Share on Facebook

Main News Page

ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ
-: ਸੰਪਾਦਕ ਖ਼ਾਲਸਾ ਨਿਊਜ਼

ਬਰਗਾੜੀ ਸਮਾਗਮ 'ਚ ਪਜਾਹ ਹਜ਼ਾਰ 'ਤੋਂ ਵੀ ਉੱਤੇ ਦਾ ਇਕੱਠ ਸੀ, ਸੰਗਤਾਂ ਦਾ ਆਪਣੇ ਗੁਰੂ ਪ੍ਰਤੀ ਅਤੇ ਸ਼ਹੀਦਾਂ ਪ੍ਰਤੀ ਪਿਆਰ ਅਤੇ ਸਤਿਕਾਰ ਸੀ। ਸਿੱਖ ਹਮੇਸ਼ਾਂ ਕਦੇ ਵੀ ਆਪਣੇ ਗੁਰੂ ਦੀ ਬੇਅਦਬੀ ਸਹਿਣ ਨਹੀਂ ਕਰ ਸਕਦਾ ਅਤੇ ਜਾਨ ਦੇਣ ਤੋਂ ਵੀ ਗੁਰੇਜ਼ ਨਹੀਂ ਕਰਦਾ।

ਪਰ ਸਿਤਮ ਦੀ ਗਲ ਹੈ ਕਿ ਐਨਾ ਨੁਕਸਾਨ ਹੋਣ ਦੇ ਬਾਵਜ਼ੂਦ ਵੀ ਸਿੱਖਾਂ ਵੱਲੋਂ ਚਲਾਈ ਗਈ ਕੋਈ ਵੀ ਮੁਹਿੰਮ ਦੰਮ ਤੋੜ ਜਾਂਦੀ ਹੈ, ਜਿਸਦਾ ਵੱਡਾ ਕਾਰਣ ਹੈ - ਦੂਰਅੰਦੇਸ਼ੀ ਦੀ ਘਾਟ। ਖ਼ਾਲਸਾ ਨਿਊਜ਼ ਨੂੰ ਕੋਈ ਆਸ ਨਹੀਂ ਸੀ ਕਿ ਇਸ ਸਮਾਗਮ ਵਿੱਚ ਕੋਈ ਕ੍ਰਾਂਤੀਕਾਰੀ ਐਲਾਨ ਹੋਵੇਗਾ, ਉਹੀ ਹੋਇਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਜਾਗਰੂਕ ਪ੍ਰਚਾਰਕਾਂ ਵੱਲੋਂ ਵਿੱਢੀ ਗਈ ਮੁੰਹਿਮ ਜਿਸ ਵਿੱਚ ਭਾਈ ਪੰਥਪ੍ਰੀਤ ਸਿੰਘ, ਭਾਈ ਰਣਜੀਤ ਸਿੰਘ ਢੱਡਰੀਆਂ, ਭਾਈ ਹਰਜਿੰਦਰ ਸਿੰਘ ਮਾਝੀ, ਭਾਈ ਅਮਰੀਕ ਸਿੰਘ, ਭਾਈ ਸਰਬਜੀਤ ਸਿੰਘ ਧੂੰਦਾ ਅਤੇ ਕਈ ਹੋਰ ਪੰਥ ਦਰਦੀਆਂ ਨੇ ਆਪਣੇ ਪੂਰੇ ਸਿਰੜ ਨਾਲ ਅਗਵਾਈ ਕੀਤੀ। ਪਰ ਜਿਸ ਤਰ੍ਹਾਂ ਅੱਗੇ ਵੀ ਹੁੰਦਾ ਆਇਆ ਹੈ, ਸਿਆਸੀ ਰੋਟੀਆਂ ਸੇਕਣ ਵਾਲੇ ਅਤੇ ਗੱਦਾਰ ਕਿਸਮ ਦੇ ਲੋਕਾਂ ਨੇ ਇਸ ਵਿਰੁੱਧ ਆਪਣੀ ਵੱਖਰੀ ਢੱਫਲੀ ਵਜਾਉਣੀ ਸ਼ੁਰੂ ਕਰ ਦਿੱਤੀ। ਫਿਰ ਇਸ ਸਮਾਗਮ ਦੇ ਦੋ ਕੁ ਦਿਨ ਪਹਿਲਾਂ ਸਮਝੌਤੇ ਅਧੀਨ "ਏਕਤਾ" ਹੋਈ, ਜਿਸ ਨੂੰ "ਪੰਥਕ ਏਕਤਾ" ਦਾ ਨਾਮ ਦਿੱਤਾ ਗਿਆ।

ਏਕਤਾ? ਦੋਗਲੇ ਤੇ ਗੱਦਾਰ ਕਿਸਮ ਦੇ ਲੋਕਾਂ ਨਾਲ... ਏਕਤਾ? ਮਾਨ, ਨੰਦਗੜ੍ਹ, ਕੇਵਲ ਸਿੰਘ, ਗੁਰਦੀਪ ਸਿੰਘ ਬਠਿੰਡਾ, ਤੇ ਸਭ ਤੋਂ ਉੱਤੇ ਦਾਦੂਵਾਲ!!! ਹੈਂਅਅ.... ਦਾਦੂਵਾਲ !!! ਜਿਹੜਾ ਬੇਅਦਬੀ ਹੋਣ ਤੋਂ  ਘੱਟ ਘੱਟ ਦੋ ਹਫਤੇ ਬਾਅਦ ਆਇਆ, ਕਿੱਥੇ ਰਿਹਾ ਕਿਸੇ ਨੂੰ ਪਤਾ, ਫੇਸਬੁੱਕ ਭਰ ਗਿਆ ਕਿ ਦਾਦੂਵਾਲ ਕਿੱਥੇ ਹੈ, ਗੁਆਚ ਗਿਆ... ਆਦਿ... ਫਿਰ ਅਚਾਨਕ ਦਾਦੂਵਾਲ ਪ੍ਰਗਟ ਹੋਇਆ, ਮਾਨ ਹੋਰਾਂ ਨਾਲ ਰੱਲਿਆ ਤੇ ਬਰਗਾੜੀ ਸਮਾਗਮ ਦਾ ਮੁੱਖ ਸੰਚਾਲਕ ਬਣਿਆ... ਹੱਦ ਨਹੀਂ ਹੋਈ?

ਕੱਲ ਦਾ ਦਿਮਾਗ ਫਟਣ ਨੂੰ ਕਰ ਰਿਹਾ ਸੀ ਕਿ ਇਹ ਹਨ 9 ਮਤੇ????? ਇਨ੍ਹਾਂ ਨੂੰ ਮਤੇ ਕਿਹਾ ਜਾਂਦਾ ਹੈ??? ਫਿਰ ਸੋਚਿਆ ਕਿ ਇਸ 'ਤੇ ਲਿਖਿਆ ਜਾਵੇ ਕਿ ਨਾ... ਹਰ ਵਾਰੀ ਲੋਕ ਖ਼ਾਲਸਾ ਨਿਊਜ਼ ਦੇ ਦੁਆਲੇ ਹੋ ਜਾਂਦੇ ਨੇ, ਕਿ ਇਨ੍ਹਾਂ ਨੂੰ ਕੋਈ ਗੱਲ ਚੰਗੀ ਨਹੀਂ ਲਗਦੀ... ਫਿਰ ਸੋਚਿਆ ਕਿ ਜੇ ਸਮੇਂ 'ਤੇ ਸੱਚ ਨਾ ਬੋਲਿਆ, ਤਾਂ ਬਾਅਦ ਵਿੱਚ ਕੋਈ ਫਾਇਦਾ ਨਹੀਂ।

ਹੱਦ ਹਾਲੇ ਹੋਣੀ ਸੀ, 9 ਮਤੇ ਪੜ੍ਹਕੇ ਹਾਸਾ ਵੀ ਆਇਆ ਤੇ ਆਪਣੀ ਕੌਮ ਦੇ ਆਗੂਆਂ ਦੇ ਮਾਨਸਿਕ ਪੱਧਰ 'ਤੇ ਰੋਣਾ ਵੀ ਆਇਆ... ਕਿਹੜਾ ਮਤਾ ਹੈ ਜਿਹੜਾ ਚੱਜ ਦਾ ਹੈ, ਜਿਹੜਾ ਕ੍ਰਾਂਤੀ ਲਿਆ ਸਕਦਾ ਹੈ। ਜਦੋਂ ਗੈਰ ਸਿਧਾਂਤਕ, ਲੋਟੂ ਤੇ ਗੱਦਾਰ ਕਿਸਮ ਦੇ ਲੋਕਾਂ ਨਾਲ ਸਮਝੌਤਾ (ਏਕਤਾ ਨਹੀਂ) ਕਰੋਗੇ, ਤਾਂ ਖਿਚੜੀ ਹੀ ਬਣੇਗੀ...

ਮਤਿਆਂ 'ਚ ਪਹਿਲੇ ਮਤੇ 'ਚ "ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਬੁੱਧੀ ਭ੍ਰਿਸ਼ਟ ਹੋਣ, ਖੂਨ ਦਾ ਪਿਆਸਾ ਹੋਣ..." ਆਦਿ ਲਿਖਿਆ ਗਿਆ ਹੈ, ਅਤੇ ਪਹਿਲੇ ਮਤੇ ਦੇ ਅੰਤ 'ਚ "ਸਾਰੇ ਸਿੱਖ ਪ੍ਰਚਾਰਕ, ਰਾਗੀ ਢਾਡੀ ਫਤਿਹਗੜ੍ਹ ਸਾਹਿਬ ਵਿਖੇ ਇੱਕਠੇ ਹੋ ਸਵੇਰੇ 11 ਵਜੇ ਮੁੱਖ ਮੰਤਰੀ ਪੰਜਾਬ ਨੂੰ ਆਪਣਾ ਖੂਨ ਪੇਸ਼ ਕਰਨ ਲਈ ਚਾਲੇ ਪਾਉਣਗੇ।" ਲਿਖਿਆ ਗਿਆ ਹੈ। ਕੋਈ ਦੱਸ ਸਕਦਾ ਹੈ ਕਿਵੇਂ? 50 ਹਜ਼ਾਰ 'ਚ ਕੋਈ ਬੰਦਾ ਐਸਾ ਨਹੀਂ ਸੀ ਕਿ ਇਹ ਪੁੱਛੇ ਕਿ ਇਹ ਕਿਵੇਂ ਹੋਵੇਗਾ? ਜਾਗਰੂਕ ਅਖਵਾਉਣ ਵਾਲੇ ਪ੍ਰਚਾਰਕਾਂ ਨੇ ਵੀ ਨਹੀਂ ਪੁਛਿਆ? (ਇੱਥੇ ਸਾਫ ਕਰ ਦਈਏ, ਸਾਨੂੰ ਭਾਈ ਪੰਥਪ੍ਰੀਤ ਸਿੰਘ ਅਤੇ ਹੋਰ ਜਾਗਰੂਕ ਪ੍ਰਚਾਰਕਾਂ ਦੀ ਮਨਸ਼ਾ 'ਤੇ ਕੋਈ ਸ਼ੱਕ ਨਹੀਂ)

ਬਾਕੀ ਮਤਿਆਂ 'ਚ ਵੀ ਅਖੰਡ ਪਾਠ ਦਾ ਮਤਾ: ਇਹ ਕੀ ਮਤਾ ਹੋਇਆ ਭਲਾ, ਹਾਲੇ ਥੋੜ੍ਹੇ ਅਖੰਡ ਪਾਠ ਹੋਏ ਹਨ, ਜਿਹੜੇ ਹੁਣ ਅਖੰਡ ਪਾਠਾਂ ਨਾਲ ਕੋਈ ਕ੍ਰਾਂਤੀ ਆ ਜਾਣੀ ਹੈ?

ਤੇ ਫਿਰ ਉਸ ਤੋਂ ਬਾਅਦ ਤਾਂ ਬੇਨਤੀਆਂ, ਤਰਲੇ ਹੀ ਹਨ... ਅਖੇ "ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਤੋਂ ਸ਼ਪਸਟੀਕਰਨ ਮੰਗਦਾ ਹੈ..." ਜਿਸ ਨੂੰ ਤੁਸੀਂ "ਬੁੱਧੀ ਭ੍ਰਿਸ਼ਟ ਹੋਣ, ਖੂਨ ਦਾ ਪਿਆਸਾ ਹੋਣ" ਦੀ ਗੱਲ ਕਹਿ ਰਹੇ ਹੋ, ਉਹ ਤੁਹਾਨੂੰ ਸਪਸ਼ਟੀਕਰਣ ਕਿਉਂ ਦੇਵੇਗਾ? ਇੱਕ ਪਾਸੇ ਅੱਖਾਂ ਦਿਖਾ ਰਹੇ ਹੋ, ਦੂਜੇ ਪਾਸੇ ਸਪਸ਼ਟੀਕਰਣ ? ਵਾਹ !!!

ਪਿਛਲੇ ਸਮੇਂ 'ਚ ਵੀ ਕਈ ਵਾਰੀ ਮਤੇ ਬਣਾਏ ਗਏ ਜਿਸ ਵਿੱਚ ਆਨੰਦਪੁਰ ਦਾ ਮਤਾ ਹੈ, ਕੀ ਐਨੇ ਸਾਲਾਂ ਬਾਅਦ ਵੀ ਕੀ ਬਣਿਆ ਉਸਦਾ?

ਦੁਨੀਆਂ 'ਚ ਹਰ ਇੱਕ ਮੁਸੀਬਤ ਦਾ ਹੱਲ ਹੈ, ਉਸ ਨੂੰ ਘੋਗਣ ਦੇ ਨਾਲ, ਉਸ ਮੁਸੀਬਤ ਦੀ ਤਹਿ ਤੱਕ ਜਾਕੇ, ਉਸ ਬਾਰੇ ਪੜਚੋਲ ਕੀਤੀ ਜਾਵੇ, ਤੇ ਫਿਰ ਉਸਦਾ ਹੱਲ ਲਭਿਆ ਜਾ ਸਕਦਾ ਹੈ, ਜਿਸ ਨੂੰ RCA - Root Cause Analysis ਕਹਿੰਦੇ ਹਨ। ਇਹ ਜੋ ਕੁੱਝ ਵੀ ਹੋ ਰਿਹਾ ਹੈ ਉਸ ਪਿੱਛੇ ਕੌਣ ਹੈ, ਇਸ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀਂ। ਪਹਿਲਾਂ ਜੂਆਂ ਅੱਗੇ ਬੇਨਤੀਆਂ ਕਰਦੇ ਸੀ, ਹੁਣ ਝੋਟੇ ਤੋਂ ਸਪਸ਼ਟੀਕਰਣ ਮੰਗਿਆ ਜਾ ਰਿਹਾ ਹੈ...

ਸਭ ਨੂੰ ਪਤਾ ਹੈ ਕਿ ਇਸ ਸਾਰੇ ਪਵਾੜੇ ਦੀ ਜੱੜ੍ਹ ਹੈ "ਬਾਦਲ, ਉਸਦਾ (ਅ)ਕਾਲੀ ਦਲ, ਸ਼੍ਰੋਮਣੀ ਕਮੇਟੀ ਤੇ ਉਨ੍ਹਾਂ ਦੇ ਥਾਪੇ ਅਖੌਤੀ ਜੱਥੇਦਾਰ"।
(ਵੈਸੇ ਇਸ ਤੋਂ ਵੀ ਹੋਰ ਥੱਲੇ ਜਾਇਆ ਜਾਵੇ ਤਾਂ, ਪਵਾੜੇ ਦੀ ਜੜ੍ਹ ਸਿੱਖ ਅਖਵਾਉਣ ਵਾਲੇ ਆਪ ਹੀ ਹਨ, ਜਿਹੜੇ ਪੈਸੇ, ਚੌਧਰ ਤੇ ਨਸ਼ੇ ਦੀ ਖਾਤਿਰ ਆਪਣਾ ਸਭ ਕੁੱਝ ਵੇਚਣ ਨੂੰ ਤਿਆਰ ਰਹਿੰਦੇ ਹਨ, ਖੈਰ...)

ਐਨੇ ਖਲਾਰੇ ਨਾਲੋਂ ਜੇ ਦੋ ਕੁ ਹੀ ਮਤੇ ਜਿਸ ਨਾਲ ਸਾਰੀ ਵਿਪਦਾ ਮੁੱਕਦੀ ਹੈ, ਵੀ ਪਾ ਲਏ ਜਾਂਦੇ ਤਾਂ ਕੁੱਝ ਸੰਵਰ ਸਕਦਾ ਸੀ।

ਜੇ ਹੋਰਾਂ ਮਤਿਆਂ 'ਚ ਥੱਲੇ ਦਿੱਤੇ ਮਤੇ ਵੀ ਹੁੰਦੇ ਕਿ:

- ਕੋਈ ਵੀ ਸਿੱਖ ਅਤੇ ਗੈਰ ਸਿੱਖ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ, ਅੱਜ ਤੋਂ ਬਾਅਦ (ਅ)ਕਾਲੀ ਦਲ ਬਾਦਲ ਅਤੇ ਹੋਰ ਗੈਰ ਇਖਲਾਕੀ, ਗੱਦਾਰ, ਦੋਗਲੇ ਲੋਕਾਂ ਨੂੰ ਵੋਟ ਨਾ ਪਾਵੇ।
- ਅਖੌਤੀ ਜੱਥੇਦਾਰੀ ਪਰੰਪਰਾ ਨੂੰ ਰੱਦ ਕੀਤਾ ਜਾਂਦਾ ਹੈ।

ਇਨ੍ਹਾਂ ਦੋਵਾਂ ਨਾਲ ਸਿੱਖਾਂ ਦੇ ਬਹੁਤ ਸਾਰੇ ਮਸਲੇ ਹੱਲ ਹੁੰਦੇ ਹਨ। ਬਾਦਲਾਂ ਦੀ ਅਜਾਰੇਦਾਰੀ ਖ਼ਤਮ ਹੁੰਦੀ, ਸ਼੍ਰੋਮਣੀ ਕਮੇਟੀ 'ਤੇ ਉਸਦਾ ਗ਼ਲਬਾ ਲੱਥਦਾ, ਪੱਪੂ ਪਰੰਪਰਾ ਦਾ ਭੋਗ ਪੈਂਦਾ।

ਪਰ ਗੁਰੂ ਦੀ ਬੇਅਦਬੀ ਕਰਾ ਕੇ, ਧਰਨੇ ਲਾਕੇ, ਡਾਂਗਾਂ ਗੋਲ਼ੀਆਂ ਖਾਕੇ, ਨੌਜਵਾਨ ਮਰਵਾ ਕੇ... ਸੋਚੋ ਖੱਟਿਆ ਕੀ? ਆ ਖਿਚੜੀ ਮਤੇ!!!

ਜਿਸ ਤਰ੍ਹਾਂ ਸਾਡੇ ਕੋਲ ਗੁਰਪੁਰਬ ਮਨਾਉਣ ਦਾ ਕੋਈ ਹੋਰ ਢੰਗ ਹੀ ਨਹੀਂ, ਜਲੂਸ ਕੱਢ ਲਓ, ਅਖੰਡ ਪਾਠ ਰੱਖ ਲਓ, ਰਾਗੀ ਢਾਡੀ ਸੱਦ ਲਓ, ਲੰਗਰ ਲਾ ਲਓ, ਲੰਗਰ ਖਾ ਕੇ ਘਰਾਂ ਨੂੰ ਚਲ ਜਾਓ... ਤੇ ਨਤੀਜਾ Output : ਸਿਫਰ ZERO

ਇਸੇ ਤਰ੍ਹਾਂ ਸਾਡੇ ਕੋਲ ਕਿਸੀ ਵੀ ਸਮੱਸਿਆ ਦਾ ਹੋਰ ਕੋਈ ਹਲ ਹੀ ਨਹੀਂ... ਸੜਕਾਂ 'ਤੇ ਆ ਜਾਓ, ਧਰਨੇ ਲਾ ਲਾਓ, ਕਿਰਪਾਨਾਂ ਲਹਿਰਾ ਲਓ, ਫੋਕੇ ਜੈਕਾਰੇ ਲਾ ਲਓ... ਫਿਰ ਡਾਂਗਾਂ ਖਾ ਲਓ, ਗੋਲ਼ੀਆਂ ਖਾ ਲਓ, ਨੌਜਵਾਨ ਮਰਵਾ ਲਓ... ਤੇ ਫਿਰ ਉਨ੍ਹਾਂ ਦੇ ਭੋਗ 'ਤੇ ਸਮਗਾਮ ਕਰਾ ਲਓ, ਗਰਮ ਗਰਮ ਲੈਕਚਰ ਕਰਵਾ ਲਓ, ਖਾਲਿਸਤਾਨ ਜ਼ਿੰਦਾਬਾਦ ਕਰ ਲਓ... ਨਤੀਜਾ.... ਸਿਫਰ...

ਇਸੇ ਲਈ ਭਗਤ ਕਬੀਰ ਜੀ ਫੁਰਮਾਉਂਦੇ ਹਨ -

ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ
ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ ॥੧੫੮॥ ਪੰਨਾ 1372

ਹੁਣ ਕਈਆਂ ਨੇ ਕਹਿਣਾ, ਤੁਸੀਂ ਕੀ ਕੀਤਾ, ਤੁਹਾਡੀ ਕੀ ਦੇਣ ਹੈ... ਸਾਡਾ ਕੰਮ ਹੈ ਖ਼ਬਰ ਦੇਣੀ, ਖ਼ਤਰੇ ਤੋਂ ਆਗਾਹ ਕਰਨਾ, ਚੌਂਕੀਦਾਰੀ ਕਰਨੀ, ਭੌਂਕਣਾ... ਕਿ ਜਾਗਦੇ ਰਹੋ "ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਅਤ ਹਉ ਰੇ ਭਾਈ"... ਤੇ ਕੰਮ ਅਸੀਂ ਕਰਦੇ ਰਹਿਣਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top