Share on Facebook

Main News Page

ਸਿੱਖੋ, ਤੁਸੀਂ ਮੂਰਖ ਹੋ! ਤੁਹਾਡੇ ਗੁਰੂ ਦੀ ਬੇਅਬਦੀ ਕਰਨ ਵਾਲੇ ਤੁਹਾਡੇ ਹੀ ‘ਗੁਰੂ ਵਾਲੇ ਸਿੰਘ’ ਹਨ

- ਤੁਸੀਂ ਐਵੇਂ ਹੀ ਸੜਕਾਂ ਮੱਲੀ ਬੈਠੇ ਹੋ- ਬਾਦਲ ਨੇ ਕੱਢਿਆ ਸਿੱਟਾ
- ਝੂਠੀ ਕਹਾਣੀ ਘੜ ਕੇ ਬਰਗਾੜੀ ਕਾਂਡ ’ਚ ਫੜੇ ਦੋ ਅੰਮਿ੍ਰਤਧਾਰੀ ਸਿੰਘ
- ਹਰ ਬੇਅਬਦੀ ਕਾਂਡ ਦੇ ਦੋਸ਼ੀ ਬਣਾਏ ਪਾਠੀ ਤੇ ਗ੍ਰੰਥੀ ਸਿੰਘ

ਬਰਗਾੜੀ, 21 ਅਕਤੂਬਰ (ਡਾ. ਰਣਜੀਤ ਸਿੰਘ, ਸਤਨਾਮ ਬਰਗਾੜੀ, ਸੁਖਜਿੰਦਰ ਗਿੱਲ)- ਸਿੱਖੋ, ਤੁਸੀਂ ਮੂਰਖ ਹੋ। ਤੁਹਾਡੇ ਗੁਰੂ ਦੀ ਬੇਅਬਦੀ ਕਰਨ ਵਾਲੇ ਤੁਹਾਡੇ ਹੀ ‘ਗੁਰੂ ਵਾਲੇ ਸਿੰਘ’ ਹਨ। ਤੁਸੀਂ ਐਵੇਂ ਹੀ ਸੜਕਾਂ ਮੱਲੀ ਬੈਠੇ ਹੋ। ਇਹ ਸਿੱਟਾ ਬਾਦਲ ਦੀ ਸਿੱਖਾਂ ਨੂੰ ਗੋਲੀਆਂ ਮਾਰਨ ਵਾਲੀ ਪੁਲਿਸ ਨੇ ਬਰਗਾੜੀ ਕਾਂਡ ’ਚ ਦੋ ਅੰਮਿ੍ਰਤਧਾਰੀ ਸਕੇ ਭਰਾਵਾਂ ਰੁਪਿੰਦਰ ਸਿੰਘ ਖਾਲਸਾ ਅਤੇ ਜਸਵਿੰਦਰ ਸਿੰਘ ਦੀ ਗਿ੍ਰਫਤਾਰੀ ਕਰਕੇ ਕੱਢਿਆ ਹੈ।

ਹੁਣ ਬਾਦਲ ਵੱਲੋਂ ਆਪਣੇ ਆਪ ਨੂੰ ਘਾਗ ਸਿਆਸਤਦਾਨ ਸਿੱਧ ਕਰਨ ਅਤੇ ਹਰ ਪੁੱਠੀ ਬਾਜ਼ੀ ਨੂੰ ਸਿੱਧੀ ਕਰਨ ਦਾ ਚੈਪੀਅਣ ਹੋਣ ਦੀ ਗੁਰਜ ਨੂੰ ਬਚਾਈ ਰੱਖਣ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੀਆਂ ਲਗਭਗ ਸਾਰੀਆਂ ਘਟਨਾਵਾਂ ਨੂੰ ਅੰਮਿ੍ਰਤਧਾਰੀ ਸਿੱਖਾਂ ਤੇ ਪਾਠੀ ਗ੍ਰੰਥੀ ਸਿੰਘਾਂ ਸਿਰ ਮੜਨ ਦੀ ਸ਼ਾਤਰ ਖੇਡ ਖੇਡੀ ਹੈ। ਇਨਸਾਫ ਤੇ ਕੌਮ ਇਸਨੂੰ ਕਿਨਾਂ ਕੁ ਪ੍ਰਵਾਨ ਕਰਦੀ ਹੈ। ਇਹ ਤਾਂ ਹਾਲੇ ਸਮੇਂ ਦੀ ਗਰਭ ’ਚ ਹੈ, ਪਰੰਤੂ ਬਾਦਲਾਂ ਦੀ ਇਹ ਖ਼ਤਰਨਾਕ ਸਾਜ਼ਿਸ਼ ਜ਼ਰੂਰ ਬੇਨਕਾਬ ਹੋ ਗਈ ਹੈ ਕਿ ਉਹ ਸਿੱਖਾਂ ਦੇ ਰੋਹ ਤੇ ਗੁੱਸੇ ਤੋਂ ਆਪੇ ਬਚਾਅ ਲਈ ਸਿੱਖਾਂ ਨੂੰ ਹੀ ਆਪਣੇ ਗੁਰੂ ਸਾਹਿਬ ਦੇ ‘ਕਾਤਲ’ ਸਿੱਧ ਕਰ ਰਿਹਾ ਹੈ।

ਪੰਜਾਬ ਪੁਲਿਸ ਦੀ ਉਸ ਵਿਸ਼ੇਸ਼ ਜਾਂਚ ਟੀਮ, ਜਿਸ ਵਿਚ ਉਹ ਉਚ ਪੁਲਿਸ ਅਫਸਰ, ਜਿਨਾਂ  ’ਤੇ ਕੋਟਕਪੂਰੇ ਗੋਲੀ ਚਲਾਉਣ ਦੇ ਹੁਕਮ ਦੇਣ ਦੇ ਦੋਸ਼ ਸ਼ੋ੍ਰਮਣੀ ਕਮੇਟੀ ਪ੍ਰਧਾਨ ਤਕ ਲਾ ਚੁੱਕੇ ਹਨ, ਅਜੇ ਭਿਆਨਕ ਕਾਂਡ ’ਚ ਪੰਜਗਰਾਈ ਕਲਾਂ ਦੇ ਦੋ ਅੰਮਿ੍ਰਤਧਾਰੀ ਭਰਾਵਾਂ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਗਿ੍ਰਫਤਾਰ ਕਰਨ ਦਾ ਦਾਅਵਾ ਕੀਤਾ ਹੈ ਅਤੇ ਇਸ ਕਾਂਡ ਦੀ ਤਾਰਾਂ ਵਿਦੇਸ਼ੀ ਸਿੱਖਾਂ ਨਾਲ ਜੋੜ ਕੇ ਉਨਾਂ ਨੂੰ ਹੀ ਪੰਥ ਨੂੰ ਧੱਬਾ ਲਾਉਣ ਦੀ ਕੋਸ਼ਿਸ਼ ਕੀਤੀ ਹੈ।

ਦੱਸਿਆ ਗਿਆ ਹੈ ਕਿ ਇਹ ਦੋਵੇਂ ਭਰਾ 1 ਜੂਨ ਤੋਂ ਜਿਸ ਦਿਨ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਿੰਡ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੋਏ ਸਨ। ਉਸ ਦਿਨ ਤੋਂ ਲੈ ਕੇ ਕੋਟਕਪੂਰੇ ’ਚ ਗੋਲੀ ਚੱਲਣ ਤੱਕ ਇਸ ਸੰਘਰਸ਼ ’ਚ ਮੋਹਰੀ ਰਹੇ। ਜਿਸ ਦਿਨ ਬਰਗਾੜੀ ’ਚ ਗੁਰੂ ਸਾਹਿਬ ਦੇ ਅੰਗਾਂ ਦਾ ਕਤਲੇਆਮ ਕਰਕੇ ਉਨਾਂ ਨੂੰ ਗਲੀਆਂ ਬਜ਼ਾਰਾਂ ’ਚ ਸੁੱਟਿਆ ਗਿਆ ਸੀ। ਉਸ ਦਿਨ ਇਨਾਂ ਭਰਾਵਾਂ ਨੇ ਮੌਕੇ ’ਤੇ ਪੁੱਜੇ ਸ਼ੋ੍ਰਮਣੀ ਕਮੇਟੀ ਮੈਂਬਰ ਨੂੰ ਧੱਕਾ ਮੁੱਕੀ ਵੀ ਕੀਤੀ ਸੀ। ਜਿਸ ਦਿਨ ਕੋਟਕਪੂਰਾ ਗੋਲੀ ਕਾਂਡ ਵਾਪਰਿਆ ਉਸ ਕਾਂਡ ’ਚ ਰੁਪਿੰਦਰ ਸਿੰਘ ਵੀ ਜਖ਼ਮੀ ਹੋਇਆ ਸੀ ਅਤੇ ਫਿਰ ਅਪੋਲੋ ਹਸਪਤਾਲ ’ਚ ਜੇਰੇ ਇਲਾਜ ਵੀ ਰਿਹਾ। ਘਟਨਾਕ੍ਰਮ ਇਸ ਤਰਾਂ ਦੱਸਿਆ ਜਾ ਰਿਹਾ ਹੈ ਕਿ ਗੁਰੂ ਸਾਹਿਬ ਦੇ ਖੰਡਿਤ ਅੰਗ ਜਿਹੜੇ ਪਾਲਕੀ ਸਾਹਿਬ ’ਚ ਰੱਖੇ ਹੋਏ ਸਨ। ਉਨਾਂ ਨੂੰ ਉਸ ਮੌਕੇ ਰੁਪਿੰਦਰ ਸਿੰਘ ਨੇ ਆਪਣੇ ਕਬਜ਼ੇ ’ਚ ਲੈ ਲਿਆ ਸੀ ਅਤੇ ਇਸ ਘਟਨਾ ਸਬੰਧੀ ਉਸਨੇ ਆਸਟ੍ਰੇਲੀਆ ਤੋਂ ਫੋਨ ’ਤੇ ਵੀ ਜਾਣਕਾਰੀ ਸਾਂਝੀ ਕੀਤੀ। ਉਸ ਜਾਣਕਾਰੀ ਨੂੰ ਅਧਾਰ ਬਣਾ ਕੇ ਹੁਣ ਪੁਲਿਸ ਇਨਾਂ ਦੋਵਾਂ ਭਰਾਵਾਂ ਨੂੰ ਇਨਾਂ ਦੇ ਘਰੋਂ ਪੁਲਿਸ ਦੀਆਂ ਧਾੜਾਂ ਨੇ ਚੁੱਕ ਲਿਆ ਸੀ। ਘਰ ’ਚ ਭੰਨ ਤੋੜ ਵੀ ਕੀਤੀ ਸੀ। ਪੰਜਗਰਾਈ ਕਲਾਂ ਦਾ ਸਾਰਾ ਪਿੰਡ ਪੁਲਿਸ ਦੀ ਇਸ ਕਾਰਵਾਈ ਨੂੰ ਕੋਰਾ ਝੂਠ ਤੇ ਸਿੱਖਾਂ ਨੂੰ ਬਦਨਾਮ ਕਰਨ ਲਈ ਘੜੀ ਗਈ ਡੂੰਘੀ ਸਾਜਿਸ਼ ਪੂਰਨ ਕਹਾਣੀ ਦੱਸ ਰਿਹਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top