Share on Facebook

Main News Page

ਚੰਦੂਮਾਜਰਾ ਨੇ ਸਿੱਖ ਰੋਹ ਤੋਂ ਡਰਦਿਆਂ ਪਸ਼ਚਾਤਾਪ ਸਮਾਗਮ ਦੌਰਾਨ ਲੋਹੇ ਦੇ ਪਿੰਜਰੇ ‘ਚੋਂ ਸੰਗਤਾਂ ਨਾਲ ਵੀਚਾਰ ਸਾਂਝੇ ਕੀਤੇ

ਮੁਹਾਲੀ (28 ਅਕਤੂਬਰ, 2015): ਪੰਜਾਬ ਦੀ ਸੱਤਾ ‘ਤੇ ਕਾਬਜ਼ ਬਾਦਲ ਦਲ ਦੇ ਆਗੂਆਂ ‘ਤੇ ਪੰਥਕ ਰੋਹ ਦਾ ਡਰ ਇਸ ਕਦਰ ਬੈਠ ਗਿਆ ਹੈ ਕਿ ਦਲ ਦੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਐੱਮਪੀ ਪ੍ਰੇਮ ਸਿੰਘ ਚੰਦੂਮਾਜ਼ਰਾ ਨੇ ਪਸ਼ਚਾਤਾਪ ਸਮਾਗਮ ਦੌਰਾਨ ਲੋਹੇ ਦੇ ਜੰਗਲੇ ਵਿੱਚ ਸੰਤਾਂ ਨਾਲ ਵਿਚਾਰ ਸਾਂਝੇ ਕੀਤੇ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਹੋਰ ਪੰਥਕ ਮੁੱਦਿਆਂ ‘ਤੇ ਬਾਦਲ ਦਲ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਅਪਨਾਏ ਰਵੱਈਏ ਕਰਕੇ ਪੰਜਾਬ ਵਿੱਚ ਬਾਦਲ ਦਲ ਦੇ ਵੱਖ-ਵੱਖ ਆਗੂਆਂ ਦੇ ਕੀਤੇ ਗਏ ਘਿਰਾਓ ਤੋਂ ਡਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਬਾਦਲ ਦਲ ਦੇ ਆਗੂਆਂ ਅਤੇ ਸਰਗਰਮ ਵਰਕਰਾਂ ਨੇ ਆਪਣੀ ਸੁਰੱਖਿਆ ਲਈ ਲੋਹੇ ਦੇ ਜੰਗਲੇ ਲਾ ਕੇ ਵਿਚਾਰਾਂ ਕੀਤੀਆਂ। ਬਾਕੀ ਸਾਰੀ ਸੰਗਤ ਜੰਗਲੇ ਤੋਂ ਬਾਹਰ ਬੈਠੀ ਹੋਈ ਸੀ, ਜਿਨ੍ਹਾਂ ਜੰਗਲੇ ਦੇ ਬਾਹਰੋਂ ਹੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ।

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੇ ਪਸ਼ਚਾਤਾਪ ਵਜੋਂ ਬਾਦਲ ਦਲ ਦੀ ਇਕਾਈ ਜ਼ਿਲ੍ਹਾ ਮੁਹਾਲੀ ਵੱਲੋਂ ਅੱਜ ਇੱਥੋਂ ਦੇ ਫੇਜ਼-8 ਸਥਿਤ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੀ ਪਾਰਕਿੰਗ ਦੇ ਖੁੱਲ੍ਹੇ ਪੰਡਾਲ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪੁਆਏ ਗਏ। ਰਾਗੀ ਤੇ ਢਾਡੀ ਜਥਿਆਂ ਨੇ ਗੁਰਬਾਣੀ ਕੀਰਤਨ ਅਤੇ ਢਾਡੀ ਵਾਰਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ।

ਜ਼ਿਆਦਾਤਰ ਬੁਲਾਰਿਆਂ ਨੇ ਪਸ਼ਚਾਤਾਪ ਦੀ ਥਾਂ ਬਾਦਲ ਦਲ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਤੇ ਗ੍ਰੰਥੀ ਸਿੰਘ ਵੱਲੋਂ ਵੀ ਹੁਕਮਰਾਨ ਪਾਰਟੀ ਦੀ ਚੜ੍ਹਦੀ ਕਲਾ ਲਈ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ।

ਇਸ ਮੌਕੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਗੁਰੂ ਦੀ ਬੇਅਦਬੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜ਼ਿੰਮੇਵਾਰ ਲੋਕਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣਗੀਆਂ। ਸੰਸਦ ਮੈਂਬਰ ਨੇ ਪਿੰਡ ਵਿੱਚ ਇਕ ਗੁਰਦੁਆਰਾ ਸਾਹਿਬ ਤੇ ਇਕ ਸ਼ਮਸ਼ਾਨਘਾਟ ਬਣਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਗੁਰਦੁਆਰਾ ਕਮੇਟੀਆਂ ਤੇ ਗਰਾਮ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਸ਼ਹਿਰਾਂ ਤੇ ਪਿੰਡਾਂ ਦੇ ਗੁਰੂ ਘਰਾਂ ਵਿੱਚ ਗ੍ਰੰਥੀ, ਕਥਾ ਵਾਚਕ ਜਾਂ ਮੈਨੇਜਰ/ਪ੍ਰਬੰਧਕ ਨਿਯੁਕਤ ਕਰਨ ਤੋਂ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਪਡ਼ਤਾਲ ਯਕੀਨੀ ਬਣਾਈ ਜਾਵੇ।

ਇਸ ਮੌਕੇ ਐਸ.ਜੀ.ਪੀ.ਸੀ. ਦੇ ਮੈਂਬਰ ਨਿਰਮੈਲ ਸਿੰਘ ਜੌਲਾਂ, ਚਰਨਜੀਤ ਸਿੰਘ ਕਾਲੇਵਾਲ ਤੇ ਅਜਮੇਰ ਸਿੰਘ ਖੇੜ, ਮਾਰਕੀਟ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਕੁੰਭੜਾ, ਜ਼ਿਲ੍ਹਾ ਯੂਥ (ਸ਼ਹਿਰੀ) ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਪ੍ਰਿੰਸ, ਜ਼ਿਲ੍ਹਾ ਇਸਤਰੀ ਦਲ ਦੀ ਪ੍ਰਧਾਨ ਕੁਲਦੀਪ ਕੌਰ ਕੰਗ, ਅਤੇ ਹੋਰ ਬਾਦਲ ਦਲ ਦੇ ਵਰਕਰ ਹਾਜ਼ਰ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top