Share on Facebook

Main News Page

ਬਰਗਾੜੀ ਮੋੜ ਤੋਂ ਇੱਕ ਵਾਰੀ ਫਿਰ ਤਿਲਕੀ ਪੰਥਕ ਗੱਡੀ, ਬੁੱਤਾਂ ਦਾ ਏਕਾ ਨਹੀਂ, ਰੂਹਾਂ ਦਾ ਏਕਾ ਪੰਥ ਦੀ ਬੇੜੀ ਬੰਨੇ ਲਾ ਸਕਦਾ ਹੈ
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਤੋਂ ਬਾਅਦ ਪੰਜਾਬ ਹੀ ਨਹੀਂ ਬਲਕਿ ਦੇਸ਼ ਵਿਦੇਸ਼ ਵਿੱਚਲੇ ਸਿੱਖਾਂ ਦੇ ਜਜਬਾਤਾਂ ਨੇ ਉਬਾਲਾ ਮਾਰਿਆ ਹੈ। ਪੰਜਾਬ ਵਿੱਚ ਤਾਂ ਡੇਢ ਹਫਤੇ ਤੋਂ ਵੀ ਵਧੇਰੇ ਦਿਨ ਸਿੱਖ ਜਜਬਾਤਾਂ ਨੇ ਆਮ ਜਨਜੀਵਨ ਦੀ ਰਫਤਾਰ ਨੂੰ ਬਹੁਤੀ ਥਾਈਂ ਬੰਦ ਕੀਤਾ ਅਤੇ ਕੁੱਝ ਥਾਈਂ ਇਸ ਦੀ ਗਤੀ ਬਿੱਲਕੁੱਲ ਮੱਧਮ ਪਾ ਦਿੱਤੀ। ਸਿੱਖ ਬੇਸ਼ੱਕ ਕਿਸੇ ਹਾਲਤ ਵਿੱਚ ਵਿਚਰਦਾ ਹੋਵੇ, ਪਰ ਜਦੋਂ ਉਸ ਦੇ ਧਰਮ ਨੂੰ ਕੋਈ ਆਂਚ ਆਵੇ ਜਾਂ ਉਸਦੇ ਧਰਮ ਨਾਲ ਕੋਈ ਛੇੜਖਾਨੀ ਕਰੇ ਤਾਂ ਫਿਰ ਸਿੱਖ ਸਿਰ ਦੇਣ ਜਾਂ ਸਿਰ ਲੈਣ ਵਿੱਚ ਵੀ ਢਿੱਲ ਨਹੀਂ ਕਰਦਾ। ਬਰਗਾੜੀ ਵਿਖੇ ਵਾਪਰੇ ਇਸ ਦੁਖਾਂਤ ਨੇ ਸਿੱਖ ਹਿਰਦਿਆਂ ਨੂੰ ਲੂਹ ਕੇ ਰੱਖ ਦਿੱਤਾ। ਕੇਵਲ ਦੀਵਾਨਾਂ ਵਿੱਚ ਗੁਰੂ ਜਸ ਸੁਣਾਉਣ ਵਾਲੇ ਪ੍ਰਚਾਰਕ ਵੀ ਇਸ ਵਾਰ ਪਿੱਛੇ ਨਾ ਰਹੇ, ਉਹਨਾਂ ਨੇ ਗੁਰੂ ਦੀ ਬੇਹੁਰਮਤੀ ਨੂੰ ਬੜੀ ਗੰਭੀਰਤਾ ਨਾਲ ਲਿਆ ਅਤੇ ਬਿਨਾ ਕਿਸੇ ਰਾਜਸੀ ਧਿਰ ਦੀ ਉਡੀਕ ਕੀਤਿਆਂ ਮੈਦਾਨ-ਏ-ਜੰਗ ਵਿੱਚ ਆ ਕੇ ਮੋਰਚਾ ਸੰਭਾਲਿਆ, ਇਹ ਪਹਿਲਾਂ ਮੌਕਾ ਸੀ ਕਿ ਗੁਰੂ ਦੇ ਸ਼ਬਦ ਜਾਂ ਗੁਰ ਇਤਿਹਾਸ ਦਾ ਪਰਿਚਾਰ ਕਰਨ ਵਾਲੇ ਸਿੱਧੇ ਹੋਕੇ ਮੈਦਾਨ ਵਿੱਚ ਨਿੱਤਰੇ ਹੋਣ, ਅਜਿਹਾ ਸਿੱਖਾਂ ਨੂੰ ਬੜਾ ਵਧੀਆ ਲੱਗਿਆ। ਹਰ ਸਿੱਖ ਘਰੋਂ ਨਿੱਕਲ ਤੁਰਿਆ ਅਤੇ ਕੋਟਕਪੂਰੇ ਦੀ ਧਰਤੀ ਉੱਤੇ ਜਿੱਥੇ ਸਿੱਖ ਦਾ ਰੋਹ ਵੇਖਕੇ ਸਰਕਾਰ ਘਬਰਾਈ, ਉਥੇ ਨਿਸ਼ਕਾਮ ਸਿੱਖ ਪ੍ਰਚਾਰਕਾਂ ਦੀ ਅਗਵਾਈ ਨੇ ਵੀ ਪੰਜਾਬ ਸਰਕਾਰ ਅਤੇ ਭਾਰਤੀ ਨਿਜ਼ਾਮ ਨੂੰ ਜਲਾਬ ਲਾ ਦਿੱਤੇ। ਸਰਕਾਰੀ ਧਿਰ ਤੋਂ ਬਿਨ੍ਹਾਂ ਸਿੱਖ ਸਿਆਸਤ ਵਿੱਚ ਵਿਚਰਦੀਆਂ ਹੋਰ ਸਿਆਸੀ ਜਥੇਬੰਦੀਆਂ ਵੀ ਹੈਰਾਨ ਸਨ ਕਿ ਸਿੱਖਾਂ ਨੇ ਕਿਸੇ ਦੀ ਪ੍ਰਵਾਹ ਕੀਤੇ ਬਿਨ੍ਹਾਂ ਹੀ ਮੋਰਚਾ ਆਰੰਭ ਕਰ ਦਿੱਤਾ ਹੈ। ਕੁੱਝ ਲੋਕ ਚੋਰ ਮੋਰੀਆਂ ਲੱਭਦੇ ਵੇਖੇ ਗਏ ਕਿ ਕਿਵੇ ਨਾ ਕਿਵੇ ਅਸੀਂ ਵੀ ਸੁਰਖੀਆਂ ਵਿੱਚ ਆ ਜਾਈਏ।

ਸੰਘਰਸ਼ ਕਾਮਯਾਬੀ ਨਾਲ ਚੱਲਿਆ, ਸਿੱਖਾਂ ਨੇ ਅਥਾਹ ਜੋਸ਼ ਅਤੇ ਵੱਡੀ ਗਿਣਤੀ ਵਿੱਚ ਸੜਕਾਂ ਉੱਤੇ ਆਕੇ ਰੋਹ ਦਾ ਪ੍ਰਗਟਾਵਾ ਕੀਤਾ। ਪਰ ਸਰਕਾਰ ਦੇ ਹੱਥ ਬਹੁਤ ਲੰਬੇ ਹੁੰਦੇ ਹਨ, ਕਿਸੇ ਵੀ ਘਟਨਾ ਨੂੰ ਲੈ ਕੇ ਹੋਣ ਵਾਲੇ ਸੰਘਰਸ਼ ਰੋਕਣ ਵਾਸਤੇ ਪਹਿਲਾਂ ਹੀ ਤਿਆਰੀ ਹੁੰਦੀ ਹੈ। ਸਰਕਾਰ ਅੱਗ ਲਾਉਣ ਦਾ ਹੁਨਰ ਵੀ ਰੱਖਦੀ ਅਤੇ ਅੱਗ ਬੁਝਾਉਣ ਮੁਹਾਰਤ ਵੀ ਹਕੂਮਤ ਕੋਲ ਹੁੰਦੀ ਹੈ, ਉਸ ਨੂੰ ਪਤਾ ਹੁੰਦਾ ਹੈ ਕਿ ਕਿਹੜਾ ਹਥਿਆਰ ਕਿੱਥੇ ਵਰਤਣਾ ਹੈ ਅਤੇ ਇਸ ਹਥਿਆਰ ਨੂੰ ਚਲਾਉਣ ਵਾਸਤੇ ਕਿਹੜਾ ਪਲੀਤਾ ਲਾਉਣਾ ਹੈ। ਸਰਕਾਰ ਨੇ ਦੋ ਦਿਨ ਲਗਾਤਾਰ ਸੰਘਰਸ਼ ਕਰਦੇ ਆਗੂਆਂ ਨੂੰ ਸੁੰਘਿਆ, ਪਰ ਕਿਤੋਂ ਵੀ ਪਤਲੇਪਣ ਦੀ ਸੂਹ ਨਾ ਮਿਲੀ। ਫਿਰ ਸਰਕਾਰ ਨੇ ਕੁੱਝ ਉਹਨਾਂ ਲੋਕਾਂ ਦੀਆਂ ਸੇਵਾਵਾਂ ਲਈਆਂ, ਜਿਹੜੇ ਸਿੱਖ ਜਜਬਾਤਾਂ ਉੱਤੇ ਪਾਣੀ ਪਾਉਣ ਦਾ ਬੜਾ ਤਜਰਬਾ ਰੱਖਦੇ ਹਨ ਅਤੇ ਸਰਕਾਰ ਨੂੰ ਉਹਨਾਂ ਦੀ ਕਾਰਗੁਜ਼ਾਰੀ ਉੱਤੇ ਭਰੋਸਾ ਵੀ ਹੈ ਕਿਉਂਕਿ ਸਲਾਵਤਪੁਰਾ ਦੇ 2007 ਵਾਲੇ ਇਕੱਠ ਵਿੱਚ ਭਖਦੇ ਜਜਬਾਤਾਂ ਦੀ ਫੂਕ ਕੱਢਕੇ ਸਰਕਾਰ ਦੀ ਤਰਫਦਾਰੀ ਕਰਦਿਆਂ, ਉਹ ਲੋਕ ਆਪਣੀ ਵਫਾਦਾਰੀ ਦਾ ਸਬੂਤ ਦੇ ਚੁੱਕੇ ਸਨ, ਪਰ ਅੱਜਕੱਲ ਲੋਕ ਬਹੁਤ ਕੁੱਝ ਸਮਝਣ ਲੱਗ ਪਏ ਹਨ, ਜੇ ਕੋਈ ਅਖਬਾਰ ਜਾਂ ਟੀ.ਵੀ. ਚੈਨਲ ਕਿਸੇ ਗੱਲ ਨੂੰ ਛੁਪਾਉਣ ਦਾ ਗੁਨਾਹ ਵੀ ਕਰੇ ਤਾਂ ਸੋਸ਼ਲ ਮੀਡੀਆ ਸਭ ਦੇ ਪਾਜ਼ ਉਘੇੜ ਦਿੰਦਾ ਹੈ। ਇਸ ਵਾਸਤੇ ਸਿੱਧੇ ਤੌਰ ਉੱਤੇ ਅਜਿਹੇ ਲੋਕਾਂ ਨੂੰ ਵਰਤਣਾ, ਇਸ ਵਾਰ ਖਤਰੇ ਤੋਂ ਖਾਲੀ ਨਹੀਂ ਸੀ ਅਤੇ ਬੜੀ ਕੂਟਨੀਤੀ ਦੀ ਲੋੜ ਸੀ। ਪਰ ਇਹ ਲੋਕ ਆਪਣੇ ਹੁਨਰ ਵਿੱਚ ਬੜੇ ਮਾਹਿਰ ਹਨ, ਉਹਨਾਂ ਨੇ ਪ੍ਰਚਾਰਕ ਦਲ ਉੱਤੇ ਵਾਰ ਕਰਨ ਵਾਸਤੇ ਮਜਬੂਤ ਮੋਢਾ ਲੱਭਿਆ ਅਤੇ ਆਪ ਪਲੀਤੇ ਨੂੰ ਅੱਗ ਵਿਖਾਉਣ ਤਕ ਹੀ ਸੀਮਤ ਰਹੇ।

ਕੋਟਕਪੂਰੇ ਦੇ ਧਰਨੇ ਵਿੱਚ ਦਰਜ਼ ਕੇਸਾਂ ਦੀ ਬਿਨ੍ਹਾਂ ਸ਼ਰਤ ਵਾਪਸੀ ਅਤੇ ਦੋ ਸਿੱਖ ਬੱਚਿਆਂ ਦੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਗ੍ਰਿਫਤਾਰੀ ਨੂੰ ਅਧਾਰ ਬਣਾਕੇ, ਸਿੱਖ ਪ੍ਰਚਾਰਕ ਦਲ ਦੇ ਇੱਕ ਆਗੂ ਉੱਤੇ ਬੜੀ ਬੇਕਿਰਕੀ ਨਾਲ ਬੇਹੂਦਾ ਇਲਜ਼ਾਮ ਤਰਾਸ਼ੀ ਹੋਈ, ਇਹ ਉਸ ਪ੍ਰਚਾਰਕ ਦੀ ਖੁਸ਼ ਕਿਸਮਤੀ ਹੈ ਕਿ ਗੁਰੂ ਨੇ ਉਸ ਦੀ ਨਿਸ਼ਕਾਮ ਸੇਵਾ ਨੂੰ ਪ੍ਰਵਾਨ ਕਰਦਿਆਂ ਸਿੱਖ ਸੰਗਤ ਦੇ ਮਨ ਹੀ ਬਦਲ ਦਿੱਤੇ, ਕਿਸੇ ਨੇ ਵੀ ਉਹਨਾਂ ਇਲਜ਼ਾਮਾਂ ਦੀ ਪ੍ਰਵਾਹ ਨਹੀਂ ਕੀਤੀ ਅਤੇ ਨਾ ਹੀ ਕਿਸੇ ਨੇ ਪੰਜ ਗਰਾਈਂ ਖੁਰਦ ਦੇ ਉਹਨਾਂ ਦੋ ਸਕੇ ਭਰਾਵਾਂ ਨੂੰ ਦੋਸ਼ੀ ਮੰਨਿਆ ਹੈ।

ਅਸਲ ਵਿੱਚ ਪ੍ਰਚਾਰਕ ਦਲ ਨਾ ਪਹਿਲਾ ਦੋਸ਼ੀ ਸੀ ਅਤੇ ਨਾ ਹੀ ਅੱਜ ਹੈ, ਕਿਸੇ ਵੀ ਪ੍ਰਚਾਰਕ ਨੇ ਕਦੇ ਸਰਕਾਰ ਨਾਲ ਕੋਈ ਗੱਲ ਨਹੀਂ ਕੀਤੀ। ਉਹ ਤਾਂ ਸਾਫ਼ ਦਿਲ ਬੰਦੇ ਹਨ, ਅਜਿਹੇ ਕੰਮ ਤਾਂ ਰਾਜਸੀ ਲੋਕ ਕਰਦੇ ਹਨ, ਕੁੱਝ ਰਾਜਸੀ ਲੋਕਾਂ ਨੂੰ ਬੜੀ ਕਿੜ• ਸੀ ਕਿ ਸਾਥੋਂ ਬਿਨ੍ਹਾਂ ਆਪ ਮੁਹਾਰੇ ਮੋਰਚੇ ਲਾਉਣ ਵਾਲੇ, ਇਹ ਪ੍ਰਚਾਰਕ ਕੌਣ ਹੁੰਦੇ ਹਨ, ਨਾਲੇ ਜਿੱਥੇ ਸਾਡਾ ਨਾਮ ਨਾ ਹੋਵੇ ਉਥੇ ਮੋਰਚਾ ਕਿਸ ਕੰਮ ਦਾ, ਦਰਅਸਲ ਉਹਨਾਂ ਲੋਕਾਂ ਨੂੰ ਵਿੱਚ ਵੜਣ ਨੂੰ ਕੋਈ ਥਾਂ ਨਹੀਂ ਸੀ ਮਿਲ ਰਿਹਾ, ਜਿਸ ਕਰਕੇ ਪਹਿਲਾਂ ਇਲਜ਼ਾਮ ਤਰਾਸ਼ੀ, ਫਿਰ ਸਮਝੌਤਾਬਾਜ਼ੀ, ਮਾਮਲਾ ਤਾਂ ਵਿੱਚ ਟੰਗ ਫਸਾਉਣ ਦਾ ਸੀ ਕਿ ਕਿਤੇ ਦੋ ਸ਼ਹੀਦਾ ਦੇ ਭੋਗ ਉੱਤੇ ਸਾਡੀ ਕੋਈ ਪੁੱਛ ਪ੍ਰਤੀਤ ਹੀ ਨਾ ਹੋਵੇ ਅਤੇ ਇਹ ਪ੍ਰਚਾਰਕ ਦਲ ਸਿੱਖਾਂ ਦੀ ਆਗੂ ਜਮਾਤ ਵਜੋਂ ਮਾਨਤਾ ਹੀ ਨਾ ਲੈ ਜਾਵੇ।

ਸ਼ਹੀਦ ਸਿੰਘਾਂ ਦਾ ਭੋਗ ਭਾਵ ਸ਼ਰਧਾਜਲੀ ਸਮਾਗਮ ਹੋ ਨਿਬੜਿਆ, ਉਸ ਤੋਂ ਦੋ ਦਿਨ ਪਹਿਲਾਂ ਸਭ ਨੇ ਏਕਤਾ ਦੀ ਜਨ ਗਣ ਮਨ ਪੜੀ, ਸਮਾਗਮ ਉੱਤੇ ਸਾਰੀਆਂ ਧਿਰਾਂ ਇਕੱਠੀਆਂ ਹੋ ਕੇ ਬੈਠੀਆਂ, ਪਰ ਇਹ ਇੱਕ ਕੌੜੀ ਸਚਾਈ ਹੈ ਕਿ ਵੇਖਣ ਨੂੰ ਏਕਤਾ ਜਰੂਰ ਸੀ, ਲੇਕਿਨ ਇਹ ਬੁੱਤਾਂ ਦੀ ਏਕਤਾ ਸੀ, ਇਸ ਨੂੰ ਰੂਹਾਂ ਦੀ ਏਕਤਾ ਨਹੀਂ ਕਿਹਾ ਜਾ ਸਕਦਾ।

ਸਿੱਖ ਜਿਹੜੀ ਆਸ ਲੈ ਕੇ ਘਰੋਂ ਤੁਰੇ ਸਨ, ਉਹ ਪੂਰੀ ਨਹੀਂ ਹੋਈ, ਬੇਸ਼ੱਕ ਕੁੱਝ ਪ੍ਰੋਗ੍ਰਾਮ ਦਿੱਤੇ ਹਨ, ਅਜਿਹੇ ਪ੍ਰੋਗ੍ਰਾਮ ਤਾਂ ਹਰ ਬਰਬਾਦੀ ਤੋਂ ਅਕਸਰ ਦਿੱਤੇ ਹੀ ਜਾਂਦੇ ਹਨ, ਸਰਕਾਰ ਵੀ ਸ਼ਾਂਤੀ ਦੀਆਂ ਅਪੀਲਾਂ ਕਰਦੀ ਹੁੰਦੀ ਹੈ। ਹਰ ਕੋਈ ਜਜਬਾਤਾਂ ਨੂੰ ਕਾਬੂ ਕਰਨ ਦੀ ਸਲਾਹ ਵੀ ਦਿੰਦਾ ਹੈ। ਸਿੱਖ ਸੰਗਤ ਬਰਗਾੜੀ ਦੀ ਸਟੇਜ ਉੱਤੋਂ ਦਿੱਤੇ ਪ੍ਰੋਗ੍ਰਾਮਾਂ ਉੱਤੇ ਪੂਰੀ ਤਨਦੇਹੀ ਨਾਲ ਪਹਿਰਾ ਦੇਵੇਗੀ, ਜੋ ਜੋ ਹੁਕਮ ਆਇਆ ਉਹ ਮੰਨਿਆ ਜਾਵੇਗਾ, ਪਰ ਇਹਨਾਂ ਪ੍ਰੋਗ੍ਰਾਮਾਂ ਤੋਂ ਬਾਅਦ ਅੱਗੇ ਕੀਹ ਹੈ, ਇਸ ਸਵਾਲ ਦਾ ਕੋਈ ਜਵਾਬ ਨਹੀਂ ਹੈ। ਲੋਕ ਧਾਰਮਿਕ ਸੰਘਰਸ਼ ਸਮਝਕੇ ਕੁੱਦੇ ਹਨ ਅਤੇ ਬੜਾ ਵੱਡਾ ਭਰੋਸਾ ਲੈ ਕੇ ਬਰਗਾੜੀ ਆਏ ਸਿੱਖਾਂ ਨੂੰ ਅਖੀਰਲੇ ਦਿਨ ਫਿਰ ਉਹਨਾਂ ਹੀ ਭੱਦਰਪੁਰਸ਼ਾਂ ਦੇ ਦਰਸ਼ਨ ਹੋਏ, ਜਿਹਨਾਂ ਨੂੰ ਉਹ ਚੰਗੀ ਤਰ੍ਹਾਂ ਸਮਝਦੇ ਹਨ ਕਿ ਇਹ ਬਾਦਲ ਦੇ ਪਿੱਛਲੇ ਦਰਵਾਜੇ ਦੇ ਮਹਿਮਾਨ ਹਨ ਅਤੇ ਹਰ ਗੱਲ ਬਾਦਲ ਦੀ ਸਲਾਹ ਲੈ ਕੇ ਕਰਦੇ ਹਨ, ਇਸ ਵਾਸਤੇ ਸਿੱਖ ਨਿਰਾਸਤਾ ਲੈ ਕੇ ਘਰ ਨੂੰ ਪਰਤੇ ਹਨ।

ਸ਼ਹੀਦਾਂ ਤਾਂ ਜਾਨ ਦੇ ਦਿੱਤੀ, ਸਿੱਖਾਂ ਨੇ ਸਹਿਯੋਗ ਦੀ ਕਸਰ ਨਹੀਂ ਛੱਡੀ, ਫਿਰ ਹੋਰ ਕੀਹ ਚਾਹੀਦਾ ਸੀ? ਜਿੱਥੇ ਵੀ ਕਦੇ ਕੌਮ ਹਾਰੀ ਹੈ, ਉਥੇ ਕੁੱਝ ਘਸੇ ਪਿੱਟੇ ਆਗੂਆਂ ਦਾ ਹੀ ਰੋਲ ਹੁੰਦਾ ਹੈ, ਹੁਣ ਵੀ ਅਜਿਹਾ ਹੀ ਹੋ ਰਿਹਾ ਹੈ। ਅੱਜ ਇਸ ਇਕੱਠ ਵਿੱਚੋਂ ਪੰਥਕ ਏਕਤਾ ਨਿੱਕਲਣੀ ਚਾਹੀਦੀ ਸੀ। ਇੱਕ ਨਿਸ਼ਾਨ, ਇੱਕ ਵਿਧਾਨ, ਇੱਕ ਪ੍ਰਧਾਨ ਬਣ ਜਾਣਾ ਚਾਹੀਦਾ ਸੀ, ਪਰ ਅਜਿਹਾ ਨਹੀਂ ਹੋਇਆ, ਕਿਉਂਕਿ ਭਾਰਤੀ ਏਜੰਸੀਆਂ ਅਜਿਹਾ ਨਹੀਂ ਹੋਣ ਦੇਣਾ ਚਾਹੁੰਦੀਆਂ, ਉਹਨਾਂ ਦਾ ਪੂਰਾ ਜੋਰ ਲੱਗਿਆ ਹੋਇਆ ਹੈ ਕਿ ਬਾਦਲ ਤਾਂ ਬੇਸ਼ਕ ਦਸ ਪੈਦਾ ਹੋ ਜਾਣ, ਪਰ ਕੋਈ ਭਾਈ ਬਘੇਲ ਸਿੰਘ ਨਾ ਪੈਦਾ ਹੋ ਜਾਵੇ, ਜਿਹੜਾ ਰਾਜਸੀ ਤਾਕਤ ਨੂੰ ਕਬਜ਼ੇ ਵਿੱਚ ਲਿਆਉਣ ਦੀ ਮੁਹਾਰਤ ਅਤੇ ਹਿੰਮਤ ਰੱਖਦਾ ਹੋਵੇ।

ਇਸ ਇਕੱਠ ਵਿੱਚੋਂ ਇੱਕ ਆਵਾਜ਼ਾ ਬੁਲੰਦ ਹੋਣਾ ਚਾਹੀਦਾ ਸੀ ਕਿ ਹੁਣ ਉਹ ਡੰਡਾ ਜਿਹੜਾ ਸਾਨੂੰ ਦੰਡ ਦਿੰਦਾ ਹੈ, ਜਾਲਮ ਦੇ ਹੱਥੋਂ ਖੋਹਣਾ ਹੈ, ਜਿਹੜੇ ਤਖਤ ਉੱਤੋਂ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਅਤੇ ਭਾਈ ਗੁਰਜੀਤ ਸਿੰਘ ਸਰਾਵਾਂ ਨੂੰ ਨਿਹੱਥੇ ਹੀ ਸ਼ਹੀਦ ਕਰਨ, ਸਿੱਖ ਪ੍ਰਚਾਰਕਾਂ ਉੱਤੇ ਡਾਂਗਾਂ ਅਤੇ ਗੋਲੀਆਂ ਚਲਾਉਣ ਦੇ ਅਤੇ ਭਾਈ ਰੁਪਿੰਦਰ ਸਿੰਘ ਅਤੇ ਭਾਈ ਜਸਵਿੰਦਰ ਸਿੰਘ ਪੰਜ ਗਰਾਈ ਖੁਰਦ ਵਰਗੇ ਗੁਰਸਿੱਖ ਬੱਚਿਆਂ ਦੇ ਜੀਵਨ ਉੱਤੇ ਕਲੰਕ ਲਾਉਣ ਵਾਸਤੇ, ਝੂਠੇ ਕੇਸ ਦਰਜ਼ ਕਰਨ ਦੇ ਹੁਕਮ ਆਉਦੇ ਹਨ, ਉਸ ਤਖਤ ਨੂੰ ਪੰਥਕ ਕਬਜ਼ੇ ਹੇਠ ਲਿਆਉਣਾ ਹੈ, ਪਰ ਅਜਿਹਾ ਕੁੱਝ ਵੀ ਨਹੀਂ ਹੋ ਸਕਿਆ। ਜੇ ਬਾਦਲ ਜਾਂਦੇ ਦਿਸਦੇ ਹਨ, ਤਾਂ ਸ਼ਰਾਬੀ ਆਉਂਦੇ ਨਜ਼ਰ ਆ ਰਹੇ ਹਨ। ਇਸ ਵਾਸਤੇ ਹਾਲੇ ਤਾਂ ਇਹ ਹੀ ਕਹਿਣਾ ਵਾਜਿਬ ਹੈ ਕਿ "ਬਰਗਾੜੀ ਮੋੜ ਤੋਂ ਇੱਕ ਵਾਰੀ ਫਿਰ ਤਿਲਕੀ ਪੰਥਕ ਗੱਡੀ, ਬੁੱਤਾਂ ਦਾ ਏਕਾ ਨਹੀਂ, ਰੂਹਾਂ ਦਾ ਏਕਾ ਪੰਥ ਦੀ ਬੇੜੀ ਬੰਨੇ ਲਾ ਸਕਦਾ ਹੈ।"

ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top