ਕੈਸਾ
ਇਤਫ਼ਾਕੀਆ ਮੌਕਾ-ਮੇਲ ਹੈ। ਪੂਰੇ 13 ਸਾਲ ਪਹਿਲਾਂ ਸੰਨ 2002 ਦਾ ਅਕਤੂਬਰ ਮਹੀਨਾ
ਹੀ ਸੀ ਓਦੋਂ, ਜਦ ਮੈਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੁੰਦਿਆਂ ਬਾਦਲ ਦਲ ਤੋਂ ਬਾਗੀ ਹੋਇਆ
ਸਾਂ। ਹੁਣ 2015 ਦੇ ਅਕਤੂਬਰ ਵਿੱਚ ਬਾਦਲ ਦਲ ਤੋਂ ਕਿਨਾਰਾ ਕਰਦੇ ਜਾ ਰਹੇ ਕਈ ਸ਼੍ਰੋਮਣੀ
ਕਮੇਟੀ ਮੈਂਬਰਾਂ ਦੀਆਂ ਖ਼ਬਰਾਂ ਪੜ੍ਹ ਕੇ ਮੈਨੂੰ ਆਪਣੇ ਉਹ ਦਿਨ ਯਾਦ ਆ ਗਏ, ਜਦੋਂ ਮੈਨੂੰ
ਵੀ ਪੰਥਪ੍ਰਸਤਾਂ ਦੀਆਂ ਵਧਾਈਆਂ ਦਾ ਤਾਂਤਾ ਲੱਗਿਆ ਸੀ।
ਬੀਤੇ ਸਮੇਂ ਵਿੱਚ ਹੋਈਆਂ-ਬੀਤੀਆਂ ਘਟਨਾਵਾਂ ਦਾ ਵਰਤਮਾਨ ਨਾਲ਼ ਟਾਕਰਾ
ਕਰਦਿਆਂ ਬੰਦਾ ਅਸਚਰਜ ਹੋ ਉੱਠਦਾ ਹੈ। ਹੁਣ ਦੇ 2015 ਵਾਲ਼ੇ ਅਕਤੂਬਰ ਮਹੀਨੇ, ਜਿਸ ਸੌਦਾ
ਸਾਧ ਦੇ ਮੁਆਫ਼ੀਨਾਮੇ ਤੋਂ ਵਿਗੜੇ ਪੰਥਕ ਹਾਲਾਤ ਸਦਕਾ ਸ਼੍ਰੋਮਣੀ ਕਮੇਟੀ ਦੇ ਮੈਂਬਰ, ਇੱਕ
ਤੋਂ ਬਾਅਦ ਇੱਕ ਬਗ਼ਾਵਤ ਕਰਦੇ ਜਾ ਰਹੇ ਨੇ। ਇਸੇ ਸੌਦਾ ਬਾਬੇ ਦੀ ਓਸ ਦਿਨ ਡੱਬਵਾਲੀ ਸ਼ਹਿਰ
ਵਿੱਚ ਗਰਮਾ-ਗਰਮ ਚੁਰ-ਚੁਰਾ ਚੱਲ ਰਹੀ ਸੀ ਕਿ ਉਸ ਦੇ ਪੈਰੋਕਾਰਾਂ ਨੇ ‘ਰਾਮ ਚੰਦਰ ਛਤਰਪਤੀ’
ਨਾਂ ਦੇ ਇੱਕ ਪੱਤਰਕਾਰ ਨੂੰ ਗੋਲ਼ੀਆਂ ਮਾਰ ਕੇ ਹਲਾਕ ਕਰ ਦਿੱਤਾ ਹੈ। ਅਖ਼ਬਾਰਾਂ ਦੇ ਸਟਾਲ
’ਤੇ ਖੜ੍ਹੀ ਭੀੜ ਦੇ ਮੂੰਹੋਂ ਮੈਂ ਅਜਿਹੀਆਂ ਗੱਲਾਂ ਸੁਣੀਆਂ।
ਇਹ ਸੰਨ 2002 ਦੇ ਅਕਤੂਬਰ ਮਹੀਨੇ ਦੀ
23 ਅਤੇ 24 ਤਰੀਕ ਦੀ ਵਿਚਕਾਰਲੀ ਰਾਤ ਸੀ, ਜਦੋਂ ਮੈਂ ਹਰਿਆਣਾ ਸਥਿਤ ‘ਚੌਟਾਲਾ
ਫ਼ਾਰਮ’ ਤੋਂ ‘ਅਜ਼ਾਦ’ ਹੋਇਆ ਸਾਂ। ਕਿਲ੍ਹਾਨੁਮਾ ਉਸ ਫ਼ਾਰਮ ਦੇ ਦੋਹਾਂ ਵੱਡੇ ਗੇਟਾਂ ’ਤੇ
ਹਰਿਆਣਾ ਪੁਲੀਸ ਦਾ ਪਹਿਰਾ ਹੋਣ ਕਰਕੇ ਮੈਂ ਆਪਣੇ ਦੋ ਸਾਥੀ ਮੈਂਬਰਾਂ ਦੀ ਮਦਦ ਨਾਲ਼ ਅੱਧੀ
ਰਾਤ ਤੋਂ ਬਾਅਦ ਢਾਈ ਕੁ ਵਜੇ ਬਾਹਰ ਨਿਕਲ਼ਿਆ ਸਾਂ।
ਸਮੇਂ ਦਾ ਹੇਰ-ਫੇਰ ਵੇਖੋ। ਸੌਦਾ ਸਾਧ ਦੀਆਂ ਵੋਟਾਂ ਲਈ ਬਿਹਬਲ ਹੋ
ਕੇ ਅੱਜ ਚੱਕਰਵਿਊ ਵਿੱਚ ਫਸਿਆ ਹੋਇਆ ਜਾਪਦਾ ਸੁਖਬੀਰ ਬਾਦਲ, ਸਾਨੂੰ ਐਸ.ਜੀ.ਪੀ.ਸੀ.
ਮੈਂਬਰਾਂ ਨੂੰ ਖੁੱਡੇ ’ਚ ਤਾੜਨ ਵਾਂਗ, ਜਿਨ੍ਹਾਂ ਚੌਟਾਲਿਆਂ ਦੇ ਮਹੱਲ ਵਿੱਚ ਵਾੜ ਆਇਆ
ਸੀ, ਅੱਜ ਉਹ ਚੌਟਾਲੇ ਸੌਦੇ ਸਾਧ ਨੂੰ ਆਪਣਾ ‘ਦੁਸ਼ਮਣ’ ਮੰਨਦੇ ਹਨ। ਇਸੇ ਕਿੜ ਸਦਕਾ ਚੌਟਾਲਾ
ਪਰਿਵਾਰ ਨੇ ਬਾਦਲਾਂ ਦੇ ਉਲ਼ਟ ਜਾ ਕੇ ਸੌਦਾ ਸਾਧ ਦੇ ‘ਮੁਆਫ਼ੀਨਾਮੇ’ ਅਤੇ ‘ਰੱਦ-ਨਾਮੇ’ ਦੀ
ਵਿਰੋਧਤਾ ਕਰ ਰਹੇ ਸਿੱਖਾਂ ਦੀ ਡਟ ਕੇ ਹਮਾਇਤ ਕੀਤੀ ਹੈ।
ਚਲੋ ਖੈਰ, ਇਹ ਸਾਰਾ ਬਿਰਤਾਂਤ ਮੈਂ ਕਈ ਸਾਲ ਪਹਿਲੋਂ ਲਿਖੇ ਦੋ ਲੇਖਾਂ
ਵਿੱਚ ਕਰ ਚੁੱਕਾ ਹਾਂ, ਕਿ ਚੌਟਾਲਿਆਂ ਦੇ ਜੰਗਲ ਜਿਹੇ ਵਿੱਚ ਸਥਿਤ ਫਾਰਮ ਤੋਂ ਪੰਜ=ਛੇ
ਮੀਲ ਪੈਦਲ ਚੱਲ ਕੇ ਫਿਰ ਇੱਕ ਰਾਹ ਜਾਂਦੇ ਟਰੈਕਟਰ ’ਤੇ ਬਹਿ ਕੇ ਕਿਵੇਂ ਡੱਬਵਾਲੀ
ਪਹੁੰਚਿਆ ਸਾਂ।
ਹਥਲੇ ਲੇਖ ਵਿੱਚ
ਤਾਂ ਮੈਂ ਬਾਦਲ ਦਲ ਤੋਂ ਬਾਗੀ ਹੋਣ ਉਪਰੰਤ ਆਉਣ ਵਾਲੀਆਂ ‘ਮੁਸੀਬਤਾਂ’ ਦੀ ਕਥਾ ਕਹਿਣ ਦੀ
ਕੋਸ਼ਿਸ਼ ਕਰ ਰਿਹਾ ਹਾਂ ਕਿ ਬਾਗੀਆਂ ਦੀ ਮੁੜ ‘ਘਰ-ਵਾਪਸੀ’ ਕਰਨ-ਕਰਾਉਣ ਲਈ
ਕੈਸੀਆਂ-ਕੈਸੀਆਂ ਪੇਸ਼ਕਸ਼ਾਂ ਹੁੰਦੀਆਂ ਨੇ। ਤੇ ਉਹਨਾਂ ਨੂੰ ਕਿਹੋ ਜਿਹੇ ਹਾਲਾਤਾਂ ਵਿੱਚੋਂ
ਗੁਜ਼ਰਨਾ ਪੈਂਦਾ ਹੈ। ਓਦੋਂ ਐਨੀਆਂ ਮਹਿੰਗੀਆਂ ਅਤੇ ‘ਉਮਰ ਭਰ ਦੀਆਂ ਰੋਟੀਆਂ’ ਸਮਝੀਆਂ
ਜਾਂਦੀਆਂ ‘ਸ਼ਾਹੀ ਆਫ਼ਰਾਂ’ ਠੁਕਰਾਉਣ ਲਈ ਕਿੰਨਾ ਵੱਡਾ ਜਿਗਰਾ ਤੇ ਸਿਦਕ ਚਾਹੀਦਾ ਹੁੰਦਾ ਹੈ
ਇੱਕ ਬਾਗੀ ਵਿੱਚ। ਇਹ ਓਹੀ ਬੰਦਾ ਜਾਣ ਸਕਦਾ ਹੈ, ਜਿਸ ਦਾ ਕਦੀ ਅਜਿਹੇ ‘ਕੁੱਤੇ ਕੰਮਾਂ’
ਨਾਲ਼ ਵਾਹ ਪਿਆ ਹੋਵੇ। ਅਜਿਹੇ ਮੌਕਿਆਂ ’ਤੇ ਵਿਕਾਊ ਬੰਦੇ ਆਪਣਾ ਮੁੱਲ ਵੀ ਪੁਆ ਲੈਂਦੇ ਨੇ,
ਪਰ ਕਿਸੇ ਸਿਧਾਂਤ ਨੂੰ ਪ੍ਰਣਾਏ ਸਿਰੜੀ ਤੇ ਸਿਦਕੀ ਮਰਦ ਆਪਣੇ ਅੱਗੇ ਇਹ ਮਾਟੋ ਰੱਖਦੇ ਹਨ:
‘ਜੱਗ ਹੀ ਬਦਲ, ਬਦਲ ਫਿਰ ਬਦਲੇ
ਸਰਮੱਦ ਨਾ ਸੁਕਰਾਤ ਬਦਲਦੇ।’
ਬਾਦਲ ਦਲ ਤੋਂ ਬੰਦ-ਖ਼ਲਾਸੀ ਦੀ ਤਰੀਕ 24
ਅਕਤੂਬਰ ਤੋਂ ਲੈ ਕੇ, ਉਸ ਵਰ੍ਹੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਦੂਸਰੇ ਅਹੁਦੇਦਾਰਾਂ
ਦੀ ਚੋਣ ਵਾਸਤੇ ਨੀਯਤ ਮਿਤੀ 12 ਨਵੰਬਰ ਤਕ ਲਗਭਗ 20 ਦਿਨ ਮੈਂ ਕਿਵੇਂ ਗੁਜ਼ਾਰੇ?
ਇਹ ਵੀਹਾਂ ਦਿਨਾਂ ਦੀ ਦਾਸਤਾਂ, ਪੁਰਾਣੇ ਜ਼ਖ਼ਮਾਂ ਵਾਂਗ ਹੁਣ ਮੁੜ ਹਰੀ ਹੋ ਗਈ, ਜਦ ਮੈਂ
ਐਸ.ਜੀ.ਪੀ.ਸੀ. ਮੈਂਬਰਾਂ ਦੇ ਅਸਤੀਫ਼ਿਆਂ ਬਾਰੇ ਪੜ੍ਹਿਆ। ਮੈਨੂੰ ਉਹ ਸਮਾਂ ਯਾਦ ਆਇਆ, ਜਦ
ਬਾਦਲ ਦਲ ਦੇ ਸੀਨੀਅਰ ਆਗੂਆਂ ਵੱਲੋਂ ਆਪਣੇ ਘਰ ਦੇ ਲਗਾਤਾਰ ਮਾਰੇ ਜਾ ਰਹੇ ਗੇੜਿਆਂ ਤੋਂ
ਤੰਗ ਆ ਕੇ ਮੈਂ ‘ਰੂਪੋਸ਼’ ਹੋ ਗਿਆ ਸਾਂ।
24-25 ਅਕਤੂਬਰ 2002 ਦੀ ਰਾਤ
ਨੂੰ ਆਪਣੇ ਪਿੰਡ ਪਹੁੰਚ ਕੇ ਮੈਂ ਦੂਜੇ ਦਿਨ ਆਮ ਵਾਂਗ ਹੀ ਢਾਹਾਂ-ਕਲੇਰਾਂ ਹਸਪਤਾਲ (ਬੰਗਾ)
ਜਾਣਾ ਸ਼ੁਰੂ ਕਰ ਦਿੱਤਾ, ਜਿੱਥੇ ਮੈਂ ਆਪਣੀ ਰੋਜ਼ੀ ਰੋਟੀ ਚਲਾਉਣ ਲਈ ਜੌਬ ਕਰਦਾ ਸਾਂ। ਨਵਾਂ
ਸ਼ਹਿਰ ਵਿੱਚੀਂ ਲੰਘਣ ਵੇਲ਼ੇ ਮੈਂ ਇੱਕ ਬਿਆਨ ਲਿਖ ਕੇ ਸਾਰੀਆਂ ਅਖ਼ਬਾਰਾਂ ਦੇ ਪੱਤਰਕਾਰਾਂ ਤਕ
ਪਹੁੰਚਦਾ ਕਰ ਦਿੱਤਾ। ਜਿਸ ਵਿੱਚ ਮੈਂ ਕੁਝ ਅਜਿਹੀ ਇਬਾਰਤ ਲਿਖੀ ਕਿ ਮੈਂ ਕਿਸੇ ਡਰ, ਦਬਾਅ
ਜਾਂ ਲਾਲਚ ਅਧੀਨ ਵੋਟ ਨਹੀਂ ਪਾਉਣੀ। ਸਗੋਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਚੋਣ ਮੌਕੇ
ਮੈਂ ਆਪਣੀ ਮਰਜ਼ੀ ਨਾਲ਼ ਵੋਟ ਪਾਵਾਂਗਾ। ਦੂਜੇ ਦਿਨ ਦੀਆਂ ਅਖ਼ਬਾਰਾਂ ਵਿੱਚ ਮੇਰਾ ਬਿਆਨ ਕਾਹਦਾ
ਛਪਿਆ, ਤਰਥੱਲੀ ਹੀ ਮਚ ਗਈ। ਮੇਰੇ ਮੋਬਾਈਲ ’ਤੇ ਧੜਾਧੜ ਵਧਾਈਆਂ ਦੇ ਫ਼ੋਨ ਆਉਣ ਲੱਗ ਪਏ।
ਨਾਲ਼ ਹੀ ਬਾਦਲ ਦਲੀਏ ਆਗੂਆਂ ਦੇ ਮੈਨੂੰ ‘ਪਤਿਆਉਣ’ ਵਾਲ਼ੇ ਸੁਨੇਹੇ ਵੀ ਮਿਲ਼ਣੇ ਸ਼ੁਰੂ ਹੋ ਗਏ।
ਜਿੱਥੋਂ ਤਕ ਮੈਨੂੰ ਯਾਦ ਹੈ ਕਿ ਹਰਿਆਣੇ ਤੋਂ ਆ ਕੇ ਮੈਂ ਮੁਸ਼ਕਿਲ
ਨਾਲ਼ ਚਾਰ-ਪੰਜ ਕੁ ਰਾਤਾਂ ਹੀ ਆਪਣੇ ਘਰੇ ਚੈਨ ਨਾਲ਼ ਸੁੱਤਾ ਹੋਵਾਂਗਾ। ਇਹਨਾਂ ਚੌਂਹ ਕੁ
ਦਿਨਾਂ ਵਿੱਚ ਵਧਾਈਆਂ ਅਤੇ ਮੁਫ਼ਤ ਦੀਆਂ ਭਾਂਤ-ਸੁਭਾਂਤੀਆਂ ਸਲਾਹਾਂ ਦੇਣ ਵਾਲ਼ਿਆਂ ਨੇ ਮੇਰੀ
ਮੱਤ ਹੀ ਮਾਰ ਦਿੱਤੀ। ਇੱਕ ਦਿਨ ਸੁਬ੍ਹਾ-ਸਵੇਰੇ ਹੀ ਸ੍ਰੀ
ਚੰਦੂਮਾਜਰਾ ਜੀ ਆਪਣੇ ਕੁਝ ਸਾਥੀਆਂ ਨਾਲ਼ ਸਾਡੇ ਘਰੇ ਪਹੁੰਚ ਗਏ, ਜੋ ਕਿ ਓਦੋਂ
ਟੌਹੜਾ ਜੀ ਵਾਲ਼ੇ ‘ਸਰਬ ਹਿੰਦ ਅਕਾਲੀ ਦਲ’ ਦੀ ਸ਼ੋਭਾ ਵਧਾ ਰਹੇ ਸਨ। ਗਾਡਰਾਂ-ਬਾਲਿਆਂ ਵਾਲ਼ੇ
ਮੇਰੇ ਸਧਾਰਨ ਜਿਹੇ ਘਰ ਵੱਲ ਵੇਖਦਿਆਂ, ਉਹਨਾਂ ਮੇਰੀ ਪਿੱਠ ਥਾਪੜ ਕੇ ਆਖਿਆ:
“ਆਹ ਤਾਂ ਗੁਰੂ ਕਾ ਭਾਈ ਲਾਲੋ, ਹੰਕਾਰੀ
ਮਲਿਕ ਭਾਗੋ ਨੂੰ ਛੱਡ ਕੇ ਆਇਆ ਐ ਬਈ...।”
ਜਿੰਨਾ ਚਿਰ ਪ੍ਰੋਫੈਸਰ ਚੰਦੂਮਾਜਰਾ ਜੀ
ਅਤੇ ਉਹਨਾਂ ਦੇ ਨਾਲ਼ ਆਏ ਸਾਥੀ ਮੇਰੇ ਕੋਲ਼ ਬੈਠੇ ਰਹੇ, ਉਹਨਾਂ ਸਭ ਨੇ ਬਾਦਲਾਂ ਦੀ ਬਦਖੋਹੀ
ਵਾਲ਼ੇ ਰਿਕਾਰਡ ਉੱਤੋਂ ਸੂਈ ਨਹੀਂ ਸੀ ਚੁੱਕੀ।
ਸੁੱਖ-ਸਬੀਲੀ ਵਾਲ਼ੀ ਇਸ ਮਿਲਣੀ ਤੋਂ ਬਾਅਦ ਜਿਉਂ-ਜਿਉਂ ਸ਼੍ਰੋਮਣੀ
ਕਮੇਟੀ ਦੇ ਨਿਰਧਾਰਤ ਇਜਲਾਸ ਦੀ ਤਰੀਕ ਨੇੜੇ ਆਉਂਦੀ ਗਈ, ਤਿਉਂ-ਤਿਉਂ ਮੇਰਾ ‘ਕਾਫੀਆ ਤੰਗ’
ਹੁੰਦਾ ਗਿਆ। ਬੰਗਾ, ਬਲਾਚੌਰ ਤੇ ਨਵਾਂ ਸ਼ਹਿਰ ਹਲਕਿਆਂ ਦੇ
ਅਕਾਲੀ ਆਗੂ ਮੇਰੇ ਮਗਰ ਲੱਗ ਗਏ। ਸਵੇਰੇ-ਸ਼ਾਮ ਸਾਡੇ ਘਰ ਨੂੰ ਵਹੀਰਾਂ ਘੱਤੀ ਆਉਣ।
ਇੱਕੋ ਹੀ ਗੱਲ- ‘ਚਲੋ ਜੀ ਤੁਹਾਨੂੰ ਬਾਦਲ ਸਾਹਬ ਨੇ ਬੁਲਾਇਆ ਹੈ..।’ ਇਸ ਸਿਰ ਖਪਾਈ ਤੋਂ
ਬਚਣ ਲਈ ਮੈਂ ਰੂਪੋਸ਼ ਹੋਣ ਦਾ ਫ਼ੈਸਲਾ ਕਰ ਲਿਆ।
ਆਪਣੇ ਸਲਾਹੂ-ਮਿੱਤਰ ‘ਗਿਆਨੀ ਹਰਬੰਸ ਸਿੰਘ ਭਾਰਟਾ’ ਦੇ ਇੱਕ
ਐੱਨ.ਆਰ.ਆਈ. ਦੋਸਤ ਦੀ ਕੋਠੀ ਨਵਾਂ ਸ਼ਹਿਰ ਖ਼ਾਲੀ ਪਈ ਸੀ। ਸੋ ਓਥੇ ਮੈਂ ਗੁਪਤਵਾਸ ਕਰ ਲਿਆ।
ਪੂਰੀਆਂ ਸੁੱਖ ਸਹੂਲਤਾਂ ਵਾਲ਼ੀ ਕੋਠੀ ਵਿੱਚ ਸਵੇਰੇ ਸ਼ਾਮ ਰੋਟੀ ਪਾਣੀ ਮੈਨੂੰ ਗਿਆਨੀ ਹਰਬੰਸ
ਸਿੰਘ ਜੀ ਦੇ ਜਾਂਦੇ। ਰਾਤ ਨੂੰ ਅਸੀਂ ਦੋਵੇਂ ਜਣੇ ਗਈ ਰਾਤ ਤਕ ਮੌਕੇ ਦੀ ਪੰਥਕ ਸਿਆਸਤ
ਬਾਰੇ ਜਾਂ ਗੁਰਬਾਣੀ ਦੇ ਗੋਹਜ ਗਿਆਨ ਬਾਰੇ ਚਰਚਾ ਕਰਦੇ ਰਹਿੰਦੇ। ਸਾਡੇ ਦੋਹਾਂ ਤੋਂ ਸਿਵਾ
ਇਸ ਟਿਕਾਣੇ ਬਾਰੇ ਕਿਸੇ ਨੂੰ ਨਹੀਂ ਸੀ ਪਤਾ। ਮੈਂ ਤਾਂ ਇੱਥੇ ਅਨੰਦ-ਮੰਗਲ ਕਰ ਰਿਹਾ ਸਾਂ,
ਪਰ ਸਾਡੇ ਘਰ ਦੇ ਜੀਅ, ਅਕਾਲੀ ਲੀਡਰਾਂ ਨਾਲ਼ ਮੱਥਾ ਮਾਰ-ਮਾਰ ਖ਼ਫ਼ਾ ਹੋਏ ਪਏ ਸਨ। ਕਦੇ ਸਾਡੇ
ਘਰ ਸ. ਕਿਰਪਾਲ ਸਿੰਘ ਬਡੂੰਗਰ ਪਹੁੰਚ ਜਾਂਦੇ, ਕਦੇ ਬੀਬੀ ਜਗੀਰ ਕੌਰ। ਕੋਈ ਮੇਰੇ ਬਾਰੇ
ਦੱਸ ਦੇਣ ਲਈ ਮੇਰੀ ਪਤਨੀ ਦੇ ‘ਹਾੜ੍ਹੇ’ ਕੱਢੀ ਜਾਂਦਾ ਤੇ ਕੋਈ ਮੇਰੇ ਬੱਚਿਆਂ ਨੂੰ
‘ਪੁਚਕਾਰ’ ਕੇ ਸੂਹ ਕੱਢਣ ਦੀ ਕੋਸ਼ਿਸ਼ ਕਰਦਾ। ਪਰ ਕਿਸੇ ਨੂੰ ਵੀ ਸਫ਼ਲਤਾ ਨਾ ਮਿਲ਼ੀ।
ਬੀਬੀ ਜਗੀਰ ਕੌਰ ਤਾਂ ਹੱਸਦਿਆਂ ਹੋਇਆਂ
ਮੇਰੀ ਬੇਟੀ ਨੂੰ ਇਹ ਕਹਿੰਦਿਆਂ ਹੋਇਆਂ ਪੰਜ ਸੌ ਰੁਪਏ ਦਾ ਪਿਆਰ ਦੇ ਆਏ, ਅਖੇ
ਤੇਰੇ ਵਿਆਹ ਨੂੰ ਜਿਹੜਾ ਅਸੀਂ ਸ਼ਗਨ ਦੇਣਾ ਸੀ ਉਹ ਤੇਰੇ ਭਾਪੇ ਨੇ ਸ਼ੈਤਾਨੀ ਕਰ ਕੇ ਹੁਣੇ ਈ
ਲੈ ਲਿਆ।
ਅਕਾਲੀ ਲੀਡਰਾਂ ਦੇ ਕੌਡੀ-ਫੇਰੇ ਤੋਂ ਤੰਗ ਆਈ ਮੇਰੀ ਪਤਨੀ ਨੇ ਖਿੱਝ
ਕੇ ਉਲ਼ਟਾ ਘਰ ਆਏ ਆਗੂਆਂ ਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਮੇਰਾ ਘਰ ਵਾਲ਼ਾ ਤੁਸੀਂ
ਲੁਕਾਇਆ ਹੋਇਆ ਹੈ ਕਿਤੇ। ਘਰੇ ਕੌਣ-ਕੌਣ ਆਇਆ, ਉਸ ਨੇ ਕੀ-ਕੀ ਕਿਹਾ, ਇਹ ਸਾਰੀ ਰਿਪੋਰਟ
ਮੈਨੂੰ ਰਾਤ ਨੂੰ ਗਿਆਨੀ ਭਾਰਟਾ ਜੀ ਦੇ ਫ਼ੋਨ ’ਤੇ ਮਿਲ਼ ਜਾਂਦੀ ਸੀ।
ਆਪਣੇ ਆਪ ਨੂੰ ਘਰ-ਗ੍ਰਹਿਸਥੀ ਦੇ ਧੰਦਿਆਂ ਤਕ ਹੀ ਸੀਮਿਤ ਰੱਖਣ ਵਾਲ਼ੀ
ਮੇਰੀ ਪਤਨੀ ਨੂੰ ਥੋੜਾ ਖ਼ੁਸ਼ ਹੁੰਦਿਆਂ ਇੱਕ ਦਿਨ ਮੈਨੂੰ ਫ਼ੋਨ ’ਤੇ ਦੱਸਿਆ, ਅਖੇ ਅੱਜ ਸ.
ਬਾਦਲ ਨੇ ਫ਼ੋਨ ’ਤੇ ਮੇਰੀਆਂ ਬਹੁਤ ਮਿੰਨਤਾਂ ਕੀਤੀਆਂ। ਕਹਿੰਦੇ- “ਬੀਬਾ ਸਾਨੂੰ ‘ਕਾਕਾ
ਜੀ’ ਬਾਰੇ ਦੱਸ ਦਿਓ, ਉਹ ਕਿੱਥੇ ਨੇ? ਉਹ ਜੋ ਮੰਗਣ ਅਸੀਂ ਦੇਣ ਨੂੰ ਤਿਆਰ ਹਾਂ। ਜੇ ਕਹੋ
ਤਾਂ ਵੱਡੀ ਬੱਸ ਸਮੇਤ ਪਰਮਿਟ ਦੇ, ਸਵੇਰੇ ਤੁਹਾਡੇ ਘਰ ਆ ਜਾਵੇਗੀ। ਪਰ ਸਾਨੂੰ ਇੱਕ ਵਾਰ
ਮਿਲ਼ਾ ਦਿਓ ‘ਜਥੇਦਾਰ ਸਾਬ੍ਹ’ ਨਾਲ਼।”
ਮੈਨੂੰ ਆਪਣੀ ‘ਕੀਮਤ’ ਸੁਣ ਕੇ ਸੁਆਦ ਆ ਗਿਆ।
ਬਿਕਨੇ ਪਰ ਆ ਹੀ ਜਾਓ
ਤੋ ਕੀਮਤੇਂ ਘਟ ਜਾਤੀ ਹੈਂ ਅਕਸਰ
ਨਾ ਬਿਕਨੇ ਕਾ ਇਰਾਦਾ ਹੋ
ਤੋ ਕੀਮਤੇਂ ਔਰ ਬੜ੍ਹ ਜਾਤੀ ਹੈਂ..।
ਪੌਣੇ ਕੁ ਮਹੀਨੇ ਦੇ ਆਪਣੇ ਇਸ
‘ਅਗਿਆਤਵਾਸ’ ਦੌਰਾਨ ਮੈਂ ਬਾਦਲ ਦਲੀਆਂ ਦੇ ਅੜਿੱਕੇ ਆਉਣੋਂ ਤਾਂ ਬਚਿਆ ਰਿਹਾਂ,
ਪਰ ਇੱਕ ਦਿਨ ਅਚਾਨਕ ਸਰਕਾਰੀ ਮਸ਼ੀਨਰੀ ਦੇ ਘੇਰੇ ’ਚ ਆ ਗਿਆ। ਮੈਨੂੰ ਅੱਜ ਤਕ ਨਹੀਂ ਪਤਾ
ਲੱਗਾ ਕਿ ਮੇਰੇ ਲੁਕ-ਛਿਪ ਕੇ ਢਾਹਾਂ ਕਲੇਰਾਂ ਹਸਪਤਾਲੋਂ ਦਵਾਈ ਲੈਣ ਗਏ ਦਾ ਪੁਲੀਸ ਨੂੰ
ਕਿਵੇਂ ਪਤਾ ਲੱਗਾ ਹੋਵੇਗਾ? ਉਹਨੀਂ ਦਿਨੀਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ
ਸਨ, ਜੋ ਟੌਹੜਾ ਸਾਹਬ ਦੀ ਵਿੰਗੀ-ਟੇਢੀ ਮਦਦ ਕਰ ਰਹੇ ਸਨ। ਸਰਕਾਰੀ ਤੰਤਰ ਨੂੰ ਮੇਰੇ ਬਾਰੇ
ਇਹ ਤਾਂ ਪਤਾ ਸੀ ਕਿ ਮੈਂ ਬਾਦਲ ਦਲ ਨੂੰ ਤਿਆਗ ਆਇਆ ਹਾਂ ਪਰ ਮੈਂ ਇਹ ਕਿਤੇ ਵੀ ਜ਼ਿਕਰ ਨਹੀਂ
ਸੀ ਕੀਤਾ ਕਿ ਮੈਂ ਵੋਟ ਕਿਸ ਨੂੰ ਪਾਉਣੀ ਹੈ। ਸੋ ਮੇਰੀ ਇੱਕ ਵੋਟ ਟੌਹੜਾ ਸਾਹਬ ਦੇ ਖੇਮੇ
ਨਾਲ਼ ਜੋੜਨ ਲਈ ਕੈਪਟਨ ਸਾਹਬ ਦੇ ਆਦੇਸ਼ਾਂ ’ਤੇ ਸਰਕਾਰੀ ਤੰਤਰ ਵੀ ਮੇਰੀ ਪੈੜ ਨੱਪ ਰਿਹਾ
ਸੀ। ਤੇਜ਼ ਬੁਖਾਰ ਹੋਣ ਕਰਕੇ ਮੈਂ ਆਪਣੇ ਦੋਸਤ ਦੀ ਕਾਰ ਵਿੱਚ ਢਾਹਾਂ ਕਲੇਰਾਂ ਹਸਪਤਾਲ ਗਿਆ।
ਡਾਕਟਰ ਹਾਲੇ ਸਟੈਥੋਸਕੋਪ ਨਾਲ਼ ਮੇਰੀ ਛਾਤੀ ਚੈੱਕ ਕਰ ਰਿਹਾ ਸੀ ਕਿ ਕਲੀਨਿਕ ਵਿੱਚ
ਐਸ.ਐਸ.ਪੀ. ਨਵਾਂ ਸ਼ਹਿਰ ਆ ਵੜੇ। ਆਉਂਦਿਆਂ ਹੀ ਉਹਨਾਂ ਡਾਕਟਰੀ ਅਮਲੇ ਨੂੰ ‘ਸੌਰੀ’ ਕਹਿ
ਕੇ ਕਮਰੇ ਵਿੱਚੋਂ ਬਾਹਰ ਜਾਣ ਲਈ ਹੁਕਮ ਸੁਣਾ’ਤਾ।
‘ਵਾਹ ਨੀ ਸਿਆਸਤੇ ਤੇਰੇ ਰੰਗ, ਵੋਟ ਬਦਲੇ
ਬੰਦੇ ਨੂੰ ਕਿਹੜੇ-ਕਿਹੜੇ ਜਲਵੇ ਵਿਖਾ ਦਿੰਦੀ ਹੈ..।’ ਜ਼ਿਲ੍ਹੇ ਦਾ ਐਸ.ਐਸ.ਪੀ.
ਮੇਰੇ ਲਈ ਤਤਕਾਲੀ ਮੁੱਖ ਮੰਤਰੀ ਦਾ ‘ਮਿਲ਼ਣ’ ਲਈ ਪੈਗ਼ਾਮ ਲੈ ਕੇ ਆਇਆ ਹੋਇਆ ਸੀ। ਓਧਰ ਮੇਰੇ
ਘਰ, ਸਾਬਕਾ ਮੁੱਖ ਮੰਤਰੀ ਮੈਨੂੰ ਵੱਡੀ ਬੱਸ ਦੀ ਪੇਸ਼ਕਸ਼ ਕਰ ਰਿਹਾ ਸੀ, ਵਾਹ ਵਾਹ! ਕੈਸਾ
ਹੁਸੀਨ ਤੇ ਮਜ਼ੇਦਾਰ ਸਮਾਂ ਸੀ ਉਹ!!
ਕੈਪਟਨ ਸਾਹਬ ਨੂੰ ਮਿਲ਼ਣ ਜਾਣ ਤੋਂ ਮੈਂ ਇਸ ਕਰ ਕੇ ਇਨਕਾਰ ਕਰ ਦਿੱਤਾ,
ਕਿਉਂਕਿ ਮੈਂ ਕਿਹੜਾ ਆਪਣਾ ਮੁੱਲ਼ ਪੁਆਉਣਾ ਚਾਹੁੰਦਾ ਸਾਂ। ਪੁਲੀਸ ਅਫ਼ਸਰ ਨੂੰ ਸਹਿਜ ਨਾਲ਼
ਸਮਝਾ ਦਿੱਤਾ ਕਿ ਮੈਂ ਸ. ਬਾਦਲ ਦੀ ਬ-ਨਸਿਬਤ ਜਥੇਦਾਰ ਟੌਹੜਾ ਨੂੰ ਪੰਥਕ ਸੋਚ ਵਾਲ਼ਾ ਆਗੂ
ਸਮਝਦਾ ਹਾਂ। ਇਸ ਕਰਕੇ ਕੈਪਟਨ ਸਾਹਬ ਨੂੰ ਦੱਸ ਦਿਓ ਕਿ ਉਹ ‘ਚਿੰਤਾ’ ਨਾ ਕਰਨ, ਮੈਂ 12
ਨਵੰਬਰ ਨੂੰ ਵੋਟ ਟੌਹੜਾ ਸਾਹਬ ਨੂੰ ਹੀ ਪਾਉਣੀ ਹੈ।
ਹੁਣ ਅਸਤੀਫ਼ੇ ਦੇਣ
ਵਾਲ਼ੇ ਮੈਂਬਰਾਂ ਦਾ ਤਾਂ ਪਤਾ ਨਹੀਂ, ਊਠ ਕਿਸ ਕਰਵਟ ਬੈਠੇਗਾ, ਪਰ ਮੈਨੂੰ ਫ਼ਖ਼ਰ ਹੈ
ਕਿ ਮੈਂ ਨਹੀਂ ਮੁੜ ਕੇ ਬਾਦਲ ਦਲ ਵੱਲ ਨੂੰ ਮੂੰਹ ਕੀਤਾ। ਇੱਥੋਂ ਤਕ ਕਿ ਮੈਂ ਟੌਹੜਾ ਜੀ
ਵੱਲੋਂ ਬਾਦਲ ਦਲ ਨਾਲ਼ ਰਲ਼ੇਵੇਂ ਵਿਰੁੱਧ ਵੀ ਅਖ਼ਬਾਰਾਂ ਵਿੱਚ ਕਈ ਲੇਖ ਲਿਖੇ ਹਨ।