Share on Facebook

Main News Page

ਚੱਲ ਰਹੇ ਪੰਥਕ ਸੰਘਰਸ਼ ਦਰਮਿਆਨ ਮਾਨ ਦਲ ਅਤੇ ਯਨਾਈਟਿਡ ਦਲ ਨੇ ਵੱਖਰੇ ਪ੍ਰੋਗਰਾਮ ਦਾ ਕੀਤਾ ਐਲਾਨ

ਫਰੀਦਕੋਟ (18 ਅਕਤੂਬਰ, 2015): ਪਿਛਲੇ ਦਿਨੀ ਪਿੰਡ ਬਰਗਾੜੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਅਤੇ ਉਸਤੌਨ ਬਾਅਦ ਸਿੱਖ ਸੰਗਤਾਂ ‘ਤੇ ਪੁਲਿਸ ਤਸ਼ਦੱਦ ਅਤੇ ਦੋ ਸਿੰਘਾਂ ਦੀ ਪੁਲਿਸ ਦੀਆਂ ਗੋਲੀਆਂ ਨਾਲ ਹੋਈ ਸ਼ਹਾਦਤ ਬਾਅਦ ਸਿੱਖ ਸੰਘਰਸ਼ ਨੂੰ ਸੁਚੱਜੇ ਅਤੇ ਯੋਜਨਾਬੱਧ ਤਰੀਕੇ ਨਾਲ ਚਲਾਅ ਰਹੇ ਸਿੱਖ ਕੌਮ ਦੇ ਮੋਢੀ ਪ੍ਰਚਾਰਕਾਂ ਭਾਈ ਪੰਥਪ੍ਰੀਤ ਸਿੰਘ ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵੱਲੋਂ ਕੱਲ੍ਹ ਬੀਤੇ ਦਿਨ ਸੰਘਰਸ਼ ਨੂੰ ਸਹੀ ਤਰਤੀਬ ਦੇਣ ਲਈ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਸੀ।

ਪਰ ਅੱਜ ਕੁਝ ਪੰਥਕ ਜਥੇਬੰਦੀਆਂ ਵੱਲੋਂ ਫਰੀਦਕੋਟ ਵਿਖੇ ਮੀਟਿੰਗ ਕਰਕੇ ਇੱਕ ਹੋਰ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ। ਇਹ ਮੀਟਿੰਗ ਗੁਰਦੁਆਰਾ ਭਾਈ ਲੱਧਾ ਜੀ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ(ਮਾਨ) ਅਤੇ ਯੁਨਾਈਟਿਡ ਅਕਾਲੀ ਦਲ ਵੱਲੋਂ ਬੁਲਾਈ ਗਈ ਸੀ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਈ ਪੰਥਪ੍ਰੀਤ ਸਿੰਘ ਅਤੇ ਕੁਝ ਹੋਰ ਪ੍ਰਚਾਰਕ ਇਸ ਇਕੱਤਰਤਾ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਸਨ, ਪਰ ਮਾਨ ਦਲ ਦੇ ਸਮਰਥਕਾਂ ਨਾਲ ਬਹਿਸ ਹੋਣ ਕਾਰਨ ਉਹ ਮੀਟਿੰਗ ਛੱਡ ਕੇ ਵਾਪਿਸ ਚਲੇ ਗਏ।

ਅਜਿਹੇ ਸਮੇਂ ਪੰਥਕ ਏਕਤਾ ਦੀ ਮੁੱਖ ਜਰੂਰਤ ਹੈ ਤਾਂ ਜੋ ਸਰਕਾਰ ਤੇ ਦਬਾਅ ਬਣਾਇਆ ਜਾ ਸਕੇ, ਪਰ ਹੁਣ ਇਹ ਸੰਘਰਸ਼ ਖਿਲਰਦਾ ਨਜਰ ਆ ਰਿਹਾ ਹੈ।

ਇਕੱਤਰਤਾ ਤੋਂ ਬਾਅਦ ਸ.ਸਿਮਰਨਜੀਤ ਸਿੰਘ ਮਾਨ ਨੇ ਸਿੱਖ ਪ੍ਰਚਾਰਕਾਂ ਵੱਲੋਂ ਦਿੱਤੇ ਗਏ ੩ ਘੰਟੇ ਦੇ ਰੋਸ ਮੁਜਾਹਰੇ ਦੇ ਪ੍ਰੋਗਰਾਮ ਨੂੰ ਰੱਦ ਕਰਦਿਆਂ ਕਿਹਾ ਕਿ ਪਹਿਲਾਂ ਤੋਂ ਚਲ ਰਹੇ ਰੋਸ ਮੁਜਾਹਰੇ ਅਤੇ ਚੱਕਾ ਜਾਮ ਉਸੇ ਤਰ੍ਹਾਂ ਜਾਰੀ ਰੱਖੇ ਜਾਣਗੇ, ਜਿਸ ਤਰ੍ਹਾਂ ਪਿਛਲੇ ਦਿਨਾਂ ਤੋਂ ਚੱਲ ਰਹੇ ਹਨ। ਉਨ੍ਹਾਂ ਨਾਲ ਹੀ ਕੁਝ ਛੋਟਾਂ ਦਾ ਐਲਾਨ ਕਰਦਿਆਂ ਕਿਹਾ ਕਿ ਸਕੂਲ ਅਧਿਆਪਕ ਅਤੇ ਵਿਦਿਆਰਥੀ, ਕਿਸਾਨ, ਐਂਬੂਲੈਂਸ, ਬਰਾਤ ਅਤੇ ਹੋਰ ਜਰੂਰੀ ਵਸਤਾਂ ਜਿਵੇਂ ਦੁੱਧ ਅਤੇ ਸਬਜੀਆਂ ਲੈ ਕੇ ਜਾ ਰਹੇ ਵਾਹਨਾਂ ਨੂੰ ਜਾਮ ਵਿੱਚੋਂ ਲੰਘਣ ਦਿੱਤਾ ਜਾਵੇਗਾ।

ਸ. ਮਾਨ ਨੇ ਸੰਘਰਸ਼ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਇੱਕ ਕਮੇਟੀ ਦਾ ਵੀ ਐਲਾਨ ਕੀਤਾ ਜਿਸ ਵਿੱਚ ਧਿਆਨ ਸਿੰਘ ਮੰਡ, ਗੁਰਦੀਪ ਸਿੰਘ ਬਠਿੰਡਾ, ਜਸਕਰਨ ਸਿੰਘ ਕਾਹਨਸਿੰਘ ਵਾਲਾ, ਬੂਟਾ ਸਿੰਘ ਰਣਸਿੱਕੇ, ਅਵਤਾਰ ਸਿੰਘ ਸਾਧਾਂਵਾਲਾ, ਬਾਬਾ ਚਮਕੌਰ ਸਿੰਘ ਭਾਈ ਰੂਪਾ ਅਤੇ ਹਰਪਾਲ ਸਿੰਘ ਚੀਮਾ ਦੇ ਨਾਮ ਸ਼ਾਮਿਲ ਕੀਤੇ ਗਏ ਹਨ।

ਪਰ ਪ੍ਰੈੱਸ ਨਾਲ ਗੱਲ ਕਰਦਿਆਂ ਸ.ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਮੇਟੀ ਵਿੱਚ ਉਨ੍ਹਾਂ ਦਾ ਨਾਮ ਉਨ੍ਹਾਂ ਨੂੰ ਬਿਨਾਂ ਪੁੱਛੇ ਹੀ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੇਰੀ ਰਾਇ ਹੈ ਕਿ ਪਹਿਲੇ ਦਿਨ ਤੋਂ ਸੰਘਰਸ਼ ਦੀ ਅਗਵਾਈ ਕਰ ਰਹੇ ਸਿੱਖ ਪ੍ਰਚਾਰਕਾਂ ਵੱਲੋਂ ਜੋ ਪ੍ਰੋਗਰਾਮ ਦਿੱਤਾ ਗਿਆ ਹੈ ਸਾਨੂੰ ਉਸ ਅਨੁਸਾਰ ਹੀ ਚੱਲਣਾ ਚਾਹੀਦਾ ਹੈ ਅਤੇ ਸਮੁੱਚੀਆਂ ਰਾਜਸੀ ਅਤੇ ਸਮਾਜਿਕ ਸੰਸਥਾਵਾਂ ਨੂੰ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ।


ਟਿੱਪਣੀ:

ਕਈ ਲੋਕ ਐਸੇ ਹੁੰਦੇ ਹਨ ਜਿਨ੍ਹਾਂ ਦਾ ਕੰਮ ਹੁੰਦਾ ਹੈ, ਨਾ ਖੇਡਣਾ ਨਾ ਖੇਡਣ ਦੇਣਾ, ਖੁੱਤੀ 'ਚ ਮੂਤਣਾ (ਮੁਆਫੀ ਚਾਹੁੰਦੇ ਹਾਂ ਐਸੀ ਸ਼ਬਦਾਵਲੀ ਲਈ, ਪਰ ਕਈ ਐਸੇ ਬਹਰੂਪੀਏ ਹਨ, ਜਿਹੜੇ ਕੋਈ ਕੰਮ ਸਿਰੇ ਨਹੀਂ ਚੜ੍ਹਨ ਦਿੰਦੇ), ਉਨ੍ਹਾਂ 'ਚੋਂ ਇੱਕ ਹੈ ਸਿਮਰਨਜੀਤ ਸਿੰਘ ਮਾਨ। ਇਸ ਸਿਰਫਿਰੇ ਨੇ ਪਹਿਲਾਂ ਵੀ ਕੋਈ ਗੱਲ ਚੱਜ ਦੀ ਨਹੀਂ ਕੀਤੀ। 1989 'ਚ 4.8 ਲੱਖ ਵੋਟਾਂ ਨਾਲ ਜਿੱਤਣ ਵਾਲੇ ਭਾਰਤ ਵਿੱਚ ਸਭ ਤੋਂ ਜ਼ਿਆਦਾ ਵੋਟਾਂ ਨਾਲ ਜਿੱਤਣ ਦਾ ਰਿਕਾਰਡ ਇਨ੍ਹਾਂ ਦੇ ਨਾਮ ਹੈ, ਪਰ 3 ਫੁੱਟੀ ਕਿਰਪਾਨ ਦੀ ਅੜੀ ਪਾ ਕੇ ਸੰਸਦ ਦੇ ਬਾਹਰ ਬੈਠ ਕੇ ਹੀ ਸਮਾਂ ਬਰਬਾਦ ਕੀਤਾ। ਉਸ ਤੋਂ ਬਾਅਦ 1999 'ਚ ਇੱਕ ਵਾਰੀ ਫਿਰ ਜਿੱਤ ਹੋਈ, ਪਰ ਉਸ ਤੋਂ ਬਾਅਦ ਹਰ ਵਾਰੀ ਆਪਣੀ ਪਾਰਟੀ ਅਤੇ ਆਪਣੀ ਸੀਟ ਦੀ ਵੀ ਜ਼ਮਾਨਤ ਜ਼ਬਤ ਹੀ ਕਰਵਾਈ। ਇਹ ਆਪ ਤਾਂ ਕਦੇ ਨਹੀਂ ਜਿੱਤੇ, ਪਰ ਜਿਨ੍ਹਾਂ ਲੋਕਾਂ ਜਾਂ ਪਾਰਟੀ ਨੂੰ ਜਿੱਤ ਦੀ ਲੋੜ੍ਹ ਸੀ, ਉਨ੍ਹਾਂ ਦੀਆਂ ਵੋਟਾਂ ਤੁੜਵਾਕੇ ਬਾਦਲਾਂ ਦਾ ਹੀ ਭਲਾ ਕੀਤਾ।

ਇਸਦੇ ਖ਼ਾਲਿਸਤਾਨ ਪੱਖੀ ਰਵੱਈਏ ਤੋਂ ਲੋਕ ਧੋਖਾ ਖਾ ਜਾਂਦੇ ਨੇ, ਪਰ ਉਹ ਸਭ ਹਵਾਈ ਕਿਲੇ ਹੀ ਬਣਾਏ, ਕੋਈ ਪ੍ਰੋਗ੍ਰਾਮ ਦੇ ਸਕਣ 'ਚ ਬਿਲਕੁਲ ਨਾਕਾਮਯਾਬ ਰਹੇ। ਸਿਰਫ ਫੋਕੀ ਸ਼ੋਹਰਤ ਲਈ ਊਲ ਜਲੂਲ ਬਿਆਨ ਹੀ ਦਾਗਦੇ ਹਨ, ਜਾਂ ਕੋਈ ਚੱਲ ਰਹੀ ਲਹਿਰ ਨੂੰ ਤਾਰਪੀਡੋ ਕਰਣ ਲਈ ਟੁੱਕੜਬੋਚਾਂ ਦਾ ਸਾਥ ਦਿੰਦੇ ਹਨ, ਜਿਸ ਤਰ੍ਹਾਂ ਹੁਣ ਮੌਜੂਦਾ ਸਮੇਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਸਲੇ 'ਤੇ ਆਪਣੀ ਵੱਖਰੀ ਤੂਤੀ ਵਜਾਉਣ ਦਾ ਕੰਮ। ਇਨ੍ਹਾਂ ਨੂੰ ਭਾਈ ਪ੍ਰੰਥਪ੍ਰੀਤ ਸਿੰਘ ਅਤੇ ਹੋਰ ਜਾਗਰੂਕ ਪ੍ਰਚਾਰਕਾਂ ਦੇ ਦਿੱਤੇ ਪ੍ਰੋਗਰਾਮ ਦਾ ਬਾਈਕਾਟ ਕਰਕੇ ਅਖੌਤੀ ਫਰੰਟ ਬਣਾ ਆਪਣਾ ਵਖਰਾ ਰਾਗ ਅਲਾਪਣਾ, ਇੱਕ ਵਾਰੀ ਫਿਰ ਬਾਦਲਾਂ ਦੇ ਹੱਕ 'ਚ ਭੁਗਤਣਾ ਹੀ ਹੈ।

ਬਹੁਤੇ ਲੋਕਾਂ ਨੂੰ ਇਹ ਟਿੱਪਣੀ ਚੁਭਣੀ ਹੈ, ਪਰ ਸਾਡਾ ਕੰਮ ਹੈ ਇਸ ਤਰ੍ਹਾਂ ਦੇ ਲੁਕੇ ਹੋਏ ਅਨਸਰਾਂ ਨੂੰ ਬੇਮਕਾਬ ਕਰਨਾ, ਜਿਹੜੇ ਸਿੱਖੀ ਸਮਰਥਕ ਹੋਣ ਦਾ ਮੁਖੌਟਾ ਪਾ ਕੇ, ਸਿੱਖ ਅਤੇ ਪੰਜਾਬ ਵਿਰੋਧੀਆਂ ਦਾ ਹੀ ਸਾਥ ਦਿੰਦੇ ਹਨ, ਕੁਹਾੜੇ ਦਾ ਦਸਤਾ ਹੀ ਬਣਦੇ ਹਨ।

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top