Share on Facebook

Main News Page

ਦੂਰ ਦਾ ਚਸ਼ਮਾਂ ਲਗਾ ਕੇ ਵੇਖੋ, ਭੋਲਿਉ ! ਸਭ ਕੁੱਝ ਸਾਫ ਸਾਫ ਨਜ਼ਰ ਆ ਜਾਵੇਗਾ
-: ਇੰਦਰਜੀਤ ਸਿੰਘ, ਕਾਨਪੁਰ

ਦੁਸ਼ਮਨ ਬਹੁਤ ਚਾਲਾਕ ਹੈ, ਨੀਤੀਵਾਨ ਅਤੇ ਤਾਕਤਵਰ ਹੈ। ਸਾਡੀ ਕੌਮ ਬਹੁਤ ਭੋਲੀ ਹੈ। ਖਾਲਿਸਤਾਨ ਦੇ ਨਾਅਰੇ, ਖੂਨ ਦੇ ਪਿਆਲੇ, ਕਾਲੇ ਝੰਡੇ, ਲਾਲ ਕਿਲੇ ਤੱਕ ਦੀਆਂ ਮਾਰਚਾਂ। ਸੜਕਾਂ 'ਤੇ ਧਰਨੇ, ਸੜਕਾਂ 'ਤੇ ਕਾਲੀਆਂ ਝੰਡੀਆਂ, ਅਖੌਤੀ ਸਰਬਤ ਖਾਲਸੇ, ਕੰਨਵੈਨਸ਼ਨਾਂ ਅਤੇ ਕਾਂਨਫ੍ਰੈਂਸਾਂ, ਇਹ ਸਭ ਤੁਹਾਡੇ ਰੋਸ਼ ਅਤੇ ਗੁੱਸੇ ਦਾ ਮੁਜਾਹਿਰਾ ਤਾਂ ਹੋ ਸਕਦੀਆਂ ਨੇ, ਕੌਮ ਨੂੰ ਬਚਾਉਣ ਦੇ ਸਾਧਨ ਵੀ ਇਕੱਠੇ ਕਰਣੇ ਪੈਣੇ ਹਨ! ਕੌਮ ਨੂੰ ਬਚਾਉਣ ਲਈ ਕੋਈ ਠੋਸ ਨੀਤੀ ਅਤੇ ਨੀਅਤ ਦੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਧ ਅਤੇ ਦਿਸ਼ਾ ਉੱਤੇ ਤੁਰਨ ਵਾਲਿਆਂ ਦੇ ਇਕੱਠ ਦੀ ਵੀ ਜਰੂਰਤ ਹੈ, ਜੋ ਸਾਡੇ ਕੋਲ ਉੱਕਾ ਹੀ ਨਹੀਂ ਹੈ। ਉਸਦਾ ਕਾਰਣ ਇਹ ਹੈ ਕਿ ਅਸੀਂ ਸਾਰੇ ਹੀ ਚੌਧਰੀ ਹਾਂ, ਅਸੀਂ ਸਾਰੇ ਹੀ ਵਿਦਵਾਨ ਅਤੇ ਸਾਰੇ ਹੀ ਲੀਡਰ ਹਾਂ, Volunteer ਵਲੰਟੀਅਰ ਕੋਈ ਵੀ ਨਹੀਂ

ਕੌਮ ਦੇ ਹਾਲਾਤ ਬਹੁਤ ਭਿਆਨਕ ਮੋੜ 'ਤੇ ਆ ਚੁਕੇ ਹਨ। ਇਸ ਖੁਸ਼ਫਹਮੀ ਵਿੱਚ ਰਹਿਣ ਦੀ ਕੋਈ ਜ਼ਰੂਰਤ ਨਹੀਂ ਹੈ ਕਿ ਬਾਦਲ ਦੀ ਮਿੱਟੀ ਪਲੀਤ ਹੋ ਗਈ, ਜਾਂ ਜੱਥੇਦਾਰਾਂ ਦਾ ਅੰਤ ਹੋ ਗਿਆ। ਪੁਰਾਣੇ ਪੁਜਾਰੀਆਂ ਦੀ ਥਾਂ 'ਤੇ ਨਵੇਂ ਚੰਗੇ ਪੁਜਾਰੀ ਆ ਗਏ। ਰਾਗੀਆਂ ਨੇ ਗੁਰਬਚਨੇ ਨੂੰ ਭਜਾ ਦਿੱਤਾ। ਕੌਮ ਬਹੁਤ ਜਾਗਰੂਕ ਹੋ ਗਈ ਆਦਿਕ। ਇਕ ਮਰੇਗਾ ਤੇ ਹਜ਼ਾਰ ਜ਼ਹਰੀਲਾ ਬੂਟ ਉੱਗ ਜਾਵੇਗਾ। ਦੁਸ਼ਮਨ ਨੇ ਸਿੱਖੀ ਦੇ ਵੇੜ੍ਹੇ ਵਿੱਚ ਜਹਰੀਲੇ ਖੜਪਤਵਾਰਾਂ ਦੀ ਫਸਲ ਬੋ ਦਿੱਤੀ ਹੈ, ਜੋ ਹੌਲੀ ਹੌਲੀ ਸਾਡੀ ਨਵੀਂ ਪਨੀਰੀ ਨੂੰ ਆਪਣੇ ਵਰਗਾ ਬਣਾਂ ਦੇਵੇਗੀ। ਸਿੱਖੀ ਦਾ ਸਰੂਪ ਅਤੇ ਹੋਂਦ ਮਿਟਾਉਣ ਦੇ ਸਾਰੇ ਉਪਰਾਲੇ ਸਿੱਖੀ ਦੇ ਦੁਸ਼ਮਨਾਂ ਵਲੋਂ ਪੂਰੇ ਕਰ ਲਏ ਗਏ ਹਨ।

ਖਾਲਸਾ ਜੀ ! ਹਾਲਾਤ ਪਹਿਲਾਂ ਨਾਲੋਂ ਵੀ ਮਾੜੇ ਹੋਣ ਵਾਲੇ ਜੇ, ਹੱਲੀ ਵੀ ਚੇਤ ਜਾਉ ਤੇ ਇਕੱਠੇ ਹੋਏ ਹੋ ਤਾਂ, ਕੋਈ ਨੀਤੀ ਬਣਾਂ ਲਵੋ। ਹੋਸ਼ ਵਿੱਚ ਆਏ ਹੋ, ਤਾਂ ਕੌਮ ਦੀ ਚੜ੍ਹਦੀਕਲਾ ਲਈ ਕੋਈ ਚੰਗੀ ਨੀਅਤ ਬਣਾਂ ਲਵੋ! ਬਿਨਾਂ ਚੰਗੇ ਆਗੂਆਂ ਦੇ, ਕੌਮ ਦਿਸ਼ਾਹੀਨ ਹੋ ਕੇ ਸੜਕਾਂ 'ਤੇ ਭਟਕ ਰਹੀ ਹੈ। ਜੇ ਕੋਈ ਕਹਿੰਦਾ ਹੈ ਕਿ ਬਾਦਲ ਨੂੰ ਖੂਨ ਪਿਆਣ ਚਲੀਏ, ਤਾਂ ਲੋਕੀ ਉਸ ਦੇ ਨਾਲ ਤੁਰ ਪੈਂਦੇ ਹਨ। ਕੋਈ ਕਹਿੰਦਾ ਹੈ ਕਿ ਸੜਕਾਂ 'ਤੇ ਕਾਲੀਆਂ ਝੰਡੀਆਂ ਲੈ ਕੇ ਤੁਰ ਪਵੋ, ਤਾਂ ਲੋਕੀਂ ਕਾਲੀਆਂ ਝੰਡੀਆਂ ਲੈ ਕੇ ਤੁਰ ਪੈਂਦੇ ਨੇ। ਜੇ ਕੋਈ ਕਹਿੰਦਾ ਹੈ ਲਾਲ ਕਿਲੇ ਨੂੰ ਚਲੀਏ, ਤਾਂ ਲੋਕੀਂ ਲਾਲ ਕਿਲੇ ਵੱਲ ਤੁਰ ਪੈਂਦੇ ਨੇ। ਮੋਮਬੱਤੀਆਂ ਹੀ ਜਗਾਈ ਜਾਂਦੇ ਹਨ। ਇਹ ਕੀ ਹੋ ਰਿਹਾ ਹੈ? ਕੀ ਅਸੀਂ ਕਦੀ ਸੋਚਿਆ ਹੈ ਕਿ ਅਸੀਂ ਕਰ ਕੀ ਰਹੇ ਹਾਂ? ਆਪਣੇ ਰੋਸ਼ ਨੂੰ, ਆਪਣੇ ਅੰਦਰ ਬੱਲ ਰਹੀ ਅੱਗ ਨੂੰ ਕੌਮ ਦੀ ਚੜ੍ਹਦੀਕਲਾ ਵੱਲ ਲੈ ਜਾਂਣ ਲਈ ਵਰਤੋ। ਇਸ ਅੱਗ ਨੂੰ ਆਪਣੇ ਅੰਦਰ ਸਾਂਭ ਕੇ ਰੱਖੋ, ਇਸਨੂੰ ਕੌਮ ਦੀ ਚੜ੍ਹਦੀਕਲਾ ਲਈ ਵਰਤੋ। ਕਿਤੇ ਕੁੱਝ ਦਿਨ ਬਾਅਦ ਇਹ ਅੱਗ ਠੰਡੀ ਨਾ ਪੈ ਜਾਵੇ।

ਦੁਸ਼ਮਨ ਤਾਂ ਇਹ ਚਾਹੁੰਦਾ ਹੀ ਹੈ, ਕਿ ਤੁਸੀਂ ਇਹੋ ਜਹੇ ਰੋਸ਼ ਮੁਜਾਹਰਿਆਂ ਵਿੱਚ ਰੁੱਝੇ ਰਹੋ, ਤੇ ਤੁਹਾਡਾ ਧਿਆਨ ਅਸਲ ਮੁੱਦਿਆਂ ਤੋਂ ਭਟਕ ਕੇ ਹੋਰ ਪਾਸੇ ਤੁਰ ਜਾਵੇ। ਰੋਜ਼ ਰੋਜ਼ ਨਵੇਂ ਸ਼ੋਸ਼ੇ ਛੱਡੇ ਜਾ ਰਹੇ ਨੇ। ਘੁੱਸਪੈਠੀਏ ਅਪਣੇ ਕਮ ਲੱਗੇ ਹੋਏ ਨੇ, ਤੇ ਅਸੀਂ ਉਨ੍ਹਾਂ ਦੇ ਲਾਈ ਲੱਗ ਬਣਕੇ ਉਨ੍ਹਾਂ ਦੇ ਮਗਰ ਮਗਰ ਬਿਨਾਂ ਕੁੱਝ ਸੋਚੇ ਸਮਝੇ ਤੁਰੀ ਜਾਂਦੇ ਹਾਂ !

ਖਾਲਸਾ ਜੀ ਧਿਆਨ ਦਿਉ ! ਸੌਦਾ ਸਾਧ ਨੂੰ ਆਰ. ਐਸ. ਐਸ ਦੇ ਕਹਿਣ 'ਤੇ ਗੁਰਬਚਨੇ ਨੇ ਉਸਨੂੰ ਮੁਆਫ ਕੀਤਾ। ਗੁਰਬਚਨੇ ਦੀ ਫਜੀਹਤ ਹੋਣ ਲੱਗ ਪਈ, ਇਨ੍ਹਾਂ ਜੱਫੇਮਾਰਾਂ 'ਤੇ ਅਟੈਕ ਹੋਣ ਲੱਗ ਪਏ। ਇਸ ਗਲ ਵਲੋਂ ਧਿਆਨ ਹਟਾਉਣ ਲਈ, ਗੁਰੂ ਗ੍ਰੰਥ ਸਾਹਿਬ ਦੇ ਪੱਤਰਿਆਂ ਦੀ ਬੇਅਦਬੀ ਕੀਤੀ ਗਈ, ਧਿਆਨ ਉਸ ਪਾਸੇ ਮੋੜ ਦਿੱਤਾ ਗਿਆ। ਦੋ ਸਿੰਘ ਸ਼ਹੀਦ ਕਰ ਦਿੱਤੇ ਗਏ, ਬੇਦੋਸ਼ੇ ਸਿੰਘ ਫੜ ਲਏ ਗਏ, ਤੁਹਾਡਾ ਧਿਆਨ ਉਨ੍ਹਾਂ ਦੀ ਰਿਹਾਈ ਵਲ ਚਲਾ ਗਿਆ। ਭਾਈ ਪੰਥਪ੍ਰੀਤ ਸਿੰਘ ਅਤੇ ਢੱਡਰੀਆਂ ਵਾਲਿਆਂ ਦੀ ਚਲਾਈ ਲਹਿਰ ਨੂੰ ਤਹਿਸ ਨਹਿਸ ਕਰਣ ਲਈ ਡੱਡੂਵਾਲੇ ਆਨ ਧਮਕੇ, ਨਾਲ ਹੀ ਕਾਲੀਆਂ ਦੇ ਪੀਰ ਵੀ ਭੇਜ ਦਿੱਤੇ ਗਏ। ਗੱਲ ਸਮਝ ਆਂਉਦੀ, ਉਸਤੋਂ ਪਹਿਲਾਂ ਹੀ ਬਾਦਲ ਨੂੰ ਖੂਨ ਦਾ ਪਿਆਲਾ ਪੀਆਉਣ ਲਈ ਲੋਕੀ ਚੰਡੀਗੜ੍ਹ ਜਾ ਪੁੱਜੇ। ਥੋੜੇ ਬਹੁਤ ਲੋਕੀਂ ਰਹਿ ਗਏ ਸਨ, ਉਨ੍ਹਾਂ ਨੂੰ ਦਿੱਲੀ ਲਾਲ ਕਿਲੇ 'ਤੇ ਝੰਡਾ ਗੱੜ੍ਹਣ ਲਈ ਬਾਦਲਕਿਆਂ ਦੇ ਟੱਟੂ ਲੈ ਕੇ ਤੁਰ ਪਏ!!! ਹੁਣ ਕਾਲੀਆਂ ਝੰਡੀਆਂ ਦੀਆਂ ਕਤਾਰਾਂ! ਇਹ ਸਿਲਸਿਲਾ ਕੱਦ ਤਕ ਚੱਲੇਗਾ ? ਕੱਲ ਕਿਸੇ ਹੋਰ ਥਾਂ 'ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰ ਦਿੱਤੀ ਜਾਵੇਗੀ, ਕੀ ਅਸੀਂ ਇਸ ਬਿਮਾਰੀ ਨਾਲ ਲੜਨ ਦੀ ਕੋਈ ਦਵਾਈ ਇਜ਼ਾਦ ਕੀਤੀ ਹੈ? ਜਾਂ ਇਸੇ ਤਰ੍ਹਾਂ ਅਸੀਂ ਭੰਗ ਦੇ ਭਾੜੇ, ਸਿੱਖ ਨੌਜੁਆਨਾਂ ਦੀਆਂ ਸ਼ਹਾਦਤਾਂ ਦੁਆਂਦੇ ਰਹਾਂਗੇ ?

ਮੈਂ ਨਹੀਂ ਕਹਿੰਦਾ ਕਿ ਕੌਮ 'ਤੇ ਹੋ ਰਹੇ ਤਸ਼ਦੱਦ ਅਤੇ ਸ਼ਬਦ ਗੁਰੂ ਦੀ ਬੇਅਦਬੀ 'ਤੇ ਰੋਸ਼ ਅਤੇ ਪਰੋਟੇਸਟ ਕਰਨਾਂ ਨਹੀਂ ਚਾਹੀਦਾ। ਲੇਕਿਨ ਇਹ ਘਟਨਾਵਾਂ ਨਾ ਹੋਣ, ਇਸ ਲਈ ਸਾਨੂੰ ਮਿਲ ਬਹਿ ਕੇ ਕੋਈ ਨੀਤੀ ਅਤੇ ਪਰੋਗਰਾਮ ਵੀ ਬਨਾਉਣਾ ਚਾਹੀਦਾ ਹੈ। ਇਹ ਕੰਮ ਇੱਨਾਂ ਸੌਖਾ ਨਹੀਂ ਹੈ ਲੇਕਿਨ ਨਾਂਮੁਮਕਿਨ ਵੀ ਨਹੀਂ ਹੈ। ਸਾਡੇ ਅੰਦਰ ਦੁਸ਼ਮਨ ਦੇ ਬਹੁਤ ਸਾਰੇ ਘੁੱਸਪੈਠੀਏ ਵੀ ਵੱੜ ਚੁਕੇ ਹਨ, ਜੋ ਸਾਡੇ ਕਿਸੇ ਵੀ ਇਕੱਠ ਨੂੰ ਫੌਰਨ ਹਾਈਜੈਕ ਕਰ ਲੈਂਦੇ ਹਨ, ਅਤੇ ਅਸੀਂ ਮੁੱੜ ਕਈ ਕੋਹਾਂ ਦੂਰ ਜਾ ਡਿਗਦੇ ਹਾਂ। ਏਕੇ ਦੇ ਨਾਮ 'ਤੇ ਇਹੋ ਜਹੇ ਅਨਸਰਾਂ ਨਾਲ ਸਾਂਝ ਕਰਨਾਂ ਸਾਡੀ ਸਭਤੋਂ ਵੱਡੀ ਭੁੱਲ ਸਾਬਿਤ ਹੋਈ ਹੈ। ਭਾਈ ਪੰਥ ਪ੍ਰੀਤ ਸਿੰਘ ਅਤੇ ਢੱਡਰੀਆਂ ਵਾਲਿਆਂ ਦੁਵਾਰਾ ਤਿਆਰ ਕੀਤੀ ਗਈ ਲਹਿਰ ਨੂੰ ਦਾਦੂਵਾਲ ਅਤੇ ਪੀਰ ਮੁਹੱਮਦ ਵਰਗੇ ਲੋਕਾਂ ਪਾਸੋਂ ਹਾਈਜੈਕ ਕਰਣ ਦੀ ਘਟਨਾਂ ਦਾ ਤਾਜ਼ਾ ਸਬੂਤ ਸਾਡੇ ਸਾਮ੍ਹਣੇ ਮੌਜੂਦ ਹੈ।

ਭੋਲੇ ਵੀਰੋ ! ਕੁੱਝ ਤਾਂ ਵਿਵੇਕ ਤੋਂ ਕਮ ਲਵੋ ! ਦੁਸ਼ਮਨ ਦੀਆਂ ਸਾਜਿਸ਼ਾਂ ਨੂੰ ਸਮਝੋ। ਜੋਸ਼ ਨਾਲ ਹੋਸ਼ ਦਾ ਵੀ ਇਸਤਮਾਲ ਕਰੋ ! ਹਾਰਿਆ ਹੋਇਆ ਜ਼ਖਮੀ ਸੱਪ ਹੋਰ ਖਤਰਨਾਕ ਹੋ ਜਾਂਦਾ ਹੈ। ਇਨ੍ਹਾਂ ਹਾਰਿਆਂ ਹੋਇਆਂ ਸੱਪਾਂ ਨੇ ਹੱਲੀ ਆਪਣੇ ਜ਼ਹਿਰ ਦਾ ਪੂਰਾ ਜੋਰ ਲਾਅ ਕੇ ਸਾਡੇ ਤੇ ਵਾਰ ਕਰਨਾ ਹੈ। ਬੇਸ਼ਕ ਕੌਮ ਵਿੱਚ ਜਾਗਰੂਕਤਾ ਆ ਗਈ ਹੋਵੇਗੀ, ਲੇਕਿਨ ਨਾਲ ਹੀ ਤੁਸੀਂ ਵੇਖੋ ਕਿ ਕੌਮ ਬਿਨਾਂ ਕਿਸੇ ਚੰਗੇ ਆਗੂ ਦੇ ਦਿਸ਼ਾਹੀਨ ਹੋ ਕੇ ਖਿਲੱਰ ਪੁਲੱਰ ਚੁਕੀ ਹੈ। ਜੇੜ੍ਹਾ ਪਿੱਛੇ ਲਾਂਦਾ ਹੈ ਉਸ ਦੇ ਮਗਰ ਤੁਰ ਪੈਂਦੀ ਹੈ। ਇਹ ਇੱਕ ਬਹੁਤ ਹੀ ਖਤਰਨਾਕ ਮੰਜਰ ਹੈ। ਤੁਫਾਨ ਆਉਣ ਵਾਲਾ ਹੈ, ਉਸ ਤੁਫਾਨ ਦੇ ਆਉਣ ਤੋਂ ਪਹਿਲਾਂ ਦੀ ਖਾਮੋਸ਼ੀ ਨੂੰ ਸ਼ਾਂਤੀ ਸਮਝ ਕੇ ਕਿਤੇ ਅਵੇਸਲੇ ਹੋ ਕੇ ਬਹਿ ਨਾਂ ਜਾਇਉ। ਜਿਸ ਪੁਜਾਰੀਵਾਦ ਦੇ ਖਿਲਾਫ, ਜਿਸ ਜੱਥੇਦਾਰੀ ਦੇ ਅਹੁਦੇ ਦੇ ਖਿਲਾਫ ਇਹ ਲਹਿਰ ਬਣੀ ਸੀ, ਕਿਤੇ ਉਸ ਲਹਿਰ ਨੂੰ ਹੀ ਭੁਲਾ ਨਾ ਦੇਣਾ। ਵਾਰ ਵਾਰ ਕਹਿ ਰਿਹਾ ਹਾਂ ਕਿ ਆਉਣ ਵਾਲਾ ਵਕਤ ਬਹੁਤ ਭਿਆਨਕ ਹੈ, ਦੂਰ ਦਾ ਚਸ਼ਮਾਂ ਲਗਾ ਕੇ ਵੇਖੋ ! ਸਭ ਸਾਫ ਸਾਫ ਨਜ਼ਰ ਆ ਜਾਵੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top