Share on Facebook

Main News Page

ਕੀ ਸਿਮਰਨਜੀਤ ਸਿੰਘ ਮਾਨ ਸਿੱਖ ਕੌਮ ਤੋਂ ਵੱਡਾ ਹੈ ?
-: ਸਰਬਜੀਤ ਸਿੰਘ ਐਡਵੋਕੇਟ, ਨਵੀਂ ਦਿੱਲੀ

ਪੰਜਾਬੀ ਅਖਬਾਰਾਂ ਵਿਚ ਪਿਛਲੇ ਦੋ ਕੁ ਦਿਨਾਂ ਤੋਂ ਪ੍ਰਕਾਸ਼ਿਤ ਹੋ ਰਹੀਆਂ ਖਬਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਭਾਈ ਪੰਥਪ੍ਰੀਤ ਸਿੰਘ, ਭਾਈ ਰਣਜੀਤ ਸਿੰਘ ਢਡਰੀਆਂਵਾਲੇ ਅਤੇ ਹੋਰ ਪ੍ਰਚਾਰਕਾਂ ਵੱਲੋਂ ਚਲਾਈ ਜਾ ਰਹੀ ਮੌਜੂਦਾ ਪੰਥਕ ਲਹਿਰ ਸਬੰਧੀ ਦਿਸ਼ਾ ਨਿਰਦੇਸ਼ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਜਿਥੇ ਸਿੱਖ ਪ੍ਰਚਾਰਕਾਂ ਦਾ ਕਹਿਣਾ ਹੈ ਕਿ ਮੌਜੂਦਾ ਧਰਨਿਆਂ ਨੂੰ ਰੋਜ਼ਾਨਾ ਤਿੰਨ ਘੰਟਿਆਂ ਤੱਕ ਸੀਮਿਤ ਰੱਖਣਾ ਚਾਹੀਦਾ ਹੈ, ਉਥੇ ਮਾਨ ਨੇ ਇਹ ਸੀਮਾ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਮਾਨ ਦਲ ਨੇ, ਪੰਥਕ ਲਹਿਰ ਦੇ ਆਗੂਆਂ ਦੀ ਸਹਿਮਤੀ ਬਿਨਾਂ, ਅੰਮ੍ਰਿਤਸਰ ਵਿਚ ਸਰਬੱਤ ਖਾਲਸਾ ਆਯੋਜਿਤ ਕਰਨ ਦਾ ਐਲਾਨ ਵੀ ਕਰ ਦਿੱਤਾ ਹੈ।

ਇਕ ਵਿਸ਼ੇ 'ਤੇ ਚਰਚਾ ਤੋਂ ਪਹਿਲਾਂ ਸਿਮਰਨਜੀਤ ਸਿੰਘ ਮਾਨ ਦੇ ਸਿਆਸੀ ਉਭਾਰ ਦੀ ਗੱਲ ਕਰੀਏ। 1967 ਵਿਚ ਆਈ.ਪੀ.ਐਸ. ਅਫਸਰ ਬਣਨ ਵਾਲੇ ਸਿਮਰਨਜੀਤ ਸਿੰਘ ਮਾਨ ਨੇ ਆਪਰੇਸ਼ਨ ਬਲੂ ਸਟਾਰ ਦੇ ਵਿਰੋਧ ਵਿਚ ਜੂਨ 1984 ਵਿਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਬਾਅਦ ਵਿਚ ਭਾਰਤ ਤੋਂ ਨੇਪਾਲ ਸੀਮਾ ਪਾਰ ਕਰਨ ਸਮੇਂ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। 1989 ਵਿਚ ਉਸਨੇ ਜੇਲ੍ਹ ਵਿਚੋਂ ਹੀ ਲੋਕਸਭਾ ਚੋਣਾਂ ਲੜੀਆਂ ਅਤੇ ਲਗਭਗ 4 ਲੱਖ 80 ਹਜ਼ਾਰ ਵੋਟਾਂ ਦੇ ਅੰਤਰ ਨਾਲ ਰਿਕਾਰਡ ਜਿੱਤ ਪ੍ਰਾਪਤ ਕੀਤੀ। ਪਰ ਇਸ ਭਾਰੀ ਲੋਕ ਸਮਰਥਨ ਦੇ ਬਾਵਜੂਦ ਮਾਨ ਨੇ ਭਾਰਤ ਦੀ ਸੰਸਦ ਵਿਚ ਜਾ ਕੇ ਪੰਜਾਬ, ਦਿੱਲੀ ਅਤੇ ਹੋਰ ਥਾਵਾਂ 'ਤੇ ਸਿੱਖਾਂ ਨਾਲ ਹੁੰਦੀਆਂ ਵਧੀਕੀਆਂ ਬਾਰੇ ਕੋਈ ਅਵਾਜ਼ ਚੁੱਕਣ ਤੋਂ ਸੰਕੋਚ ਕੀਤਾ। ਖੁਦ ਨੂੰ ਸੰਸਦ ਤੋਂ ਗੈਰ-ਹਾਜ਼ਰ ਰੱਖਣ ਲਈ, ਮਾਨ ਨੇ ਸੰਸਦ ਵਿਚ ਤਿੰਨ ਫੁੱਟੀ ਕ੍ਰਿਪਾਨ ਲਿਜਾਉਣ ਦੀ ਬੇਲੋੜੀ ਜ਼ਿੱਦ ਕੀਤੀ। ਇਸ ਸਬੰਧ ਵਿਚ ਮਾਨ ਦਲ ਦੇ ਅਤਿ ਨਜ਼ਦੀਕੀ ਰਹੇ ਸਾਬਕਾ ਆਈ.ਏ.ਐਸ. ਅਫਸਰ ਸਮੇਤ ਕਈ ਹੋਰ ਆਗੂਆਂ ਨੇ ਬਾਅਦ ਵਿਚ ਦੋਸ਼ ਲਗਾਏ ਸਨ ਕਿ ਮਾਨ ਦੀ ਇਸ ਜ਼ਿੱਦ ਪਿੱਛੇ ਰਜੀਵ ਗਾਂਧੀ ਨਾਲ ਕੋਈ ਲੁਕਵਾਂ ਸਮਝੌਤਾ ਕੰਮ ਕਰ ਰਿਹਾ ਸੀ।

ਸਿਮਰਨਜੀਤ ਸਿੰਘ ਮਾਨ ਦੇ ਜਿਹੜੇ ਤਨਖਾਹਦਾਰ ਜਾਂ ਗੁੰਮਰਾਹ ਭਾਵੁਕ ਚੇਲੇ ਉਸ ਵੱਲੋਂ ਆਈ.ਪੀ.ਐਸ. ਦੀ ਨੌਕਰੀ ਤੋਂ ਅਸਤੀਫਾ ਦੇਣ ਕਾਰਨ ਉਸ ਦੀਆਂ ਸਿਫਤਾਂ ਕਰਦੇ ਥਕਦੇ ਨਹੀਂ, ਉਨ੍ਹਾਂ ਵੀਰਾਂ ਨੂੰ ਇਹ ਗੁਰ-ਉਪਦੇਸ਼ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਕਿ ''ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ।। ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ।। (ਅੰਕ 474)'' ਜਿਥੋਂ ਤੱਕ ਮਾਨ ਦੇ ਖਾਲਿਸਤਾਨ-ਪੱਖੀ ਬਿਆਨਾਂ ਦੀ ਗੱਲ ਹੈ, ਇਨ੍ਹਾਂ ਬਾਰੇ ਜੇ ਕੁਝ ਨਾ ਹੀ ਕਿਹਾ ਜਾਵੇ ਤਾਂ ਜ਼ਿਆਦਾ ਚੰਗਾ ਹੋਵੇਗਾ, ਕਿਉਂਕਿ ਜਿਸ ਟੀਚੇ ਦੀ ਪੂਰਤੀ ਵਾਸਤੇ ਡੱਕਾ ਵੀ ਭੰਨ ਕੇ ਦੂਹਰਾ ਨਾ ਕੀਤਾ ਜਾਵੇ, ਉਸਦੇ ਬਾਰੇ ਵੱਡੀਆਂ-ਵੱਡੀਆਂ ਡੀਂਗਾਂ ਮਾਰਨੀਆਂ, ਮਹਿਜ਼ ਹਵਾਈ ਕਿਲੇ ਉਸਾਰਨ ਵਾਲੀ ਗੱਲ ਹੁੰਦੀ ਹੈ। ਇਸਦੇ ਇਲਾਵਾ, ਇਹ ਤੱਥ ਵੀ ਕਿਸੇ ਤੋਂ ਲੁਕਿਆ ਹੋਇਆ ਨਹੀਂ ਕਿ ਜਿਸ ਤਰ੍ਹਾਂ ਬਾਦਲ ਲਈ 1984 ਕਤਲੇਆਮ ਦਾ ਮੁੱਦਾ ਸਿਆਸੀ ਰੋਟੀਆਂ ਸੇਕਣ ਵਾਲਾ ਸਦੀਵੀ ਹਥਿਆਰ ਰਿਹਾ ਹੈ, ਉਸੇ ਤਰ੍ਹਾਂ 'ਖਾਲਿਸਤਾਨ' ਦੇ ਮੁੱਦੇ ਨੇ ਵੀ ਅਨੇਕਾਂ ਸਿੱਖ ਆਗੂਆਂ ਦਾ ਨਾ ਸਿਰਫ ਤੋਰੀ-ਫੂਲਕਾ ਤੋਰਿਆ ਹੋਇਆ ਹੈ ਬਲਕਿ ਉਨ੍ਹਾਂ ਨੂੰ 'ਆਗੂ' ਅਖਵਾਉਣ ਲਈ ਇਕ ਅਧਾਰ ਦਿੱਤਾ ਹੋਇਆ ਹੈ।

ਖੈਰ, ਸਿਮਰਨਜੀਤ ਸਿੰਘ ਮਾਨ ਦੀ ਗੱਲ ਕਰਦਿਆਂ, ਉਸ ਦੀਆਂ ਆਪ-ਹੁਦਰੀਆਂ ਕਾਰਵਾਈਆਂ ਵਿਚ ਕੁਝ ਨਵਾਂਪਨ ਨਹੀਂ, ਬਲਕਿ ਪਿਛਲੇ ਕਈ ਸਾਲਾਂ ਤੋਂ ਸੋਚੇ-ਸਮਝੇ ਢੰਗ ਨਾਲ ਅਪਣਾਈ ਜਾ ਰਹੀ ਇਕ ਵਿਸ਼ੇਸ਼ ਰਣਨੀਤੀ ਦਾ ਹੀ ਪ੍ਰਗਟਾਵਾ ਹੁੰਦਾ ਹੈ। ਇਸ ਰਣਨੀਤੀ ਤਹਿਤ, ਪ੍ਰਕਾਸ਼ ਸਿੰਘ ਬਾਦਲ ਅਤੇ ਉਸਦੀ ਪਾਰਟੀ ਨੂੰ ਸਿਆਸੀ ਨੁਕਸਾਨ ਪੁਚਾ ਸਕਣ ਵਾਲੀ ਕਿਸੇ ਵੀ ਮੁਹਿੰਮ ਜਾਂ ਚੋਣਾਂ ਮੌਕੇ, ਸਿਮਰਨਜੀਤ ਮਾਨ ਵੱਲੋਂ ਉਲਾਰ ਬਿਆਨਬਾਜ਼ੀ ਅਤੇ ਹੈਂਕੜਪੁਣੇ ਵਾਲੇ ਨਿਰਣੇ ਲੈਣ ਕੇ ਸਿੱਖਾਂ ਵਿਚਕਾਰ ਵੰਡੀਆਂ ਪਾ ਦਿੱਤੀਆਂ ਜਾਂਦੀਆਂ ਹਨ। ਪੰਜਾਬ ਵਿਚ ਧਾਰਮਕ-ਸਮਾਜਕ ਤੌਰ 'ਤੇ ਪਹਿਲਾਂ ਹੀ ਬਹੁਤ ਕਮਜ਼ੋਰ ਹੋ ਚੁੱਕੀ ਸਿੱਖ ਕੌਮ ਦੀ ਸ਼ਕਤੀ ਜਿਵੇਂ ਹੀ ਵੰਡੀ ਜਾਂਦੀ ਹੈ, ਇਸਦਾ ਸਿੱਧਾ ਲਾਭ ਬਾਦਲ ਪਰਵਾਰ ਅਤੇ ਅਕਾਲੀ ਦਲ ਬਾਦਲ ਨੂੰ ਪਹੁੰਚਦਾ ਹੈ। ਇਹੀ ਕਾਰਨ ਹੈ ਕਿ ਵਿਧਾਨ ਸਭਾ ਚੋਣਾਂ ਹੋਣ ਜਾਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ, ਮਾਨ ਦਲ ਕਦੇ ਵੀ ਬਾਦਲ ਦਾ ਵਿਰੋਧ ਕਰਨ ਵਾਲੇ ਬਾਕੀ ਸੰਗਠਨਾਂ ਨਾਲ ਮਿਲਕੇ ਚੋਣਾਂ ਲੜਨ ਤੋਂ ਕੰਨੀਂ ਕਤਰਾਉਂਦਾ ਹੈ। ਜਦ ਬਾਦਲ ਦਲ ਦੇ ਉਮੀਦਵਾਰ ਦੇ ਵਿਰੋਧ ਵਿਚ ਦੋ-ਦੋ, ਤਿੰਨ-ਤਿੰਨ 'ਪੰਥਕ' ਉਮੀਦਵਾਰ ਖੜੇ ਹੁੰਦੇ ਹਨ, ਤਾਂ ਕੌਮ ਦੀ ਭਲਾਈ ਚਾਹੁਣ ਵਾਲੇ ਸਿੱਖਾਂ ਦੀਆਂ ਵੋਟਾਂ ਵੱਖ-ਵੱਖ ਉਮੀਦਵਾਰਾਂ ਦੇ ਪੱਖ ਵਿਚ ਵੰਡੀਆਂ ਜਾਂਦੀਆਂ ਹਨ, ਜਿਨ੍ਹਾਂ ਨਾਲ ਜਿੱਤ ਬਾਦਲ ਦਲ ਦੇ ਉਮੀਦਵਾਰ ਦੀ ਹੀ ਹੁੰਦੀ ਹੈ (ਪਿਛਲੀਆਂ ਸ਼੍ਰੋਮਣੀ ਕਮੇਟੀ ਚੋਣਾਂ ਦੌਰਾਨ ਬਾਦਲ ਦਲ ਦੇ ਉਮੀਦਵਾਰਾਂ ਦੀ ਭਾਰੀ ਗਿਣਤੀ ਵਿਚ ਜਿੱਤ ਦਾ ਮੁੱਖ ਕਾਰਨ ਵੀ ਬਾਦਲ-ਵਿਰੋਧੀ ਖੇਮੇ ਦਾ ਪੂਰੀ ਤਰ੍ਹਾਂ ਵੰਡਿਆ ਹੋਣਾ ਸੀ)।

ਮੌਜੂਦਾ ਵਿਸ਼ੇ ਦੀ ਗੱਲ ਕਰਦਿਆਂ, ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਅਤੇ ਸ਼ਾਂਤਮਈ ਨਿਰਦੋਸ਼ ਸਿੱਖਾਂ ਨੂੰ ਪੁਲਿਸ ਦੀਆਂ ਗੋਲੀਆਂ ਰਾਹੀਂ ਕਤਲ ਕਰਵਾ ਦੇਣ ਦੇ ਵਿਰੋਧ ਵਿਚ ਵਿਚ ਉਠੀ ਪੰਥਕ ਲਹਿਰ, ਸਿੱਖ ਇਤਿਹਾਸ ਵਿਚ ਬੇਮਿਸਾਲ ਰਹੀ ਹੈ। ਕਿਉਂਕਿ ਪਿਛਲੇ 40-45 ਸਾਲਾਂ ਦੇ ਸਿੱਖ ਇਤਿਹਾਸ ਦੌਰਾਨ, ਸਿੱਖ ਕੌਮ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਦੀਆਂ ਕਠਪੁਤਲੀਆਂ ਬਣ ਚੁੱਕੇ ਤਖਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਏਨਾ ਜੋਰਦਾਰ ਅਤੇ ਏਨੀ ਏਕਤਾ ਨਾਲ ਵਿਰੋਧ ਨਹੀਂ ਕੀਤਾ, ਜਿੰਨਾ ਮੌਜੂਦਾ ਸਮੇਂ ਵਿਚ ਕੀਤਾ ਜਾ ਰਿਹਾ ਹੈ। ਇਸ ਜ਼ਬਰਦਸਤ ਲਹਿਰ ਤੋਂ ਘਬਰਾਈ ਹੋਈ ਬਾਦਲ ਐਂਡ ਪਾਰਟੀ ਨੂੰ ਹੁਣ ਜਦ ਇਸ ਲਹਿਰ ਨੂੰ ਦਬਾਉਣ ਦਾ ਕੋਈ ਹੋਰ ਰਾਹ ਨਹੀਂ ਲੱਭਿਆ, ਤਾਂ ਉਸਨੇ ਆਪਣੀ ਪਾਲਤੂ ਪੁਲਿਸ ਮਾਰਫਤ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਲਈ ਗੁਰਦੁਆਰਿਆਂ ਦੇ ਗ੍ਰੰਥੀਆਂ ਅਤੇ ਅੰਮ੍ਰਿਤਧਾਰੀ ਸਿੱਖਾਂ ਨੂੰ ਹੀ ਦੋਸ਼ੀ ਐਲਾਣਨਾ ਸ਼ੁਰੂ ਕਰ ਦਿੱਤਾ ਹੈ, ਤਾਂ ਜੋ ਡੇਰਾ ਸੱਚਾ ਸੌਦਾ ਦੇ ਚੇਲਿਆਂ ਵਿਰੁੱਧ ਸਿੱਖਾਂ ਦਾ ਵਿਰੋਧ ਨਜ਼ਾਇਜ਼ ਸਾਬਿਤ ਕੀਤਾ ਜਾ ਸਕੇ।

ਦੂਜਾ, ਹੁਣ ਤੱਕ ਉਕਤ ਸਿੱਖ ਪ੍ਰਚਾਰਕਾਂ ਦੀ ਅਗਵਾਈ ਵਿਚ ਸ਼ਾਂਤਮਈ ਅਤੇ ਅਤਿ ਸੰਜਮ ਪ੍ਰਦਰਸ਼ਨ ਕਰ ਰਹੇ ਸਿੱਖਾਂ ਵਿਚ ਭੇਖੀ ਹੁੱਲੜਬਾਜ਼ਾਂ ਨੂੰ ਵਾੜਿਆ ਜਾ ਰਿਹਾ ਹੈ, ਜੋ ਬੇਲੋੜੇ ਢੰਗ ਨਾਲ ਕ੍ਰਿਪਾਨਾਂ ਲਹਿਰਾ ਕੇ, ਪੰਜਾਬ ਦੇ ਬ੍ਰਾਹਮਣਵਾਦੀਆਂ ਅਤੇ ਮੀਡੀਆ ਨੂੰ ਸਿੱਖਾਂ ਖਿਲਾਫ ਜ਼ਹਿਰ ਉਗਲਣ ਦਾ ਮੌਕਾ ਦੇ ਰਹੇ ਹਨ। ਰਹੀ-ਸਹੀ ਕਸਰ, ਸਿਮਰਨਜੀਤ ਸਿੰਘ ਮਾਨ ਵਰਗੇ 'ਆਗੂ' ਪੂਰੀ ਕਰ ਰਹੇ ਹਨ, ਜੋ ਹੁਣ ਤੱਕ ਬੇਮਿਸਾਲ ਏਕਤਾ ਨਾਲ ਚੱਲ ਰਹੀ ਲਹਿਰ ਵਿਚਕਾਰ ਵੰਡੀਆਂ ਪਾਉਣ ਲਈ, ਆਪ-ਹੁਦਰੇ ਅਤੇ ਬੇਲੋੜੇ ਢੰਗ ਨਾਲ ਆਪਣੇ ਵੱਖਰੇ ਪ੍ਰੋਗਰਾਮ ਅਤੇ ਨੀਤੀਆਂ ਦਾ ਐਲਾਨ ਕਰ ਰਹੇ ਹਨ (ਜਿਨ੍ਹਾਂ ਨਾਲ ਪੰਥਕ ਲਹਿਰ ਯਕੀਨੀ ਤੌਰ 'ਤੇ ਕਮਜ਼ੋਰ ਹੋਵੇਗੀ ਅਤੇ ਇਸ ਸਿੱਧਾ ਫਾਇਦਾ ਬਾਦਲ ਨੂੰ ਮਿਲੇਗਾ)। ਇਹ ਵੀ ਧਿਆਨ ਦੇਣ ਯੋਗ ਤੱਥ ਹੈ ਕਿ ਉਕਤ ਪ੍ਰਚਾਰਕਾਂ ਨਾਲ ਕੁਝ ਮਤਭੇਦਾਂ ਦੇ ਬਾਵਜੂਦ, ਦਲ ਖਾਲਸਾ ਦੇ ਆਗੂ ਹਰਚਰਨਜੀਤ ਸਿੰਘ ਧਾਮੀ ਨੇ ਸਪਸ਼ਟ ਬਿਆਨ ਦਿੱਤਾ ਹੈ ਕਿ ਉਹ ਮਾਨ ਦੇ ਵੱਖਰੇ ਪ੍ਰੋਗਰਾਮਾਂ ਵਿਚ ਸ਼ਾਮਲ ਨਹੀਂ ਹਨ ਅਤੇ ਲਹਿਰ ਦੀ ਅਗਵਾਈ ਇਨ੍ਹਾਂ ਪ੍ਰਚਾਰਕਾਂ ਨੂੰ ਹੀ ਕਰਦੇ ਰਹਿਣੀ ਚਾਹੀਦੀ ਹੈ

ਅਜਿਹੇ ਵਿਚ ਇਹ ਸਵਾਲ ਸਿੱਖ ਸਮਾਜ ਤੋਂ ਜਵਾਬ ਮੰਗਦੇ ਹਨ ਕਿ:

- ਕੀ ਸਿਮਰਨਜੀਤ ਸਿੰਘ ਮਾਨ ਦੀ ਜਿੱਦਬਾਜ਼ੀ ਸਿੱਖ ਪੰਥ ਦੇ ਹਿੱਤਾਂ ਨਾਲੋਂ ਵਧੇਰੇ ਮਹੱਤਵਪੂਰਨ ਹੈ?

- ਅਜਿਹਾ ਕਿਉਂ ਹੁੰਦਾ ਹੈ ਕਿ ਜਦ ਸਮੂਹ ਬਾਦਲ-ਵਿਰੋਧੀ ਧਿਰਾਂ ਇਕਮੁੱਠ ਹੋਣ ਲੱਗਦੀਆਂ ਹਨ, ਤਾਂ ਸਭ ਤੋਂ ਪਹਿਲਾਂ ਸਿਮਰਨਜੀਤ ਸਿੰਘ ਮਾਨ ਇਸ ਏਕੇ ਨੂੰ ਤੋੜਨ ਦਾ ਕਾਰਨ ਬਣਦੇ ਹਨ?

- ਕੀ ਮੌਜੂਦਾ ਪੰਥਕ ਲਹਿਰ ਤੋਂ ਇਕੱਲਿਆਂ ਚੱਲ ਕੇ (ਵੱਖਰੇ ਧਰਨੇ ਲਗਾ ਕੇ ਜਾਂ ਵੱਖਰਾ 'ਸਰਬੱਤ ਖਾਲਸਾ' ਬੁਲਾ ਕੇ) ਸਿਮਰਨਜੀਤ ਸਿੰਘ ਮਾਨ ਸਿੱਖ ਕੌਮ ਲਈ ਕੋਈ ਪ੍ਰਾਪਤੀ ਕਰੇਗਾ ਜਾਂ ਸਫਲਤਾ ਨਾਲ ਚੱਲ ਰਹੀ ਇਹਿਸਾਸਕ ਲਹਿਰ ਨੂੰ ਵੀ ਤਾਰਪੀਡੋ ਕਰ ਦੇਵੇਗਾ?

- ਕੀ ਸਿੱਖ ਸੰਗਤਾਂ ਆਪਣਾ ਗੁੱਸਾ ਬਾਦਲ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਤੱਕ ਹੀ ਸੀਮਤ ਰੱਖਣਗੀਆਂ ਜਾਂ ਬਾਦਲ ਵਿਰੁੱਧ ਦਿਖਾਵੇ ਵਾਲੀ ਬਿਆਨਬਾਜ਼ੀ ਕਰਕੇ ਪਰ ਅਸਿੱਧੇ ਢੰਗ ਨਾਲ ਬਾਦਲ ਦੀ ਹੀ ਮਦਦ ਕਰ ਰਹੇ ਅਨਸਰਾਂ ਬਾਰੇ ਵੀ ਸੰਗਤ ਕਦੇ ਸੁਚੇਤ ਹੋਵੇਗੀ?

ਮੌਜੂਦਾ ਇਤਿਹਾਸਕ ਪੰਥਕ ਲਹਿਰ ਦੀ ਸਫਲਤਾ ਜਾਂ ਅਸਫਲਤਾ ਇਨ੍ਹਾਂ ਹੀ ਸਵਾਲਾਂ ਦੇ ਜਵਾਬਾਂ 'ਤੇ ਹੀ ਨਿਰਭਰ ਕਰਦੀ ਹੈ।

ਮਿਤੀ : 20 ਅਕਤੂਬਰ 2015
ਗੁਰੂ ਕਾ ਦਾਸ :
ਸਰਬਜੀਤ ਸਿੰਘ ਐਡਵੋਕੇਟ, ਨਵੀਂ ਦਿੱਲੀ
ਸਾਬਕਾ ਸੰਪਾਦਕ-ਇੰਡੀਆ ਅਵੇਅਰਨੈੱਸ ਮੈਗਜ਼ੀਨ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top