Share on Facebook

Main News Page

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਅਸਲ ਜ਼ਿੰਮੇਵਾਰ ਕੌਣ, ਅਤੇ ਬੇਅਦਬੀ ਰੋਕਣ ਦਾ ਇੱਕ ਉਪਾਅ
-: ਇੰਦਰਜੀਤ ਸਿੰਘ, ਕਾਨਪੁਰ

ਸਿੱਖਾਂ ਦੀ ਅੰਤਰ ਆਤਮਾਂ ਅਤੇ ਖੂਨ ਵਿੱਚ ਰਚੇ ਬਸੇ ਉਨ੍ਹਾਂ ਦੇ ਇਕੋ ਇਕ 'ਸ਼ਬਦ ਗੁਰੂ' ਦੀ ਬੇਅਦਬੀ ਦੀਆਂ ਘਟਨਾਵਾਂ ਆਏ ਦਿਨ ਹੁਣ ਆਮ ਗੱਲ ਹੋ ਚੁਕੀ ਹੈ। ਆਪਣੇ ਸ਼ਬਦ ਗੁਰੂ ਦੀ ਬੇਅਦਬੀ ਸਿੱਖ ਕਦੀ ਵੀ ਬਰਦਾਸ਼ਤ ਨਹੀਂ ਕਰਦਾ ਅਤੇ ਉਸ ਲਈ ਆਪਣਾ ਸਿਰ, ਆਪਣੀ ਜਾਨ ਤਕ ਵਾਰ ਦੇਣ ਨੂੰ ਤਿਆਰ ਰਹਿੰਦਾ ਹੈ। ਸੱਚਾ ਸਿੱਖ ਆਪਣੇ ਜੀਵਨ ਦਾ ਇੱਕ ਇੱਕ ਪਲ ਆਪਣੇ ਸ਼ਬਦ ਗੁਰੂ ਤੋਂ ਸਿਖਿਆ ਲੈ ਕੇ ਬਤੀਤ ਕਰਦਾ ਅਤੇ ਉਸਦੇ ਸ਼ੁਕਰਾਨੇ ਵਿੱਚ ਰਹਿੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਤੋਂ ਪ੍ਰਾਪਤ ਅਧਿਆਤਮਿਕ ਚਿੰਤਨ ਅਤੇ ਸ਼ਕਤੀ ਨਾਲ ਹੀ ਸਿੱਖੀ ਹੈ। ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਨਾਂ ਸਿੱਖੀ ਹੈ, ਤੇ ਨਾਂ ਹੀ ਸਿੱਖ ਦਾ ਕੋਈ ਵਜੂਦ ਹੈ।

ਲੇਕਿਨ, ਕਦੀ ਅਸੀਂ ਸੋਚਿਆ ਹੈ ਕਿ ਸ਼ਬਦ ਗੁਰੂ ਦੀ ਆਏ ਦਿਨ ਹੋਣ ਵਾਲੀ ਬੇਅਦਬੀ ਦਾ ਅਸਲ ਜ਼ੁੰਮੇਵਾਰ ਕੌਣ ਹੈ ? ਇਸ ਦੇ ਜ਼ਿੰਮੇਵਾਰ ਅਸੀਂ ਆਪ ਹੀ ਹਾਂ ! ਸਾਡੇ ਅਖੌਤੀ ਆਗੂ ਤੇ ਅਸੀਂ ਇਸ ਲਈ ਬਰਾਬਰ ਦੇ ਜ਼ਿੰਮੇਵਾਰ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰਿਆਂ ਦੀ ਬੇਅਦਬੀ ਕਰਣ ਵਾਲੇ ਇਕ ਵਾਰ ਫੱੜ ਲਏ ਜਾਣਗੇ। ਉਨ੍ਹਾਂ ਨੂੰ ਜੇਲ੍ਹ ਹੋ ਜਾਵੇਗੀ। ਜਮਾਨਤਾਂ 'ਤੇ ਬਾਹਰ ਆ ਜਾਣਗੇ। ਫਿਰ ਇਹੋ ਜਹੀ ਘਟਨਾਂ ਕਿਸੇ ਹੋਰ ਥਾਂ 'ਤੇ ਹੋਵੇਗੀ, ਵਿਰੋਧ, ਧਰਨਿਆਂ ਅਤੇ ਸ਼ਹਾਦਤਾਂ ਦਾ ਸਿਲਸਿਲਾ ਮੁੱੜ ਚੱਲੇਗਾ। ਕੌਮ ਉਸ ਪੁਰਾਣੀ ਘਟਨਾਂ ਨੂੰ ਭੁੱਲ ਜਾਵੇਗੀ (ਜੋਧਪੁਰ ਦਾ ਉਧਾਰਣ ਸਾਡੇ ਸਾਮ੍ਹਣੇ ਹੈ, ਕਿਨਿਆਂ ਨੂੰ ਯਾਦ ਹੈ, ਜੋਧਪੁਰ ਵਾਲਾ ਕਾਂਡ?) ਮੈਂ ਇਹ ਬਿਲਕੁਲ ਨਹੀਂ ਕਹਿ ਰਿਹਾ ਕਿ ਇਹੋ ਜਹੀਆਂ ਘਟਨਾਂਵਾਂ ਦਾ ਵਿਰੋਧ ਸਾਨੂੰ ਨਹੀਂ ਕਰਣਾ ਚਾਹੀਦਾ। ਇਹ ਸਿਲਸਿਲਾ ਕਦੋਂ ਤੱਕ ਚਲਦਾ ਰਹੇਗਾ? ਅਸੀਂ ਇਹੋ ਜਿਹੀਆਂ ਘਟਨਾਵਾਂ ਦੇ ਵਿਰੋਧ ਵਿੱਚ ਕਦੋਂ ਤੱਕ ਕੋਹ ਕੋਹ ਕੇ ਮਾਰੇ ਜਾਂਦੇ ਰਹਾਂਗੇ? ਕਿਉਂ ਨਹੀਂ ਮਰਦੇ ਇਹ ਸੱਪ ਸਮਾਜੀਏ, ਕਾਲੀਏ, ਅਖੌਤੀ ਫੇਡਰੇਸ਼ਨੀਏ, ਟਕਸਾਲੀਏ ਅਤੇ ਪੰਜਾਬ ਵਿੱਚ ਸਿੱਖੀ ਦਾ ਬੇੜਾ ਗਰਕ ਕਰ ਦੇਣ ਵਾਲੇ ਡੇਰਿਆਂ ਦੇ ਬਾਬੇ? ਮਾਸੂਮ ਸਿੱਖ ਨੌਜੁਆਨ ਹੀ ਗੋਲੀਆਂ ਦੇ ਸ਼ਿਕਾਰ ਕਿਉਂ ਬਣਦੇ ਹਨ? ਕਿਨ੍ਹੀਆਂ ਹੀ ਜਾਨਾਂ ਅਸੀਂ ਸਿਰਫ ਸ਼ਬਦ ਗੁਰੂ ਦੇ ਸਰੂਪਾਂ ਦੇ ਅਪਮਾਨ ਦਾ ਵਿਰੋਧ ਕਰਦਿਆਂ ਗਵਾ ਦਿੱਤੀਆਂ ਹਨ, ਇਸਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਹੈ। ਕੀ ਅਸੀਂ ਆਪਣੇ ਗੁਰੂ ਦੀ ਇਸੇ ਤਰ੍ਹਾਂ ਬੇਅਦਬੀ ਹੁੰਦਿਆਂ ਅਤੇ ਸ਼ਹਾਦਤਾਂ ਦਿੰਦਿਆਂ ਹੀ, ਮਰ ਮਰ ਕੇ ਜੀਉਦੇ ਰਹਾਂਗੇ ? ਨਹੀਂ ! ਸਾਨੂੰ ਹੁਣ ਇਸਦਾ ਮੁਕੰਮਲ ਉਪਾਅ ਕਰਣਾ ਪਵੇਗਾ।

ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅੱਜ ਸ਼੍ਰੋਮਣੀ ਕਮੇਟੀ ਦੀ ਨੱਕ ਥੱਲੇ ਛਾਪੇ ਅਤੇ ਵੇਚੇ ਜਾ ਰਹੇ ਹਨ। ਕਈ ਪ੍ਰਾਈਵੇਟ ਪ੍ਰਿੰਟਿੰਗ ਪ੍ਰੈਸਾਂ ਅਤੇ ਪਬਲਿਸ਼ਰ ਗੁਰੂ ਸਾਹਿਬ ਦੇ ਇਨ੍ਹਾਂ ਸਰੂਪਾਂ ਨੂੰ ਛਾਪ ਅਤੇ ਵੇੱਚ ਰਹੇ ਹਨ। ਕੋਈ ਵੀ ਪੈਸੇ ਦੇਵੇ ਤੇ ਸ਼ਬਦ ਗੁਰੂ ਦੇ ਸਰੂਪ ਨੂੰ ਖਰੀਦ ਲਵੇ? ਉਸ ਬੰਦੇ ਦੀ ਸ਼ਿਨਾਖਤ ਵੀ ਨਾਂ ਹੋਵੇ? ਉਸ ਵੇਲੇ ਸਾਡੇ ਦਿਲ ਕਿਉ ਨਹੀਂ ਵਲੂੰਧਰੇ ਜਾਂਦੇ, ਜਦੋਂ ਅਸੀਂ ਇਹ ਸਭ ਆਪਣੀਆਂ ਅੱਖਾਂ ਨਾਲ ਵੇਖਦੇ ਹਾਂ ? ਜੱਥੇਦਾਰੀਆਂ ਵਿੱਕ ਰਹੀਆਂ ਹਨ, ਸਿਰੋਪੇ ਵਿੱਕ ਰਹੇ ਹਨ, ਅਵਾਰਡ ਵਿੱਕ ਰਹੇ ਹਨ ਪ੍ਰਧਾਨਗੀਆਂ ਵਿੱਕ ਰਹੀਆਂ ਹਨ। ਹੁਣ ਤਾਂ ਸਰੇ ਬਜਾਰ ਸਾਡੇ ਗੁਰੂ ਦੇ ਸਰੂਪ ਵਿੱਕ ਰਹੇ ਨੇ। ਫਿਰ ਸਰਕਾਰਾਂ ਅਤੇ ਆਗੂਆਂ ਨੂੰ ਗਾਲ੍ਹਾਂ ਕਿਉਂ ਕੱਢਦੇ ਹੋ? ਦੋਸ਼ੀ ਤਾਂ ਅਸੀਂ ਆਪ ਹਾਂ। ਜੇ ਅਸੀਂ ਗੁਰੂ ਦੇ ਸਰੂਪਾਂ ਨੂੰ ਬਾਜ਼ਾਰ ਵਿੱਚ ਵਿਕਦਿਆਂ ਅਤੇ ਖਰੀਦਿਆ ਜਾਂਦਾ ਵੇਖ ਸਕਦੇ ਹਾਂ, ਤਾਂ ਸਾਡਾ ਦਿਲ ਕਿਉਂ ਨਹੀਂ ਵਲੂੰਧਰਿਆ ਜਾਂਦਾ ? ਬਿਮਾਰੀ ਦਾ ਇਲਾਜ ਕਰਣ ਨਾਲੋ ਬਿਮਾਰੀ ਤੋਂ ਬਚਾਅ ਕਰ ਲੈਣਾਂ ਸਿਆਣਪ ਹੁੰਦੀ ਹੈ।

ਆਪਣੇ ਮੋਬਾਈਲ ਫੋਨ ਲਈ ਜੇ ਸਾਨੂੰ ਇਕ ਸਿਮ ਕਾਰਡ ਖਰੀਦਨਾਂ ਹੁੰਦਾ ਹੈ, ਤਾਂ ਉਸਨੂੰ ਦੇਣ ਵਾਲਾ ਸਾਡੇ ਕੋਲੋਂ ਸਾਡਾ ਪਤਾ, ਪਰੂਫ ਅਤੇ ਸਾਡੀ ਪਹਿਚਾਨ ਦਾ ਸਬੂਤ ਲੈਂਦਾ ਹੈ। ਇਸ ਤੋਂ ਬਾਅਦ ਸਾਨੂੰ ਉਸ ਸਿਮ ਕਾਰਡ ਨੂੰ ਵੇਰੀਫਾਈ ਕਰਵਾ ਕੇ, ਉਸਨੂੰ ਏਕਟੀਵੇਟ ਕਰਵਾਉਣਾਂ ਪੈਂਦਾ ਹੈ। ਉਹ ਸਿਮ ਕਾਰਡ ਉਸਤੋਂ ਬਾਅਦ ਕੰਮ ਕਰਦਾ ਹੈ। ਉਸ ਕਾਰਡ ਅਤੇ ਫੋਨ ਦਾ ਇਕ ਯੂਨੀਕ ਆਈ. ਅੇਮ. ਈ. ਆਈ. ਨੰਬਰ ਹੂੰਦਾ ਹੈ। ਇਹ ਸਭ ਇਸ ਲਈ ਕੀਤਾ ਜਾਂਦਾ ਹੈ, ਕਿਉਂਕਿ ਜੇ ਕੋਈ ਵੀ ਉਸ ਕਾਰਡ ਦਾ ਗਲਤ ਇਸਤਮਾਲ ਕਰੇ ਤੇ ਉਹ ਫੜਿਆ ਜਾ ਸਕੇ, ਤੇ ਉਸ ਨੂੰ ਸਜ਼ਾ ਦਿੱਤੀ ਜਾ ਸਕੇ।

ਮੇਰੇ ਵੀਰੋ ! ਅਸੀਂ ਤਾਂ ਅਪਣੇ ਗੁਰ ਦੇ ਸਰੂਪ ਨੂੰ ਇਕ ਸਿਮ ਕਾਰਡ ਨਾਲੋਂ ਵੀ ਘੱਟ ਅਹਿਮਿਅਤ ਦਾ ਬਣਾਂ ਦਿਤਾ ਹੈ। ਦਰਬਾਰ ਸਾਹਿਬ ਦੇ ਕਾਂਮਪਲੇਕਸ ਨਾਲ ਜੁੜੀਆਂ ਦੁਕਾਨਾਂ ਵਿੱਚ ਉਹ ਬਿਨਾਂ ਕਿਸੇ ਵੇਰੀਫਿਕੇਸ਼ਨ ਦੇ ਵਿੱਕ ਰਿਹਾ ਹੈ। ਭਾਂਵੇ ਉਸਨੂੰ ਕੋਈ ਲੈ ਜਾਵੇ। ਲੈਣ ਵਾਲੇ ਦਾ ਮਕਸਦ ਅਤੇ ਪਤਾ ਵੀ ਨਹੀਂ ਪੁੱਛਿਆ ਜਾਂਦਾ। ਇਸ ਲਈ ਦੋਸ਼ੀ ਕੌਣ ਹੈ? ਫਿਰ ਕਿਉਂ ਸਾਡੇ ਦਿਲ ਵਲੂੰਧਰੇ ਜਾਂਦੇ ਨੇ? ਗੁਰੂ ਦੇ ਇਸ ਸਰੂਪ ਨੂੰ ਕੋਈ ਵੀ ਅਨਸਰ ਖਰੀਦ ਕੇ ਕਿਤੇ ਵੀ ਲੈ ਜਾਕੇ ਇਸਦੀ ਬੇਅਦਬੀ ਕਰ ਸਕਦਾ ਹੈ।

ਪਹਿਲਾਂ ਵੀ ਕਹਿ ਚੁਕਾ ਹਾਂ ਕਿ ਬਿਮਾਰੀ ਹੋ ਜਾਂਣ 'ਤੇ ਉਸ ਦੀ ਦਵਾਈ ਕਰਣ ਨਾਲੋਂ, ਉਸ ਬਿਮਾਰੀ ਤੋਂ ਬਚਾਅ ਕਰ ਲੈਣਾਂ ਹੀ ਬੇਹਤਰ ਹੁੰਦਾ ਹੈ। ਖਾਲਸਾ ਜੀ ! ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੇ ਗੁਰੂ ਦੇ ਸਰੂਪਾਂ ਨੂੰ ਛਾਪਣ ਅਤੇ ਉਸਨੂੰ ਵਿਤਰਿਤ ਕਰਣ ਦੇ ਕਰੜੇ ਨਿਅਮ ਬਨਾਉਣੇ ਪੈਂਣਗੇ। ਗੁਰੂ ਦੇ ਸਰੂਪਾਂ ਨੂੰ ਕੇਵਲ ਇਕ ਥਾਂ 'ਤੇ ਹੀ ਛਾਪਿਆ ਜਾਵੇ। ਛੱਪੇ ਹੋਏ ਸਰੂਪਾਂ ਦੀ ਗਿਣਤੀ ਇਤਨੀ ਸਖਤ ਹੋਵੇ, ਜਿਵੇਂ ਰਿਜ਼ਰਵ ਬੈਂਕ ਆਪਣੀ ਕਰੰਸੀ ਛਾਪਣ ਵਿੱਚ ਵਰਤਦੀ ਹੈ। ਹਰ ਸਰੂਪ ਤੇ "ਡਿਜਿਟਲ ਬਾਰ ਕੋਡ" Digital Bar Code ਅਤੇ ਉਸ ਦਾ ਯੂਨੀਕ ਰਜਿਸਟਰੇਸ਼ਨ ਨੰਬਰ ਅੰਕਿਤ ਹੋਵੇ। ਇਹ ਸਰੂਪ ਜਦੋਂ ਪ੍ਰੈਸ ਤੋਂ ਬਾਹਰ ਨਿਕਲਣ, ਜਿਸ ਸੰਸਥਾ ਜਾਂ ਵਿਅਕਤੀ ਨੂੰ ਇਹ ਦਿੱਤੇ ਜਾਂਣ, ਉਨ੍ਹਾਂ ਦੀ ਪੂਰੀ ਸ਼ਿਨਾਖਤ ਅਤੇ ਉਨ੍ਹਾਂ ਦੀ ਸ਼ਿਨਾਖਤ ਦਾ ਰਿਕਾਰਡ ਰਖਿਆ ਜਾਵੇ, ਕਿ ਕਿੰਨੇ ਸਰੂਪ ਕਿਸ ਨੂੰ ਦਿੱਤੇ ਗਏ ਹਨ। ਸਰੂਪ ਲੈ ਜਾਂਣ ਵਾਲੇ ਕੋਲੋਂ ਇਨ੍ਹਾਂ ਸਰੂਪਾਂ ਦੀ ਹਿਫਾਜਤ ਅਤੇ ਸਹੀ ਥਾਂ 'ਤੇ ਉਨ੍ਹਾਂ ਦੇ ਸਤਿਕਾਰ ਅਤੇ ਹਿਫਾਜਤ ਦਾ ਹਲਫਨਾਮਾਂ ਲਿਆ ਜਾਵੇ। ਇਹੀ ਵਿਧੀ ਉਸ ਤੋਂ ਅਗੇ ਅਪਣਾਈ ਜਾਵੇ। ਮਜਾਲ ਹੈ ਕਿ ਇਸ ਵਿੱਧੀ ਨਾਲ ਕਿਸੇ ਇਕ ਵੀ ਸਰੂਪ ਦੀ ਬੇਅਦਬੀ ਹੋ ਜਾਵੇ।

ਜੇ ਫਿਰ ਵੀ ਕਿਸੇ ਸਰੂਪ ਦੀ ਬੇਅਦਬੀ ਹੁੰਦੀ ਹੈ, ਤਾਂ ਫੌਰਨ ਉਹ ਬੰਦਾ ਫੜਿਆ ਜਾਵੇਗਾ, ਜੋ ਇਸਨੂੰ ਉਸ ਪ੍ਰੈਸ ਤੋਂ ਲੈ ਕੇ ਗਿਆ ਹੋਵੇਗਾ। ਕਿਉਂਕਿ ਹਰ ਸਰੂਪ ਤੇ ਹਰ ਅੰਕ ਤੇ ਉਸ ਦਾ "ਡਿਜਿਟਲ ਬਾਰ ਕੋਡ" ਮੌਜੂਦ ਹੋਵੇਗਾ। ਦਾਸ ਦੇ ਇਸ ਸੁਝਾਅ ਨੂੰ ਬਹੁਤ ਸਾਰੇ ਲੋਕੀ ਬਹੁਤ ਹਲਕੇ ਵਿੱਚ ਲੈਣਗੇ, ਇਹ ਮੈਨੂੰ ਪਤਾ ਹੈ, ਲੇਕਿਨ ਇਸ ਤੋਂ ਅਲਾਵਾ ਸਾਡੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਹੈ। ਇਹ ਕੰਮ ਔਖਾ ਵੀ ਨਹੀਂ ਹੈ। ਜਦੋਂ ਤਕ ਸ਼ਬਦ ਗੁਰੂ ਸਾਹਿਬ ਜੀ ਦੇ ਸਰੂਪਾਂ ਨੂੰ ਦੁਕਾਨਾਂ 'ਤੇ ਵੇਚਿਆ ਜਾਂਦਾ ਰਹੇਗਾ, ਇਸ ਦਾ ਮੁੱਲ ਪਿਆ ਰਹੇਗਾ, ਇਹ ਬੇਦਬੀਆਂ ਕੋਈ ਵੀ ਸਿੱਖ ਰੋਕ ਨਹੀਂ ਸਕੇਗਾ। ਪੰਥ ਦੋਖੀ ਤੁਹਾਡੀ ਇਸ ਢਿੱਲ ਦਾ ਫਾਇਦਾ ਚੁਕਦੇ ਰਹਿਣਗੇ, ਤੇ ਅਸੀਂ ਧਰਨੇ ਦੇ ਦੇ ਕੇ ਅਪਣੀਆਂ ਕੀਮਤੀ ਜਾਂਨਾਂ ਭੰਗ ਦੇ ਭਾੜੇ ਰੋੜਦੇ ਰਹਾਂਗੇ।

ਗੁਰੂ ਦਾ ਇਹ ਹੁਕਮ ਹਮੇਸ਼ਾ ਯਾਦ ਰਖੀਏ "ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥" ਤੇ ਆਉ ਗੁਰੂ ਦੇ ਸਰੂਪਾਂ ਦੀ ਛਪਾਈ, ਅਤੇ ਵਿਤਰਣ ਦੇ ਕਰੜੇ ਨਿਅਮ ਬਣਾਈਏ। ਧਰਨੇ ਦੇਣੇ ਹੀ ਨੇ ਤਾਂ, ਚਲ ਕੇ ਉਨ੍ਹਾਂ ਦੁਕਾਨਾਂ, ਪ੍ਰਿੰਟਿੰਗ ਪ੍ਰੈਸਾਂ 'ਤੇ ਚੱਲ ਕੇ ਦੇਈਏ, ਜਿਥੇ ਸਾਡੇ ਗੁਰੂ ਦੇ ਸਰੂਪ ਛਾਪੇ ਅਤੇ ਵੇਚੇ ਜਾ ਰਹੇ ਨੇ। ਜੇ ਐਸੀ ਕੋਈ ਕਮੇਟੀ ਜਾਂ ਨਿਅਮ ਅਸੀਂ ਨਹੀਂ ਬਣਾ ਸਕੇ ਤਾਂ ਆਉਣ ਵਾਲੇ ਸਮੇਂ ਅੰਦਰ ਇਹ, ਇੱਕ ਬਹੁਤ ਵੱਡੀ ਤ੍ਰਾਸਦੀ ਬਣਕੇ ਕੌਮ ਦੇ ਸਾਮ੍ਹਣੇ ਖੜੀ ਹੋ ਜਾਵੇਗੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top