Share on Facebook

Main News Page

ਤਖਤਾਂ ਦੇ ਜਥੇਦਾਰਾਂ ਨੂੰ ਅਹੁਦਿਆਂ ਤੋਂ ਫਾਰਗ ਕਰਨ ਦੀਆਂ ਅਫਵਾਹਾਂ ਗੈਰ ਵਾਜਬ
-: ਅਵਤਾਰ ਮੱਕੜ

ਅੰਮ੍ਰਿਤਸਰ 30 ਅਕਤੂਬਰ (ਜਸਬੀਰ ਸਿੰਘ ਪੱਟੀ) ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਮੱਕੜ ਨੇ ਤਖਤਾਂ ਦੇ ਜਥੇਦਾਰਾਂ ਦੀਆ ਕੀਤੀ ਜਾਣ ਵਾਲੀ ਛੁੱਟੀ 'ਤੇ ਸਵਾਲੀਆ ਨਿਸ਼ਾਨ ਲਗਾਉਂਦਿਆਂ ਅਖਬਾਰਾਂ ਵਿੱਚ ਬਾਰ ਬਾਰ ਜਥੇਦਾਰਾਂ ਨੂੰ ਫਾਰਗ ਕਰਨ ਦੀਆ ਲੱਗ ਰਹੀਆਂ ਖਬਰਾਂ 'ਤੇ ਵਿਸ਼ਰਾਮ ਚਿੰਨ੍ਹ ਲਗਾਉਂਦਿਆਂ ਜਥੇਦਾਰਾਂ ਦੀ ਛੁੱਟੀ ਨੂੰ ਮੁੱਢੇ ਹੀ ਰੱਦ ਕਰਦਿਆਂ ਕਿਹਾ ਕਿ ਜਥੇਦਾਰ ਦੀ ਨਿਯੁਕਤੀ ਇੱਕ ਪ੍ਰੀਕਿਰਿਆ ਤਹਿਤ ਹੁੰਦੀ ਅਤੇ ਉਹ ਪੰਥ ਦੇ ਸਤਿਕਾਰਯੋਗ ਆਗੂ ਹੁੰਦੇ ਹਨ, ਜਿਹਨਾਂ ਨਾਲ ਹਮੇਸ਼ਾਂ ਹੀ ਸਤਿਕਾਰ ਨਾਲ ਹੀ ਪੇਸ਼ ਆਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਸ਼ਰੋਮਣੀ ਕਮੇਟੀ ਦੀ ਕਾਰਜਕਰਨੀ ਕਮੇਟੀ ਹੀ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਦਾ ਅਧਿਕਾਰ ਰੱਖਦੀ ਹੈ, ਤੇ ਹੋਰ ਕਿਸੇ ਵੀ ਸੰਸਥਾ ਜਾਂ ਪਾਰਟੀ ਨੂੰ ਜਥੇਦਾਰਾਂ ਬਾਰੇ ਕੋਈ ਵੀ ਫੈਸਲਾ ਲੈਣ ਦਾ ਅਧਿਕਾਰ ਨਹੀਂ ਹੈ। ਉਹਨਾਂ ਕਿਹਾ ਕਿ ਜਥੇਦਾਰਾਂ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਦੀ ਤਰ੍ਹਾਂ ਜਨਤਕ ਸਮਾਗਮਾਂ ਵਿੱਚ ਜਾ ਕੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਨ ਤੇ ਧਰਮ ਪ੍ਰਚਾਰ ਨੂੰ ਮੁਹਿੰਮ ਨੂੰ ਜੰਗੀ ਪੱਧਰ 'ਤੇ ਵਿੱਢਿਆ ਜਾਵੇ।

ਉਨ੍ਹਾਂ ਕਿਹਾ ਕਿ ਅਖ਼ਬਾਰੀ ਮੀਡੀਆ ਅਤੇ ਵੱਟਸ ਐਪ 'ਤੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਅਲੱਗ ਕਰਨ ਲਈ ਜੋ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ, ਉਹ ਬਿਲਕੁਲ ਨਿਰਮੂਲ ਤੇ ਬੇਬੁਨਿਆਦ ਹਨ ਅਤੇ ਸੰਗਤਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੀਆ ਅਫਵਾਹਾਂ ਤੋਂ ਸੁਚੇਤ ਰਹਿਣ।

ਵਰਨਣਯੋਗ ਹੈ ਕਿ ਜਥੇਦਾਰਾਂ ਦੇ ਅਹੁਦਿਆਂ 'ਤੇ ਉਸ ਵੇਲੇ ਸੰਕਟ ਦੇ ਬੱਦਲ ਮੰਡਰਾਉਣ ਲੱਗ ਪਏ ਸਨ, ਜਦੋਂ ਸੌਦਾ ਸਾਧ ਨੂੰ ਬਿਨਾਂ ਪੇਸ਼ ਹੋਏ 23 ਸਤੰਬਰ ਨੂੰ ਮੁਆਫੀ ਦੇ ਦਿੱਤੀ ਤੇ ਪੰਥਕ ਸਫਾਂ ਵਿੱਚ ਇਸ ਦਾ ਭਾਰੀ ਵਿਰੋਧ ਹੋਇਆ ਸੀ, ਤਾਂ 16 ਅਕਤੂਬਰ ਨੂੰ ਸੰਗਤਾਂ ਦੇ ਦਬਾਅ ਹੇਠ ਮੁਆਫੀ ਵਾਲਾ ਗੁਰਮਤਾ ਰੱਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਤਰਿਆਂ ਦੀ ਕੀਤੀ ਬੇਅਦਬੀ ਉਪੰਰਤ ਸ਼ਾਂਤਮਈ ਪ੍ਰਦਰਸ਼ਨ ਕਰ ਰਹੀਆਂ ਸੰਗਤਾਂ 'ਤੇ ਕੀਤੀ ਗਈ ਗੋਲੀਬਾਰੀ ਉਪਰੰਤ ਦੋ ਸਿੰਘ ਸ਼ਹੀਦ ਤੇ ਸੈਂਕੜੇ ਫੱਟੜ ਹੋ ਗਏ ਸਨ। ਰੋਸ ਵਜੋ ਪੰਥਕ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ਤੇ ਸਾਰੇ ਪੰਜਾਬ ਵਿੱਚ ਚੱਕਾ ਜਾਮ ਕਰ ਦਿੱਤਾ ਗਿਆ ਤੇ ਕੰਮ ਕਾਰ ਠੱਪ ਹੋ ਗਏ, ਜਿਸ ਦਾ ਕੇਂਦਰ ਸਰਕਾਰ ਨੇ ਵੀ ਗੰਭੀਰ ਨੋਟਿਸ ਲਿਆ।

ਦੂਜੇ ਪਾਸੇ ਪੰਜ ਪਿਆਰਿਆਂ ਨੇ 21 ਅਕਤੂਬਰ ਨੂੰ ਮੀਟਿੰਗ ਕਰਕੇ ਜਥੇਦਾਰਾਂ ਕੋਲੋਂ ਅਸਤੀਫਿਆਂ ਦੀ ਮੰਗ ਕਰਕੇ ਬਲਦੀ ‘ਤੇ ਤੇਲ ਪਾ ਦਿੱਤਾ ਅਤੇ 23 ਅਕਤੂਬਰ ਨੂੰ ਪੰਜ ਪਿਆਰਿਆਂ ਨੇ ਗੁਰਮਤਾ ਕਰਕੇ ਸ਼ਰੋਮਣੀ ਕਮੇਟੀ ਨੂੰ ਸਿਫ਼ਾਰਸ਼ ਦੇ ਰੂਪ ਵਿੱਚ ਇੱਕ ਗੁਰਮਤਾ ਕਰਕੇ ਆਦੇਸ਼ ਜਾਰੀ ਕਰ ਦਿੱਤੇ, ਕਿ ਪੰਥ ਦੋਖੀ ਸੌਦਾ ਸਾਧ ਨੂੰ ਬਿਨਾਂ ਪੇਸ਼ ਹੋਏ ਮੁਆਫੀ ਦੇ ਕੇ ਜਿਹੜੀ ਬੱਜਰ ਗਲਤੀ ਕੀਤੀ ਹੈ, ਉਸ ਨੂੰ ਮੁੱਖ ਰੱਖ ਕੇ ਜਥੇਦਾਰਾਂ ਨੂੰ ਆਪਣੇ ਅਹੁਦਿਆਂ ਕੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਮੱਕੜ ਨੇ ਦੋਹਰੇ ਮਾਪਦੰਡ ਅਪਨਾਉਂਦਿਆਂ ਜਿਥੇ ਪੰਜ ਪਿਆਰਿਆਂ ਨੂੰ ਮੁਅੱਤਲ ਕਰ ਦਿੱਤਾ ਤੇ ਉਹਨਾਂ ਦੇ ਹੁਕਮ ਮੰਨਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਪੰਜ ਪਿਆਰਿਆਂ ਨੂੰ ਜਥੇਦਾਰਾਂ ਦੀ ਬਰਖਾਸਤਗੀ ਕਰਨ ਦੇ ਆਦੇਸ਼ ਦੇਣ ਦਾ ਕੋਈ ਅਧਿਕਾਰ ਨਹੀਂ ਹੈ। ਮੱਕੜ ਵੱਲੋਂ ਜਾਰੀ ਕੀਤੇ ਗਏ ਬਿਆਨ ਨਾਲ ਜਿਥੇ ਜੱਥੇਦਾਰਾਂ ਨੂੰ ਰਾਹਤ ਮਿਲੀ ਹੈ, ਉਥੇ ਪੰਜ ਪਿਆਰਿਆਂ ਦੇ ਆਦੇਸ਼ਾਂ ਨੂੰ ਸਿੱਧੇ ਰੂਪ ਵਿੱਚ ਚੁਨੌਤੀ ਦੇਣ ਦੇ ਨਾਲ ਨਾਲ ਪੰਥਕ ਧਿਰਾਂ ਵੱਲੋ ਜਥੇਦਾਰਾਂ ਦੀ ਬਰਖਾਸਤਗੀ ਦੀ ਕੀਤੀ ਜਾਂਦੀ ਮੰਗ ਨੂੰ ਵੀ ਨਕਾਰ ਦਿੱਤਾ ਗਿਆ ਹੈ। ਦਮਦਮੀ ਟਕਸਾਲ ਸੰਗਰਾਵਾਂ ਦੇ ਮੁੱਖੀ ਬਾਬਾ ਰਾਮ ਸਿੰਘ ਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਕਿ ਉਹ ਪੰਥਕ ਜਥੇਬੰਦੀਆਂ ਨਾਲ ਮਿਲ ਕੇ ਪਹਿਲੀ ਨਵੰਬਰ ਤੋਂ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਦੇ ਬਾਹਰ ਧਰਨਾ ਦੇਣਗੇ।


ਟਿੱਪਣੀ: ਅਵਤਾਰ ਮੱਕੜ ਆਪ ਤੂੰ ਵੀ ਤਾਂ ਅੰਦਰ ਵੜਿਆ ਹੀ ਬਿਆਨ ਦੇਈ ਜਾਨਾ, ਆਜਾ ਤੂੰ ਵੀ ਬਾਹਰ ਬਿਨਾ ਸੁਰਖਿਆ ਤੋਂ, ਆਕੇ ਕਰ ਸਿੱਖੀ ਪ੍ਰਚਾਰ, ਨਾਲੇ ਲੈ ਆ ਆਪਣੇ ਕਤੂਰਿਆਂ ਨੂੰ ਵੀ ਨਾਲ... ਫਿਰ ਦੇਖ ਸੇਵਾ ਹੁੰਦੀ, ਕਿੰਨਾਂ ਆਦਰ ਮਾਣ ਹੁੰਦਾ... ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top