ ਉਠਾਉਣੀ ਪਏਗੀ।

ਬਰਗਾੜੀ ਵਿਖੇ ਉਕਤ ਫੈਸਲੇ ਲੈਣ ਵਾਲੀ ਮੀਟਿੰਗ ਵਿੱਚ ਭਾਈ ਪੰਥਪ੍ਰੀਤ ਸਿੰਘ, ਭਾਈ ਰਣਜੀਤ ਸਿੰਘ ਢੱਢਰੀਆਂ ਵਾਲੇ, ਗਿਆਨੀ ਕੇਵਲ ਸਿੰਘ ਸਾਬਕਾ ਜਥੇਦਰ ਤਖ਼ਤ ਸ਼੍ਰੀ ਦਮਦਮਾ ਸਾਹਿਬ, ਭਾਈ ਅਮਰੀਕ ਸਿੰਘ ਦਮਦਮੀ ਟਕਸਾਲ ਅਜਨਾਲਾ, ਭਾਈ ਬਲਜੀਤ ਸਿੰਘ ਦਾਦੂਵਾਲ, ਗਿਆਨੀ ਅਮਰੀਕ ਸਿੰਘ ਚੰਡੀਗੜ੍ਹ, ਪ੍ਰੋ: ਸਰਬਜੀਤ ਸਿੰਘ ਧੂੰਦਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ, ਭਾਈ ਹਰਜੀਤ ਸਿੰਘ ਸੰਪਾਦਕ ਸਿੱਖ ਫੁਲਵਾੜੀ, ਭਾਈ ਹਰਜਿੰਦਰ ਸਿੰਘ ਮਾਂਝੀ, ਭਾਈ ਸਤਨਾਮ ਸਿੰਘ ਚੰਦੜ, ਭਾਈ ਹਰਜੀਤ ਸਿੰਘ ਢਪਾਲੀ, ਭਾਈ ਹਰਪ੍ਰੀਤ ਸਿੰਘ ਮਖੂ, ਭਾਈ ਰਜਿੰਦਰ ਸਿੰਘ ਪੁਰੇਵਾਲ ਅਖੰਡ ਕੀਰਤਨੀ ਜਥਾ, ਪ੍ਰੋ: ਗੁਰਪ੍ਰੀਤ ਸਿੰਘ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਭਾਈ ਗੁਰਜੰਟ ਸਿੰਘ ਰੂਪੋਵਾਲੀ, ਭਾਈ ਧਰਮਵੀਰ ਸਿੰਘ ਘਰਾਂਗਣਾਂ, ਸੁਖਜੀਤ ਸਿੰਘ ਖੋਸਾ, ਕੁਲਦੀਪ ਸਿੰਘ ਮਧੇਕੇ ਸੰਪਾਦਕ ਲਾਈਵ ਸਿੱਖ ਵਰਲਡ, ਭਾਈ ਨਿਰਮਲ ਸਿੰਘ ਧੂਰਕੋਟ, ਭਾਈ ਕਿਰਪਾਲ ਸਿੰਘ ਬਠਿੰਡਾ, ਭਾਈ ਬਲਜਿੰਦਰ ਸਿੰਘ ਸਰਦੂਲਗੜ੍ਹ ਵਾਲੇ ਏਕ ਨੂਰ ਖ਼ਾਲਸਾ ਫੌਜ਼, ਭਾਈ ਸੁਖਵਿੰਦਰ ਸਿੰਘ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਹਰਿਆਣਾ, ਭਾਈ ਹਰਜਿੰਦਰ ਸਿੰਘ ਬਾਜੇਕੇ ਏਕਨੂਰ ਖ਼ਾਲਸਾ ਫੌਜ਼, ਭਾਈ ਗੁਰਮੀਤ ਸਿੰਘ ਸ਼੍ਰੋਮਣੀ ਕਮੇਟੀ ਮੈਂਬਰ (ਅਜ਼ਾਦ) ਸਿਰਸਾ ਆਦਿਕ ਸ਼ਾਮਲ ਸਨ। ਸਮੂੰਹ ਜਥੇਬੰਦੀਆਂ ਵੱਲੋਂ ਉਕਤ ਤੋਂ ਇਲਾਵਾ ਮਤੇ ਵੀ ਪਾਸ ਕੀਤੇ ਗਏ:-

1) ਪਿੰਡ ਬਰਗਾੜੀ ਵਿਖੇ ਧਰਨਾ ਲਗਾਤਾਰ ਜਾਰੀ ਰਹੇਗਾ।

2) ਆਮ ਲੋਕਾਂ ਨੂੰ ਆ ਰਹੀਆਂ ਕਠਨਾਈਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਾਕੀ ਦੇ ਸਾਰੇ ਜ਼ਿਲ੍ਹਿਆਂ ਵਿੱਚ ਹਰ ਰੋਜ਼ ਬਦਲਵੀਂ ਥਾਂ ’ਤੇ ਕੇਵਲ ਇੱਕ ਥਾਂ ਧਰਨਾ ਸਿਰਫ ਤਿੰਨ ਘੰਟੇ ਸਵੇਰੇ 10 ਤੋਂ ਦੁਪਹਿਰ 1 ਵਜੇ ਤਕ ਲੱਗੇਗਾ।

3) ਹਰ ਰੋਜ ਧਰਨਿਆਂ ਵਿੱਚ ਜਪੁਜੀ ਸਾਹਿਬ ਦਾ ਪਾਠ, ਸਿਮਰਨ ਅਤੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਜਾਇਆ ਕਰੇਗੀ।

4) ਧਰਨਿਆਂ ਦੌਰਾਨ ਕਿਸੇ ਵੀ ਸਆਸੀ ਆਗੂ ਖਾਸ ਕਰਕੇ ਸੌਦਾ ਸਾਧ ਵਿਰੁੱਧ 2007 ਵਿੱਚ ਜਾਰੀ ਹੋਏ ਹੁਕਮਨਾਮੇ ਨੂੰ ਵਾਪਸ ਲੈਣ ਵਾਲੇ ਅਖੌਤੀ ਹੁਕਮਨਾਮੇ (24 ਸਤੰਬਰ) ਦਾ ਸਮਰਥਨ ਕਰਨ ਵਾਲੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਪਾਰਟੀ ਦੇ ਆਗੂਆਂ ਨੂੰ ਬੋਲਣ ਨਾ ਦਿੱਤਾ ਜਾਵੇ।

੫) ਧਰਨਿਆਂ ਨੂੰ ਸ਼ਾਂਤਮਈ ਰੱਖਿਆ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਹੁਲੜਬਾਜ਼ੀ ਕਰਨ ਵਾਲੇ ਨੂੰ ਸ਼ਰਾਰਤ ਕਰਨ ਦੀ ਆਗਿਆ ਨ ਦਿੱਤੀ ਜਾਵੇ।

6) ਪਿੰਡਾਂ ਦੀਆਂ ਪੰਚਾਇਤਾਂ, ਗੁਰਦੁਆਰਾ ਕਮੇਟੀਆਂ, ਗ੍ਰੰਥੀ ਸਿੰਘਾਂ ਅਤੇ ਸੇਵਾਦਾਰਾਂ ਨੂੰ ਸਖਤ ਹਦਾਇਤਾਂ ਕਰਕੇ ਗੁਰੂ ਘਰ ਵਿੱਚ ਪੱਕੀ ਪਹਿਰੇਦਾਰੀ ਅਤੇ ਸੀ.ਸੀ.ਟੀਵੀ ਕੈਮਰਿਆਂ ਦਾ ਪ੍ਰਬੰਧ ਕੀਤਾ ਜਾਵੇ।

"ਅਜੀਤ" ਵੱਲੋਂ ਜਾਣਬੁੱਝ ਕੇ ਭਾਈ ਪੰਥਪ੍ਰੀਤ ਸਿੰਘ ਅਤੇ ਹੋਰ ਪ੍ਰਚਾਰਕਾਂ ਨੂੰ "ਸੰਤ ਸਮਾਜ" ਨਾਲ ਜੋੜਿਆ ਗਿਆ ਹੈ, ਕਿਉਂਕਿ ਇਸ ਸੰਘਰਸ਼ ਵਿਚ ਸਰਕਾਰੀ ਸੰਤ ਜੋ ਕਿ ਧੁੰਮਾ, ਰੰਧਾਵਾ ਅਤੇ ਹੋਰ ਚਿੱਟੀ ਸਿਉਂਕ ਹੈ, ਉਨ੍ਹਾਂ ਦਾ ਸੰਗਤਾਂ ਨੇ ਵਿਰੋਧ ਕੀਤਾ ਹੈ। ਇਸੇ ਲਈ ਭਾਈ ਪੰਥਪ੍ਰੀਤ ਸਿੰਘ ਦੇ ਬਾਹਰੀ ਚੋਲੇ ਨੂੰ ਦੇਖ ਕੇ ਉਨ੍ਹਾਂ ਨੂੰ ਅਖੌਤੀ ਸੰਤ ਸਮਾਜ ਦਾ ਹਿੱਸਾ ਦਰਸਾਇਆ ਜਾ ਰਿਹਾ ਹੈ। ਭਾਈ ਸਾਹਿਬ ਅਤੇ ਹੋਰ ਪ੍ਰਚਾਰਕ ਅਖੌਤੀ ਸੰਤ ਸਮਾਜ ਦਾ ਹਿੱਸਾ ਨਹੀਂ।

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top