Share on Facebook

Main News Page

ਪੰਜਾਬ ‘ਚ ਅਰਧ ਸੈਨਿਕ ਬਲ ਤਾਇਨਾਤ; ਸਰਕਾਰ ਵੱਲੋਂ ਕੋਈ ਵੱਡਾ ਐਕਸ਼ਨ ਕਰਨ ਦੀ ਤਿਆਰੀ

ਟਿੱਪਣੀ: ਬੇਅਦਬੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ; ਵਿਰੋਧ ਵੀ ਸਿੱਖ ਕਰੇ; ਮਾਰੇ ਵੀ ਸਿੱਖ ਜਾਣ; ਸਰਕਾਰੀ ਚਾਲ ਨਾਲ ਹਰ ਬੇਅਦਬੀ ਪਿੱਛੇ ਦੋਸ਼ੀ ਵੀ ਸਿੱਖ ਫੜੇ ਜਾਣ; ਫੌਜ / ਅਰਧ ਸੈਨਿਕ ਬੱਲ 'ਚ ਵੀ ਸਿੱਖਾਂ ਦੀ ਗਿਣਤੀ ਜ਼ਿਆਦਾ... ਵਾਹ ਨੀ ਸਰਕਾਰੇ... ਹਰ ਪਾਸੇ ਨੁਕਸਾਨ ਹੋਵੇ, ਤਾਂ ਹੋਵੇ ਸਿੱਖਾਂ ਦਾ ਹੀ... ਕਿਆ ਬਾਤ ਹੈ !!! ਸਿੱਖ ਨੌਜਵਾਨੋ ਹੋ ਜਾਓ ਤਿਆਰ, ਤੁਹਾਡੇ ਖੂਨ ਦੀ ਹੋਲੀ ਖੇਡਣ ਦੀ ਤਿਆਰੀ ਹੋ ਰਹੀ ਹੈ, 1984 ਤੋਂ ਬਾਅਦ ਹੁਣ ਫਸਲ ਤਿਆਰ ਹੈ, ਵੱਡਣ ਦੀ ਤਿਆਰੀ... ਓ ਰੱਬਾ...

- ਸੰਪਾਦਕ ਖ਼ਾਲਸਾ ਨਿਊਜ਼

ਅੰਮ੍ਰਿਤਸਰ 20 ਅਕਤਬਰ (ਜਸਬੀਰ ਸਿੰਘ) ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੰਜਾਬ ਵਿੱਚ ਕਈ ਥਾਵਾਂ ਤੋਂ ਹੋਈ ਬੇਅਦਬੀ ਨੂੰ ਲੈ ਕੇ ਪੰਜਾਬ ‘ਚ ਵੱਧ ਰਹੇ ਤਣਾਅ ਨੂੰ ਮੁੱਖ ਰੱਖਦਿਆਂ ਸਰਕਾਰ ਨੇ ਅਰਧ ਸੈਨਿਕ ਬਲਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ ਅਤੇ ਤਿੰਨ ਕਮਿਸ਼ਨਰੇਟ ਵਾਲੇ ਜਿਲਿਆਂ ਵਿੱਚ ਤਿੰਨ ਤਿੰਨ ਕੰਪਨੀਆਂ ਤਾਇਦਾਦ ਕੀਤੀਆਂ ਹਨ, ਜਦ ਕਿ ਇੱਕ ਕੰਪਨੀ ਤਰਨ ਤਾਰਨ ਵਿੱਚ ਤਾਇਨਾਤ ਕੀਤੀ ਗਈ ਹੈ।

ਜਾਣਕਾਰੀ ਮੁਤਾਬਕ ਫਿਲਹਾਲ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ‘ਚ ਅਰਧ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ, ਜਦ ਕਿ ਤਰਨ ਤਾਰਨ ਜਿਲੇ ਦੀ ਨਾਜ਼ੁਕਤਾ ਨੂੰ ਦੇਖਦਿਆਂ ਹੋਇਆਂ ਇੱਕ ਕੰਪਨੀ ਉਥੇ ਵੀ ਤਾਇਨਾਤ ਕੀਤੀ ਹੈ।

ਪੰਜਾਬ ਦੇ ਵਿਗੜ ਰਹੇ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਬੀਤੇ ਕਲ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸੁੰਘ ਬਾਦਲ ਨਾਲ ਗੱਲਬਾਤ ਕਰਕੇ, ਪੰਜਾਬ ਦਾ ਹਾਲਾਤ ਸਬੰਧੀ ਜਾਣਕਾਰੀ ਹਾਸਲ ਕਰਨ ਉਪਰੰਤ, ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਤੇ ਉਪਰੰਤ ਪੰਜਾਬ ਵਿੱਚ ਨੀਮ ਫੌਜੀ ਦਸਤੇ ਤਾਇਨਾਤ ਕਰਨ ਦਾ ਫੈਸਲਾ ਲਿਆ

ਸੂਬੇ ਵਿੱਚ ਥਾਂ ਥਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਤੋਂ ਬਾਅਦ ਲਗਾਤਾਰ ਪੰਜਾਬ ਵਿੱਚ ਚੱਲ ਰਹੇ ਧਰਨੇ ਪ੍ਰਦਰਸ਼ਨ ਅਤੇ ਲਗਾਤਾਰ ਫੈਲ ਰਹੀਆਂ ਅਫ਼ਵਾਹਾਂ ਤੋਂ ਬਾਅਦ ਮਾਹੌਲ ‘ਤੇ ਕਾਬੂ ਪਾਉਣ ਲਈ ਗੁਰੂ ਨਗਰੀ ਅੰਮ੍ਰਿਤਸਰ ਦੀ ਸੁਰੱਖਿਆ ਨੂੰ ਸਹੀ ਢੰਗ ਨਾਲ ਕਰਨ ਲਈ ਬੀ.ਐਸ.ਐਫ ਨੂੰ ਤੈਨਾਤ ਕਰ ਦਿੱਤਾ ਗਿਆ ਹੈ ਅਤੇ ਮਹੱਤਵਪੂਰਣ ਚੌਕਾਂ ਵਿੱਚ ਬੀ.ਐਸ.ਐਫ ਦੇ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਕੋਟਕਪੂਰਾ ‘ਚ ਸ਼ਾਂਤਮਈ ਧਰਨੇ ‘ਤੇ ਬੈਠੇ ਸਿੱਖਾਂ ‘ਤੇ ਪੁਲਿਸ ਨੇ ਲਾਠੀਚਾਰਜ ਕਰਨ ਦੇ ਨਾਲ ਨਾਲ ਪ੍ਰਦਰਸ਼ਨਕਾਰੀਆ ਨੂੰ ਖਿੰਡਾਉਣ ਲਈ ਗੋਲੀਬਾਰੀ ਵੀ ਕੀਤੀ ਸੀ, ਜਿਸ ਨਾਲ ਦੋ ਸਿੱਖ ਸ਼ਹੀਦ ਹੋ ਗਏ ਅਤੇ ਸੈਕੜੇ ਫੱਟੜ ਹੋ ਗਏ ਸਨ। ਇਸ ਉਪੰਰਤ ਪੰਜਾਬ ਵਿੱਚ ਪੁਲਿਸ ਅਤੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨਾਂ ਦਾ ਸਿਲਸਿਲਾ ਜੰਗੀ ਪੱਧਰ ‘ਤੇ ਸ਼ੁਰੂ ਹੋ ਗਿਆ ਸੀ ਅਤੇ ਸਾਰਾ ਪੰਜਾਬ ਇਸ ਵੇਲੇ ਸੜਕੀ ਆਵਾਜਾਈ ਤੋਂ ਟੁੱਟਾ ਹੋਇਆ ਹੈ। ਪ੍ਰਦਰਸ਼ਨਕਾਰੀ ਜਿੱਥੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ ਉਥੇ ਹੀ ਪੰਜਾਬ ਪੁਲਿਸ ਦਾ ਵੀ ਖੁੱਲ ਕੇ ਵਿਰੋਧ ਕਰ ਰਹੇ ਹਨ ਜਿਸ ਕਾਰਨ ਨੀਮ ਫੌਜੀ ਦਸਤੇ ਤਾਇਨਾਤ ਕੀਤੇ ਗਏ ਹਨ।

ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੇ ਨੀਮ ਫੌਜੀ ਦਸਤੇ ਤਾਇਨਾਤ ਕੀਤੇ ਜਾਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸ਼ਹਿਰ ਵਿੱਚ ਤਿੰਨ ਬੀ.ਐਸ.ਐਫ, ਇੱਕ ਏ.ਆਰ.ਪੀ ਅਤੇ ਤਿੰਨ ਪੀ.ਏ.ਪੀ ਦੀਆਂ ਕੰਪਨੀਆਂ ਨੂੰ ਤੈਨਾਤ ਕਰ ਦਿੱਤਾ ਗਿਆ ਹੈ। ਦੂਸਰੇ ਪਾਸ਼ੇ ਸੋਸ਼ਲ ਮੀਡੀਆ ‘ਤੇ ਕਈ ਤਰਾਂ ਦੇ ਮੈਸੇਜ ਆਉਣ ਨਾਲ ਪੰਜਾਬ ਵਾਸੀਆਂ ‘ਚ ਲਗਾਤਾਰ ਦਹਿਸ਼ਤ ਪੈਦਾ ਹੋ ਰਹੀ ਸੀ, ਇਸ ਲਈ ਸਰਕਾਰ ਵੱਲੋਂ ਪੁਲਿਸ ਦੇ ਨਾਲ ਨਾਲ ਬੀ.ਐਸ.ਐਫ ਅਤੇ ਏ.ਆਰ.ਪੀ ਨੂੰ ਤੈਨਾਤ ਕਰਨ ਦਾ ਫ਼ੈਸਲਾ ਕੀਤਾ ਗਿਆ।

ਇਹ ਵੀ ਚਰਚਾ ਪਾਈ ਜਾ ਰਹੀ ਹੈ ਕਿ ਸਰਕਾਰ ਕੋਈ ਵੱਡਾ ਐਕਸ਼ਨ ਕਰਨ ਜਾ ਰਹੀ ਹੈ ਜਿਸ ਲਈ ਨੀਮ ਫੌਜੀ ਦਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰੀ ਨੀਮ ਫੌਜੀ ਦਸਤੇ ਤਾਇਨਾਤ ਕੀਤੇ ਜਾਂਦੇ ਰਹੇ ਹਨ ਅਤੇ ਅੱਤਵਾਦ ਦੇ ਸਮੇਂ ਤਾਂ ਪੰਜਾਬ ਨੀਮ ਫੌਜੀ ਦਸਤਿਆ ਦਾ ਗੜ ਬਣਿਆ ਰਿਹਾ ਹੈ। ਨੀਮ ਫੌਜੀ ਦਸਤਿਆਂ ਤੋਂ ਬਾਅਦ ਪੰਜਾਬ ਦੇ ਵਾਸੀਆਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ ਤੇ ਉਹਨਾਂ ਨੇ ਆਪਣੇ ਘਰਾਂ ਵਿੱਚ ਰਾਸ਼ਨ ਜਮਾਂ ਕਰਨਾ ਸ਼ੁਰੂ ਕਰ ਦਿੱਤਾ, ਤਾਂ ਕਿ ਕਰਫਿਊ ਲੱਗਣ ਦੀ ਹਾਲਤ ਵਿੱਚ ਉਹ ਘਰਾਂ ਵਿੱਚ ਰੋਟੀ ਪਾਣੀ ਤਾਂ ਖਾ ਸਕਣ।

ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੀਤ ਪ੍ਰਧਾਨ ਸ੍ਰ ਬਲਦੇਵ ਸਿੰਘ ਸਿਰਸਾ ਨੇ ਨੀਮ ਫੌਜੀ ਦਸਤੇ ਤਾਇਨਾਤ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਇੱਕ ਵਾਰੀ ਫਿਰ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਕੇ ਨੌਜਵਾਨਾਂ ਦਾ ਘਾਣ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਅਨਸਰਾਂ ਨੂੰ ਫੜਣ ਦੀ ਬਜਾਏ ਸਰਕਾਰ ਵੱਲੇ ਆਰ.ਐਸ.ਐਸ ਨਾਲ ਮਿਲ ਨਵੇਂ ਮਨਸੂਬੇ ਘੜੇ ਜਾ ਰਹੇ ਹਨ, ਕਿਉਕਿ 20 ਸਾਲ ਬਾਅਦ ਸਿੱਖ ਨੌਜਵਾਨਾਂ ਦੀ ਨਵੀਂ ਤਿਆਰ ਹੋਈ ਪਨੀਰੀ ਨੂੰ ਖਤਮ ਕੀਤਾ ਜਾ ਸਕੇ। ਉਹਨਾਂ ਪੰਥਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਸੋਚ, ਸੰਜਮ ਤੇ ਸਿਆਣਪ ਤੋਂ ਕੰਮ ਲੈ ਕੇ ਸਰਕਾਰ ਦੇ ਇਸ ਮਨਸੂਬੇ ਨੂੰ ਕਿਸੇ ਵੀ ਕੀਮਤ 'ਤੇ ਕਾਮਯਾਬ ਨਾ ਹੋਣ ਦੇਣ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top