Share on Facebook

Main News Page

 ਅਕਾਲੀ ਦਲ ਛੱਡਣ ਵਾਲੇ ਆਗੂਆਂ ਲਈ ਕੌਮੀ ਪਾਰਟੀਆਂ ਹਮੇਸ਼ਾਂ ਹੀ ਵਰਦਾਨ ਸਿੱਧ ਹੋਈਆਂ
-: ਜਸਬੀਰ ਸਿੰਘ ਪੱਟੀ 93560 24684

ਮਾਲਵੇ ਦੇ ਬਰਗਾੜੀ ਪਿੰਡ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਵਾਪਰੀ ਘਟਨਾ ਨੇ ਜਿਥੇ ਅਕਾਲੀ ਦਲ ਬਾਦਲ ਨੂੰ ਹਾਸ਼ੀਏ ਤੇ ਧੱਕ ਦਿੱਤਾ ਹੈ ਉਥੇ ਅਕਾਲੀ ਲੀਡਰਾਂ ਵੱਲੋ ਅਸਤੀਫੇ ਦੇ ਕੇ ਝਟਕੇ ਤੇ ਝਟਕਾ ਦਿੱਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਹੁਦੇ ਤੇ ਬਿਰਾਜਮਾਨ ਤੇ ਦਲ ਦੇ ਬੁਲਾਰੇ ਸ੍ਰ ਬਲਵੰਤ ਸਿੰਘ ਰਾਮੂਵਾਲੀਆਂ ਵੱਲੋ ਸਮਾਜਵਾਦੀ ਪਾਰਟੀ ਵਿੱਚ ਸ਼ਾਮਲ ਹੋ ਜਾਣ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ, ਪਰ ਸਮਾਜਵਾਦੀ ਪਾਰਟੀ ਨੇ ਵੀ ਉਹਨਾਂ ਨੂੰ ਪਲਕਾਂ ਤੇ ਬਿਠਾਉਦਿਆ ਵਿਧਾਨ ਸਭਾ ਮੈਂਬਰ ਨਾ ਹੋਣ ਦੇ ਬਾਵਜੂਦ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਕਰਕੇ ਉਹਨਾਂ ਦੀ ਸਿਆਸੀ ਲਿਆਕਤ ਦਾ ਮੁੱਲ ਤਾਰ ਦਿੱਤਾ ਹੈ।

ਅਕਾਲੀ ਦਲ ਬਾਦਲ ਵਿੱਚ ਆਏ ਜਵਾਬ ਭਾਟੇ ਨੇ ਜਿਥੇ ਪਾਰਟੀ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦੀ ਕਾਰਗੁਜਾਰੀ ਤੇ ਪ੍ਰਸ਼ਨ ਚਿੰਨ ਲਗਾ ਦਿੱਤਾ ਹੈ ਉਥੇ ਅਕਾਲੀ ਦਲ ਦੇ ਸੂਬੇ ਵਿੱਚ ਹਾਕਮ ਧਿਰ ਹੋਣ ਦੇ ਬਾਵਜੂਦ ਵੀ ਅਕਾਲੀ ਦਲ ਨੂੰ ਖੌਰਾ ਲੱਗਣਾ ਪਾਰਟੀ ਦੀ ਕਾਰਗੁਜਾਰੀ ਤੇ ਕਈ ਪ੍ਰਕਾਰ ਦੇ ਸਵਾਲ ਖੜੇ ਕਰਦਾ ਹੈ। ਸ੍ਰ ਬਲਵੰਤ ਸਿੰਘ ਰਾਮੂਵਾਲੀਆਂ ਵੱਲੋ ਅਕਾਲੀ ਦਲ ਛੱਡਣ ਨਾਲ ਕੋਈ ਬਹੁਤੀ ਹੈਰਾਨਗੀ ਨਹੀਂ ਹੋਈ ਕਿਉਕਿ ਰਾਮੂਵਾਲੀਆਂ ਦੇ ਪਿਛੋਕੜ ਦੇ ਕਿਰਦਾਰ ਦਾ ਜੇਕਰ ਮੰਥਨ ਕੀਤਾ ਜਾਵੇ ਤਾਂ ਉਹ ਕਈ ਵਾਰੀ ਅਕਾਲੀ ਦਲ ਵਿੱਚ ਆਏ ਤੇ ਕਈ ਵਾਰੀ ਅਕਾਲੀ ਵਿੱਚੋ ਗਏ ਹਨ।
ਰਾਮੂਵਾਲੀਆਂ ਲੀਡਰ ਘੱਟ ਤੇ ਵੱਖ ਵੱਖ ਥਾਵਾਂ ਤੋਂ ਚੋਗਾ ਚੁੱਗਣ ਵਾਲਾ ਕਬੂਤਰ ਵਧੇਰੇ ਹੈ ਜਿਹੜਾ ਹੁਣ ਤੱਕ ਕਈ ਪ੍ਰਕਾਰ ਦੇ ਸਿਆਸੀ ਪਾਪੜ ਵੇਲ ਚੁੱਕਾ ਹੈ। ਸਿਆਸੀ ਪੰਡਤਾਂ ਦਾ ਮੰਨਣਾ ਹੈ ਕਿ ਅਕਾਲੀ ਦਲ ਬਾਦਲ ਦੀ ਸਿਆਸੀ ਬੇੜੀ ਇਸ ਵੇਲੇ ਪੂਰੀ ਤਰਾਂ ਮੰਝਧਾਰ ਵਿੱਚ ਫਸੀ ਹੋਈ ਹੈ ਜਿਸ ਨੂੰ ਕੱਢਣ ਲਈ ਰਾਮੂਵਾਲੀਆਂ ਵਰਗੇ ਅੱਛੇ ਬੁਲਾਰੇ ਆਗੂਆ ਦੀ ਲੋੜ ਸੀ ਪਰ ਉਸ ਵੱਲੋ ਅਕਾਲੀ ਦਲ ਦੀ ਬੇੜੀ ਵਿੱਚੋ ਔਖੇ ਸਮੇਂ ਛਾਲ ਮਾਰ ਦੇਣੀ ਰਾਮੂਵਾਲੀਆਂ ਨੂੰ ਮੌਕਾਪ੍ਰਸਤਾਂ ਦੀ ਕਤਾਰ ਵਿੱਚ ਖੜਾ ਕਰਦੀ ਹੈ। ਵੈਸੇ ਅਕਾਲੀ ਆਗੂਆ ਦੇ ਇਤਿਹਾਸਕ ਪਿਛੋਕੜ ਨੂੰ ਵੇਖਿਆ ਜਾਵੇ ਤਾਂ ਤੱਥ ਸਾਹਮਣੇ ਆਉਦੇ ਹਨ ਜਿਸ ਵੀ ਆਗੂ ਨੇ ਅਕਾਲੀ ਦਲ ਨੂੰ ਬੇਦਾਵਾ ਦੇ ਕੇ ਕੌਮੀ ਪਾਰਟੀਆ ਵਿੱਚ ਸ਼ਮੂਲੀਅਤ ਕੀਤੀ ਹੈ ਉਹਨਾਂ ਦਾ ਵਿਕਾਸ ਤੇ ਵਿਸਥਾਰ ਦੋਵੇ ਹੀ ਹੋਏ ਹਨ।

ਲੋਕ ਸਭਾ ਦੇ ਸਾਬਕਾ ਸਪੀਕਰ ਹੁਕਮ ਸਿੰਘ ਅਕਾਲੀ ਦਲ ਵਿੱਚ ਸਨ ਤੇ ਉਹਨਾਂ ਨੇ ਦਲ ਦੇ ਆਗੂਆਂ ਦੀ ਸੌੜੀ ਸੋਚ ਤੋਂ ਤੰਗ ਆ ਕੇ ਕਾਂਗਰਸ ਵਿੱਚ ਸ਼ਮੂਲੀਅਤ ਕੀਤੀ ਤਾਂ ਕਾਂਗਰਸ ਨੇ ਉਹਨਾਂ ਨੂੰ ਲੋਕ ਸਪੀਕਰ ਦੇ ਵਕਾਰੀ ਆਹੁਦੇ ਤੇ ਬਿਠਾ ਦਿੱਤਾ।

ਦੇਸ ਦੇ ਪਹਿਲੇ ਰੱਖਿਆ ਮੰਤਰੀ ਸ੍ਰ ਬਲਦੇਵ ਸਿੰਘ ਵੀ ਅਕਾਲੀ ਦਲ ਵਿੱਚੋ ਨਿਕਲ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਸਨ ਜਿਹੜੇ ਬਾਦਲ ਪਰਿਵਾਰ ਦੇ ਨਜਦੀਕੀ ਰਿਸ਼ਤੇਦਾਰ ਵੀ ਸਨ। ਇਸੇ ਤਰ੍ਰਾ ਸ੍ਰ ਸਵਰਨ ਸਿੰਘ ਵੀ ਅਕਾਲੀ ਦਲ ਵਿੱਚੋ ਕਾਂਗਰਸ ਵਿੱਚ ਗਏ ਤੇ ਕਾਂਗਰਸ ਦੇ ਕਈ ਆਹੁਦਿਆ ਤੇ ਰਹਿਣ ਤੋਂ ਇਲਾਵਾ ਉਹ ਕੇਂਦਰੀ ਮੰਤਰੀ ਵੀ ਬਣੇ।

ਸ੍ਰ ਬੂਟਾ ਸਿੰਘ ਵੀ ਅਕਾਲੀ ਦਲ ਦੇ ਆਗੂ ਸਨ ਤੇ ਉਹ ਵੀ ਦਲਿੱਤ ਹੋਣ ਕਾਰਨ ਅਕਾਲੀ ਦਲ ਵਿੱਚ ਘੁੱਟਣ ਮਹਿਸੂਸ ਕਰਦੇ ਸਨ ਤੇ ਉਹ ਲੰਮੀ ਛਾਲ ਮਾਰ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ। ਕਾਂਗਰਸ ਸਰਕਾਰ ਸਮੇ ਉਹ ਕਈ ਵਾਰ ਕੇਂਦਰੀ ਮੰਤਰੀ ਵੀ ਰਹੇ।

ਇਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਤੇ ਕੇਦਰੀ ਗ੍ਰਹਿ ਮੰਤਰੀ 'ਤੇ ਰਾਸ਼ਟਰਪਤੀ ਦੇ ਆਹੁਦੇ ਤੇ ਬਿਰਾਜਮਾਨ ਰਹੇ ਗਿਆਨੀ ਜ਼ੈਲ ਸਿੰਘ ਵੀ ਪੈਪਸੂ ਦੀ ਪਰਜਾ ਮੰਡਲ ਦੇ ਸ਼ਾਮਲ ਸਨ ਜਿਹੜਾ ਅਕਾਲੀ ਦਲ ਨਾਲ ਸਬੰਧਿਤ ਵੀ ਸੀ। ਉਹ ਵੀ ਅਕਾਲੀਆਂ ਦੀ ਸੌੜੀ ਸੋਚ ਤੋਂ ਤੰਗ ਆ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਤਾਂ ਉਹਨਾਂ ਨੂੰ ਵੀ ਕਾਂਗਰਸ ਨੇ ਪੰਜਾਬ ਵਿੱਚ ਮੰਤਰੀ ਤੇ ਮੁੱਖ ਮੰਤਰੀ ਦੇ ਆਹੁਦੇ ਤੇ ਬਿਠਾਇਆ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉਹਨਾਂ ‘ਤੇ ਬਹੁਤ ਵਿਸ਼ਵਾਸ਼ ਕਰਦੀ ਸੀ ਤੇ ਉਹ ਕੇਂਦਰੀ ਗ੍ਰਹਿ ਮੰਤਰੀ ਤੇ ਫਿਰ ਦੇਸ਼ ਦੇ ਰਾਸ਼ਟਰਪਤੀ ਬਣ ਕੇ ਦੇਸ਼ ਦੇ ਪ੍ਰਮੁੱਖ ਨਾਗਰਿਕ ਵੀ ਬਣੇ।

ਪੰਜਾਬ ਦੀ ਗੱਲ ਕੀਤੀ ਜਾਵੇ ਤੇ ਕੈਪਟਨ ਅਮਰਿੰਦਰ ਸਿੰਘ ਨੇ 1984 ਵਿੱਚ ਕਾਂਗਰਸ ਪਾਰਟੀ ਸਾਕਾ ਨੀਲਾ ਤਾਰਾ ਦੇ ਰੋਸ ਵਜੋ ਛੱਡ ਦਿੱਤੀ ਸੀ ਤੇ ਉਹ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਤੇ ਬਰਨਾਲਾ ਸਰਕਾਰ ਵਿੱਚ ਖੇਤੀਬਾੜੀ ਮੰਤਰੀ ਰਹੇ। ਉਹਨਾਂ ਨੇ ਮੰਤਰੀ ਮੰਡਲ ਤੋਂ ਉਸ ਵੇਲੇ ਅਸਤੀਫੇ ਦੇ ਦਿੱਤਾ ਜਦੋ ਤੱਤਕਾਲੀ ਮੁੱਖ ਮੰਤਰੀ ਸ੍ਰ ਸੁਰਜੀਤ ਸਿੰਘ ਬਰਨਾਲਾ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਪੁਲੀਸ ਭੇਜ ਦਿੱਤੀ ਸੀ। 1997 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਟਿਕਟ ਦੇਣ ਤੇ ਇਨਕਾਰ ਕਰ ਦਿੱਤਾ ਸੀ ਤੇ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ। ਕਾਂਗਰਸ ਨੇ ਉਹਨਾਂ ਨੂੰ ਪਹਿਲਾਂ ਸੂਬਾ ਕਾਂਗਰਸ ਕਮੇਟੀ ਦਾ ਪਰਧਾਨ ਤੇ ਫਿਰ ਮੁੱਖ ਮੰਤਰੀ ਬਣਾ ਦਿੱਤਾ ਤੇ ਅੱਜ ਕਲ੍ਹ ਉਹ ਜਿਥੇ ਪੰਜਾਬ ਕਾਂਗਰਸ ਦੀ ਕਪਤਾਨੀ ਸੰਭਾਲਣ ਲਈ ਜਦੋ ਜਹਿਦ ਕਰ ਰਹੇ ਹਨ ਉਥੇ ਲੋਕ ਸਭਾ ਮੈਂਬਰ ਤੇ ਕਾਂਗਰਸ ਪਾਰਟੀ ਦੇ ਡਿਪਟੀ ਆਗੂ ਵੀ ਹਨ।

ਸ੍ਰ ਪਰਤਾਪ ਸਿੰਘ ਕੈਰੋਂ ਵੀ ਅਕਾਲੀ ਦਲ ਹੀ ਪੈਦਾਇਸ਼ ਸਨ ਤੇ ਉਹ ਅਕਾਲੀਆਂ ਦੀ ਘੱਟੀਆ ਸੋਚ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ ਕੇ ਕਾਂਗਰਸ ਨੇ ਉਹਨਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ। ਮੁੱਖ ਮੰਤਰੀ ਬਣਨ ਪਿੱਛੇ ਕੈਰੋ ਸਾਹਿਬ ਨੇ ਅਕਾਲੀਆਂ ਨੂੰ ਜਿਹੜੀ ਜੇਲ੍ਹ ਦੀ ਦਾਲ ਪਿਆਈ ਉਹ ਵੀ ਅਕਾਲੀ ਅੱਜ ਤੱਕ ਯਾਦ ਕਰ ਰਹੇ ਹਨ।

ਅਕਾਲੀ ਦਲ ਅੱਜ ਪਰਿਵਾਰਕ ਦਲ ਬਣ ਕੇ ਰਹਿ ਗਿਆ ਹੈ ਤੇ ਬਾਦਲ ਪਰਿਵਾਰ ਤੋਂ ਬਾਹਰ ਕੁਝ ਵੀ ਨਜ਼ਰ ਨਹੀਂ ਆ ਰਿਹਾ ਹੈ

ਰਾਮੂਵਾਲੀਆਂ ਅਕਾਲੀ ਦਲ ਵਿੱਚ ਬੜੀ ਵੱਡੀ ਆਸ ਲੈ ਕੇ ਸ਼ਾਮਲ ਹੋਏ ਸਨ, ਪਰ ਉਹਨਾਂ ਨੂੰ ਨਿਰਾਸ਼ਤਾ ਤੋਂ ਸਿਵਾਏ ਕੁਝ ਵੀ ਪੱਲੇ ਨਹੀਂ ਪਿਆ ਸੀ। ਉਹ ਇਸ ਤੋਂ ਪਹਿਲਾਂ ਦੇਵਗੌੜਾ ਸਰਕਾਰ ਤੇ ਗੁਜਰਾਲ ਸਰਕਾਰ ਵਿੱਚ ਕੇਂਦਰੀ ਮੰਤਰੀ ਵੀ ਰਹੇ ਹਨ। 1996 ਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਦੇ ਐਲਾਨ ਹੋ ਜਾਣ ਤੋਂ ਬਾਅਦ ਵੀ ਉਹਨਾਂ ਨੇ ਔਰਤਾਂ ਨੂੰ ਸ਼੍ਰੋਮਣੀ ਕਮੇਟੀ ਵਿੱਚ 33 ਫੀਸਦੀ ਕੋਟਾ ਦਿਵਾਉਣ ਦੇ ਯਤਨ ਕੀਤੇ। ਸ਼੍ਰੋਮਣੀ ਕਮੇਟੀ ਦੇ 120 ਹਲਕਿਆ ਵਿੱਚ 50 ਹਲਕੇ ਹੋਰ ਸ਼ਾਮਲ ਕਰ ਦਿੱਤੇ ਗਏ ਤੇ ਔਰਤਾਂ ਨੂੰ ਪ੍ਰਤੀਨਿਧਤਾ ਦਿਵਾਉਣ ਲਈ ਕੇਂਦਰ ਸਰਕਾਰ ਤੋਂ ਨੋਟੀਫਿਕੇਸ਼ਨ ਕਰਵਾ ਦਿੱਤਾ ਸੀ।

ਉਸ ਸਮੇਂ ਜਥੇਦਾਰ ਗੁਰਚਰਨ ਸਿੰਘ ਤੇ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਕਾਫੀ ਕਾਵਾਂਰੌਲ਼ੀ ਪਾਈ ਸੀ, ਪਰ ਖੱਬੀ ਧਿਰ ਦੇ ਆਗੂ ਹਰਕ੍ਰਿਸ਼ਨ ਸੁਰਜੀਤ ਦਾ ਰਾਮੂਵਾਲੀਆਂ ਨੂੰ ਅਸ਼ੀਰਵਾਦ ਹੋਣ ਕਾਰਨ ਬਾਦਲ ਟੌਹੜਾ ਕੁਝ ਨਹੀਂ ਕਰ ਸਕੇ ਸਨ। ਅੱਜ ਸ਼੍ਰੋਮਣੀ ਕਮੇਟੀ ਵਿੱਚ ਔਰਤ ਮੈਂਬਰ ਰਾਮੂਵਾਲੀਆਂ ਦੀ ਕੀਤੀ ਗਈ ਕਾਰਵਾਈ ਕਰਕੇ ਹਨ। ਸਿੱਖਾਂ ਨੂੰ ਵਿਸ਼ੇਸ਼ ਕਰਕੇ ਤਰਾਈ ਦੇ ਸਿੱਖਾਂ ਨੂੰ ਆਸ ਬੱਝੀ ਹੈ ਕਿ ਰਾਮੂਵਾਲੀਆਂ ਉਹਨਾਂ ਲਈ ਕੁਝ ਨਾ ਕੁਝ ਜਰੂਰ ਕਰਨਗੇ। ਸ੍ਰ ਰਾਮੂਵਾਲੀਆਂ ਨੇ ਕੇਂਦਰੀ ਮੰਤਰੀ ਹੁੰਦਿਆ ਆਪਣੀ ਕੁਰਸੀ ਦੇ ਪਿੱਛੇ ਇੱਕ ਭਾਰਤ ਦਾ ਨਕਸ਼ਾ ਲਗਾਇਆ ਹੁੰਦਾ ਸੀ, ਜਿਥੇ ਉਹਨਾਂ ਨੇ ਪੰਜਾਬ ਦੇ ਇਲਾਕੇ ਨੂੰ ਵਿਸ਼ੇਸ਼ ਲਾਲ ਪੈਨ ਨਾਲ ਗੋਲ ਕੀਤਾ ਹੁੰਦਾ ਸੀ ਤੇ ਜਦੋ ਕੋਈ ਇਸ ਬਾਰੇ ਪੁੱਛਦਾ ਤਾਂ ਉਹ ਇਹੀ ਕਹਿੰਦੇ ਜਿਹੜਾ ਆਗੂ ਵੀ ਪੰਜਾਬ ਦੀ ਅਕਾਲੀਆਂ ਦੀ ਦਲਦਲ ਵਿੱਚੋ ਨਿਕਲ ਕੇ ਬਾਹਰ ਨਿਕਲ ਗਿਆ ਉਸ ਨੇ ਤਰੱਕੀ ਹੀ ਕੀਤੀ ਹੈ ਪਰ ਉਹਨਾਂ ਨੂੰ ਮਜਬੂਰੀ ਵੱਸ ਆਪਣੀ ਇਸ ਵਿਚਾਰਧਾਰ ਦਾ ਵਿਰੋਧ ਕਰਕੇ ਅਕਾਲੀ ਦਲ ਵਿੱਚ ਦੁਬਾਰਾ ਸ਼ਾਮਲ ਹੋਣਾ ਤਾਂ ਜਰੂਰ ਪਿਆ ਪਰ ਉਹਨਾਂ ਨੇ ਅਕਾਲੀ ਦਲ ਵਿੱਚ ਸਿਆਸੀ ਨਰਕ ਹੀ ਭੋਗਿਆ ਹੈ ਤੇ ਹੁਣ ਫਿਰ ਉਹਨਾਂ ਦੀ ਪੰਜਾਬੋ ਬਾਹਰ ਗੱਡੀ ਲੀਹ ਤੇ ਚੜ੍ਹ ਕੇ ਫੂਲ ਸਪੀਡ ਤੇ ਚੱਲਣੀ ਸ਼ੁਰੂ ਹੋ ਗਈ ਜਾਪਦੀ ਹੈ।

ਅਕਾਲੀ ਦਲ ਨੂੰ ਛੱਡਣ ਵਾਲਿਆ ਦੇ ਇਤਿਹਾਸ ਤੇ ਜੇਕਰ ਪੰਛੀ ਝਾਤ ਵੀ ਮਾਰੀ ਜਾਵੇ, ਤਾਂ ਜਿਸ ਵੀ ਪੜੇ ਲਿਖੇ ਅਕਾਲੀ ਨੇ ਅਕਾਲੀ ਦਲ ਨੂੰ ਛੱਡਿਆ ਹੈ ਉਸ ਨੂੰ ਅੱਗੇ ਪਾਰਟੀ ਵਿੱਚ ਵੱਡਾ ਆਹੁਦਾ ਹੀ ਮਿਲਿਆ ਹੈ ਜਦ ਕਿ ਅਕਾਲੀ ਦਲ ਲਈ ਪੜੇ ਲਿਖੇ ਸਰਾਪ ਤੇ ਅਨਪੜ੍ਹ ਲਾਣਾ ਵਰਦਾਨ ਹਨ। ਅੱਜ ਵੀ ਪੰਜਾਬ ਦੇ ਵਿਦਿਆ ਮੰਤਰੀ ਸ਼ਾਇਦ ਦਸਵੀ ਪਾਸ ਵੀ ਨਹੀਂ ਹਨ ਤੇ ਖੇਤੀਬਾੜੀ ਮੰਤਰੀ ਤਾਂ ਆਪਣੇ ਦਸਤਖਤ ਵੀ ਦੋ ਤੱਤੇ ਪਾ ਕੇ ਕਰਦੇ ਹਨ।

ਰੱਬ ਖੈਰ ਕਰੇ!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top