Share on Facebook

Main News Page

ਸਿੱਖ ਸੰਘਰਸ਼ ਨੂੰ ਅਨੁਸ਼ਾਸ਼ਨ ਵਿੱਚ ਰੱਖਣਾ ਸਮੇਂ ਦੀ ਮੁੱਖ ਲੋੜ...!
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਸੌਦਾ ਸਾਧ ਦੀ ਮਾਫ਼ੀ ਨਾਲ ਆਰੰਭ ਹੋਇਆ ਸਿੱਖ ਸੰਘਰਸ਼ ਅੱਜ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਜਜਬਾਤਾਂ ਦਾ ਸਾਗਰ ਬਣ ਚੁੱਕਿਆ ਹੈ। ਹੁਣ ਇਸ ਵਿੱਚੋਂ ਬੜੀਆਂ ਲਹਿਰਾਂ ਨੇ ਆਪ ਮੁਹਾਰੇ ਉਠਣਾ ਹੈ, ਪਰ ਲਹਿਰਾ ਓਨਾਂ ਚਿਰ ਹੀ ਸੋਭਾ ਪਾਉਂਦੀਆਂ ਹਨ, ਜਿੰਨਾਂ ਚਿਰ ਉਹ ਸਾਗਰ ਨਾਲ ਜੁੜੀਆਂ ਰਹਿੰਦੀਆਂ ਹਨ ਅਤੇ ਕਿਨਾਰਿਆਂ ਦੇ ਅਨੁਸਾਸ਼ਨ ਵਿੱਚ ਰਹਿੰਦੀਆਂ ਹਨ। ਸਾਗਰ ਨਾਲੋ ਟੁੱਟੀ ਲਹਿਰ ਮੁੜ ਕਦੇ ਵਾਪਿਸ ਨਹੀਂ ਜਾ ਸਕਦੀ ਤੇ ਆਪਣੀ ਹੋਂਦ ਵੀ ਗਵਾ ਲੈਦੀ ਹੈ।

ਅੱਜ ਸਿੱਖ ਸੰਘਰਸ਼ ਬਹੁਤ ਸੰਕੇਤ ਦੇ ਰਿਹਾ ਹੈ, ਦੁਸ਼ਮਨ ਦੀ ਨੀਅਤ ਬਹੁਤ ਖਰਾਬ ਹੈ। ਉਹ ਸਮੇਂ ਦੀ ਤਾਕ ਵਿੱਚ ਹੈ ਕਿ ਕਦੋਂ ਮੌਕਾ ਮਿਲੇ ਤੇ ਉਹ ਇਸ ਸੰਘਰਸ਼ ਨੂੰ ਲੀਹੋਂ ਲਾਹੁਣ ਵਿੱਚ ਕਾਮਯਾਬ ਹੋਵੇ, ਸੁਭਾਵਿਕ ਹੀ ਦੁਸ਼ਮਨ ਸਾਡੇ ਜਜਬਾਤਾਂ ਉਤੇ ਤੇਲ ਪਾ ਕੇ ਸਾਨੂੰ ਕੁਰਾਹੇ ਪਾ ਸਕਦਾ ਹੈ। ਇਸ ਵਾਸਤੇ ਸੰਘਰਸ਼ ਨੂੰ ਅਜਿਹੇ ਤਰੀਕੇ ਨਾਲ ਚਲਾਇਆ ਜਾਵੇ ਕਿ ਇਸ ਵਿੱਚੋਂ ਕੋਈ ਸਿੱਟਾ ਜਰੂਰ ਨਿੱਕਲੇ ਨਹੀਂ ਤਾਂ ਅਸੀਂ ਵੀ ਸ਼ਹੀਦ ਹੋਏ ਵੀਰਾਂ ਦੇ ਕਾਤਲ ਹੀ ਸਾਬਤ ਹੋਵਾਗੇ।

ਇਸ ਸੰਘਰਸ਼ ਨੇ ਇੱਕ ਗੱਲ ਬੜੀ ਸਾਫ਼ ਕਰ ਦਿੱਤੀ ਹੈ ਕਿ ਅੱਜ ਸਿੱਖ ਜਾਗ ਪਿਆ ਹੈ, ਬੱਚਾ ਬੱਚਾ ਸੜਕ ਉੱਤੇ ਆ ਗਿਆ ਹੈ, ਉਹਨਾਂ ਵਿੱਚ ਬਹੁਤੇ ਕਿਸੇ ਜਥੇਬੰਦੀ ਦੇ ਮੈਂਬਰ ਵੀ ਨਹੀਂ ਹਨ ਜਾਂ ਉਹਨਾਂ ਪਾਰਟੀਆਂ ਦੇ ਮੈਂਬਰ ਹਨ, ਜਿਹੜੀਆਂ ਨੂੰ ਧਰਮ ਨਾਲ ਕੋਈ ਸਰੋਕਾਰ ਹੀ ਨਹੀਂ ਅਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਦਾ ਕੋਈ ਅਫਸੋਸ ਹੈ। ਜੇ ਕਿਤੇ ਕੋਈ ਆਗੂ ਧਰਨੇ ਨੂੰ ਸੰਬੋਧਨ ਕਰਨ ਵੀ ਜਾ ਰਿਹਾ ਹੈ ਤਾਂ ਉਹ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਕਰਕੇ ਨਹੀਂ, ਸਗੋਂ ਸ਼ਰਮੋ ਕੁਸ਼ਰਮੀ ਹਾਜਰੀ ਭਰਦੇ ਹਨ, ਕੁੱਝ ਲੋਕ ਇਸ ਸਮੇਂ ਬਲਦੇ ਸਿਵਿਆਂ ਉੱਤੇ ਰੋਟੀਆਂ ਵੀ ਸੇਕਦੇ ਹਨ ਅਤੇ ਸੰਗਤ ਵਿੱਚਲੇ ਜਜਬਾਤਾਂ ਨੂੰ ਕਾਬੂ ਵਿੱਚ ਰੱਖਣ ਦਾ ਹੁਨਰ ਨਾ ਹੋਣ ਕਰਕੇ, ਸੰਗਤ ਦੇ ਗੁੱਸੇ ਤੋਂ ਡਰਦੇ ਗਰਮ ਗਰਮ ਗੱਲਾਂ ਕਰਕੇ ਤੁਰਦੇ ਬਣਦੇ ਹਨ, ਪਰ ਇਹ ਸਮਾਂ ਬੜਾ ਨਾਜੁਕ ਹੈ ਅਤੇ ਅਜਿਹੇ ਸਮੇਂ ਜੋਸ਼ ਨੂੰ ਅਜਾਈਂ ਗਵਾਉਣ ਤੋਂ ਰੋਕਣ ਵਾਸਤੇ, ਹੋਸ਼ ਦਾ ਹੋਣਾ ਲਾਜ਼ਮੀ ਹੁੰਦਾ ਹੈ। ਨਦਾਨ ਬੱਚਿਆਂ ਨੂੰ ਸਮਝਾਉਣਾ ਪੈਂਦਾ ਹੈ ਕਿ ਤੁਹਾਡੇ ਜਜਬਾਤ ਕੌਮ ਦੀ ਹੋਣੀ ਨੂੰ ਕਿਵੇਂ ਸਵਾਰ ਸਕਦੇ ਹਨ।

ਅਜੋਕੇ ਸੰਘਰਸ਼ ਨੇ ਹਾਕਮ ਧਿਰ ਵਿੱਚ ਬੈਠੇ ਲੋਕਾਂ ਅਤੇ ਕੁੱਝ ਰਾਜਸੀ ਆਗੂਆਂ ਦੀ ਜਮੀਰ ਨੂੰ ਵੱਡਾ ਹਲੂਣਾ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਅਤੇ ਹਾਕਮ ਧਿਰ ਨਾਲ, ਵਿਦੇਸ਼ਾ ਵਿੱਚ ਚਿਰੋਕਣੇ ਜੁੜੇ ਆਗੂ ਵੀ ਹਾਕਮ ਦੀ ਪ੍ਰਵਾਹ ਛੱਡਕੇ, ਕਿਨਾਰਾਕਸ਼ੀ ਕਰੀ ਜਾ ਰਹੇ ਹਨ। ਅੱਜ ਹਾਕਮ ਅਕਾਲੀ ਦਲ ਨੂੰ ਵੀ ਆਪਣੀਆਂ ਕੀਤੀਆ ਉੱਤੇ ਅਹਿਸਾਸ ਹੋ ਰਿਹਾ ਹੈ ਕਿਉਂਕਿ ਪੈਰਾਂ ਹੇਠੋਂ ਜਮੀਨ ਖਿਸਕਦੀ ਸਾਫ਼ ਦਿੱਸ ਰਹੀ ਹੈ। ਇਸ ਨਾਲ ਇਹ ਤਾਂ ਸਾਫ਼ ਹੋ ਗਿਆ ਹੈ ਕਿ ਬਾਦਲ ਪਰਿਵਾਰ ਜਾਂ ਬਾਦਲ ਦਲੀਆਂ ਦਾ ਭਵਿੱਖ ਵਿੱਚ ਬੋਰੀਆ ਬਿਸਤਰਾ ਗੋਲ ਹੋ ਜਾਵੇਗਾ, ਪਰ ਇਸ ਨਾਲ ਵੀ ਪੰਥ ਨੂੰ ਕੋਈ ਫਾਇਦਾ ਨਹੀਂ ਹੋਣਾ, ਜਿਨਾ ਚਿਰ ਪੰਥ ਆਪਣੀ ਕੋਈ ਰਾਜਨੀਤਿਕ ਧਿਰ ਨੂੰ ਸ਼ਕਤੀਸ਼ਾਲੀ ਨਹੀਂ ਕਰ ਲੈਂਦਾ। ਇਸ ਨਾਜੁਕ ਹਲਾਤਾਂ ਵਿੱਚ ਜਦੋਂ ਕਿਸੇ ਕਿਲੇ ਦੇ ਦਰਵਾਜ਼ੇ ਟੁੱਟਦੇ ਨਜਰ ਆਉਂਦੇ ਹੋਣ ਤਾਂ ਚੋਰ ਉਚੱਕੇ, ਲੱਠਮਾਰ ਅਤੇ ਮੌਕਾ ਸ਼ਿਰਾਸ਼ ਲੋਕ ਵੀ ਨਿਸ਼ਾਨੇ ਸੇਧੀ ਬੈਠੇ ਹਨ ਕਿ ਕਿਸੇ ਨਾ ਕਿਸੇ ਤਰੀਕੇ ਸਾਨੂੰ ਇਸ ਕਿਲੇ ਦੀ ਸਰਦਾਰੀ ਮਿਲ ਜਾਵੇ।

ਅੱਜ ਕੋਈ ਪੰਜਾ ਵਿਖਾਵੇਗਾ ਕਿ ਇਹ ਗੁਰੂ ਨਾਨਕ ਵਾਲਾ ਪੰਜਾ ਹੈ, ਕੋਈ ਕੰਵਲ ਫੁੱਲ ਨੂੰ ਆਖੇਗਾ ਬੜਾ ਪਵਿੱਤਰ ਹੈ, ਕੋਈ ਝਾੜੂ ਚੁੱਕੀ ਗਾਂਧੀ ਟੋਪੀ ਪਹਿਨਕੇ, ਸਮਾਜਵਾਦ ਦੇ ਗੀਤ ਗਾਵੇਗਾ, ਪਰ ਅੱਖ ਸਭ ਦੀ ਪੰਥ ਦੇ ਕਿਲੇ ਉਤੇ ਹੈ, ਇਸ ਵਾਸਤੇ ਜਜਬਾਤਾਂ ਨੂੰ ਸੰਭਲਕੇ ਹੋਸ਼ ਨਾਲ ਹੁਣ ਪੰਥਕ ਕਿਲੇ ਤੋਂ ਪਰਿਵਾਰਵਾਦ ਦਾ ਕਬਜਾ ਖਤਮ ਹੁੰਦਿਆਂ ਹੀ ਪੰਥਕ ਪ੍ਰਬੰਧ ਨੂੰ ਬਣਾਉਣ ਵਾਸਤੇ ਕੁੱਝ ਕਰਨਾ ਪਵੇਗਾ।

ਪੰਜਾਬ ਜਾਂ ਭਾਰਤ ਵਿੱਚ ਇੱਕ ਪਾਸੜ ਮੀਡੀਆ ਨੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਜਾਂ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਸਿੱਖਾਂ ਦੀ ਕੋਈ ਗੱਲ ਨਹੀਂ ਕੀਤੀ ਅਤੇ ਨਾ ਹੀ ਏਡੇ ਵੱਡੇ ਸ਼ਾਂਤਮਈ ਸੰਘਰਸ਼ ਨੂੰ ਵਿਖਾਉਣ ਦੀ ਹਿੰਮਤ ਕੀਤੀ ਹੈ, ਜੋ ਵਿਖਾਇਆ ਲੋਕਾਂ ਨੇ ਸੋਸ਼ਲ ਮੀਡੀਆ ਰਾਹੀ ਸਰਕਾਰੀ ਜਬਰ ਨੂੰ ਨੰਗਾ ਕੀਤਾ। ਜਿਸ ਵੀ ਆਵਾਜ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚੀ ਹੈ ਅਤੇ ਵਿਦੇਸ਼ੀ ਵਿਚਰਦੀਆਂ ਸਿੱਖ ਜਥੇਬੰਦੀਆਂ ਨੇ ਇਨਸਾਫ਼ ਪਸੰਦ ਲੋਕਾਂ ਦੇ ਸਹਿਯੋਗ ਨਾਲ ਕੌਮਾਂਤਰੀ ਪੰਚਾਇਤ ਭਾਵ ਯੂ.ਐਨ.ਓ. ਕੋਲ ਪਹੁੰਚ ਕੀਤੀ ਹੈ, ਕਿ ਭਾਰਤੀ ਮੀਡੀਆ ਸਿੱਖਾਂ ਉੱਤੇ ਹੋਏ ਜ਼ੁਲਮ ਨੂੰ ਨਹੀਂ ਦਿਖਾ ਰਿਹਾ, ਇਸ ਸਬੰਧ ਵਿੱਚ ਯੂ.ਐਨ.ਓ. ਦੇ ਕਾਇਦੇ ਕਾਨੂੰਨ ਮੁਤਾਬਿਕ ਤੀਹ ਹਜ਼ਾਰ ਈਮੇਲ ਦੀ ਲੋੜ ਹੁੰਦੀ ਹੈ, ਜੋ ਸਿੱਖਾਂ ਨੇ ਕੁੱਝ ਘੰਟਿਆਂ ਵਿੱਚ ਹੀ ਪੂਰੀ ਕਰ ਦਿੱਤੀ ਹੈ ਅਤੇ ਹੁਣ ਕਿਸੇ ਵੇਲੇ ਵੀ ਯੂ.ਐਨ.ਓ. ਦਾ ਪੱਤਰਕਾਰ ਭਾਰਤ ਵਿੱਚ ਆ ਕੇ ਪੰਜਾਬ ਵਿੱਚ, ਸਿੱਖਾਂ ਉੱਤੇ ਹੋ ਰਹੇ ਜਬਰ ਬਾਰੇ ਜਾਣਕਾਰੀ ਲਵੇਗਾ ਅਤੇ ਫਿਰ ਇਹ ਜਾਣਕਾਰੀ ਯੂ.ਆਈ.ਓ. ਨੂੰ ਦੇਵੇਗਾ, ਜਿਸ ਦਾ ਜਵਾਬ ਫਿਰ ਭਾਰਤੀ ਨਿਜ਼ਾਮ ਨੂੰ ਦੇਣਾ ਹੀ ਪਵੇਗਾ।

ਪਰ ਇੱਥੇ ਵੀ ਇੱਕ ਗੱਲ ਯਾਦ ਰੱਖੋ ਕਿ ਅੱਜ ਦੁਨੀਆਂ ਨੇ ਹਥਿਆਰਾਂ ਦੀ ਲੜਾਈ ਨੂੰ ਰੱਦ ਕਰ ਦਿੱਤਾ ਹੈ ਅਤੇ ਜਿਹੜੇ ਲੋਕ ਹਥਿਆਰ ਬੰਦ ਪ੍ਰਦਰਸ਼ਨ ਕਰਦੇ ਹਨ, ਉਹਨਾਂ ਨੂੰ ਮਜਲੂਮ ਨਹੀਂ ਮੰਨਿਆ ਜਾਂਦਾ ਅਤੇ ਉਹਨਾਂ ਉੱਤੇ ਹੋਵੇ ਜਬਰ ਨੂੰ ਵੀ ਰੋਕੂ ਕਾਰਵਾਈ ਹੀ ਸਮਝ ਲਿਆ ਜਾਂਦਾ ਹੈ। ਸਾਡੇ ਜਜ਼ਬਾਤੀ ਨੌਜਵਾਨ ਜਦੋਂ ਕੋਈ ਕੈਮਰੇ ਵਾਲਾ ਕਿਸੇ ਇਕੱਠ ਵਿੱਚ ਆਉਂਦਾ ਹੈ ਤਾਂ ਨੰਗੀਆਂ ਤਲਵਾਰਾਂ ਉਚੀਆਂ ਕਰਕੇ ਲਹਿਰਾਉਂਦੇ ਹਨ ਜਿਸ ਤੋਂ ਸਾਡਾ ਚਿਹਰਾ ਮਜਲੂਮ ਵਾਲਾ ਨਹੀਂ, ਸਗੋਂ ਜ਼ਾਲਮ ਵਰਗਾ ਦਿੱਸਦਾ ਹੈ। ਕੁੱਝ ਸ਼ਰਾਰਤੀ ਅਨਸਰ ਅਜਿਹੀਆਂ ਕਾਰਵਾਈਆਂ ਸਾਡੇ ਨੌਜਵਾਨਾ ਨੂੰ ਉਕਸਾਕੇ ਜਾਂ ਗੁੰਮਰਾਹ ਕਰਕੇ ਕਰਵਾਉਂਦੇ ਹਨ ਤਾਂ ਕਿ ਸਿੱਖਾ ਦੀ ਬਦਨਾਮੀ ਹੋਵੇ ਅਤੇ ਸਿੱਖਾਂ ਉੱਤੇ ਜ਼ੁਲਮ ਦਾ ਰਸਤਾ ਸਦਾ ਵਾਸਤੇ ਖੁੱਲ•ਾ ਹੀ ਰਹੇ। ਇਸ ਵਾਸਤੇ ਬੇਨਤੀ ਹੈ ਕਿ ਨੌਜਵਾਨ ਹੁਣ ਜਰਾ ਸੰਭਲਕੇ ਚੱਲਣ, ਧਰਨੇ ਘਿਰਾਓ ਸਾਡੀ ਮਜਬੂਰੀ ਹਨ, ਪਰ ਇਥੇ ਅਨੁਸਾਸ਼ਨ ਬਣਾਕੇ ਰੱਖਣਾ ਉਸ ਤੋਂ ਵੀ ਵੱਡੀ ਮਜਬੂਰੀ ਹੈ। ਜੇ ਅਸੀਂ ਜਜ਼ਬਾਤੀ ਹੋ ਕੇ ਹੁਣ ਧੋਖਾ ਖਾ ਗਏ ਤਾਂ ਫਿਰ ਇਹ ਸੰਘਰਸ਼ ਵੀ ਬਿਨਾ ਸਿੱਟਾ ਹੀ ਖਤਮ ਹੋ ਜਾਵੇਗਾ।

ਸੰਘਰਸ਼ ਕਰਦੀਆਂ ਧਿਰਾਂ ਨੂੰ ਵੀ ਬੇਨਤੀ ਹੈ ਕਿ ਅੱਜ ਸਿੱਖ ਮਾਨਸਿਕਤਾ ਬਲ ਰਹੀ ਹੈ, ਸੇਕ ਬਹੁਤ ਹੈ ਇਸ ਨਾਲ ਹਲਾਤਾਂ ਨੂੰ ਮੋੜਨਾ ਬੜਾ ਆਸਾਨ ਹੈ, ਪਰ ਇਸ ਵਿੱਚ ਏਕਤਾ ਹੀ ਇੱਕ ਫਾਰਮੁੱਲਾ ਹੈ ਜੋ ਇਸ ਨੂੰ ਸਹੀ ਦਿਸ਼ਾ ਦੇ ਸਕਦਾ ਹੈ। ਏਕਤਾ ਬਿਨ੍ਹਾਂ ਵੀ ਇਸ ਸੰਘਰਸ਼ ਵਿੱਚੋਂ ਕੁੱਝ ਨਹੀਂ ਲੱਭ ਸਕਦਾ, ਇਸ ਵਿੱਚ ਸਿੱਖ ਧਾਰਮਿਕ ਹਸਤੀਆਂ ਅਤੇ ਰਾਜਸੀ ਪਹਿਲਵਾਨ ਅੱਜ ਵੀ ਇਕ ਸੁਰ ਨਹੀਂ ਹਨ। ਰਿਸ਼ਤਿਆਂ ਦੀ ਖਟਾਸ ਦਾ ਸਵਾਦ ਮਹੌਲ ਵਿੱਚ ਬੇਰਸੀ ਪੈਦਾ ਕਰ ਰਿਹਾ ਹੈ।

ਕਿੰਨਾ ਚੰਗਾ ਹੋਵੇ ਜੇ ਧਾਰਮਿਕ ਅਤੇ ਸਿਆਸੀ ਆਗੂ ਮੀਰੀ ਪੀਰੀ ਦਾ ਸੁਮੇਲ ਬਣਕੇ ਇਸ ਸੰਘਰਸ਼ ਨੂੰ ਮੰਜ਼ਿਲ ਵੱਲ ਲੈਕੇ ਜਾਣ ਅਤੇ ਕੌਮ ਦੀ ਝੋਲੀ ਕਾਮਯਾਬੀ ਦਾ ਫਲ ਪਾਉਣ। ਫਿਰ ਚੰਗੇ ਦਿਨਾਂ ਦੀ ਆਸ ਹੋ ਸਕਦੀ ਹੈ, ਨਹੀਂ ਤਾਂ ਇਹ ਖਵਾਰੀ ਦੇ ਵਧਣ ਦਾ ਇਕ ਸੰਕੇਤ ਹੀ ਹੋ ਸਕਦਾ ਹੈ।

ਆਓ ਇਸ ਸੰਘਰਸ਼ ਵਿੱਚ ਗੁਰੂ ਸਾਹਿਬ ਦੇ ਅੰਗਾਂ ਦੀ ਹੋਈ ਬੇਅਦਬੀ ਅਤੇ ਪੁਲਿਸ ਦੇ ਜਬਰ ਵਿੱਚ ਗੋਲੀਆਂ ਦੇ ਸ਼ਿਕਾਰ ਹੋਏ, ਦੋ ਸ਼ਹੀਦਾਂ ਦੇ ਸਤਿਕਾਰ ਵਿੱਚ ਏਕੇ ਨੂੰ ਅਮਲੀ ਜਾਮਾ ਪਹਿਨਾਈਏ ਅਤੇ ਸੰਘਰਸ਼ ਵਿੱਚ ਅਨੁਸਾਸ਼ਨ ਨੂੰ ਕਾਇਮ ਕਰੀਏ, ਫਿਰ ਗੁਰੂ ਮਿਹਰਵਾਨ ਹੋਵੇਗਾ ਅਤੇ ਪੰਥ ਵਿਰੋਧੀਆਂ ਨੂੰ ਮੁੰਹ ਦੀ ਖਾਣੀ ਪਵੇਗੀ। ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top