Share on Facebook

Main News Page

ਸਰਬੱਤ ਖਾਲਸੇ ਦਾ ਇਤਿਹਾਸ ਅਤੇ ਹੁਣ ਕੀ ਕੀਤਾ ਜਾਵੇ ?
-: ਕਰਮਜੀਤ ਸਿੰਘ, ਚੰਡੀਗੜ੍ਹ

- ਯੂਰਪ, ਅਮਰੀਕਾ ਅਤੇ ਏਸ਼ੀਆ ਤੋਂ ਸਰਬੱਤ ਖਾਲਸਾ ਦੇ ਨੁਮਾਇੰਦਿਆਂ ਨੂੰ ਕਿਵੇਂ ਚੁਣਿਆ ਜਾਵੇ?
- ਸਰਬੱਤ ਖਾਲਸਾ: ਵਿਚਾਰਧਾਰਕ ਜਜ਼ਬਿਆਂ ਅਤੇ ਤਕਨੀਕ ਦਾ ਖੂਬਸੂਰਤ ਸੁਮੇਲ, ਜੋ ਇੱਕੋ ਸਮੇਂ ਰੂਹਾਨੀ ਵੀ ਹੈ ਅਤੇ ਦੁਨਿਆਵੀ ਵੀ

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਦੇਣ ਪਿੱਛੋਂ ਸਿੱਖਾਂ ਦੇ ਵੱਡੇ ਹਿੱਸੇ ਵਿੱਚ ਫੈਲੇ ਰੋਸ ਨੂੰ ਵੇਖਦਿਆਂ ਸਰਬੱਤ ਖ਼ਾਲਸਾ ਸੱਦਣ ਦਾ ਵਿਚਾਰ ਜ਼ੋਰ ਫੜ ਗਿਆ ਹੈ। ਸਿੱਖ ਪੰਥ ਦੇ ਵਿਚਾਰਧਾਰਕ-ਇਤਿਹਾਸ ਵਿਚ ਇਹ ਪਹਿਲੀ ਵਾਰ ਹੈ, ਜਦੋਂ ਸਰਬੱਤ ਖ਼ਾਲਸਾ ਦੀ ਮਹੱਤਤਾ, ਮਹਾਨਤਾ ਅਤੇ ਜਥੇਦਾਰ ਦੀ ਸੰਸਥਾ ਦੇ ਅਧਿਕਾਰ ਖੇਤਰ ਤੈਅ ਕਰਨ ਦੀ ਲੋੜ ਦਾ ਅਹਿਸਾਸ ਵਿਦਵਾਨਾਂ ਦੇ ਸੀਮਤ ਘੇਰੇ ਵਿਚੋਂ ਨਿਕਲ ਕੇ ਸੰਤਾਂ, ਮਹਾਂਪੁਰਸ਼ਾਂ, ਸਤਿਕਾਰੇ ਹੋਏ ਪ੍ਰਚਾਰਕਾਂ, ਪੜ੍ਹੇ ਲਿਖੇ ਨੌਜਵਾਨਾਂ ਅਤੇ ਇੱਥੋਂ ਤੱਕ ਇਹ ਹਾਕਮ ਜਮਾਤ ਦੀਆਂ ਸਫ਼ਾਂ ਵਿਚ ਵੀ ਫੈਲ ਗਿਆ ਹੈ। ਬਾਹਰਲੇ ਦੇਸ਼ਾਂ ਵਿਚ ਤਾਂ ਇਹ ਗੁੱਸਾ ਅਤੇ ਰੋਸ ਸਿਖ਼ਰ ਉੱਤੇ ਪੁੱਜ ਗਿਆ ਹੈ ਅਤੇ ਸ਼ੋਸ਼ਲ ਨੈੱਟਵਰਕ ਉਤੇ ਇਹ ਗੁੱਸਾ ਵਿਸ਼ੇਸ਼ ਤੌਰ ‘ਤੇ ਪ੍ਰਗਟ ਹੋਇਆ ਹੈ। ਖ਼ਾਮੋਸ਼ ਤੇ ਰੂਪੋਸ਼ ਬਹੁਗਿਣਤੀ ਹੁਣ ਇਹ ਕਹਿਣ ਲੱਗੀ ਹੈ ਕਿ ਅਕਾਲ ਤਖ਼ਤ ਸਾਹਿਬ ‘ਤੇ ਜੋ ਕੁੱਝ ਹੋਇਆ ਅਤੇ ਹੁੰਦਾ ਰਿਹਾ ਹੈ, ਉਹ ਕਿਸੇ ਵੀ ਤਰ੍ਹਾਂ ਠੀਕ ਨਹੀਂ।

ਪਰ ਹੁਣ ‘ਕੀ ਹੋਵੇ ਅਤੇ ਕਿਵੇਂ ਹੋਵੇ’ ਦੇ ਵੱਡੇ ਸਵਾਲ ਦਾ ਜਥੇਬੰਦਕ ਅਤੇ ਠੋਸ ਹੱਲ ਨਾ ਤਾਂ ਵਿਦਵਾਨਾਂ ਨੇ ਦਿੱਤਾ ਹੈ ਅਤੇ ਨਾ ਹੀ ਸਿੱਖ ਸੰਗਤ ਦੇ ਜਾਗਦੇ ਹਿੱਸਿਆਂ ਨੇ ਇਸ ਮਹੱਤਵਪੂਰਨ ਮੁੱਦੇ ‘ਤੇ ਆਪਣੀ ਵਿਸ਼ੇਸ਼ ਦਿਲਚਸਪੀ ਜ਼ਾਹਿਰ ਕੀਤੀ ਹੈ। ਇਸ ਤੋਂ ਪਹਿਲਾਂ ਕਿ ਗੁੱਸੇ ਅਤੇ ਰੋਸ ਦੀ ਇਹ ਵਿਆਪਕ ਲਹਿਰ ਕਿਸੇ ਭੰਬਲਭੂਸੇ ਵਿਚ ਗੁੰਮ ਹੋ ਜਾਵੇ, ਅਸੀਂ ਇਥੇ ਸਰਬੱਤ ਖ਼ਾਲਸੇ ਦੀ ਮੌਜੂਦਾ ਹਾਲਾਤਾਂ ਵਿਚ ਬਣਤਰ, ਚੋਣ ਪ੍ਰਣਾਲੀ ਅਤੇ ਜਥੇਦਾਰ ਦੀ ਸੰਸਥਾ ਦੇ ਅਧਿਕਾਰ ਖੇਤਰ ਬਾਰੇ ਸੁਝਾਅ ਪੇਸ਼ ਕਰ ਰਹੇ ਹਾਂ। ਵੈਸੇ ਇਹ ਲੇਖ ਸੁਝਾਵਾਂ ਲਈ ਖੁੱਲ੍ਹਾ ਛੱਡਿਆ ਗਿਆ ਹੈ ਅਤੇ ਇਸ ਵਿਚ ਕੋਈ ਵੀ ਤਰਮੀਮ ਕੀਤੀ ਜਾ ਸਕਦੀ ਹੈ।

ਸਰਬੱਤ ਖਾਲਸਾ ਦੀ ਪਰਿਭਾਸ਼ਾ
‘ਸਰਬੱਤ’ ਸੰਸਕ੍ਰਿਤ ਦੇ ਸ਼ਬਦ ‘ਸਵੰਤ੍ਰ’ ਤੋਂ ਬਣਿਆ ਹੈ, ਜਿਸ ਦਾ ਮਤਲਬ ਹੈ-ਸਭ ਥਾਂ, ਸਭ ਜਗ੍ਹਾ। ‘ਸਰਬੱਤ’ ਸ਼ਬਦ ਗੁਰਬਾਣੀ ਵਿੱਚ ਆਇਆ ਹੈ: ‘ਅੰਤਰਿ ਬਾਹਰਿ ਸਰਬਤਿ ਰਵਿਆ।’ ‘ਖਾਲਸਾ’ ਅਰਬੀ ਦਾ ਸ਼ਬਦ ਹੈ, ਜਿਸ ਦਾ ਮਤਲਬ ਹੈ-ਸ਼ੁੱਧ, ਨਿਰੋਲ, ਖ਼ਰਾ ਜਾਂ ਖਾਲਸ।

‘ਸਰਬੱਤ ਖਾਲਸਾ’ ਆਪਣੇ ਆਪ ਵਿੱਚ ਸੰਕਲਪ ਵੀ ਹੈ ਅਤੇ ਸੰਸਥਾ ਵੀ। ਜਦੋਂ ਅਸੀਂ ਇਸ ਨੂੰ ਸੰਕਲਪ ਦੇ ਅਰਥਾਂ ਵਿੱਚ ਵਰਤਦੇ ਹਾਂ ਤਾਂ ਇਸ ਦਾ ਰਹੱਸਵਾਦੀ (Mystic) ਅਰਥ ਇਹ ਹੈ-ਅਕਾਲ ਪੁਰਖ਼ ਦੇ ਰੰਗ ਵਿੱਚ ਰੰਗੀ ਖਾਲਸਾ ਪੰਥ ਦੀ ਰੂਹ। ਪਰ ਜਦੋਂ ਅਸੀਂ ਸੰਸਥਾ ਦੇ ਅਰਥਾਂ ਵਿੱਚ ਵਰਤਦੇ ਹਾਂ ਤਾਂ ਇਸ ਦੇ ਅਰਥ ਹਨ-ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਖਾਲਸਾ ਕਾਮਨਵੈਲਥ ਦੀ ਸਰਵਉੱਚ ਸੰਸਥਾ ਜਾਂ ਖਾਲਸਾ ਪੰਥ ਦੀ ਰਾਜਨੀਤਕ ਅਗਵਾਈ ਦਾ ਧੁਰਾ, ਕੇਂਦਰ ਬਿੰਦੂ ਜਾਂ ਖਾਲਸਾ ਪੰਥ ਦੀ ਇਕਮੁੱਠ ਹੋਈ ਸੋਚ ਜਾਂ ਮਰਜ਼ੀ ਜਾਂ ਇੱਛਾ (Integrated Will) ਦਾ ਖਾਲਸ ਪ੍ਰਤੀਕ। ਜਦੋਂ ਅਸੀਂ ‘ਖਾਲਸਾ ਕਾਮਨਵੈਲਥ’ ਕਹਿੰਦੇ ਹਾਂ ਤਾਂ ਇਸ ਦਾ ਮਤਲਬ ਹੈ-ਖਾਲਸਾ ਪੰਥ ਦੇ ਸਾਂਝੇ ਹਿੱਤਾਂ ਦਾ ਮੁਜੱਸਮਾ ਜਾਂ ਸਿੱਖ ਕੌਮ ਦੀ ਸਾਂਝੀ ਸੋਚ ਦੀ ਇਕਾਗਰ ਹੋਈ ਇਕੱਤਰਤਾ ਜਾਂ ਨੁਮਾਇੰਦਾ ਇਕੱਠ ਜਾਂ ਪ੍ਰਤੀਨਿਧ ਪਾਰਲੀਮੈਂਟ।

ਸਰਬੱਤ ਖਾਲਸਾ ਪਹਿਲਾਂ ਤੇ ਹੁਣ
ਸਰਬੱਤ ਖਾਲਸਾ ਦੀ ਸੰਸਥਾ ਦਾ ਪ੍ਰਕਾਸ਼ 18ਵੀਂ ਸਦੀ ਵਿੱਚ ਸਿੱਖ ਪੰਥ ਦੀਆਂ ਲੋੜਾਂ ਅਤੇ ਮਜਬੂਰੀਆਂ ਵਿਚੋਂ ਹੋਇਆ ਹੈ। ਮੁਗਲਾਂ ਤੇ ਅਫ਼ਗਾਨਾਂ ਦੇ ਜ਼ੁਲਮ ਤੇ ਵਧੀਕੀਆਂ ਇਸ ਹੱਦ ਤੱਕ ਵਧ ਗਈਆਂ ਸਨ ਕਿ ਸਿੱਖਾਂ ਨੇ ਛੋਟੇ-ਛੋਟੇ ਸਮੂਹਾਂ ਦੇ ਰੂਪ ਵਿੱਚ ਦੂਰ ਦੁਰਾਡੇ ਜੰਗਲਾਂ ਤੇ ਪਹਾੜਾਂ ਵਿੱਚ ਜਾ ਸ਼ਰਨ ਲਈ। ਹਥਿਆਰਬੰਦ ਅੰਮ੍ਰਿਤਧਾਰੀ ਸਿੰਘ ਸਾਲ ਵਿੱਚ ਦੋ ਵਾਰ ਅਰਥਾਤ ਵਿਸਾਖੀ ਤੇ ਦੀਵਾਲੀ ਮੌਕੇ ਤੇ ਕਿਵੇਂ ਨਾ ਕਿਵੇਂ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ, ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੇ ਅਤੇ ਅਕਾਲ ਤਖ਼ਤ ‘ਤੇ ਇਕੱਠੇ ਹੋ ਕੇ ਖਾਲਸੇ ਤੇ ਝੁੱਲੀ ਹਨੇਰੀ ਦਾ ਮੁਕਾਬਲਾ ਕਰਨ ਲਈ ਗੰਭੀਰ ਵਿਚਾਰਾਂ ਕਰਦੇ। ਉਨ੍ਹਾਂ ਹਾਲਤਾਂ ਵਿੱਚ ਇਹ ਇਕੱਠ ਸਿੱਖ ਕੌਮ ਦੀ ਰੂਹ ਦੇ ਹਾਣੀ ਸਮਝੇ ਜਾਣ ਲੱਗੇ ਜਾਂ ਇਉਂ ਕਹਿ ਲਵੋ ਕਿ ਸਿੱਖ ਕੌਮ ਦੀ ਖਾਮੋਸ਼ ਬਹੁਗਿਣਤੀ ਦੇ ਅਸਲ ਤਰਜਮਾਨ। ਬਸ, ਇਹੋ ਇਕੱਠ ਹੀ ਖਾਲਸਾ ਪੰਥ ਦੇ ਦਿਲਾਂ ਤੇ ਦਿਮਾਗਾਂ ਵਿੱਚ ‘ਸਰਬੱਤ ਖਾਲਸਾ’ ਬਣ ਗਏ। ਇਹ ਇਕੱਠ ਦੋਸਤ ਤਾਕਤਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨਾਲ ਲੋੜੀਂਦੇ ਰਿਸ਼ਤੇ ਤੈਅ ਕਰਦੇ ਅਤੇ ਦੁਸ਼ਮਣਾਂ ਨਾਲ ਦੋ ਹੱਥ ਕਰਨ ਲਈ ਰਣਨੀਤੀਆਂ ਘੜਦੇ। ਸਭ ਤੋਂ ਪਹਿਲਾਂ ਸਰਬੱਤ ਖਾਲਸਾ 1723 ਦੀ ਦੀਵਾਲੀ ਨੂੰ ਹੋਇਆ, ਜਦੋਂ ਤੱਤ ਖਾਲਸਾ ਅਤੇ ਬੰਦਈ ਖਾਲਸਾ ਵਿੱਚ ਹੋਣ ਵਾਲੀ ਸੰਭਾਵੀਂ ਝੜਪ ਨੂੰ ਟਾਲਣ ਲਈ ਦੋਵਾਂ ਧਿਰਾਂ ਨੇ ਪਾਈ ਮਨੀ ਸਿੰਘ ਨੂੰ ਸਾਲਸ ਮੰਨ ਲਿਆ। ਭਾਈ ਸਾਹਿਬ ਨੇ ਆਪਣੇ ਅਨੁਭਵ, ਦਿਬ-ਦ੍ਰਿਸ਼ਟੀ, ਤਜਰਬੇ ਅਤੇ ਨਿਰਪੱਖਤਾ ਨਾਲ ਦੋਵਾਂ ਧਿਰਾਂ ਵਿੱਚ ਸੁਲ੍ਹਾ ਸਫ਼ਾਈ ਕਰਵਾ ਦਿੱਤੀ, ਪਰ ਇਸ ਘਟਨਾ ਪਿੱਛੋਂ ਤੱਤ ਖਾਲਸਾ ਦਾ ਹੀ ਬੋਲਬਾਲਾ ਹੋਣ ਲੱਗਾ।

ਦੂਜਾ ਸਰਬੱਤ ਖਾਲਸਾ 13 ਅਕਤੂਬਰ, 1726 ਨੂੰ ਭਾਈ ਤਾਰਾ ਸਿੰਘ ਡੱਲਵਾਂ ਦੀ ਸ਼ਹੀਦੀ ਤੋਂ ਚਾਰ ਮਹੀਨੇ ਪਿੱਛੋਂ ਹੋਇਆ। ਇਸ ਵਿੱਚ ਗੁਰਮਤਾ ਸੋਧ ਕੇ ਤਿੰਨ ਅਹਿਮ ਫੈਸਲੇ ਹੋਏ। ਇੱਕ-ਸ਼ਾਹੀ ਖਜ਼ਾਨੇ ਲੁੱਟੇ ਜਾਣ। ਦੂਜਾ-ਸਰਕਾਰੀ ਮੁਖ਼ਬਰਾਂ, ਖੁਸ਼ਾਮਦੀਆਂ, ਜੁੱਤੀ ਚੱਟਾਂ ਅਤੇ ਲਾਈਲੱਗਾਂ ਨੂੰ ਸੋਧਿਆ ਜਾਵੇਗਾ ਅਤੇ ਤੀਜਾ-ਅਸਲਾਖ਼ਾਨੇ ਲੁੱਟ ਕੇ ਹਥਿਆਰ ਵੱਧ ਤੋਂ ਵੱਧ ਗਿਣਤੀ ਵਿੱਚ ਜਮ੍ਹਾ ਕੀਤੇ ਜਾਣ। ਇਨ੍ਹਾਂ 80-82 ਸਾਲਾਂ ਦੇ ਵਕਫ਼ੇ ਵਿੱਚ ਅਰਥਾਤ 1805 ਤੱਕ ਤਿੰਨ ਦਰਜਨ ਦੇ ਕਰੀਬ ਸਰਬੱਤ ਖਾਲਸਾ ਦੇ ਸਮਾਗਮ ਹੋਏ।

ਆਖ਼ਰੀ ਸਰਬੱਤ ਖਾਲਸਾ
ਆਖ਼ਰੀ ਸਰਬੱਤ ਖਾਲਸਾ 1805 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸੱਦਿਆ, ਜਿਸ ਵਿੱਚ ਇਹ ਫੈਸਲਾ ਕਰਨਾ ਸੀ ਕਿ ਅੰਗਰੇਜ਼ ਹਕੂਮਤ ਹੱਥੋਂ ਹਾਰ ਖਾ ਕੇ ਸਿੱਖ ਰਾਜ ਦੀ ਸ਼ਰਨ ਵਿੱਚ ਆਏ ਮਰਾਠਿਆਂ ਦੇ ਸਰਦਾਰ ਜਸਵੰਤ ਸਿੰਘ ਰਾਓ ਹੁਲਕਰ ਪ੍ਰਤੀ ਕੀ ਰਵੱਈਆ ਅਖ਼ਤਿਆਰ ਕੀਤਾ ਜਾਵੇ। ਫੈਸਲਾ ਹੋਇਆ ਕਿ ਬਰਤਾਨਵੀ ਜਰਨੈਲ ਲਾਰਡ ਲੇਕ ਤੇ ਹੁਲਕਰ ਦੀ ਲੜਾਈ ਵਿੱਚ ਖਾਲਸਾ ਪੰਥ ਨਿਰਪੱਖ ਰਹੇਗਾ। ਉਨੀਵੀਂ ਸਦੀ ਵਿੱਚ 18 ਮਾਰਚ, 1887 ਨੂੰ ਅੰਗਰੇਜ਼ ਹਕੂਮਤ ਦੌਰਾਨ ਅਕਾਲ ਤਖ਼ਤ ਸਾਹਿਬ ਦਾ ਇੰਤਜ਼ਾਮ ਕਰਨ ਵਾਲੇ ਪੁਜਾਰੀਆਂ ਨੇ ਸਿੰਘ ਸਭਾ ਦੇ ਮਹਾਨ ਆਗੂ ਪ੍ਰੋ. ਗੁਰਮੁਖ ਸਿੰਘ ਨੂੰ ਪੰਥ ਵਿੱਚੋਂ ਖਾਰਜ ਕਰਨ ਦਾ ਕਥਿਤ ਹੁਕਮਨਾਮਾ ਜਾਰੀ ਕੀਤਾ, ਪਰ ਖਾਲਸਾ ਪੰਥ ਨੇ ਇਸ ਨੂੰ ਪ੍ਰਵਾਨ ਨਾ ਕੀਤਾ। ਵੀਹਵੀਂ ਸਦੀ ਦੇ ਆਖ਼ਰੀ ਦਹਾਕੇ ਵਿੱਚ ਸਿੰਘ ਸਾਹਿਬਾਨ ਨੇ ਇਹ ਹੁਕਮਨਾਮਾ ਰੱਦ ਕਰ ਦਿੱਤਾ। 1920 ਵਿੱਚ ਗੁਰਦੁਆਰਾ ਸੁਧਾਰ ਲਹਿਰ ਦੇ ਆਗੂਆਂ ਨੇ ਸਰਬੱਤ ਖਾਲਸਾ ਦੀ ਰਵਾਇਤ ਨੂੰ ਮੁੜ ਤੋਰਿਆ ਅਤੇ 15 ਨਵੰਬਰ, 1920 ਨੂੰ ਅਕਾਲ ਤਖ਼ਤ ਸਾਹਿਬ ਦੇ ਸੇਵਕ ਗੁਰਬਖਸ਼ ਸਿੰਘ ਵੱਲੋਂ ਸਰਬੱਤ ਖਾਲਸਾ ਸੱਦਿਆ ਗਿਆ। ਇਸ ਵਿੱਚ ਵੱਖ-ਵੱਖ ਸੰਸਥਾਵਾਂ ਤੇ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਸਰਬੱਤ ਖਾਲਸਾ ਦੀ ਇੱਕ ਕੋਸ਼ਿਸ਼ 1926 ਵਿੱਚ ਵੀ ਹੋਈ। ਇਹ ਇਕੱਠ ਗੜਗੱਜ ਅਕਾਲੀ ਦੀਵਾਨ ਵੱਲੋਂ ਗੁਰਦੁਆਰਾ ਐਕਟ ਬਾਰੇ ਗੁਰਮਤਾ ਕਰਨ ਵਾਸਤੇ ਬੁਲਾਇਆ ਗਿਆ ਸੀ। ਇਸ ਪਿੱਛੋਂ ਸਰਬੱਤ ਖਾਲਸਾ ਦੇ ਇਕੱਠ ਬੰਦ ਹੋ ਗਏ।

ਜੂਨ, 1984 ਵਿੱਚ ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਪਿੱਛੋਂ 26 ਜਨਵਰੀ, 1986 ਨੂੰ ਅਕਾਲ ਤਖ਼ਤ ਸਾਹਿਬ ਦੇ ਪਾਵਨ ਅਸਥਾਨ ‘ਤੇ ਸਰਬੱਤ ਖਾਲਸਾ ਦਾ ਸਮਾਗਮ ਹੋਇਆ। ਇਸ ਸਰਬੱਤ ਖਾਲਸਾ ਦੇ ਸਮਾਗਮ ਤੋਂ ਪਹਿਲਾਂ ਸੁਹਿਰਦ ਸਿੱਖਾਂ ਵੱਲੋਂ ਕਈ ਦਿਨ ਗੰਭੀਰ ਵਿਚਾਰ ਵਟਾਂਦਰਾ ਹੁੰਦਾ ਰਿਹਾ। ਇਹ ਸਮਾਗਮ ਜ਼ਖਮੀ ਸਿੱਖ ਕੌਮ ਨੂੰ ਨਵੀਂ ਰਾਜਨੀਤਕ ਸੇਧ ਦੇਣ ਦਾ ਇਤਿਹਾਸਕ ਉਪਰਾਲਾ ਸੀ। ਇਸ ਵਿੱਚ ਕਈ ਗੁਰਮਤੇ ਸੋਧੇ ਗਏ। ਇਨ੍ਹਾਂ ਵਿੱਚ ਸ਼੍ਰੋਮਣੀ ਕਮੇਟੀ ਨੂੰ ਭੰਗ ਕਰਨਾ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੇਵਾਮੁਕਤ ਕਰਨਾ, ਪੰਜ ਮੈਂਬਰੀ ਕਮੇਟੀ ਕਾਇਮ ਕਰਕੇ ਸਿੱਖ ਸੰਘਰਸ਼ ਦੀ ਅਗਵਾਈ ਸੌਂਪਣੀ ਅਤੇ ਅਕਾਲ ਤਖ਼ਤ ਦੀ ਉਸਾਰੀ ਲਈ ਕਾਰ ਸੇਵਾ ਦਮਦਮੀ ਟਕਸਾਲ ਨੂੰ ਸੌਂਪਣੀ ਸ਼ਾਮਲ ਸੀ। ਇਸ ਸਰਬੱਤ ਖਾਲਸੇ ਵੱਲੋਂ ਸ਼੍ਰੋਮਣੀ ਕਮੇਟੀ ਭੰਗ ਕਰਨ ਦਾ ਫੈਸਲਾ ਕਿੰਨਾ ਕੁ ਠੀਕ ਸੀ ਜਾਂ ਨਹੀਂ, ਇਸ ਬਾਰੇ ਵਿਦਵਾਨਾਂ ਦੀਆਂ ਵੱਖ-ਵੱਖ ਰਾਵਾਂ ਹਨ।

ਅਕਾਲ ਤਖ਼ਤ ਤੋਂ ਬਾਹਰ ਹੋਇਆ ਸਰਬੱਤ ਖਾਲਸਾ
ਅਕਾਲ ਤਖ਼ਤ ਤੋਂ ਬਾਹਰ ਸ੍ਰੀ ਆਨੰਦਪੁਰ ਸਾਹਿਬ ਵਿਖੇ 16 ਫਰਵਰੀ, 1986 ਨੂੰ ਸਰਬੱਤ ਖਾਲਸੇ ਦਾ ਸਮਾਗਮ ਹੋਇਆ। ਇਸ ਸਮਾਗਮ ਦਾ ਉਦੇਸ਼ ਸਮਾਗਮ ਦੇ ਪ੍ਰਬੰਧਕਾਂ ਮੁਤਾਬਕ ‘ਭਰਾ ਮਾਰੂ ਜੰਗ ਰੋਕਣਾ ਅਤੇ ਪੰਥਕ ਹਿੱਤਾਂ ਨੂੰ ਪਰਪੱਕ ਕਰਨਾ’ ਸੀ। ਕੁਝ ਹਲਕਿਆ ਮੁਤਾਬਕ ਇਹ ਸਰਬੱਤ ਖਾਲਸਾ ਗੁਰਮਤਿ ਜੁਗਤ ਤੋਂ ਸੱਖਣਾ ਸੀ ਅਤੇ ਇਸ ਦਾ ਅਸਲ ਉਦੇਸ਼ ਜ਼ਾਲਮ ਹਕੂਮਤ ਨਾਲ ਟੱਕਰ ਲੈਣ ਲਈ ਮੈਦਾਨ ਵਿੱਚ ਜੂਝ ਰਹੇ ਸਿੰਘਾਂ ਵਿਰੁੱਧ ਭੜਾਸ ਹੀ ਕੱਢਣੀ ਸੀ। ਮੇਜਰ ਗੁਰਮੁਖ ਸਿੰਘ ਨੇ ਇਨਸਾਈਕਲੋਪੀਡੀਆ ਆਫ਼ ਸਿੱਖਇਜ਼ਮ ਵਿੱਚ ਕਿਹਾ ਹੈ ਕਿ ਖਾਲਸਾ ਪੰਥ ਨੂੰ ਦਰਪੇਸ਼ ਅਹਿਮ ਰਾਜਸੀ ਮੁੱਦਿਆ ‘ਤੇ ਵਿਚਾਰ ਕਰਨ ਲਈ ਸਰਬੱਤ ਖਾਲਸਾ ਨੂੰ ਮੁੜ ਸੁਰਜੀਤ ਕਰਨ ਦੇ ਯਤਨ ਹੋਏ ਹਨ, ਪਰ ਇਸ ਮਹਾਨ ਸੰਸਥਾ ਦੀ ਬਣਤਰ ਅਤੇ ਸੰਵਿਧਾਨ ਬਾਰੇ ਅਜੇ ਤੱਕ ਕੋਈ ਸਾਂਝੀ ਰਾਏ ਨਹੀਂ ਬਣ ਸਕੀ। 26 ਜਨਵਰੀ, 1987 ਨੂੰ ਫਿਰ ਸਰਬੱਤ ਖਾਲਸਾ ਕੀਤਾ ਗਿਆ, ਇਸ ਸਰਬੱਤ ਖਾਲਸੇ ਵਿੱਚ ਪਾਸ ਕੀਤੇ ਗੁਰਮਤਿਆਂ ਵਿੱਚ ਪ੍ਰੋਂ ਦਰਬਨ ਸਿੰਘ ਨੂੰ ਅਕਾਲ ਤਖ਼ਤ ਦਾ ਐਕਟਿੰਗ ਜਥੇਦਾਰ ਥਾਪਿਆ ਗਿਆ ਅਤੇ ਭਾਈ ਜਸਬੀਰ ਸਿੰਘ ਦੀ ਨਿਯੁਕਤੀ ਦੀ ਮੁੜ ਪ੍ਰੋੜਤਾ ਕੀਤੀ ਗਈ।

ਹੁਣ ਕੀ ਕੀਤਾ ਜਾਵੇ?
ਹੁਣ ਸਿਧਾਂਤ ਰੂਪ ਵਿੱਚ ਖਾਲਸਾ ਪੰਥ ਦੇ ਜਾਗਦੇ ਹੋਏ ਵੀਰਾਂ ਅਤੇ ਭੈਣਾਂ ਦੇ ਸਾਹਮਣੇ ਇਹ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ ਕਿ ਬਦਲੀਆਂ ਅਤੇ ਬਦਲ ਰਹੀਆਂ ਹਾਲਤਾਂ ਵਿੱਚ ਸਰਬੱਤ ਖਾਲਸੇ ਦੀ ਬਣਤਰ, ਇਸ ਦੇ ਅਧਿਕਾਰ ਖੇਤਰ ਦੀਆਂ ਤਾਕਤਾਂ ਅਤੇ ਇਸ ਦੀ ਚੋਣ ਪ੍ਰਣਾਲੀ ਕਿਵੇਂ ਤੈਅ ਕੀਤਾ ਜਾਵੇ ਕਿ ਸਮੂਹ ਖਾਲਸਾ ਪੰਥ ਨੂੰ ਇਸ ਨਵੀਂ ਵਿਵਸਥਾ, ਨਵੇਂ ਪ੍ਰਬੰਧ ਅਤੇ ਨਵੇਂ ਸਿਲਸਿਲੇ ਦੀ ਪ੍ਰਵਾਨਗੀ ਹਾਸਲ ਹੋ ਜਾਵੇ। ਇਸ ਤੋਂ ਇਲਾਵਾ ਇਸ ਸਵਾਲ ਦਾ ਵੀ ਜਵਾਬ ਦਿੱਤੇ ਜਾਣ ਦੀ ਲੋੜ ਹੈ ਕਿ ਕੀ ਸਰਬੱਤ ਖਾਲਸੇ ਦੇ ਸਮਾਗਮ ਸਿਰਫ਼ ਅਕਾਲ ਤਖ਼ਤ ਸਾਹਿਬ ਤੇ ਹੀ ਪ੍ਰਵਾਨ ਸਮਝੇ ਜਾਣਗੇ ਜਾਂ ਕਿਸੇ ਹੰਗਾਮੀ ਹਾਲਤ ਵਿੱਚ ਅਕਾਲ ਤਖ਼ਤ ਸਾਹਿਬ ਤੋਂ ਬਾਹਰ ਵੀ ਇਹ ਇਤਿਹਾਸਕ ਸਮਾਗਮ ਹੋ ਸਕਦੇ ਹਨ। ਇਤਿਹਾਸ ਵਿਚੋਂ ਇਸ ਤਰ੍ਹਾਂ ਦੇ ਸਵਾਲਾਂ ਦੇ ਕੀ ਜਵਾਬ ਮਿਲਦੇ ਹਨ ਅਤੇ ਸਿੱਖੀ ਸਿਧਾਂਤ ਇਸ ਬਾਰੇ ਕੀ ਫੈਸਲਾ ਦਿੰਦੇ ਹਨ? ਇੱਕ ਹਵਾਲੇ ਮੁਤਾਬਕ ਇੱਕ ਸਰਬੱਤ ਖਾਲਸਾ ਅਕਾਲ ਤਖ਼ਤ ਤੋਂ ਬਾਹਰ ਸਰਹਿੰਦ ਵਿੱਚ ਵੀ ਹੋਇਆ।

ਜਦੋਂ ਅਸੀਂ ਬਦਲੀਆਂ ਅਤੇ ਬਦਲ ਰਹੀਆਂ ਹਾਲਤਾਂ ਦੀ ਗੱਲ ਕਰਦੇ ਹਾਂ ਤਾਂ ਇਸ ਦਾ ਸਿੱਧਾ ਜਿਹਾ ਅਰਥ ਇਹੋ ਹੈ ਕਿ ਅੱਜ ਸਿੱਖ ਪੰਥ ਵੱਡੀ ਗਿਣਤੀ ਵਿੱਚ ਸਾਰੀ ਦੁਨੀਆ ਵਿੱਚ ਫੈਲ ਗਿਆ ਹੈ। ਯੂਰਪ, ਅਮਰੀਕਾ ਅਤੇ ਏਸ਼ੀਆ ਦੇ ਕਈ ਮੁਲਕਾਂ ਵਿੱਚ ਸਿੱਖ ਸੰਸਥਾਵਾਂ ਤੇ ਜਥੇਬੰਦੀਆਂ ਸਿੱਖਾਂ ਦੇ ਭਖ਼ਦੇ ਮਾਮਲਿਆਂ ਵਿੱਚ ਵਿਸ਼ੇਸ਼ ਦਿਲਚਸਪੀ ਲੈਂਦੀਆਂ ਹਨ ਅਤੇ ਅਕਾਲ ਤਖ਼ਤ ਸਾਹਿਬ ਤੋਂ ਦਿਸ਼ਾ ਨਿਰਦੇਸ਼ ਦੀ ਮੰਗ ਵੀ ਕਰਦੀਆਂ ਹਨ। ਗੁਰੂ ਘਰ ਵੀ ਇਨ੍ਹਾਂ ਸਰਗਰਮੀਆਂ ਦੇ ਮਹੱਤਵਪੂਰਨ ਕੇਂਦਰ ਬਣੇ ਹੋਏ ਹਨ। ਇਨ੍ਹਾਂ ਮੁਲਕਾਂ ਵਿੱਚ ਪੰਜਾਬੀ ਦੇ ਅਖ਼ਬਾਰ ਵੀ ਮਹੱਤਵਪੂਰਨ ਰੋਲ ਅਦਾ ਕਰ ਰਹੇ ਹਨ। ਪੰਜਾਬ ਤੋਂ ਬਾਹਰ ਭਾਰਤ ਦੇ ਕਈ ਰਾਜਾਂ ਵਿੱਚ ਸਿੰਘ ਸਭਾਵਾਂ ਦੀ ਉੱਦਮਸ਼ੀਲ ਹਨ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਇਨ੍ਹਾਂ ਸਰਗਰਮੀਆਂ ਵਿੱਚ ਸਿੱਖ ਵਿਦਿਆਰਥੀ ਇਤਿਹਾਸ, ਸਾਹਿਤ, ਫਿਲਾਸਫ਼ੀ, ਕਾਨੂੰਨ, ਅੰਤਰਰਾਸ਼ਟਰੀ ਸਬੰਧ ਅਤੇ ਡਿਪਲੋਮੇਸੀ ਦੇ ਖੇਤਰਾਂ ਵਿੱਚ ਉੱਚੀਆਂ ਪੜ੍ਹਾਈਆਂ ਕਰ ਰਹੇ ਹਨ। ਇਸ ਤੋਂ ਇਲਾਵਾ ਸਿੱਖ ਨੌਜਵਾਨ ਖੇਡਾਂ ਵਿੱਚ ਵਿਸ਼ੇਸ਼ ਦਿਲਚਸਪੀ ਲੈ ਰਹੇ ਹਨ ਅਤੇ ਵਧੀਆ ਖਿਡਾਰੀ ਬਣ ਕੇ ਅੰਤਰਰਾਸ਼ਟਰੀ ਮਹੱਤਤਾ ਹਾਸਲ ਕਰ ਰਹੇ ਹਨ। ਇਨ੍ਹਾਂ ਮੁਲਕਾਂ ਵਿੱਚ ਵਸੇ 30 ਲੱਖ ਤੋਂ ਵੀ ਉੱਪਰ ਸਿੱਖਾਂ ਨੂੰ ਜੇ ਕਿਸੇ ਵਿਸ਼ੇਸ਼ ਕੇਂਦਰ ਨਾਲ ਅਸੀਂ ਲਗਾਤਾਰ ਜੋੜੀ ਰੱਖਣਾ ਹੈ ਤਾਂ ਇਹ ਕੇਂਦਰ ਅਕਾਲ ਤਖ਼ਤ ਅਤੇ ਸਰਬੱਤ ਖਾਲਸਾ ਹੀ ਹੋ ਸਕਦਾ ਹੈ। ਸਰਬੱਤ ਖਾਲਸਾ ਨੂੰ ਸੰਸਾਰ ਅੰਦਰ ਵੱਖ-ਵੱਖ ਖੇਤਰਾਂ ਵਿੱਚ ਆਈਆਂ ਵੱਡੀਆਂ ਇਤਿਹਾਸਕ ਤਬਦੀਲੀਆਂ, ਰੁਝਾਨਾਂ ਅਤੇ ਵਰਤਾਰਿਆਂ ਦੀ ਰੌਸ਼ਨੀ ਵਿੱਚ ਮੁੜ ਸੁਰਜੀਤ ਕਰਨ ਦੀ ਜਿੰਨੀ ਲੋੜ ਇਸ ਸਮੇਂ ਮਹਿਸੂਸ ਕੀਤੀ ਜਾ ਰਹੀ ਹੈ, ਓਨੀ ਵੀਹਵੀਂ ਸਦੀ ਦੇ ਸਿੱਖ ਇਤਿਹਾਸ ਦੇ ਕਿਸੇ ਵੀ ਦੌਰ ਵਿੱਚ ਨਹੀਂ ਸੀ।

‘ਹੇਠਾਂ ਤੋਂ ਉੱਪਰ ਵੱਲ’ ਦੀ ਉਸਾਰੀ ਦਾ ਸਿਧਾਂਤ
ਵਿਦਵਾਨਾਂ ਦਾ ਵਿਚਾਰ ਹੈ ਕਿ ਸਰਬੱਤ ਖਾਲਸੇ ਦੇ ਸਰੂਪ ਦੀ ਉਸਾਰੀ ਹੇਠਾਂ ਤੋਂ ਉੱਪਰ ਵੱਲ ਨੂੰ ਹੋਵੇ। ਦੂਜੇ ਸ਼ਬਦਾਂ ਵਿੱਚ ਸਰਬੱਤ ਖਾਲਸੇ ਦੀ ਜੜ੍ਹ, ਉਸ ਦਾ ਮੂਲ ਸਰੋਤ ਅਤੇ ਸਰਸਬਜ਼ ਚਸ਼ਮਾ ‘ਗੁਰੂ ਪੰਥ’ ਹੀ ਹੈ। ਇਸ ਲਈ ਗੁਰੂ ਪੰਥ ਦੀਆਂ ਸੰਸਥਾਵਾਂ ਤੇ ਜਥੇਬੰਦੀਆਂ ਦੀ ਸਰਬੱਤ ਖਾਲਸੇ ਦੀ ਬੁਨਿਆਦ ਹੋਣੀਆਂ ਚਾਹੀਦੀਆਂ ਹਨ। ਇਸ ਨਾਲ ਸਰਬੱਤ ਖਾਲਸੇ ਦਾ ਸਰੂਪ ਜੋ ਸਾਡੇ ਸਾਹਮਣੇ ਆਵੇਗਾ, ਉਹ ਸਰੂਪ ਸੁਭਾਵਿਕ ਹੀ ਗੁਰੂ ਪੰਥ ਦੇ ਵਿਚਾਰਧਾਰਕ ਜਜ਼ਬਿਆਂ ਦਾ ਕੇਂਦਰ ਹੋਵੇਗਾ ਅਤੇ ਉਸ ਕੇਂਦਰ ਤੋਂ ਲਏ ਗਏ ਫੈਸਲੇ ਸੰਗਤਾਂ ਨੂੰ ਬਿਨਾਂ ਕਿਸੇ ਕਿੰਤੂ ਪ੍ਰੰਤੂ ਤੋਂ ਖੁਸ਼ੀ-ਖੁਸ਼ੀ ਪ੍ਰਵਾਨ ਵੀ ਹੋਣਗੇ। ਇਹ ਵਿਚਾਰ ਜਦ ਤੱਕ ਇੱਕ ਪ੍ਰਚੰਡ ਲਹਿਰ ਵਿੱਚ ਤਬਦੀਲ ਨਹੀਂ ਹੁੰਦਾ, ਉਦੋਂ ਤੱਕ ਸਰਬੱਤ ਖਾਲਸੇ ਦੀ ਲੋੜ ਤੇ ਮਹੱਤਤਾ ਦਾ ਅਹਿਸਾਸ ਤੇ ਦਬਾਅ ਵਰਤਮਾਨ ਪੰਥਕ ਲੀਡਰਸ਼ਿਪ ਦੇ ਵੱਖ-ਵੱਖ ਹਿੱਸਿਆਂ ਤੇ ਪਰਤਾਂ ਵਿੱਚ ਪੈਦਾ ਨਹੀਂ ਕੀਤਾ ਜਾ ਸਕਦਾ। ਇਸ ਲਹਿਰ ਦੇ ਪੈਦਾ ਹੋਣ ਨਾਲ ਜ਼ਮੀਨ ਪੱਧਰ ਦੇ ਨੇਤਾ ਵੀ ਉੱਭਰ ਕੇ ਸਾਹਮਣੇ ਆਉਣਗੇ ਅਤੇ ਉਨ੍ਹਾਂ ਦਾ ਪ੍ਰਭਾਵ ਅਤੇ ਸਦਾਚਾਰਕ ਦਬਾਅ ਸਰਬੱਤ ਖਾਲਸਾ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਯਕੀਨਨ ਅਹਿਮ ਰੋਲ ਅਦਾ ਕਰੇਗਾ। ਅਜਿਹੀ ਹਾਲਤ ਵਿੱਚ ਸਰਬੱਤ ਖਾਲਸਾ ਦੇ ਉਸ ਖ਼ਾਸ ਰੂਪ ਵਿੱਚ ਦਸਮੇਸ਼ ਪਿਤਾ ਹਾਜ਼ਰ ਹੋਣਗੇ, ਕਿਉਂਕਿ ਦਸਮੇਸ਼ ਪਿਤਾ ਦੇ ਆਪਣੇ ਸ਼ਬਦਾਂ ਵਿੱਚ ‘ਖਾਲਸਾ ਮੇਰੋ ਰੂਪ ਹੈ ਖਾਸ।’

ਜਥੇਬੰਦੀਆਂ ਦੀ ਨਿਸ਼ਾਨਦੇਹੀ ਕਿਵੇਂ ਕੀਤੀ ਜਾਵੇ?
ਸਾਡੇ ਲਈ ਸ਼ਾਇਦ ਸਭ ਤੋਂ ਔਖਾ ਤੇ ਗੁੰਝਲਦਾਰ ਮਸਲਾ ਇਹ ਹੈ ਕਿ ਸਰਬੱਤ ਖਾਲਸਾ ਲਈ ਸੰਸਥਾਵਾਂ ਤੇ ਜਥੇਬੰਦੀਆਂ ਦੀ ਨਿਸ਼ਾਨਦੇਹੀ ਕਿਵੇਂ ਕੀਤੀ ਜਾਵੇ? ਅਰਥਾਤ ਇਹ ਕਿਵੇਂ ਪਤਾ ਕੀਤਾ ਜਾਵੇ ਕਿ ਉਸ ਸੰਸਥਾ ਦੀ ਪ੍ਰਮਾਣਕਿਤਾ, ਪ੍ਰਭਾਵ ਖੇਤਰ, ਇਤਿਹਾਸ ਅਤੇ ਪੰਥਕ ਸਰਗਰਮੀਆਂ ਵਿੱਚ ਉਸ ਦੀਆਂ ਕਿਹੜੀਆਂ-ਕਿਹੜੀਆਂ ਪ੍ਰਾਪਤੀਆਂ ਹਨ। ਸਾਡੇ ਵਿਚਾਰ ਵਿੱਚ ਉਹ ਤਮਾਮ ਸੰਸਥਾਵਾਂ ਤੇ ਜਥੇਬੰਦੀਆਂ, ਪ੍ਰਮਾਣਿਕ ਤੇ ਸਤਿਕਾਰਯੋਗ ਹਨ, ਜੋ ਸ਼ਬਦ ਗੁਰੂ ਦੇ ਸਿਧਾਂਤ ਵਿੱਚ ਅਟੁੱਟ ਵਿਸ਼ਵਾਸ ਰੱਖਦੀਆਂ ਹਨ ਅਤੇ ਖਾਲਸਾ ਪੰਥ ਦੀ ਤਰਜ਼-ਏ-ਜ਼ਿੰਦਗੀ ਵਿੱਚ ਕਿਸੇ ਵੀ ਵਿਅਕਤੀ ਜਾਂ ਦੇਹਧਾਰੀ ਗੁਰੂ ਦੇ ਸੰਕਲਪ ਨੂੰ ਨਾ ਦਿਲ ਵਿੱਚ ਅਤੇ ਨਾ ਹੀ ਦਿਮਾਗ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਾਨਤਾ ਦਿੰਦੀਆਂ ਹਨ। ਇਸ ਤੋਂ ਪਿੱਛੋਂ ਉਸ ਸੰਸਥਾ ਦੇ ਪ੍ਰਭਾਵ ਖੇਤਰ, ਇਤਿਹਾਸ ਅਤੇ ਪ੍ਰਾਪਤੀਆਂ ਦਾ ਵਿਸ਼ਲੇਸ਼ਣ ਕਰਨ ਤੋਂ ਮਗਰੋਂ ਇਹ ਫੈਸਲਾ ਕੀਤਾ ਜਾ ਸਕਦਾ ਹੈ ਕਿ ਉਸ ਸੰਸਥਾ ਦੀ ਨੁਮਾਇੰਦਗੀ ਦੀ ਸੰਖਿਆ ਕੀ ਹੋਵੇਗੀ। ਇੰਝ ਸੰਸਥਾਵਾਂ ਦੀ ਨਿਸ਼ਾਨਦੇਹੀ ਬਾਰੇ ਸੁੱਚੀ ਤਿਆਰ ਕਰਨ ਪਿੱਛੋਂ ਇਹ ਸਵਾਲ ਵੀ ਆਸਾਨੀ ਨਾਲ ਹੱਲ ਹੋ ਜਾਵੇਗਾ ਕਿ ਬਾਹਰਲੇ ਮੁਲਕਾਂ ਵਿੱਚ ਸਰਬੱਤ ਖਾਲਸਾ ਲਈ ਨੁਮਾਇੰਦਿਆਂ ਦੀ ਗਿਣਤੀ ਕਿਵੇਂ ਤੈਅ ਕੀਤੀ ਜਾਵੇ। ਜਿੱਥੋਂ ਤੱਕ ਸਰਬੱਤ ਖਾਲਸਾ ਵਿੱਚ ਉਨ੍ਹਾਂ ਨੁਮਾਇੰਦਿਆਂ ਦੀ ਹਾਜ਼ਰੀ, ਰਾਏ ਤੇ ਫੈਸਲਾ ਲੈਣ ਦਾ ਸਵਾਲ ਹੈ, ਇਹ ਸਵਾਲ ਤਕਨਾਲੋਜੀ ਦੇ ਵਿਕਾਸ ਅਤੇ ਇਸ ਖੇਤਰ ਵਿੱਚ ਹੋਈ ਅਥਾਹ ਤਰੱਕੀ ਦੀ ਰੌਸ਼ਨੀ ਵਿੱਚ ਹੁਣ ਐਨਾ ਮੁਸ਼ਕਲ ਨਹੀਂ ਰਹਿ ਗਿਆ। ਜਿਹੜੇ ਨੁਮਾਇੰਦਿਆਂ ਦਾ ਕਿਸੇ ਵਿਸ਼ੇਸ਼ ਕਾਰਨ ਹਾਜ਼ਰ ਹੋਣਾ ਅਸੰਭਵ ਹੋਵੇਗਾ, ਉਹ ਵੀਡੀਓ ਕਾਨਫਰੰਸ ਰਾਹੀਂ ਆਪਣੀ ਗੱਲ ਸਰਬੱਤ ਖਾਲਸਾ ਦੀ ਇਕੱਤਰਤਾ ਵਿੱਚ ਸਹਿਜੇ ਹੀ ਪਹੁੰਚਾ ਸਕਦੇ ਹਨ।

ਬਜਟ ਦਾ ਆਧਾਰ ਕਿੰਨਾ ਕੁ ਠੀਕ?
ਕੁਝ ਵਿਦਵਾਨਾਂ ਦਾ ਇਹ ਵਿਚਾਰ ਵੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪਟਨਾ ਸਾਹਿਬ ਤੇ ਹਜ਼ੂਰ ਸਾਹਿਬ ਪ੍ਰਬੰਧਕ ਕਮੇਟੀ ਵਰਗੇ ਕਾਨੂੰਨੀ ਅਦਾਰਿਆਂ ਵਿਚੋਂ ਆਉਣ ਵਾਲੇ ਪ੍ਰਤੀਨਿਧਾਂ ਦੀ ਗਿਣਤੀ ਉਨ੍ਹਾਂ ਦੇ ਬਜਟ ਦੇ ਆਧਾਰ ‘ਤੇ ਕੀਤੀ ਜਾਵੇ ਅਤੇ ਇਨ੍ਹਾਂ ਕਾਨੂੰਨੀ ਅਦਾਰਿਆਂ ਦਾ ਵਿਸ਼ੇਸ਼ ਸਥਾਨ ਨਿਰਧਾਰਤ ਕੀਤਾ ਜਾਵੇ। ਇਸ ਮੁੱਦੇ ‘ਤੇ ਖਾਲਸਾ ਪੰਥ ਅੰਦਰ ਗੰਭੀਰ ਵਿਚਾਰ ਵਟਾਂਦਰੇ ਦੀ ਲੋੜ ਹੈ। ਇੱਕ ਹੋਰ ਵਿਚਾਰ ਵੀ ਸਾਹਮਣੇ ਆਇਆ ਹੈ ਕਿ ਸਰਬੱਤ ਖਾਲਸੇ ਵਿੱਚ ਉੱਚੇ ਸੁੱਚੇ ਜੀਵਨ ਵਾਲੇ ਸਿੱਖਾਂ ਨੂੰ ਵੀ ਸ਼ਾਮਲ ਕੀਤਾ ਜਾਵੇ ਜੋ ਕਿਸੇ ਸੰਸਥਾ ਜਾਂ ਜਥੇਬੰਦੀ ਦੇ ਮੈਂਬਰ ਨਹੀਂ ਹਨ, ਪਰ ਆਪਣੀਆਂ ਨਿੱਜੀ ਪ੍ਰਾਪਤੀਆਂ ਕਰਕੇ ਸਾਰੀ ਦੁਨੀਆ ਵਿੱਚ ਪ੍ਰਸਿੱਧੀ ਪ੍ਰਾਪਤ ਕਰ ਰਹੇ ਹਨ ਅਤੇ ਸਿੱਖ ਪੰਥ ਦੇ ਦਿਲਾਂ ਵਿੱਚ ਸਤਿਕਾਰ ਦੇ ਪਾਤਰ ਬਣੇ ਹੋਏ ਹਨ। ਇਨ੍ਹਾਂ ਵਿੱਚ ਉੱਘੇ ਲੇਖਕ, ਵਿਦਵਾਨ, ਸਾਇੰਸਦਾਨ, ਖਿਡਾਰੀ, ਨੀਤੀਵਾਨ ਅਤੇ ਕਾਨੂੰਨਦਾਨ ਆਦਿ ਹੋ ਸਕਦੇ ਹਨ। ਖਾਲਸਾ ਪੰਥ ਨੇ ਇਹ ਮਹੱਤਵਪੂਰਨ ਫੈਸਲਾ ਵੀ ਕਰਨਾ ਹੈ ਕਿ ਅਜਿਹੇ ਵਿਅਕਤੀਆਂ ਲਈ ਅੰਮ੍ਰਿਤਧਾਰੀ ਹੋਣਾ ਲਾਜ਼ਮੀ ਹੈ ਜਾਂ ਉਨ੍ਹਾਂ ਨੂੰ ਇਸ ਸ਼ਰਤ ਤੋਂ ਛੋਟ ਦਿੱਤੀ ਜਾ ਸਕਦੀ ਹੈ।

ਇਸ ਸਵਾਲ ‘ਤੇ ਵੀ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਕਿ ਸਰਬੱਤ ਖਾਲਸੇ ਦੇ ਗਠਨ ਲਈ ਕੋਈ ਰਜਿਸਟ੍ਰੇਸ਼ਨ ਦਫਤਰ ਕਾਇਮ ਕਰਨ ਦੀ ਲੋੜ ਹੈ, ਜਿੱਥੇ ਸੰਸਥਾਵਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਇੱਕ ਫਾਰਮ ਛਾਪ ਕੇ ਭੇਜਿਆ ਜਾਵੇ ਅਤੇ ਇਸ ਵਿੱਚ ਸਬੰਧਤ ਸੰਸਥਾ ਦੇ ਮੁਖੀਆਂ ਦੇ ਨਾਂ, ਪਤੇ, ਫੋਨ ਅਤੇ ਈਮੇਲ ਆਦਿਕ ਦਰਜ ਕੀਤੇ ਜਾਣ।

ਜਨਰਲ ਹਾਊਸ ਦੀ ਬਣਤਰ
ਸਰਬੱਤ ਖਾਲਸੇ ਦੀ ਸੰਸਥਾ ਵਿੱਚ ਕੁੱਲ ਮੈਂਬਰਾਂ ਦੀ ਗਿਣਤੀ ਕਿੰਨੀ ਹੋਵੇ, ਇਸ ਸਵਾਲ ਦਾ ਜਵਾਬ ਵੀ ਬਹੁਤ ਜ਼ਰੂਰੀ ਹੈ। ਇਸ ਨੁਕਤੇ ਨਾਲ ਜੁੜਿਆ ਮਹੱਤਵਪੂਰਨ ਮੁੱਦਾ ਇਹ ਵੀ ਹੈ ਕਿ ਕਿਹੜੇ ਮੁਲਕ ਵਿਚੋਂ ਕਿੰਨੇ ਨੁਮਾਇੰਦੇ ਲਏ ਜਾਣ ਅਤੇ ਇਹ ਨੁਮਾਇੰਦੇ ਕਿਸ ਆਧਾਰ ‘ਤੇ ਲਏ ਜਾਣ। ਕੀ ਵਸੋਂ ਦੇ ਆਧਾਰ ‘ਤੇ ਹੋਣੇ ਚਾਹੀਦੇ ਹਨ ਜਾਂ ਉਸ ਮੁਲਕ ਦੀਆਂ ਸਰਗਰਮ ਜਥੇਬੰਦੀਆਂ ਅਤੇ ਸੰਸਥਾਵਾਂ ਆਪਣਾ ਇਕੱਠ ਕਰਕੇ ਮਿੱਥੀ ਗਈ ਗਿਣਤੀ ਮੁਤਾਬਕ ਆਪਣੇ ਪ੍ਰਤੀਨਿਧ ਭੇਜਣ ਦੀ ਜ਼ਿੰਮੇਵਾਰੀ ਨਿਭਾਉਣ।

ਅਗਲਾ ਮਸਲਾ ਇਹ ਹੈ ਕਿ ਸਬੰਧਤ ਮੁਲਕ ਦੀ ਕਿਸੇ ਜਥੇਬੰਦੀ ਵੱਲੋਂ ਜਾਂ ਕਿਸੇ ਵਜ੍ਹਾ ਕਾਰਨ ਆਪਣਾ ਪ੍ਰਤੀਨਿਧ ਵਾਪਸ ਲੈਣ ਦੀ ਇੱਛਾ ਪ੍ਰਗਟ ਕੀਤੀ ਜਾਵੇ ਜਾਂ ਉਸ ਪ੍ਰਤੀਨਿਧ ਦੀ ਮੌਤ ਹੋ ਜਾਵੇ ਤਾਂ ਉਸ ਹਾਲਤ ਵਿੱਚ ਫੈਸਲਾ ਮੰਨਣ ਜਾਂ ਨਾ ਮੰਨਣ ਬਾਰੇ ਸਰਬੱਤ ਖਾਲਸੇ ਕੋਲ ਅੰਤਿਮ ਅਧਿਕਾਰ ਹੋਣਗੇ ਜਾਂ ਨਹੀਂ? ਜਾਂ ਸਬੰਧਤ ਪ੍ਰਤੀਨਿਧ ਨੂੰ ਮਿੱਥੇ ਸਮੇਂ ਵਿੱਚ ਪ੍ਰਤੀਨਿਧ ਬਣੇ ਰਹਿਣ ਦਾ ਹੱਕ ਹਾਸਲ ਹੋਵੇਗਾ?

ਕੀ ਸਰਬੱਤ ਖਾਲਸੇ ਦੇ ਪ੍ਰਤੀਨਿਧਾਂ ਦੇ ਇਕੱਠ ਨੂੰ ਅਸੀਂ ਸਰਬੱਤ ਖਾਲਸੇ ਦੇ ਇੱਕ ਹਿੱਸੇ ਵਜੋਂ ਜਨਰਲ ਹਾਊਸ ਜਾਂ ਜਨਰਲ ਅਸੰਬਲੀ ਜਾਂ ਪੰਥਕ ਅਸੰਬਲੀ ਜਾਂ ਇਸ ਨਾਲ ਮਿਲਦਾ ਜੁਲਦਾ ਕੋਈ ਹੋਰ ਨਾਂ ਦੇ ਸਕਦੇ ਹਾਂ? ਜਾਂ ਕੀ ਉਸ ਇਕੱਠ ਨੂੰ ਸਰਬੱਤ ਖਾਲਸਾ ਹੀ ਕਿਹਾ ਜਾਵੇਗਾ? ਜਿੱਥੋਂ ਤੱਕ ਉਪਰੋਕਤ ਅਸੰਬਲੀ ਦੇ ਮੈਂਬਰਾਂ ਦੀ ਗਿਣਤੀ ਦਾ ਸਬੰਧ ਹੈ, ਇਸ ਨੁਕਤੇ ਬਾਰੇ ਅਤੇ ਵੱਖ-ਵੱਖ ਮੁਲਕਾਂ ਦੇ ਪ੍ਰਤੀਨਿਧਾਂ ਦੀ ਗਿਣਤੀ ਬਾਰੇ ‘ਸਿੱਖ ਤਵਾਰੀਖ ਵਿੱਚ ਅਕਾਲ ਤਖ਼ਤ ਸਾਹਿਬ ਦੇ ਰੋਲ’ ਬਾਰੇ ਪੁਸਤਕ ਵਿੱਚ ਕਾਫ਼ੀ ਲੰਮਾ ਚੌੜਾ ਵੇਰਵਾ ਦਿੱਤਾ ਗਿਆ ਹੈ, ਪਰ ਇਸ ਵੇਰਵੇ ਵਿੱਚ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਗਿਆ ਕਿ ਸਬੰਧਤ ਮੁਲਕਾਂ ਵਿਚੋਂ ਨੁਮਾਇੰਦਿਆਂ ਦੀ ਗਿਣਤੀ ਦਾ ਆਧਾਰ ਕੀ ਹੋਵੇ। ਖੈਰ ਇਸ ਵਿੱਚ ਲੋੜੀਂਦੀ ਤਰਮੀਮ ਕਰਕੇ ਇਸ ਨੂੰ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ। ਅਸੀਂ ਇਹ ਸੂਚੀ ਅਨੈਕਸਚਰ ਵਿੱਚ ਵੀ ਦੇ ਰਹੇ ਹਾਂ, ਪਰ ਜਿੱਥੋਂ ਤੱਕ ਮੁਲਕਾਂ ਦੇ ਪ੍ਰਤੀਨਿਧਾਂ ਦੀ ਗਿਣਤੀ ਦਾ ਸਬੰਧ ਹੈ, ਉਹ ਸਬੰਧਤ ਮੁਲਕਾਂ ਦੀ ਸੰਗਤ ‘ਤੇ ਛੱਡੀ ਜਾ ਸਕਦੀ ਹੈ ਜਾਂ ਸਰਬੱਤ ਖਾਲਸਾ ਦੇ ਪੁਨਰ ਗਠਨ ਲਈ ਬਣਾਈ ਅਸਥਾਈ ਕਮੇਟੀ ਸਬੰਧਤ ਮੁਲਕ ਦੀਆਂ ਜਥੇਬੰਦੀਆਂ ਨਾਲ ਸਲਾਹ ਮਸ਼ਵਰਾ ਕਰਕੇ ਇਹ ਗਿਣਤੀ ਤੈਅ ਕਰ ਸਕਦੀ ਹੈ।

ਦਲਿਤ ਜਥੇਬੰਦੀਆਂ ਦੀ ਨੁਮਾਇੰਦਗੀ ਕਿਵੇਂ ਹੋਵੇ?
ਖਾਲਸਾ ਪੰਥ ਨੇ ਲੰਮੇ ਅਰਸੇ ਤੋਂ ਸੁਚੇਤ ਜਾਂ ਅਚੇਤ ਤੌਰ ‘ਤੇ ਦਲਿਤ ਕਹੇ ਜਾਂਦੇ ਰਹੇ ਸਮਾਜ ਨੂੰ ਅੱਖੋਂ ਓਹਲੇ ਕੀਤਾ ਹੋਇਆ ਹੈ। ਇਹ ਸਾਡੇ ਸਮਾਜ ਦਾ ਲਤਾੜਿਆ ਹੋਇਆ ਵਰਗ ਹੈ। ਅੱਜ ਹਾਲਤ ਇਹ ਹੈ ਕਿ ਇਹ ਸਮਾਜ ਇੱਕ ਤਰ੍ਹਾਂ ਨਾਲ ਖਾਲਸੇ ਦੀ ਮੁੱਖ ਧਾਰਾ ਤੋਂ ਦੂਰ ਹੁੰਦਾ ਜਾ ਰਿਹਾ ਹੈ। ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ। ਜਿੱਥੇ ਇਸ ਦੇ ਗੰਭੀਰ, ਡੂੰਘੇ; ਸਰਬਪੱਖੀ ਤੇ ਬੇਬਾਕ ਕਾਰਨਾਂ ਬਾਰੇ ਨਿਰਪੱਖ ਖੋਜ ਹੋਣੀ ਚਾਹੀਦੀ ਹੈ, ਉੱਥੇ ਉਨ੍ਹਾਂ ਨੂੰ ਸਰਬੱਤ ਖਾਲਸਾ ਵਿੱਚ ਬਣਦੀ ਨੁਮਾਇੰਦਗੀ ਦੇਣ ਦੇ ਸੁਹਿਰਦ ਅਤੇ ਯੋਜਨਾਬੱਧ ਯਤਨ ਹੋਣੇ ਚਾਹੀਦੇ ਹਨ। ਜੇ ਕਿਸੇ ਹਾਲਤ ਵਿੱਚ ਸਬੰਧਤ ਜਥੇਬੰਦੀਆਂ ਅਤੇ ਸੰਸਥਾਵਾਂ ਵੱਲੋਂ ਬਣਦੇ ਅਨੁਪਾਤ ਵਿੱਚ ਦਲਿਤ ਪ੍ਰਤੀਨਿਧ ਨਹੀਂ ਭੇਜੇ ਜਾਂਦੇ ਅਤੇ ਉਮੀਦ ਵੀ ਇਹੋ ਹੀ ਹੈ ਤਾਂ ਉਸ ਹਾਲਤ ਵਿੱਚ ਸਰਬੱਤ ਖਾਲਸਾ ਵੱਲੋਂ ਖਾਲਸਾ ਪੰਥ ਦੀ ਮੁੱਖ ਧਾਰਾ ਦੇ ਨੇੜੇ ਤੇੜੇ ਵਿਚਰ ਰਹੀਆਂ ਦਲਿਤ ਜਥੇਬੰਦੀਆਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਦੇ ਪ੍ਰਤੀਨਿਧ ਵਿਸ਼ੇਸ਼ ਤੌਰ ‘ਤੇ ਲਏ ਜਾਣ।

ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਦੀ ਨੁਮਾਇੰਦਗੀ
ਕੁਝ ਇਹੋ ਜਿਹੀਆਂ ਵੱਡੀਆਂ ਸੰਸਥਾਵਾਂ ਵੀ ਹਨ, ਜਿਨ੍ਹਾਂ ਦੀ ਚੋਣ ਸਿੱਧੇ ਤੌਰ ‘ਤੇ ਹੁੰਦੀ ਹੈ। ਉਨ੍ਹਾਂ ਦੀ ਤਾਕਤ, ਸੰਗਤਾਂ ਦੇ ਮਨਾਂ ਵਿੱਚ ਉਨ੍ਹਾਂ ਬਾਰੇ ਪਿਆ ਵਿਸ਼ਾਲ ਪ੍ਰਭਾਵ ਅਤੇ ਇਤਿਹਾਸਕ ਰੋਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੀ ਭਰਵੀਂ ਸ਼ਮੂਲੀਅਤ ਕਰਨੀ ਹੀ ਪੈਣੀ ਹੈ; ਹਾਲਾਂਕਿ ਇਸ ਸਚਾਈ ਤੋਂ ਅੱਖਾਂ ਨਹੀਂ ਮੀਟੀਆਂ ਜਾ ਸਕਦੀਆਂ ਕਿ ਇਨ੍ਹਾਂ ਵਿਚੋਂ ਬਹੁਤੀਆਂ ਸੰਸਥਾਵਾਂ ਲੰਮੇ ਅਰਸੇ ਤੋਂ ਧੜੇਬੰਦੀਆਂ ਅਤੇ ਨੀਵੀਂ ਕਿਸਮ ਦੀਆਂ ਰਾਜਨੀਤੀਆਂ ਵਿੱਚ ਘਿਰੀਆਂ ਹੋਈਆਂ ਹਨ। ਇਨ੍ਹਾਂ ਦੀ ਹਾਲਤ ਖੜੋਤੇ ਪਾਣੀਆਂ ਵਰਗੀ ਹੈ, ਜਿਨ੍ਹਾਂ ਵਿੱਚ ਨਾ ਹੀ ਪ੍ਰਬੰਧ ਵਿੱਚ ਪਾਰਦਰਸ਼ਤਾ, ਨਾ ਹੀ ਗਤੀਸ਼ੀਲਤਾ ਅਤੇ ਨਾ ਹੀ ਕੌਮ ਦੀ ਤਕਦੀਰ ਨੂੰ ਬਦਲਣ ਲਈ ਦੂਰਦ੍ਰਿਸ਼ਟੀ ਅਤੇ ਦਾਰਸ਼ਨਿਕ ਨੀਝ ਤੇ ਨਿਗ੍ਹਾ ਹੈ। ਫਿਰ ਵੀ ਸਰਬੱਤ ਖਾਲਸਾ ਨੂੰ ਵਧੇਰੇ ਪ੍ਰਭਾਵਸ਼ਾਲੀ, ਮੰਨਣਯੋਗ ਅਤੇ ਪ੍ਰਮਾਣਿਕ ਬਣਾਉਣ ਲਈ ਸਾਨੂੰ ਉਨ੍ਹਾਂ ਨੂੰ ਨਾਲ ਲੈ ਕੇ ਤੁਰਨਾ ਪਵੇਗਾ ਅਤੇ ਇੱਕ ਲੰਮੀ ਪ੍ਰਕਿਰਿਆ ਵਿੱਚ ਅਸੀਂ ਉਨ੍ਹਾਂ ਨੂੰ ਬਦਲਣਾ ਵੀ ਹੈ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਘਕ ਕਮੇਟੀ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਯੋਗ ਅਤੇ ਭਰਵੀਂ ਨੁਮਾਇੰਦਗੀ ਦੇਣ ਦੀ ਲੋੜ ਹੈ।

ਬੀਬੀਆਂ ਸਰਬੱਤ ਖਾਲਸੇ ਤੋਂ ਦੂਰ ਕਿਉਂ?
ਖਾਲਸਾ ਪੰਥ ਨੇ ਵੱਡੀ ਬੇਪ੍ਰਵਾਈ (ਜਾਂ ਲਾਪ੍ਰਵਾਹੀ?) ਦੇ ਆਲਮ ਵਿੱਚ ਸਰਬੱਤ ਖਾਲਸੇ ਅੰਦਰ ਬੀਬੀਆਂ ਦੀ ਸ਼ਮੂਲੀਅਤ ਬਾਰੇ ਸ਼ਾਇਦ ਹੀ ਕਦੇ ਕੋਈ ਸਪਸ਼ਟ ਰੁਖ਼, ਨਜ਼ਰੀਆ ਜਾਂ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੋਵੇ। ਸਾਡਾ ਖਿਆਲ ਹੈ ਕਿ ਅਸੀਂ ਆਪਣੇ ਵਸੋਂ ਦੇ ਅੱਧੇ ਹਿੱਸੇ ਨੂੰ ਦੂਰ ਰੱਖ ਕੇ ਆਪਣੀ ਰੂਹਾਨੀ ਤਾਕਤ ਨੂੰ ਘਟਾਇਆ ਵੀ ਹੈ ਅਤੇ ਸ਼ਾਇਦ ਸਿੱਖੀ ਅਸੂਲਾਂ ਨੂੰ ਵੀ ਪਿੱਠ ਦਿੱਤੀ ਹੈ। ਵਰਤਮਾਨ ਹਾਲਤਾਂ ਵਿੱਚ ਜਦੋਂ ਬੀਬੀਆਂ ਜ਼ਿੰਦਗੀ ਦੇ ਵੱਖ-ਵੱਖ ਖੇਤਰਾਂ ਵਿੱਚ ਅਤੇ ਕਈ ਖੇਤਰਾਂ ਵਿੱਚ ਤਾਂ ਮਰਦਾਂ ਨਾਲੋਂ ਵੀ ਅੱਗੇ ਹਨ, ਉਸ ਹਾਲਤ ਵਿੱਚ ਇਨ੍ਹਾਂ ਭੈਣਾਂ ਨੂੰ ਸਰਬੱਤ ਖਾਲਸੇ ਦੀ ਕੁੱਲ ਗਿਣਤੀ ਦੇ ਤੀਜੇ ਹਿੱਸੇ ਦੀ ਨੁਮਾਇੰਦਗੀ ਤਾਂ ਜ਼ਰੂਰ ਦਿੱਤੀ ਜਾਣੀ ਚਾਹੀਦੀ ਹੈ, ਪਰ ਇੱਥੇ ਵੱਡੀ ਮੁਸ਼ਕਲ ਇਹ ਹੈ ਸਬੰਧਤ ਸੰਸਥਾਵਾਂ ਬੀਬੀਆਂ ਦੇ ਨੁਮਾਇੰਦੇ ਕਿਵੇਂ ਭੇਜ ਸਕਦੀਆਂ ਹਨ, ਜਦਕਿ ਹਕੀਕਤ ਵਿੱਚ ਉਨ੍ਹਾਂ ਸੰਸਥਾਵਾਂ ਨੇ ਖੁਦ ਹੀ ਬੀਬੀਆਂ ਨੂੰ ਆਪਣੇ ਪ੍ਰਬੰਧ ਵਿੱਚ ਥਾਂ ਹੀ ਨਹੀਂ ਦਿੱਤੀ ਜਾਂ ਨਾਂਮਾਤਰ ਥਾਂ ਦਿੱਤੀ ਹੈ। ਜੇ ਭਲਾ ਕਿਤੇ ਉਨ੍ਹਾਂ ਨੇ ਸਰਬੱਤ ਖਾਲਸਾ ਵਿੱਚ ਬੀਬੀਆਂ ਨੂੰ ਭੇਜਣ ਦੀ ਖਾਨਾਪੂਰਤੀ ਕੀਤੀ ਵੀ ਤਾਂ ਅਜਿਹੀ ਹਾਲਤ ਵਿੱਚ ਸਰਬੱਤ ਖਾਲਸਾ ਸੰਸਥਾ ਵਿੱਚ ਉਹ ਆਪਣੀ ਤਾਕਤ ਦਾ ਅਸਰਦਾਰ ਤੇ ਕਾਰਗਰ ਪ੍ਰਦਰਸ਼ਨ ਨਹੀਂ ਕਰ ਸਕਣਗੀਆਂ। ਉਨ੍ਹਾਂ ਦੀ ਹਾਲਤ ਪੰਚਾਇਤਾਂ ਵਿੱਚ ਰਿਜ਼ਰਵੇਸ਼ਨ ਦੇ ਤੌਰ ‘ਤੇ ਆਈਆਂ ਉਨ੍ਹਾਂ ਔਰਤ ਸਰਪੰਚਾਂ ਵਰਗੀ ਹੋ ਜਾਵੇਗੀ, ਜਿਨ੍ਹਾਂ ਦੇ ਪਤੀ ਹੀ ਅਸਲ ਵਿੱਚ ਸਰਪੰਚੀ ਦਾ ਰੋਲ ਤੇ ਜ਼ਿੰਮੇਵਾਰੀ ਨਿਭਾਉਂਦੇ ਹਨ। ਇਸ ਗੰਭੀਰ ਮੁੱਦੇ ‘ਤੇ ਬੀਬੀਆਂ ਦੀਆਂ ਜਥੇਬੰਦੀਆਂ ਨੂੰ ਵੀ ਖੁਦ ਕੋਈ ਫੈਸਲਾ ਕਰਨ ਲਈ ਅੱਗੇ ਆਉਣਾ ਪਵੇਗਾ। ਇਸ ਸਬੰਧੀ ਸਾਡਾ ਸੁਝਾਅ ਇਹ ਹੈ ਕਿ ਜੇ ਬੀਬੀਆਂ ਦੀ ਯੋਗ ਨੁਮਾਇੰਦਗੀ ਨਹੀਂ ਹੁੰਦੀ ਤਾਂ ਇਸ ਹਾਲਤ ਵਿੱਚ ਕੁਝ ਅਜਿਹੀਆਂ ਬੀਬੀਆਂ ਨੂੰ ਸਰਬੱਤ ਖਾਲਸੇ ਵਿੱਚ ਨਾਮਜ਼ਦ ਕੀਤਾ ਜਾਵੇ, ਜਿਨ੍ਹਾਂ ਨੇ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਪੰਥ ਦੇ ਨਾਂ ਨੂੰ ਉੱਚਾ ਕੀਤਾ ਹੈ। ਇਸ ਅਹਿਮ ਮੁੱਦੇ ਤੇ ਸਰਬੱਤ ਖਾਲਸਾ ਦੇ ਪ੍ਰਤੀਨਿਧਾਂ ਨੂੰ ਆਪਣੀ ਪ੍ਰੰਪਰਾਗਤ ਸੋਚ ਵਿੱਚ ਬੁਨਿਆਦੀ ਤਬਦੀਲੀ ਲਿਆਉਣੀ ਪਵੇਗੀ। ਖਾਲਸਾ ਪੰਥ ਵੱਲੋਂ ਇਸ ਦਿਸ਼ਾ ਵਿੱਚ ਦਿਖਾਈ ਗਈ ਖੁੱਲ੍ਹਦਿਲੀ ਨਾਲ ਅਸੀਂ ਸੱਚਮੁੱਚ ਹੀ ਨਵੇਂ ਸਮਾਜ ਦੀ ਸਿਰਜਣਾ ਕਰ ਰਹੇ ਹੋਵਾਂਗੇ ਅਤੇ ਦੁਨੀਆ ਲਈ ਰੋਲ ਮਾਡਲ ਵੀ ਬਣਾਂਗੇ। ਰਾਜਿਆਂ, ਬਾਦਸ਼ਾਹਾਂ, ਦਰਵੇਸ਼ਾਂ ਅਤੇ ਮਹਾਨ ਵਿਅਕਤੀਆਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਵਰਗੇ ਘਣਛਾਵੇਂ ਬੂਟਿਆਂ ਦੀ ਥਾਂ ਤੋਂ ਅਸੀਂ ਮਹਿਰੂਮ ਕਿਉਂ ਹਾਂ?

ਰਾਜਸੀ ਪਾਰਟੀਆਂ ਦੀ ਨੁਮਾਇੰਦਗੀ ਹੋਵੇ?
ਕੀ ਅਜਿਹੀਆਂ ਰਾਜਸੀ ਪਾਰਟੀਆਂ ਨੂੰ ਸਰਬੱਤ ਖਾਲਸੇ ਵਿੱਚ ਪ੍ਰਤੀਨਿਧਤਾ ਦੇਣੀ ਚਾਹੀਦੀ ਹੈ, ਜੋ ਸਿੱਖਾਂ ਦੇ ਹਿੱਤਾਂ ਦੀ ਰਾਖੀ ਦਾ ਦਾਅਵਾ ਕਰਦੀਆਂ ਹਨ? ਉਨ੍ਹਾਂ ਦੀ ਗਿਣਤੀ ਤੈਅ ਕਰਨ ਲਈ ਕਿਹੜੇ ਮਾਪਦੰਡ ਵਰਤੇ ਜਾਣ? ਅਸੀਂ ਇਹ ਵੀ ਜਾਣਦੇ ਹਾਂ ਕਿ ਇਨ੍ਹਾਂ ਪਾਰਟੀਆਂ ਦੀ ਸੀਮਾ ਵੀ ਹੈ ਅਤੇ ਮਜਬੂਰੀ ਵੀ ਹੈ। ਉਹ ਆਪਣੀ ਪਾਰਟੀ ਦੀਆਂ ਨੀਤੀਆਂ ਤੋਂ ਲਾਂਭੇ ਨਹੀਂ ਜਾ ਸਕਦੇ ਅਤੇ ਇਹ ਵੀ ਹੋ ਸਕਦਾ ਹੈ ਕਿ ਉਹ ਆਪਣੀ ਪਾਰਟੀ ਦੀਆਂ ਨੀਤੀਆਂ ਨੂੰ ਹੀ ਸਰਬੱਤ ਖਾਲਸੇ ਨੂੰ ਦਿਸ਼ਾ ਦੇਣ ਲਈ ਆਪਣੀ ਦਖਲਅੰਦਾਜ਼ੀ ਕਰਨ। ਇੱਕੋ ਪੰਥ ਦੇ ਹਿੱਤਾਂ ਨੂੰ ਪਰਣਾਈਆਂ ਇਨ੍ਹਾਂ ਪਾਰਟੀਆਂ ਦੇ ਕਈ ਮੁੱਦਿਆਂ ਤੋਂ ਇੱਕ ਦੂਜੇ ਤੋਂ ਟਕਰਾਉਂਦੇ ਵਿਚਾਰ ਕੀ ਸਰਬੱਤ ਖਾਲਸੇ ਦੀ ਸੁਤੰਤਰ ਹਸਤੀ ਨੂੰ ਖੋਰਾ ਤਾਂ ਨਹੀਂ ਲਾਉਣਗੇ? ਖਾਲਸਾ ਪੰਥ ਨੇ ਇਸ ਨੁਕਤੇ ‘ਤੇ ਵੀ ਨਿੱਠ ਕੇ ਬਹਿਸ ਕਰਨੀ ਹੈ। ਇਸ ਤੋਂ ਇਲਾਵਾ ਅੱਜ ਦੇ ਯੁੱਗ ਵਿੱਚ ਮੀਡੀਆ ਲੋਕਾਂ ਦੇ ਮਨਾਂ ਨੂੰ ਪ੍ਰਭਾਵਤ ਵੀ ਕਰਦਾ ਹੈ, ਇੱਕ ਦਿਸ਼ਾ ਵੀ ਦਿੰਦਾ ਹੈ, ਪਰ ਉਲਟ ਪ੍ਰਭਾਵ ਵੀ ਪਾਉਂਦਾ ਹੈ। ਮੀਡੀਆ ਨਾਲ ਜੁੜੇ ਲੋਕਾਂ ਨੂੰ ਸਰਬੱਤ ਖਾਲਸੇ ਵਿੱਚ ਥਾਂ ਦੇਣ ਬਾਰੇ ਵੀ ਖਾਲਸਾ ਪੰਥ ਨੇ ਵਿਚਾਰਾਂ ਕਰਨੀਆਂ ਹਨ। ਅਖ਼ਬਾਰਾਂ ਤੇ ਟੀ.ਵੀ. ਚੈਨਲਾਂ ਨਾਲ ਲੋਕਾਂ ‘ਤੇ ਪੈ ਰਹੇ ਅਸਰ ਨੂੰ ਕੋਈ ਸਾਰਥਕ ਦਿਸ਼ਾ ਦੇਣ ਲਈ ਸਾਨੂੰ ਮੀਡੀਆ ਦੇ ਪ੍ਰਤੀਨਿਧਾਂ ਨੂੰ ਵੀ ਸਰਬੱਤ ਖਾਲਸੇ ਵਿੱਚ ਥਾਂ ਦੇਣ ਬਾਰੇ ਸੋਚਣਾ ਪੈਣਾ ਹੈ। ਪਰ ਇੱਥੇ ਸਪਸ਼ਟ ਮੁਸ਼ਕਲ ਇਹ ਆਉਂਦੀ ਹੈ ਕਿ ਮੀਡੀਆ ਵਿੱਚ ਕੰਮ ਕਰਦੇ ਸਿੱਖ ਵੀਰ ਤੇ ਭੈਣਾਂ ਅੰਮ੍ਰਿਤਧਾਰੀ ਨਹੀਂ ਹਨ। ਇਹ ਵੀ ਹੋ ਸਕਦਾ ਹੈ ਕਿ ਉਨ੍ਹਾਂ ਨੇ ਸਿੱਖੀ ਸਰੂਪ ਨੂੰ ਵੀ ਉਵੇਂ ਨਾ ਰੱਖਿਆ, ਜਿਵੇਂ ਸਰਬੱਤ ਖਾਲਸਾ ਦੀ ਸ਼ਰਤ ਜਾਂ ਮੰਗ ਹੋਵੇ। ਅਜਿਹੀ ਹਾਲਤ ਵਿੱਚ ਕੀ ਅਸੀਂ ਅਜਿਹੇ ਵੀਰਾਂ ਅਤੇ ਭੈਣਾਂ ਨੂੰ ਸਰਬੱਤ ਖਾਲਸੇ ਵਿੱਚ ਵਿਸ਼ੇ ਦਰਸ਼ਕ ਦੇ ਤੌਰ ‘ਤੇ ਜਾਂ ਸਪੈਸ਼ਲ ਇਨਵਾਇਟੀ ਦੇ ਤੌਰ ‘ਤੇ ਸ਼ਾਮਲ ਕਰ ਸਕਦੇ ਹਾਂ?

ਬਾਹਰਮੁਖੀ ਹਾਲਤਾਂ ਪੂਰੀ ਤਰ੍ਹਾਂ ਸਾਡੇ ਵੱਸ ਵਿੱਚ ਨਹੀਂ ਹਨ
ਸਰਬੱਤ ਖਾਲਸਾ ਦੇ ਪੁਨਰਗਠਨ ਸਮੇਂ ਇੱਕ ਹੋਰ ਨਾਜ਼ੁਕ ਤੱਥ ਨੂੰ ਵੀ ਧਿਆਨ ਵਿੱਚ ਰੱਖਣਾ ਪਵੇਗਾ। ਇਸ ਤੱਥ ਦਾ ਸਬੰਧ ਭਾਰਤੀ ਸੰਵਿਧਾਨ ਤੇ ਕਾਨੂੰਨ ਨਾਲ ਹੈ। ਅਸੀਂ ਵਿਸ਼ੇਸ਼ ਭੂਗੋਲਿਕ-ਰਾਜਸੀ (7eo-political) ਖਿੱਤੇ ਵਿੱਚ ਰਹਿੰਦੇ ਹਾਂ ਅਤੇ ਪਹਿਲਾਂ ਤੋਂ ਹੀ ਸੰਵਿਧਾਨ ਮੁਤਾਬਕ ਸਾਡੇ ਲਈ ਮਿੱਥ ਦਿੱਤੇ ਘੇਰੇ ਤੋਂ ਅਸੀਂ ਬਾਹਰ ਨਹੀਂ ਜਾ ਸਕਦੇ। ਇਹ ਸਾਡੀ ਸੀਮਾ ਵੀ ਹੈ ਅਤੇ ਮਜਬੂਰੀ ਵੀ। ਇਸ ਲਈ ਸਾਨੂੰ ਆਪਣੀ ਪ੍ਰਭੂਸੱਤਾ ਦੇ ਕੁਝ ਹਿੱਸਿਆਂ ਬਾਰੇ ਲਚਕਦਾਰ ਰਵੱਈਆ ਅਪਣਾਉਣਾ ਪਵੇਗਾ। ਬਾਹਰਮੁਖੀ ਹਾਲਤਾਂ ਦੇ ਬਹੁਤ ਸਾਰੇ ਹਿੱਸੇ ਸਾਡੇ ਵੱਸ ਵਿੱਚ ਨਹੀਂ ਹਨ। ਸਰਬੱਤ ਖਾਲਸਾ ਨੂੰ ਉਹ ਫੈਸਲਾ ਹੀ ਕਰਨੇ ਚਾਹੀਦੇ ਹਨ, ਜਿਨ੍ਹਾਂ ਨੂੰ ਖਾਲਸਾ ਪੰਥ ਦੀ ਸਮੂਹਿਕ ਮਾਨਸਿਕਤਾ ਖੁਸ਼ੀ-ਖੁਸ਼ੀ ਪ੍ਰਵਾਨ ਕਰ ਲਵੇ। ਦਰਪੇਸ਼ ਗੁੰਝਲਦਾਰ ਹਾਲਤਾਂ ਵਿੱਚ ਸਾਨੂੰ ਸਦਾ ਹੀ ਨਾਜ਼ੁਕ ਸੰਤੁਲਨ ਬਣਾਈ ਰੱਖਣਾ ਹੋਵੇਗਾ। ਭਾਰਤ ਸੰਵਿਧਾਨ ਤੇ ਸਰਬੱਤ ਖਾਲਸਾ ਦੀ ਸੁਤੰਤਰਤਾ ਵਿੱਚ ਨਾਜ਼ੁਕ ਤਵਾਜ਼ਨ ਹਿੱਲ ਜਾਣ ਨਾਲ ਸਰਬੱਤ ਖਾਲਸਾ ਦੀ ਹੋਂਦ ਤੇ ਇਸ ਦੇ ਭਵਿੱਖ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸਰਬੱਤ ਖਾਲਸਾ ਦਾ ਪ੍ਰਤੱਖ ਵਜੂਦ
ਹੁਣ ਜਦੋਂ ਕਿ ਅਸੀਂ ਸਰਬੱਤ ਖਾਲਸਾ ਕਾਇਮ ਕਰਨ ਦੇ ਰਾਹ ਵਿੱਚ ਆ ਰਹੀਆਂ ਮੁਸ਼ਕਲਾਂ ਅਤੇ ਸ਼ਰਤਾਂ ਨੂੰ ਪੂਰਿਆਂ ਕਰ ਲਿਆ ਹੈ ਤਾਂ ਅਸੀਂ ਇਸ ਨਤੀਜੇ ‘ਤੇ ਪਹੁੰਚਦੇ ਹਾਂ ਕਿ ਸਰਬੱਤ ਖਾਲਸਾ ਦੀ ਜਨਰਲ ਅਸੰਬਲੀ 200 ਪ੍ਰਤੀਨਿਧਾਂ ‘ਤੇ ਆਧਾਰਤ ਹੋ ਸਕਦੀ ਹੈ। ਇਨ੍ਹਾਂ ਪ੍ਰਤੀਨਿਧਾਂ ਦਾ ਇਕੱਠ ਹੀ ਸਰਬੱਤ ਖਾਲਸਾ ਅਖਵਾਏਗਾ। ਇਸ ਸਰਬੱਤ ਖਾਲਸਾ ਨੇ ਦੋ ਵੱਡੇ ਕੰਮ ਕਰਨੇ ਹਨ। ਇੱਕ ਕੰਮ ਇਹ ਹੈ ਕਿ ਉਸ ਨੇ 11 ਮੈਂਬਰੀ ਸਲਾਹਕਾਰ ਬੋਰਡ ਕਾਇਮ ਕਰਨਾ ਹੈ। ਇਸ ਬੋਰਡ ਨੂੰ ਪੰਥਕ ਬੋਰਡ ਜਾਂ ਪੰਥਕ ਸਭਾ ਜਾਂ ਸਿੱਖੀ ਰਵਾਇਤਾਂ ਅਨੁਸਾਰ ਕੋਈ ਹੋਰ ਨਾਂ ਦਿੱਤਾ ਜਾ ਸਕਦਾ ਹੈ। ਦੂਜਾ ਕੰਮ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਚੋਣ ਕਰਨਾ ਹੈ। ਇਸ ਸਬੰਧੀ ਹੇਠ ਲਿਖੇ ਸੁਝਾਅ ਹਨ:-

  1. 11 ਮੈਂਬਰੀ ਸਲਾਹਕਾਰ ਬੋਰਡ ਘੱਟੋ ਘੱਟ ਤਿੰਨ ਜਾਂ ਇਸ ਤੋਂ ਵੱਧ ਉਮੀਦਵਾਰਾਂ ਨੂੰ ਜਥੇਦਾਰ ਦੇ ਅਹੁਦੇ ਵਾਸਤੇ ਨਾਮਜ਼ਦ ਕਰੇਗਾ। ਇਨ੍ਹਾਂ ਉਮੀਦਵਾਰਾਂ ਦੇ ਨਾਂ ਸਰਬੱਤ ਖਾਲਸੇ ਦੀ ਜਨਰਲ ਅਸੰਬਲੀ ਅੱਗੇ ਰੱਖੇ ਜਾਣਗੇ ਅਤੇ ਜਨਰਲ ਅਸੰਬਲੀ ਇਨ੍ਹਾਂ ਵਿਚੋਂ ਕਿਸੇ ਇੱਕ ਨੂੰ ਅੰਤਿਮ ਪ੍ਰਵਾਨਗੀ ਦੇਵੇਗੀ। ਜੇ ਸਰਬੱਤ ਖਾਲਸਾ ਦੀ ਸਰਬ ਸਹਿਮਤੀ ਵਿੱਚ ਕੋਈ ਮਤਭੇਦ ਹੋ ਜਾਂਦਾ ਹੈ ਤਾਂ ਅਜਿਹੀ ਹਾਲਤ ਵਿੱਚ ਸਰਬੱਤ ਖਾਲਸਾ ਗੁਪਤ ਪਰਚੀ ਦੇ ਸਿਸਟਮ ਨੂੰ ਅਪਣਾ ਸਕਦਾ ਹੈ ਜਾਂ ਨਹੀਂ। ਇਸ ਬਾਰੇ ਫੈਸਲਾ ਕੀਤਾ ਜਾਣਾ ਚਾਹੀਦਾ ਹੈ।

  2. ਸਲਾਹਕਾਰ ਬੋਰਡ ਆਪਣੇ ਵਿਚੋਂ ਇੱਕ ਕਨਵੀਨਰ ਚੁਣੇਗਾ ਜੋ ਸਮੇਂ-ਸਮੇਂ ਸਲਾਹਕਾਰ ਬੋਰਡ ਦੀਆਂ ਮੀਟਿੰਗਾਂ ਸੱਦਿਆ ਕਰੇਗਾ। ਕਨਵੀਨਰ ਦੇ ਹੋਰ ਕੰਮ ਅਤੇ ਅਧਿਕਾਰ ਵੀ ਨਿਸਚਿਤ ਕੀਤੇ ਜਾਣੇ ਹਨ।

  3. ਗੁਰਮਤਾ ਪਾਸ ਕਰਨ ਦਾ ਅਧਿਕਾਰ ਕੇਵਲ ਤੇ ਕੇਵਲ ਸਰਬੱਤ ਖਾਲਸੇ ਨੂੰ ਹੋਵੇਗਾ ਅਤੇ ਜਥੇਦਾਰ ਕੇਵਲ ਸਰਬੱਤ ਖਾਲਸੇ ਦੀਆਂ ਇੱਛਾਵਾਂ ਤੇ ਫੈਸਲਿਆਂ ਦਾ ਹੀ ਤਰਜਮਾਨ ਹੋਵੇਗਾ। ਉਹ ਹਰ ਹਾਲਤ ਵਿੱਚ ਸਰਬੱਤ ਖਾਲਸੇ ਦੇ ਅਧੀਨ ਹੋਵੇਗਾ ਅਤੇ ਜਨਰਲ ਅਸੰਬਲੀ ਦੇ ਦੋ ਤਿਹਾਈ ਮੈਂਬਰਾਂ ਦੀ ਮੰਗ ਤੇ ਸਰਬੱਤ ਖਾਲਸੇ ਦੀ ਵਿਸ਼ੇਸ਼ ਇਕੱਤਰਤਾ ਕਦੇ ਵੀ ਬੁਲਾ ਸਕਦਾ ਹੈ।

  4. ਸਰਬੱਤ ਖਾਲਸਾ ਦੀ ਇਕੱਤਰਤਾ ਸਾਲ ਵਿੱਚ ਦੋ ਵਾਰ ਅਰਥਾਤ ਵਿਸਾਖੀ ਅਤੇ ਦੀਵਾਲੀ ਤੋਂ ਇੱਕ ਹਫ਼ਤਾ ਪਹਿਲਾਂ ਹੋਵੇਗੀ ਅਤੇ ਇਸ ਵੱਲੋਂ ਪਾਸ ਕੀਤੇ ਗੁਰਮਤੇ ਵਿਸਾਖੀ ਜਾਂ ਦੀਵਾਲੀ ਵਾਲੇ ਦਿਨ ਸੰਗਤਾਂ ਦੇ ਇਕੱਠ ਵਿੱਚ ਸੰਦੇਸ਼ ਦੇ ਰੂਪ ਵਿੱਚ ਜਥੇਦਾਰ ਵੱਲੋਂ ਐਲਾਨ ਕੀਤੇ ਜਾਣਗੇ।

  5. ਸਰਬੱਤ ਖਾਲਸੇ ਦੀ ਇਕੱਤਰਤਾ ਲਗਾਤਾਰ ਤਿੰਨ ਦਿਨ ਚੱਲੇਗੀ ਅਤੇ ਇਸ ਦੇ ਸੰਚਾਲਨ ਬਾਰੇ ਖਾਲਸਾ ਪੰਥ ਨੇ ਇਹ ਫੈਸਲਾ ਕਰਨਾ ਹੈ ਕਿ ਇਹ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਹੋਵੇ ਜਾਂ ਸਲਾਹਕਾਰ ਬੋਰਡ ਇਸ ਦਾ ਸੰਚਾਲਨ ਕਰੇ।

  6. ਪੰਜ ਪਿਆਰਿਆਂ ਵਿੱਚੋਂ ਜਾਂ ਸਲਾਹਕਾਰ ਬੋਰਡ ਦੇ ਮੈਂਬਰਾਂ ਵਿਚੋਂ ਕਨਵੀਨਰ ਜਾਂ ਕੋਈ ਹੋਰ ਵਿਅਕਤੀ ਸਲਾਹਕਾਰ ਬੋਰਡ ਦੀ ਸਲਾਹ ਨਾਲ ਸਪੀਕਰ ਦੇ ਤੌਰ ‘ਤੇ ਕੰਮ ਕਰੇਗਾ ਅਤੇ ਸਾਰੇ ਹਾਊਸ ਨੂੰ ਜ਼ਾਬਤੇ ਵਿੱਚ ਰੱਖੇਗਾ।

  7. ਜਥੇਦਾਰ ਲੋੜ ਪੈਣ ‘ਤੇ ਗੁਰਮਤਿਆਂ ਦੀ ਵਿਆਖਿਆ, ਗੁਰਮਤੇ ਦੀ ਭਾਵਨਾ ਮੁਤਾਬਕ ਹੀ ਕਰੇਗਾ ਅਤੇ ਕਿਸੇ ਵੀ ਹਾਲਤ ਵਿੱਚ ਉਹ ਸਰਬੱਤ ਖਾਲਸੇ ਦੀ ਸਮੁੱਚੀ ਭਾਵਨਾ ਤੇ ਰੂਹਾਂ ਤੋਂ ਲਾਂਭੇ ਨਹੀਂ ਹੋਵੇਗਾ। ਵੈਸੇ ਜਥੇਦਾਰ ਦਾ ਰੋਲ ਅਤੇ ਉਸ ਦਾ ਅਧਿਕਾਰ ਖੇਤਰ ਇੱਕ ਵੱਖਰੇ ਲੇਖ ਦੀ ਮੰਗ ਕਦਰਾ ਹੈ, ਜਿਸ ਬਾਰੇ ਸੰਗਤਾਂ ਨੇ ਵਿਚਾਰ ਕਰਨਾ ਹੈ। ਇਹ ਵਿਚਾਰ ਵੀ ਕੀਤਾ ਜਾਣਾ ਹੈ ਕਿ ਜਥੇਦਾਰ ਨੂੰ ਕਿਨ੍ਹਾਂ ਹਾਲਤਾਂ ਵਿੱਚ ਹਟਾਇਆ ਜਾਣਾ ਜ਼ਰੂਰੀ ਹੈ ਅਤੇ ਉਸ ਨੂੰ ਹਟਾਉਣ ਦੀ ਪ੍ਰਕਿਰਿਆ ਕੀ ਹੋ ਸਕਦੀ ਹੈ।

  8. ਸਰਬੱਤ ਖਾਲਸੇ ਦੇ ਪ੍ਰਤੀਨਿਧਾਂ ਦੇ ਅਧਿਕਾਰ ਖੇਤਰ ਵੀ ਅਜੇ ਨਿਸਚਿਤ ਕੀਤੇ ਜਾਣੇ ਹਨ।

  9. ਸਰਬੱਤ ਖਾਲਸੇ ਦੇ ਫੈਸਲਿਆਂ ਨੂੰ ਲਾਗੂ ਕਰਾਉਣ ਲਈ ਢੰਗ ਤਰੀਕੇ ਅਖ਼ਤਿਆਰ ਕਰਨ ਬਾਰੇ ਵੀ ਵਿਦਵਾਨਾਂ ਨੇ ਵਿਚਾਰ ਕਰਨਾ ਹੈ।

  10. ਖਾਲਸਾ ਪੰਥ ਨੇ ਉਸ ਅਸਥਾਈ ਕਮੇਟੀ ਦੇ ਮੈਂਬਰਾਂ ਨੂੰ ਵੀ ਚੁਣਨਾ ਹੈ, ਜਿਸ ਨੇ ਸਰਬੱਤ ਖਾਲਸੇ ਦੇ ਪੁਨਰਗਠਨ ਦਾ ਰੋਲ ਅਦਾ ਕਰਨਾ ਹੈ। ਜਿਉਂ ਹੀ ਸਰਬੱਤ ਖਾਲਸਾ ਵਜੂਦ ਵਿੱਚ ਆ ਜਾਵੇਗਾ, ਤਿਉਂ ਹੀ ਇਹ ਅਸਥਾਈ ਕਮੇਟੀ ਭੰਗ ਹੋ ਜਾਵੇਗੀ ਅਤੇ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਸਰਬੱਤ ਖਾਲਸੇ ਨੂੰ ਸੌਂਪ ਦੇਵੇਗੀ।

  11. ਖਾਲਸਾ ਪੰਥ ਨੇ ਅਕਾਲ ਤਖ਼ਤ ਦੇ ਸਕੱਤਰੇਤ ਬਾਰੇ, ਮਾਹਰਾਂ ਦੀ ਕਮੇਟੀ ਬਾਰੇ, ਸਲਾਹਕਾਰ ਬੋਰਡ ਦੀਆਂ ਤਾਕਤਾਂ ਬਾਰੇ ਅਤੇ ਜਥੇਦਾਰ ਦੇ ਅਧਿਕਾਰ ਖੇਤਰ ਬਾਰੇ ਅਜੋ ਹੋਰ ਲੰਮਾ ਚੌੜਾ ਵਿਚਾਰ ਵਟਾਂਦਰਾ ਕਰਨਾ ਹੈ, ਜਿਸ ਬਾਰੇ ਸਬੰਧਤ ਵਿਦਵਾਨਾਂ ਅਤੇ ਮਾਹਰਾਂ ਨਾਲ ਵਿਚਾਰ ਕੀਤੇ ਜਾਣੇ ਚਾਹੀਦੇ ਹਨ।

ਇਤਿਹਾਸ ਸਾਨੂੰ ਇਹ ਰੌਸ਼ਨੀ ਦਿੰਦਾ ਹੈ ਕਿ ਜੇਕਰ ਅਸੀਂ ਸਰਬੱਤ ਖਾਲਸੇ ਦੇ ਮਹਾਨ ਵਿਚਾਰ ਨੂੰ ਅੱਜ ਦੀਆਂ ਹਾਲਤਾਂ ਵਿੱਚ ਇਤਿਹਾਸ ਦੇ ਵਿਹੜੇ ਵਿੱਚ ਉਤਰਣਾ ਹੈ ਜਾਂ ਇਤਿਹਾਸ ਵਿੱਚ ਮਾਰਚ ਕਰਵਾਉਣਾ ਹੈ ਤਾਂ ਸਾਨੂੰ ਸਰਬੱਤ ਖਾਲਸੇ ਦੇ ਢਾਂਚੇ ਦੀ ਸਿਰਜਣਾ ‘ਤੇ ਪੂਰਾ ਜ਼ੋਰ ਲਾਉਣਾ ਪੈਣਾ ਹੈ। ਜੇ ਕੋਈ ਇਹ ਸਵਾਲ ਕਰੇ ਕਿ ਸਰਬੱਤ ਖਾਲਸਾ ਕੀ ਹੈ ਤਾਂ ਇਹ ਵਿਚਾਰਧਾਰਕ ਜਜ਼ਬਿਆਂ ਅਤੇ ਤਕਨੀਕ ਦਾ ਖੂਬਸੂਰਤ ਸੁਮੇਲ ਹੈ ਜੋ ਇੱਕੋ ਸਮੇਂ ਰੂਹਾਨੀ ਵੀ ਹੈ ਅਤੇ ਦੁਨਿਆਵੀ ਵੀ ਹੈ। ਹੁਣ ਤੱਕ ਸਰਬੱਤ ਖਾਲਸੇ ਦੇ ਸੰਕਲਪ ਅਤੇ ਵਿਚਾਰ ‘ਤੇ ਤਾਂ ਕਾਫ਼ੀ ਬਹਿਸ ਹੋਈ ਹੈ ਅਤੇ ਵਿਦਵਾਨਾਂ ਨੇ ਅਕਾਲ ਤਖ਼ਤ ਸਾਹਿਬ ਬਾਰੇ 7-8 ਪੁਸਤਕਾਂ ਵੀ ਲਿਖੀਆਂ ਹਨ, ਪਰ ਕਿਸੇ ਨੇ ਵੀ ਢਾਂਚੇ ‘ਤੇ ਨਿੱਠ ਕੇ ਵਿਚਾਰ ਨਹੀਂ ਕੀਤਾ ਅਤੇ ਨਾ ਹੀ ਪੁਰਾਤਨ ਢਾਂਚੇ ਬਾਰੇ ਕੋਈ ਸਪਸ਼ਟ ਰੂਪ ਰੇਖਾ ਪੇਸ਼ ਕੀਤੀ ਹੈ। ਅੱਜ ਦੀ ਇਹ ਮਹਾਨ ਇਕੱਤਰਤਾ ਜੇਕਰ ਸਰਬੱਤ ਖਾਲਸੇ ਦਾ ਕੋਈ ਇਹੋ ਜਿਹਾ ਢਾਂਚਾ ਤਿਆਰ ਕਰ ਦਿੰਦੀ ਹੈ ਜੋ ਤਕਨੀਕੀ ਪੱਖ ਤੋਂ ਸੰਪੂਰਨ ਹੋਵੇ ਅਤੇ ਹਰ ਬਾਰੀਕੀ ਦਾ ਇਸ ਵਿੱਚ ਖਿਆਲ ਰੱਖਿਆ ਜਾਵੇ ਤਾਂ ਅਸੀਂ ਆਪਣੀ ਮੰਜ਼ਿਲ ਦੇ ਕਰੀਬ ਪਹੁੰਚ ਜਾਵਾਂਗੇ। ਇਸ ਦਿਸ਼ਾ ਵਿੱਚ ਸਾਨੂੰ ਸਾਰਿਆਂ ਨੂੰ ਜਾਗਣ, ਵਾਰ-ਵਾਰ ਜਾਗਣ ਅਤੇ ਲਗਾਤਾਰ ਜਾਗਣ ਦੀ ਜ਼ਰੂਰਤ ਹੈ, ਕਿਉਂਕਿ ਗੁਰਬਾਣੀ ਨੇ ਵੀ ਇਹੋ ਐਲਾਨ ਕੀਤਾ ਹੈ ਜੋ ਇੱਕ ਤਰ੍ਹਾਂ ਨਾਲ ਸਾਡੇ ਸਾਰਿਆਂ ਲਈ ਪਿਆਰ ਭਰੀ ਚਿਤਾਵਨੀ ਵੀ ਹੈ:-

ਮਨ ਮੇਰੇ, ਅਨ ਦਿਨੁ ਜਾਗੁ ਹਰਿ ਚੇਤਿ।।
ਆਪਣੀ ਖੇਤੀ ਰਾਖਿ ਲੈ ਕੂੰਜ ਪੜੈਗੀ ਖੇਤਿ।।

ਸਹਾਇਕ ਰਚਨਾਵਾਂ ਅਤੇ ਪੁਸਤਕਾਂ

  • ਹੁਕਮਨਾਮੇ, ਆਦੇਸ਼, ਸੰਦੇਸ਼- ਰੂਪ ਸਿੰਘ

  • ਸਿੱਖ ਤਵਾਰੀਖ਼ ਵਿੱਚ ਅਕਾਲ ਤਖ਼ਤ ਸਾਹਿਬ ਦਾ ਰੋਲ- ਡਾ. ਹਰਜਿੰਦਰ ਸਿੰਘ ਦਿਲਗੀਰ

  • ਪੰਥਕ ਦਸਤਾਵੇਜ਼- ਸੰਪਾਦਕ ਕਰਮਜੀਤ ਸਿੰਘ, ਨਰੈਣ ਸਿੰਘ

  • ਮਹਾਨ ਕੋਸ਼- ਭਾਈ ਕਾਨ ਸਿੰਘ

  • The Encylopaedia of Sikhism- Editor-in chief Harbans Singh

  • The Sikh Reference Book-Dr. Harjinder Singh Dilgir Glimpses of Sarbat Khalsa in the eighteenth Century- Prof. Rajinder Singh

  • Need to give a new shap to the ‘Sarbat Khalsa’- The Spokesman Bureau

  • ‘Langar’ Cotroversy and the Sarbat Khalsa- Dr. Kuldip Singh

  • The Origin of Sarbat Khalsa- Brig. Hardit Singh Kapoor (Retd.)

  • ਸਿੰਘ ਸਾਹਿਬਾਨ ਦੀ ਸ਼ਖ਼ਸੀਅਤ-ਪਦਵੀ ਦੀ ਸੰਸਥਾ, ਭੂਮਿਕਾ ਅਤੇ ਅਧਿਕਾਰ ਖੇਤਰ- ਭਾਈ ਹਰਸਿਮਰਨ ਸਿੰਘ

  • ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਰਬੱਤ ਖਾਲਸਾ- ਨਰਿੰਦਰਬੀਰ ਸਿੰਘ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top