Share on Facebook

Main News Page

ਤੁਸੀਂ ਗੁਰੂ ਲਈ ਜਿਊਣਾ ਸਿੱਖੋ, ਗੁਰੂ ਤੁਹਾਡੇ ਨਾਲ ਬਚਨ ਕਰਦਾ ਹੈ
"ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ॥"
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਅੱਜ ਬਾਦਲ ਕਾਲੀ ਦਲ ਦੀ ਕਾਲੀ ਸਿਆਹ ਸਿਆਸਤ ਦੇ ਜ਼ਾਲਮ ਹਥਾਂ ਵਿਚ ਆਕੇ ਸਿਖ ਕੌਮ ਵਿਚ ਵਿਸਫੋਟਕ ਹਾਲਾਤ ਪੈਦਾ ਹੋ ਚੁਕੇ ਹਨ। ਦੂਜੇ ਪਾਸੇ ਕੌੜੀ ਸਚਾਈ ਹੈ ਕੇ “ਹਰ ਸ਼ਾਖ ਪੇ ਉਲੂ ਬੈਠਾ ਹੈ” ਗੁਰੂ ਰਾਖਾ ਹੋਵੇ, ਅਪਣੀ ਲੀਡਰੀ ਚਮਕਾਉਣ ਅਤੇ ਆਪਣੀ ਸਿਆਸੀ ਰੋਟੀ ਸੇਕਣ ਦੇ ਚਾਹਵਾਣ ਹੀ ਬਹੁਤਾਤ ਵਿੱਚ ਇਕੱਠੇ ਹੋਇ ਦਿਸਦੇ ਹਨ। ਬਹੁਤੇ ਚਿਹਰੇ ਧਰਮ ਲਈ ਨਹੀਂ, ਬਲਕਿ ਧਰਮ ਨੂੰ ਆਧਾਰ ਬਣਾ ਕੇ ਪਵਿੱਤਰ ਸਿੱਖੀ ਜਜ਼ਬਾਤ ਨਾਲ ਖਿਲਵਾੜ ਕਰ ਰਹੇ ਹਨ। ਕੋਈ ਸਾਧਾਰਣ ਸਿੱਖ ਭੀ ਇਓਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਹੀਂ ਕਰ ਸਕਦਾ, ਜਿਵੇਂ ਆਏ ਦਿਨ ਹੋ ਰਹੀ ਹੈ। ਸਾਡਾ ਬੀਤਿਆ ਦਸਦਾ ਹੈ ਕਿ ਗੁਰੂ ਪਿਆਰੀ ਕੌਮ ਕੁਰਬਾਨੀਆਂ ਸ਼ਹੀਦੀਆਂ ਦੇਂਦੀ ਹੈ ਅਤੇ ਵੱਖਤ ਸ਼ਨਾਸ਼ ਲੋਕ ਵੱਕਤ 'ਤੇ ਆ ਟਪਕਦੇ ਹਨ ਅਤੇ ਕੌਮੀ ਜਜ਼ਬਾਤਾਂ ਦੇ ਸੌਦੇ ਕਰ ਜਾਂਦੇ ਹਨ। ਗੁਰੂ ਆਵਾਜ਼ਾਂ ਦੇਂਦਾ ਰਹਿ ਜਾਂਦਾ ਹੈ। ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ ਦੋਹੀ ਦਿਚੈ ਦੁਰਜਨਾ ਮਿਤ੍ਰਾਂ ਕੂੰ ਜੈਕਾਰੁ ਜਿਤੁ ਦੋਹੀ ਸਜਣ ਮਿਲਨਿ ਲਹੁ ਮੁੰਧੇ ਵੀਚਾਰੁ

ਪਰ ਏਕਤਾ ਦੇ ਮਿੱਠੇ ਸ਼ਬਦ ਜਾਲ ਵਿੱਚ ਫਸ ਕੇ, ਸਾਨੂੰ ਦੁਰਜਨ ਮਿਤਰ ਦੀ ਪਛਾਣ ਭੀ ਨਹੀਂ ਰਹਿੰਦੀ ਅਤੇ ਕੌਮੀ ਸੰਘਰਸ਼ ਵਿਚ ਹੋਈਆਂ ਸਾਰੀਆਂ ਕੁਰਬਾਨੀਆਂ ਬੇਅਰਥ ਗੁਆ ਲੈਂਦੇ ਹਾਂ ਅਤੇ ਆਖਿਰ ਫਿਰ ਓਹੋ ਉਲੂ ਹੀ ਸ਼ਾਖਾ 'ਤੇ ਕਾਬਜ਼ ਬੈਠੇ ਦਿਸੇ ਹਨ, ਪਤਾ ਨਹੀਂ ਕਦੋਂ ਤਕ “ਪਰਜਾ ਅੰਧੀ ਗਿਆਨ ਬਿਨ” ਰਹੇਗੀ ਅਤੇ “ਰਾਜੇ ਪਾਪ ਕਮਾਵਦੇ ਰਹਿਣਗੇ”। ਸਿੰਘੋ ਧਿਆਨ ਨਾਲ ਦੇਖੋ, ਤੁਹਾਡੇ ਅੱਜ ਦੇ ਬਹੁਤੇ ਮਤੇ ਉਨ੍ਹਾਂ ਹੀ ਜ਼ਾਲਮਾਂ ਦੇ ਦਰਬਾਰਾਂ ਵਿਚ ਹੱਥ ਜੋੜ ਬੇਨਤੀਆਂ ਕਰਦੇ ਹੀ ਦਿਸਦੇ ਹਨ, ਜਿਨ੍ਹਾਂ ਹੱਥਾਂ ਨੇ ਸਿੱਖੀ ਸਿਧਾਂਤ ਅਤੇ ਸਿੱਖੀ ਸਰੂਪ ਨੂੰ ਖਤਮ ਕਰਨ ਲਈ ਕੌਮੀ ਸਾਹ ਰਗ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਂਦ ਨੂੰ ਹੱਥ ਪਾਇਆ ਹੋਇਆ ਹੈ। ਇਸ ਜ਼ਾਲਮ ਹੱਥ ਦੀ ਇੱਕ ਇੱਕ ਉਂਗਲ ਪਛਾਣੋ, ਜੋ ਵੱਖ ਵੱਖ ਰੂਪ ਵਿਚ ਕੰਮ ਕਰ ਰਹੀ ਹੈ। ਮੈ ਕਹਿੰਦਾ ਹਾਂ ਕਿ ਸੌਦਾ ਸਾਧ ਦਾ ਗੁਰੂ ਦਸਮ ਪਾਤਸ਼ਾਹ ਜੀ ਵਲੋਂ ਬਖਸ਼ੇ ਬਾਣੀ ਅੰਮ੍ਰਿਤ ਅਤੇ ਦੇ ਕਥਿਤ ਸਰੂਪ ਦੀ ਨਕਲ ਦਾ ਸਵਾਂਗ ਰਚਨਾ ਗੁਰੂ ਦੀ ਘੋਰ ਬੇਅਦਬੀ ਹੈ, ਜੋ ਸਿੱਖ ਕੌਮ ਕੋਲੋਂ ਬਰਦਾਸ਼ਤ ਨਹੀਂ ਹੋਈ ਅਤੇ ਹੋਣੀ ਭੀ ਨਹੀਂ ਚਾਹੀਦੀ ਸੀ “ਗੁਰਸਿਖਾਂ ਕੇ ਮਨ ਭਾਵਦੀ ਗੁਰੁ ਸਤਿਗੁਰੁ ਕੀ ਵਡਿਆਈ”। ਕੌਮ ਨੇ ਇਸ ਕਾਲਖ ਨੂੰ ਹਮੇਸ਼ਾਂ ਲਈ ਆਪਣੇ ਵਿਹੜੇ ਵਿਚੋ ਕੱਢ ਦਿਤਾ, ਪਰ ਕਾਲੀ ਸਿਆਹ ਸਿਆਸਤ ਨੇ ਅਪਣੇ ਵੋਟ ਬੈਂਕ ਲਈ ਅਪਣੇ ਲਾਏ ਹੋਏ ਪੰਜ ਦਰਵਾਜ਼ਿਆਂ ਰਾਹੀਂ ਮੁੜ ਘਰ ਵਿੱਚ ਲਿਆ ਵਾੜਿਆ। ਜਿਸ ਜਾਇਜ਼ ਰੋਸ ਵਜੋ ਅਰੰਭ ਹੋਇਆ ਕੌਮੀ ਸੰਘਰਸ਼ ਅੱਜ ਇਕ ਧੁੰਦਲੇ ਮੋੜ 'ਤੇ ਪੁੱਜ ਚੁਕਾ ਹੈ, ਗੁਰੂ ਰਾਖਾ ਹੋਵੇ।

ਦੂਜੇ ਪਾਸੇ ਇਸ ਜ਼ਾਲਮ ਹੱਥ ਦੀਆਂ ਕੁਛ ਉਂਗਲਾਂ ਆਰ.ਐਸ.ਐਸ. ਦੇ ਹੱਥ-ਠੋਕਾ ਬਣ ਚੁੱਕੇ ਕੁੱਝ ਸਿੱਖ ਚਿਹਰੇ, ਜੋ ਸਿੱਖੀ ਦੇ ਤਖਤਾਂ ਅਤੇ ਅਸਥਾਨਾਂ 'ਤੇ ਕਾਬਜ਼ ਹਨ, ਜਿਨ੍ਹਾਂ ਦੇ ਅਸਲ ਰੂਪ ਹੁਣ ਤੁਸਾਂ ਦੇਖ ਹੀ ਲਏ ਹਨ। ਉਨ੍ਹਾਂ ਵਲੋਂ ਜੁਗੋ ਜੁਗ ਅਟੱਲ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਕਲ ਕਰਦਿਆਂ ਬ੍ਰਾਹਮਣਵਾਦ ਦੀ ਪਦਾਇਸ਼ ਬਚਿੱਤਰ ਨਾਟਕ ਗ੍ਰੰਥ ਨੂੰ "ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ" ਲਿਖ ਕੇ ਸਤਿਗੁਰੂ ਜੀ ਦੇ ਬਰਾਬਰ ਉਸ ਗ੍ਰੰਥ ਨੂੰ ਸਿੰਘਾਸਨ 'ਤੇ ਸਥਾਪਤ ਕਰਕੇ ਪੂਜ ਰਹੇ ਹਨ, ਜਿਸ ਦੇ ਰਾਹੀਂ ਸਿੱਖ ਨੂੰ ਹਿੰਦੂ ਅਤੇ ਆਚਰਣ-ਹੀਨ ਬਨਾਉਣ ਵਿੱਚ ਦੇਰ ਨਹੀਂ ਲੱਗਣੀ ਤੇ ਸਿੱਖੀ ਦੀ ਨਸਲਕੁਸ਼ੀ ਹੋ ਜਾਵੇਗੀ।

ਸੋ, ਸਿੰਘੋ ਜਾਗੋ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਤੇ ਰੋਸ ਸੰਘਰਸ਼ ਅਤੇ ਕੁਰਬਾਨੀਆਂ ਕਰਨ ਵਾਲਿਓ ਆਪਣੇ ਸੱਚੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਚੇ ਸਿੰਘਾਸਣ ਦੇ ਦੁਆਲੇ ਭੀ ਇਕੱਤਰ ਹੋ ਜਾਵੋ।

ਵੀਰੋ ! ਸੱਚ ਜਾਣੋ, ਮੈਨੂੰ ਕਿਸੇ ਸਨਮਾਨ ਦੀ ਜ਼ਰੂਰਤ ਨਹੀਂ, ਮੈਨੂੰ ਕਿਸੇ ਅਖੌਤੀ ਦਸਮ ਗ੍ਰੰਥੀਏ ਪੰਥ ਦੀਆਂ ਚਿੱਠੀਆਂ ਦਾ ਵੀ ਕੋਈ ਭੈਅ ਨਹੀਂ ਹੈ। ਮੈਂ ਸੱਚੇ ਸਤਿਗੁਰ ਜੀ ਦੇ ਦਰ ਦਾ ਕੂਕਰ ਹਾਂ, ਜੇ ਇਕੱਲਾ ਵੀ ਰਹਿ ਜਾਵਾਂ ਤਾਂ ਵੀ ਆਪਣੇ ਸ਼ਬਦ ਗੁਰੂ ਦੀ ਵਡਿਆਈ ਲਈ ਕੂਕਦਾ ਰਹਾਂਗਾ ਅਤੇ ਸਤਿਗੁਰੂ ਦੇ ਸਨਮਾਨ ਦੀ ਕੀਮਤ 'ਤੇ ਕਿਸੇ ਨਾਲ ਸਮਝੌਤਾ ਨਹੀਂ ਕਰਾਂਗਾ। ਭਲੇ ਲੋਕੋ ! ਜਿਸਦੇ ਗੁਰੂ ਦੇ ਸਨਮਾਨ ਨੂੰ ਚੈਲੇਂਜ ਕੀਤਾ ਜਾ ਰਿਹਾ ਹੋਵੇ, ਉਸ ਸਿੱਖ ਦਾ ਕਾਹਦਾ ਸਨਮਾਨ ਹੈ।

ਸਿੰਘੋ ! ਮੈਂ ਤੁਹਾਡੇ ਕੋਲੋਂ ਨਾ ਪੈਸਾ ਮੰਗਦਾ ਹਾਂ, ਨਾ ਸਨਮਾਨ ਮੰਗਦਾ ਹਾਂ। ਮੈਂ ਕੇਵਲ ਝੋਲੀ ਅੱਡ ਕੇ ਆਪਣੇ ਗੁਰੂ ਦਾ, ਤੁਹਾਡੇ ਗੁਰੂ ਦਾ ਸਨਮਾਨ ਮੰਗਦਾ ਹਾਂ। ਵੀਰੋ ! ਆਪਣੇ ਵਿਰਸੇ ਨੂੰ ਸਪਸ਼ਟ ਹੋ ਕੇ ਸੰਭਾਲੋ। ਸਿੱਖੀ ਦੇ ਜੀਵਨ ਸੋਮੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਿਸੇ ਵਿਸ਼ੇ 'ਤੇ ਭੁੱਲ ਕੇ ਵੀ ਕੋਈ ਦੁਬਿਧਾ ਨਾ ਖੜੀ ਹੋਣ ਦਿਓ। ਇਹ ਆਰ.ਐਸ.ਐਸ. ਦੀ ਸਾਜਸ਼ ਹੋ ਸਕਦੀ ਹੈ ਕੇ ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਦੀ ਨਸ਼ੀਨੀ ਨੂੰ ਚੈਲੇਂਜ ਕਰਕੇ ਧਰਮੂ ਨਹਿੰਗ ਵਰਗਾ ਜਾਂ ਨਾਮਧਾਰੀਆਂ ਵਰਗਾ ਆਖੇ ਕੇ ਗੱਦੀ ਗੁਰੂ ਗ੍ਰੰਥ ਨੂੰ ਨਹੀਂ ਦਿੱਤੀ ਗਈ।

ਸਿੰਘੋ ! ਗੱਦੀ ਇੱਕੋ ਇੱਕ ਅਟੱਲ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਦਿੱਤੀ ਗਈ ਹੈ। ਹਾਂ, ਖਾਲਸੇ ਨੂੰ 'ਗ੍ਰੰਥ' ਦੇ ਤਾਬਿਆ ਕੀਤਾ ਗਿਆ ਹੈ, ਕਿਉਂਕਿ ਗੁਰੂ ਗ੍ਰੰਥ ਸਾਡਾ ਸਿੱਖੀ ਸਿਧਾਂਤ ਦਾ ਕੇਂਦਰ ਹੈ ਅਤੇ ਜਿਹੜਾ ਜੀਵਨ ਸ਼ਬਦ ਗੁਰੂ ਦੀ ਤਾਬਿਆ ਖੜਾ ਹੈ, ਉਹ ਸਿਧਾਂਤ ਨਾਲ ਪਰਣਾਇਆ ਪੰਥਕ ਹੈ। ਸਿੰਘੋ ! ਤੁਹਾਨੂੰ ਯਾਦ ਹੋਵੇਗਾ ਕੇ ਅਕਾਲ ਤਖਤ ਦੀ ਪਦਵੀ ਤੋਂ ਦਾਸ ਨੇ "ਤੇਜਾ ਸਿੰਘ ਸਮੁੰਦਰੀ ਹਾਲ" ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾ ਸਹਾਰਦਿਆਂ, ਆਪ ਖ਼ੁਦ ਅਸਤੀਫ਼ਾ ਦੇ ਦਿੱਤਾ ਸੀ ਅਤੇ ਅੱਜ ਵੀ ਆਪਣੇ ਸ਼ਹਿਨ-ਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕੋ ਇੱਕ ਸਿੰਘਾਸਨ ਨੂੰ ਦੇਖਣ ਦੀ ਆਸ ਨਾਲ ਜੀਵਾਂਗਾ। ਮੈਂ ਅੱਜ ਪੰਥ ਅਤੇ ਗ੍ਰੰਥ ਦੇ ਅਦਬ ਲਈ ਵਾਹਦ ਜ਼ਿੰਮੇਵਾਰ ਅਖਵਾਉਂਦੇ ਆਗੂਆਂ ਨੂੰ ਪੁੱਛਦਾ ਹਾਂ ਕਿ ਰਹਿਤ ਮਰਯਾਦਾ ਵਿੱਚ ਲਿਖੇ ਫ਼ੈਸਲੇ ਮੁਤਾਬਿਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ (ਤੁੱਲ) ਕਿਸੇ ਗ੍ਰੰਥ ਜਾਂ ਪੋਥੀ ਦਾ ਪ੍ਰਕਾਸ਼ ਨਹੀਂ ਹੋ ਸਕਦਾ'। ਇਉਂ ਕਿਸੇ ਹੋਰ ਗ੍ਰੰਥ ਦੀ ਬਰਾਬਰਤਾ ਪ੍ਰਵਾਨ ਨਹੀਂ ਕੀਤੀ ਗਈ, ਤਾਂ ਫਿਰ ਅੱਜ ਆਪਣਾ ਹੀ ਫ਼ੈਸਲਾ ਲਾਗੂ ਕਰਨ ਤੋਂ ਮੂੰਹ ਮੋੜ ਕੇ ਕਿਉਂ ਗੁਰੂ ਵੱਲੋਂ ਬੇਦਾਵੀਏ ਹੋ ਰਹੇ ਹੋ। ਅੱਗੇ ਵੱਧੋ ਤੇ 'ਸਿੱਖ ਰਹਿਤ ਮਰਿਯਾਦਾ' ਦਾ ਫ਼ੈਸਲਾ ਸਮੁੱਚੇ ਪੰਥਕ ਅਸਥਾਨਾਂ 'ਤੇ ਲਾਗੂ ਕਰੋ ਜਾਂ ਫਿਰ ਪੰਥਕ ਦਾਅਵੇਦਾਰੀਆਂ ਛੱਡ ਦੇਵੋ।

ਅੱਜ ਸਰਬੱਤ ਖਾਲਸਾ ਜਾਗ ਉਠਿਆ ਹੈ ਅਤੇ ਗੁਰੂ ਦੇ ਅਦਬ ਲਈ ਇੱਕ ਸ਼ਕਤੀ ਬਣ ਰਿਹਾ ਹੈ। ਉਹ ਦਿਨ ਦੂਰ ਨਹੀਂ ਜਦੋਂ ਗੁਰੂ ਦੇ ਬਰਾਬਰ ਹੋਰਨਾਂ ਗ੍ਰੰਥਾਂ, ਮੂਰਤੀਆਂ ਤੇ ਵਿਅਕਤੀਆਂ ਦੇ ਲੱਗਦੇ ਸਿੰਘਾਸਣ ਉਠ ਜਾਣਗੇ ਅਤੇ ਇਹ ਗੁਰ-ਬਚਨ ਸਫ਼ਲ ਹੋਵੇਗਾ:

ਸਤਿਗੁਰ ਜੇਵਡੁ ਦਾਤਾ ਕੋ ਨਹੀ ਸਭਿ ਸੁਣਿਅਹੁ ਲੋਕ ਸਬਾਇਆ। (ਗੁ.ਗ੍ਰੰ.ਸਾ. 465)

ਮੈਂ ਹਰ ਇੱਕ ਸਿੱਖ ਨੂੰ ਯਕੀਨ ਦਿਵਾਉਂਦਾ ਹੋਇਆ ਬੇਨਤੀ ਕਰਦਾ ਹਾਂ ਕਿ ਜਿਸ ਦਿਨ ਗੁਰੂ ਦਾ ਅਦਬ ਕਾਇਮ ਹੋਇਆ, ਬਾਈ ਮੰਜੀਆਂ ਚੁੱਕੀਆਂ ਗਈਆਂ, ਉਸ ਦਿਨ ਸਿੱਖ ਦਾ ਸਨਮਾਨ ਆਪੇ ਹੀ ਬਹਾਲ ਹੋ ਜਾਵੇਗਾ ਅਤੇ ਗੁਰੂ ਅਦਬ ਦੀ ਕੀਮਤ 'ਤੇ ਕੁਰਸੀਆਂ, ਪਦਵੀਆਂ 'ਤੇ ਡੇਰੇ ਬਣਾਈ ਬੈਠੇ ਧਾਰਮਿਕ ਤੇ ਸਿਆਸੀ ਲੀਡਰਾਂ ਦੇ ਪਸਾਰੇ ਆਪੇ ਹੀ ਸਮੇਟੇ ਜਾਣਗੇ। ਤੁਸੀਂ ਗੁਰੂ ਲਈ ਜਿਊਣਾ ਸਿੱਖੋ, ਗੁਰੂ ਤੁਹਾਡੇ ਨਾਲ ਬਚਨ ਕਰਦਾ ਹੈ;

ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ॥ (ਗੁ.ਗ੍ਰੰ.ਸਾ. 286)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਦਾ ਕੂਕਰ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top