Share on Facebook

Main News Page

ਚਹੁੰ-ਤਰਫ਼ੀ ਆਪਾ-ਧਾਪੀ ਦੇ ਦੌਰ 'ਚ ਫਸਿਆ ਪੰਜਾਬ
-: ਮੇਜਰ ਸਿੰਘ

ਜਲੰਧਰ, 18 ਅਕਤੂਬਰ-ਪੰਜਾਬ ਇਸ ਵੇਲੇ ਚਹੁੰ-ਤਰਫੀ ਆਪਾ-ਧਾਪੀ ਦੇ ਦੌਰ 'ਚੋਂ ਗੁਜ਼ਰ ਰਿਹਾ ਹੈ। ਸਰਕਾਰ ਦਾ ਕਿਧਰੇ ਕੋਈ ਕੰਟਰੋਲ ਨਜ਼ਰ ਨਹੀਂ ਆ ਰਿਹਾ। ਸਿੱਖ ਸਿਆਸੀ ਲੀਡਰਸ਼ਿਪ ਬੇਮਾਅਨਾ ਹੋਈ ਪਈ ਹੈ ਤੇ ਸਿੱਖ ਧਾਰਮਿਕ ਆਗੂ ਆਪਣੇ ਹੀ ਪੈਂਤੜਿਆਂ 'ਚ ਉਲਝ ਕੇ ਲੋਕਾਂ 'ਚੋਂ ਆਪਣੀ ਸਾਖ਼ ਗੁਆ ਚੁੱਕੇ ਹਨ। ਪਿਛਲੇ ਕਈ ਦਿਨਾਂ ਤੋਂ ਸੜਕਾਂ ਜਾਮ ਹੋਣ ਕਾਰਨ ਰਾਜ 'ਚ ਆਵਾਜਾਈ ਠੱਪ ਹੋਣ ਵਰਗੀ ਹੈ। ਹਾਲਾਤ ਅਜਿਹੇ ਬਣੇ ਦਿਖਾਈ ਦੇ ਰਹੇ ਹਨ ਕਿ ਸਰਕਾਰ ਤੇ ਪ੍ਰਸ਼ਾਸਨ ਗੁੰਮ-ਸੁੰਮ ਹੈ ਤੇ ਹਾਲਾਤ ਨੂੰ ਮੋੜਾ ਦੇਣ ਲਈ ਕਿਧਰੋਂ ਵੀ ਕੋਈ ਪਹਿਲਕਦਮੀ ਹੋ ਰਹੀ ਨਜ਼ਰ ਨਹੀਂ ਆ ਰਹੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਲੋਕ ਆਪਮੁਹਾਰੇ ਸੜਕਾਂ ਜਾਮ ਕਰ ਰਹੇ ਹਨ, ਪਰ ਇਨ੍ਹਾਂ ਦੀ ਅਗਵਾਈ ਕਰਨ ਵਾਲੀਆਂ ਧਿਰਾਂ ਵੀ ਇਕਜੁਟ ਨਹੀਂ। ਸਗੋਂ ਹਰ ਕੋਈ ਆਪੋ-ਆਪਣੀ ਮੁਹਾਰਨੀ ਪੜ੍ਹਨ ਦੇ ਯਤਨ 'ਚ ਹੈ। ਪਿਛਲੇ ਕਾਫੀ ਸਮੇਂ ਤੋਂ ਅਕਾਲੀ ਦਲ ਦਾ ਹਮਾਇਤੀ ਬਣ ਕੇ ਚੱਲ ਰਿਹਾ ਸੰਤ ਸਮਾਜ ਆਪਣੀ ਪੜਤ ਬਣਾਈ ਰੱਖਣ ਲਈ ਵਿਰੋਧੀ ਸੁਰਾਂ ਵੀ ਅਲਾਪਦਾ ਹੈ, ਪਰ ਅਕਾਲੀ ਦਲ ਨਾਲ ਆਪਣੀ ਨੇੜਤਾ ਨੂੰ ਆਂਚ ਨਾ ਆਉਣ ਦੇਣ ਲਈ ਵੀ ਪੂਰੀ ਤਰ੍ਹਾਂ ਚੌਕਸ ਹੈ।

ਅਕਾਲੀ ਦਲ (ਅ) ਤੇ ਯੂਨਾਈਟਿਡ ਅਕਾਲੀ ਦਲ ਸਮੇਤ ਕੁਝ ਹੋਰ ਗਰਮ ਖਿਆਲੀ ਸੰਗਠਨ ਆਪਣੇ ਪੱਧਰ 'ਤੇ ਸਰਗਰਮ ਹਨ। ਸਿੰਘ ਸਾਹਿਬਾਨ ਵੱਲੋਂ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦਿੱਤੇ ਜਾਣ ਵਿਰੁੱਧ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖਿਲਾਫ ਲਾਮਬੰਦੀ 'ਚੋਂ ਇਕ ਨਵੀਂ ਧਿਰ ਦੇ ਜਨਮ ਲੈਣ ਦੇ ਸੰਕੇਤ ਆ ਰਹੇ ਹਨ। ਸੂਤਰਾਂ ਦਾ ਮੰਨਣਾ ਹੈ ਕਿ ਅਕਾਲੀ ਲੀਡਰਸ਼ਿਪ ਤੇ ਸੂਹੀਆ ਏਜੰਸੀਆਂ ਇਸ ਨਵੀਂ ਉਭਰ ਰਹੀ ਧਿਰ ਨੂੰ ਲੈ ਕੇ ਬੇਹੱਦ ਚਿੰਤਤ ਹਨ। ਨਵੀਂ ਧਿਰ ਵਿਚ ਭਾਈ ਪੰਥਪ੍ਰੀਤ ਸਿੰਘ, ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਸਮੇਤ ਹੋਰ ਮਿਸ਼ਨਰੀ ਤੇ ਪ੍ਰਚਾਰਕ ਆਗੂ ਸ਼ਾਮਿਲ ਹਨ। ਇਸ ਧਿਰ ਪ੍ਰਤੀ ਸਰਕਾਰ ਦੇ ਵਤੀਰੇ ਬਾਰੇ ਬਰਗਾੜੀ ਵਾਲੇ ਮਾਮਲੇ 'ਚ ਇਸ ਦੇ ਕਰੀਬ ਸਾਰੇ ਹੀ ਆਗੂਆਂ ਨੂੰ ਫੜ ਕੇ ਜੇਲ੍ਹ ਭੇਜਣ ਤੋਂ ਹੀ ਪਤਾ ਲੱਗ ਜਾਂਦਾ ਹੈ।

ਇਸ ਨਵੀਂ ਉੱਭਰ ਰਹੀ ਧਿਰ ਤੋਂ ਮਾਨ ਦਲ ਤੇ ਦੂਜੇ ਧੜੇ ਵੀ ਤ੍ਰਬਕਣ ਲੱਗੇ ਹਨ। ਬੀਤੇ ਦਿਨ ਨਵੀਂ ਉਭਰ ਰਹੀ ਧਿਰ ਨੇ ਥਾਂ-ਥਾਂ ਲੱਗ ਰਹੇ ਧਰਨੇ ਚੁੱਕ ਕੇ ਸਿਰਫ ਇਕ ਜ਼ਿਲ੍ਹੇ ਵਿਚ ਇਕ ਦਿਨ ਧਰਨੇ ਦੇਣ ਦਾ ਸੱਦਾ ਦਿੱਤਾ ਸੀ ਤੇ ਬਰਗਾੜੀ ਵਿਖੇ ਮਾਰੇ ਗਏ ਸਿੰਘਾਂ ਦੇ ਭੋਗ ਤੱਕ ਲਗਾਤਾਰ ਧਰਨਾ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਸੀ, ਪਰ ਸੰਤ ਸਮਾਜ ਤੇ ਅਕਾਲੀ ਦਲ (ਅ) ਦੇ ਆਗੂਆਂ ਨੇ ਇਸ ਨਵੇਂ ਉਭਰਨ ਵਾਲੇ ਧੜੇ ਨੂੰ ਚੁਣੌਤੀ ਦੇਣ ਤੇ ਉਨ੍ਹਾਂ ਦੇ ਸੱਦੇ ਨੂੰ ਆਇਆ-ਗਿਆ ਕਰ ਦੇਣ ਲਈ ਕਈ ਥਾਵਾਂ 'ਤੇ ਅੱਜ ਧਰਨੇ ਦਿੱਤੇ। ਬਠਿੰਡਾ ਲਾਗੇ ਕੋਟ ਸ਼ਮੀਰ ਤੇ ਕੁਝ ਥਾਵਾਂ 'ਤੇ ਇਸ ਮਸਲੇ ਨੂੰ ਲੈ ਕੇ ਤਕਰਾਰ ਵੀ ਹੋਏ ਦੱਸੇ ਜਾਂਦੇ ਹਨ। ਲਗਦਾ ਹੈ ਕਿ ਲੋਕ ਆਪਮੁਹਾਰੇ ਵੀ ਦੇਖਾ-ਦੇਖੀ ਜਾਮ ਲਗਾਈ ਜਾ ਰਹੇ ਹਨ। ਇਸ ਤੋਂ ਸਪੱਸ਼ਟ ਹੈ ਕਿ ਨਾ ਸਰਕਾਰ ਤੇ ਨਾ ਸੰਘਰਸ਼ ਕਰਨ ਵਾਲੇ ਸੰਗਠਨਾਂ 'ਚੋਂ ਕਿਸੇ ਦਾ ਵੀ ਇਸ ਹਾਲਤ ਉੱਪਰ ਕੰਟਰੋਲ ਨਹੀਂ ਲਗਾਤਾਰ ਜਾਮ ਰਹਿਣ ਕਾਰਨ ਆਮ ਲੋਕ ਬੇਹੱਦ ਪ੍ਰੇਸ਼ਾਨ ਹੋ ਰਹੇ ਹਨ ਤੇ ਲੋਕਾਂ ਦੇ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਜੇਕਰ ਸਰਕਾਰ ਜਾਂ ਸੰਘਰਸ਼ ਕਰਨ ਵਾਲੇ ਆਗੂਆਂ ਨੇ ਹਾਲਾਤ ਉੱਪਰ ਜਲਦੀ ਕਾਬੂ ਨਾ ਪਾਇਆ ਤਾਂ ਰਾਜ ਦੇ ਲੋਕਾਂ 'ਚ ਬਦਜ਼ਨੀ ਹੋਰ ਵਧ ਸਕਦੀ ਹੈ। ਨਵੀਂ ਧਿਰ ਵੱਲੋਂ ਲਗਦਾ ਹੈ ਕਿ ਇਕ ਦਿਨ ਇਕ ਜ਼ਿਲ੍ਹੇ 'ਚ ਧਰਨਾ ਦੇਣ ਦਾ ਫੈਸਲਾ ਲੋਕਾਂ ਦੀ ਸਹੂਲਤ ਨੂੰ ਲੈ ਕੇ ਕੀਤਾ ਸੀ, ਪਰ ਆਪਾ-ਧਾਪੀ ਦੇ ਇਸ ਦੌਰ ਵਿਚ ਉਨ੍ਹਾਂ ਦੀ ਗੱਲ ਵੀ ਗੁਆਚਦੀ ਨਜ਼ਰ ਆ ਰਹੀ ਹੈ।

ਅਕਾਲੀ ਦਲ ਨੁਕਸਾਨ ਪੂਰਤੀ ਦੇ ਰਾਹ

ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇਸ ਗੱਲ ਦਾ ਤਾਂ ਡੂੰਘਾ ਅਹਿਸਾਸ ਹੋ ਗਿਆ ਹੈ ਕਿ ਉਹ ਵੱਡੀ ਸੱਟ ਖਾ ਬੈਠੇ ਹਨ। ਪਹਿਲੀ ਵਾਰ ਹੈ ਕਿ ਸਿੱਖ ਸਰਗਰਮੀ 'ਚੋਂ ਤਖ਼ਤਾਂ ਦੇ ਸਿੰਘ ਸਾਹਿਬਾਨ ਅਤੇ ਅਕਾਲੀ ਦਲ ਮੁਕੰਮਲ ਨਿਖੇੜੇ ਦੀ ਹਾਲਤ ਵਿਚ ਵਿਚਰ ਰਿਹਾ ਹੈ। ਨਾ ਸਿੰਘ ਸਾਹਿਬ ਤੇ ਨਾ ਅਕਾਲੀ ਆਗੂ ਤੇ ਵਰਕਰ ਰੋਸ ਧਰਨਿਆਂ ਵਿਚ ਹੀ ਸ਼ਾਮਿਲ ਹੋ ਸਕਦੇ ਹਨ। ਇਸ ਤੋਂ ਪਹਿਲਾਂ ਹਰ ਤਰ੍ਹਾਂ ਦੀ ਸਰਗਰਮੀ 'ਚ ਅਕਾਲੀ ਦਲ ਦਾ ਬੋਲਬਾਲਾ ਰਹਿੰਦਾ ਰਿਹਾ ਹੈ। ਇਥੋਂ ਤੱਕ ਕਿ ਖਾੜਕੂਆਂ ਦੀ ਚੜ੍ਹਤ ਸਮੇਂ ਵੀ ਅਕਾਲੀ ਲੀਡਰਸ਼ਿਪ ਏਨੇ ਮੁਕੰਮਲ ਨਿਖੇੜੇ 'ਚ ਗਈ ਕਦੇ ਨਜ਼ਰ ਨਹੀਂ ਸੀ ਆਈ।
ਹੁਣ ਪਾਰਟੀ ਵੱਲੋਂ ਨੁਕਸਾਨ ਦੀ ਭਰਪਾਈ ਲਈ ਕਦਮ ਚੁੱਕੇ ਜਾ ਰਹੇ ਹਨ। ਪਾਰਟੀ ਵੱਲੋਂ ਹੁਣ ਅਗਲੀ-ਪਿਛਲੀ ਸਾਰੀ ਗੱਲ ਉੱਪਰ ਮਿੱਟੀ ਪਾ ਕੇ ਸਾਰੀ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ 'ਤੇ ਕੇਂਦਰਿਤ ਕਰਨ ਦਾ ਯਤਨ ਆਰੰਭ ਦਿੱਤਾ ਹੈ। ਇਸ ਦੇ ਅਧਾਰ ਉੱਪਰ ਫਿਰ ਪੰਜਾਬ 'ਚ ਸ਼ਾਂਤੀ ਤੇ ਭਾਈਚਾਰਕ ਸਾਂਝ ਦਾ ਸੱਦਾ ਦਿੱਤਾ ਜਾ ਰਿਹਾ ਹੈ। ਪਰ ਸਿੰਘ ਸਾਹਿਬਾਨ ਵੱਲੋਂ ਡੇਰਾ ਮੁਖੀ ਨੂੰ ਦਿੱਤੀ ਮੁਆਫੀ ਦੇ ਗੁਰਮਤੇ ਨੂੰ ਰੱਦ ਕਰਨ ਅਤੇ ਕੋਟਕਪੂਰਾ 'ਚ ਹੋਏ ਲਾਠੀਚਾਰਜ ਤੇ ਬਹਿਬਲ ਪਿੰਡ 'ਚ ਪੁਲਿਸ ਦੀ ਗੋਲੀ ਨਾਲ ਦੋ ਸਿੱਖ ਨੌਜਵਾਨਾਂ ਦੀ ਹੋਈ ਮੌਤ ਬਾਰੇ ਅਕਾਲੀ ਦਲ ਕੋਈ ਵੀ ਸਟੈਂਡ ਲੈਣ ਤੋਂ ਕਸੂਤੀ ਸਥਿਤੀ ਵਿਚ ਫਸਿਆ ਹੋਇਆ ਹੈ। ਅਕਾਲੀ ਲੀਡਰਸ਼ਿਪ ਨੇ ਬੜੀ ਚੁਸਤੀ ਨਾਲ ਬਹਿਬਲ ਪਿੰਡ ਵਿਖੇ ਮਾਰੇ ਗਏ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਨੂੰ ਦਲ ਜਾਂ ਸਰਕਾਰ ਵੱਲੋਂ ਕੋਈ ਸਹਾਇਤਾ ਰਾਸ਼ੀ ਦੇਣ ਦੀ ਬਜਾਏ ਇਸ ਕੰਮ ਲਈ ਸ਼੍ਰੋਮਣੀ ਕਮੇਟੀ ਨੂੰ ਅੱਗੇ ਲਗਾਇਆ ਹੈ।

ਪਿਛਲੇ ਦਿਨੀਂ ਹੋਈ ਕੋਰ ਕਮੇਟੀ ਦੀ ਮੀਟਿੰਗ 'ਚ ਸਭ ਤੋਂ ਕਸੂਤੀ ਸਥਿਤੀ ਸਿੰਘ ਸਾਹਿਬਾਨ ਵੱਲੋਂ ਡੇਰਾ ਮੁਖੀ ਦੀ ਮੁਆਫ਼ੀ ਵਾਲਾ ਫੈਸਲਾ ਰੱਦ ਕਰ ਦੇਣ ਨਾਲ ਹੋਈ। ਸੂਤਰਾਂ ਮੁਤਾਬਿਕ ਬੜੀ ਲੰਬੀ ਵਿਚਾਰ ਬਾਅਦ ਵੀ ਕੋਰ ਕਮੇਟੀ ਸਿੰਘ ਸਾਹਿਬਾਨ ਦੇ ਫੈਸਲੇ ਦਾ ਸਵਾਗਤ ਜਾਂ ਵਿਰੋਧ ਕਰਨ ਦਾ ਫੈਸਲਾ ਨਹੀਂ ਲੈ ਸਕੀ। ਹਾਲਤ ਇਹ ਬਣ ਗਈ ਕਿ ਜੇ ਸਿੰਘ ਸਾਹਿਬ ਦੇ ਤਾਜ਼ਾ ਫੈਸਲੇ ਦਾ ਸਵਾਗਤ ਕੀਤਾ ਜਾਂਦਾ ਹੈ ਤਾਂ ਡੇਰਾ ਪ੍ਰੇਮੀਆਂ ਦੀ ਨਰਾਜ਼ਗੀ ਦਾ ਸਾਹਮਣਾ ਕਰਨਾ ਪਵੇਗਾ, ਪਰ ਫੈਸਲੇ ਦਾ ਅਕਾਲੀ ਦਲ ਕਦਾਚਿਤ ਵੀ ਵਿਰੋਧ ਨਹੀਂ ਕਰ ਸਕਦਾ। ਸੂਤਰਾਂ ਦਾ ਕਹਿ ਣਾ ਹੈ ਕਿ ਇਸੇ ਕਾਰਨ ਮੀਟਿੰਗ ਦੇ ਫੈਸਲਿਆਂ ਬਾਰੇ ਤਿਆਰ ਕੀਤਾ ਪ੍ਰੈੱਸ ਨੋਟ ਜਾਰੀ ਨਹੀਂ ਕੀਤਾ ਗਿਆ। ਅਕਾਲੀ ਦਲ ਨੇ ਇਸ ਮਾਮਲੇ ਬਾਰੇ ਚੁੱਪ ਧਾਰਨ 'ਚ ਹੀ ਬਿਹਤਰੀ ਸਮਝੀ ਹੈ। ਅਕਾਲੀ ਦਲ ਲਈ ਵਧੇਰੇ ਚਿੰਤਾ ਵਾਲੀ ਗੱਲ ਇਹ ਹੈ ਕਿ ਪਾਰਟੀ ਦੇ ਹੇਠਲੇ ਪੱਧਰ ਦੇ ਆਗੂਆਂ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਅਸਤੀਫੇ ਦੇਣ ਦੀ ਚੱਲ ਰਹੀ ਲੜੀ ਯਤਨ ਕਰਨ ਦੇ ਬਾਅਦ ਵੀ ਰੁਕ ਨਹੀਂ ਰਹੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top