Share on Facebook

Main News Page

ਸਰਬੱਤ ਖਾਲਸਾ ਗੁਰੂ ਦਾ, ਅਗਵਾਈ ਮਨੁੱਖ ਦੀ !!!
-: ਪ੍ਰੋ. ਦਰਸ਼ਨ ਸਿੰਘ ਖਾਲਸਾ

ਕਹੀਅਤ ਆਨ ਅਚਰੀਅਤ ਅਨ ਕਛੁ ਸਮਝ ਨ ਪਰੈ ਅਪਰ ਮਾਇਆ
ਕਹਿ ਰਵਿਦਾਸ ਉਦਾਸ ਦਾਸ ਮਤਿ ਪਰਹਰਿ ਕੋਪੁ ਕਰਹੁ ਜੀਅ ਦਇਆ ॥3॥

ਹੇ ਮੇਰੇ ਰੱਬ, ਅੱਜ ਦੀ ਜੋ ਹਾਲਤ ਹੈ, ਮੈਨੂੰ ਸਮਝ ਨਹੀਂ ਆ ਰਹੀ ਲੋਕ ਕਹਿੰਦੇ ਕੁੱਛ ਹੋਰ ਹਨ, ਕਰਦੇ ਕੁਛ ਹੋਰ ਹਨ। ਬਾਬਾ ਰਵਿਦਾਸ ਕਹਿੰਦੇ ਹਨ ਇਹ ਹਾਲਤ ਦੇਖ ਕੇ ਮੈਂ ਬਹੁਤ ਉਦਾਸ ਹਾਂ। ਮੇਰੇ ਮਾਲਕ ਤੂੰ ਰਹਿਮਤ ਕਰ ਇਨ੍ਹਾਂ ਨੂੰ “ਪਾਇਂ ਕੁਹਾੜਾ ਮਾਰਿਆ ਗਾਫਲ ਅਪਣੇ ਹਾਥ” ਤੋਂ ਬਚਾ ਲੈ।

ਲਗਭਗ ਇਕ ਸਦੀ ਤੋਂ ਸਿੱਖ ਕੌਮ ਦੇਖ ਅਤੇ ਹੰਡਾ ਰਹੀ ਹੈ ਕਿ ਇਸ ਦੇਸ਼ ਦੀ ਕਿਸੇ ਪਾਰਲੀਆਮੈਂਟ, ਅਸੈਂਬਲੀ, ਕਿਸੇ ਅਦਾਲਤ ਵਿੱਚ ਸਿੱਖ ਲਈ ਕੋਈ ਇਨਸਾਫ ਨਹੀਂ, ਕੋਈ ਹੱਕ ਅਧਿਕਾਰ ਨਹੀਂ, ਇਹ ਬੇਇਨਸਾਫੀ ਅਤੇ ਜ਼ੁਲਮ ਦੀ ਖੇਡ ਪਿਛਲੇ ਚਾਰ ਦਹਾਕਿਆਂ ਤੋਂ ਤਾਂ ਖੁਲ ਕੇ ਖੇਡੀ ਜਾ ਰਹੀ ਹੈ। ਦੇਸ਼ ਵਿਚੋਂ ਸਿੱਖ ਦੇ ਸਰੂਪ ਅਤੇ ਸਿਧਾਂਤ ਨੂੰ ਖਤਮ ਕਰਨ ਲਈ ਧਰਮ ਅਤੇ ਸਿਆਸਤ ਦੇ ਖੇਤਰ ਵਿੱਚ ਜ਼ਾਲਮ ਸਾਜਸ਼ਾਂ ਰਚੀਆਂ ਗਈਆਂ, ਬੜੀ ਸਾਜਿਸ਼ ਨਾਲ ਹਰ ਜ਼ਾਲਮ ਖੇਤਰ ਵਿਚ ਵਰਤਨ ਲਈ ਸਾਮ, ਦਾਮ, ਦੰਡ, ਭੇਦ ਰਾਹੀਂ, ਸਿੱਖ ਪਦਵੀਆਂ ਅਤੇ ਸਿੱਖ ਚਿਹਰੇ ਭੀ ਤਿਆਰ ਕੀਤੇ ਗਏ ਅਤੇ ਉਹ ਭੀ ਬੜੇ ਬੇਸ਼ਰਮ ਹੋਕੇ, ਇਸ ਕੁਹਾੜੇ ਦਾ ਦਸਤਾ ਬਣੇ ਹੋਏ ਹਨ।

ਸਿੱਖਾਂ ਦੇ ਘਰ ਕਾਰੋਬਾਰ ਜਲਾਏ ਗਏ, ਗਲਾਂ ਵਿੱਚ ਟਾਇਰ ਪਾਕੇ ਤਨ ਜਲਾਏ ਗਏ, ਗਲੀਆਂ ਵਿੱਚ ਸਿੱਖਾਂ ਦੇ ਖੂਨ ਦੀ ਹੋਲੀ ਖੇਡੀ ਗਈ, ਬੱਚੀਆਂ ਦੇ ਬਲਾਤਕਾਰ ਹੋਏ, ਝੂਠੇ ਪੁਲੀਸ ਮੁਕਾਬਲਿਆਂ ਰਾਹੀਂ ਸਿੱਖ ਜਵਾਨੀ ਖਤਮ ਕੀਤੀ ਗਈ, ਮਾਵਾਂ ਪੁਤਰਾਂ ਦੀਆਂ ਲਾਸ਼ਾਂ ਦੇਖਣ ਲਈ ਤਰਸਦੀਆਂ ਮਰ ਗਈਆਂ, ਪਰ ਅੱਜ ਤੱਕ ਕਿਤੋਂ ਇਨਸਾਫ ਨਾ ਮਿਲਿਆ।

ਇਹ ਠੀਕ ਹੈ ਕੇ ਅਸਹਿ ਪੀੜਾ ਵਿਚ ਰੋਗੀ ਕੁਰਲਾਉਂਦਾ ਹੈ, ਪਰ ਰੋਗੀ ਦਾ ਕੁਰਲਾਉਣਾ ਬੰਦ ਕਰਣ ਲਈ ਉਸਨੂੰ ਦਰਦ ਨਿਵਾਰਕ ਗੋਲ਼ੀ (ਪੇਨ ਕਿਲਰ) ਦਿੱਤੀ ਜਾਂਦੀ ਹੈ, ਰੋਗੀ ਪੇਨ ਕਿਲਰ ਦੇਣ ਵਾਲੇ ਦਾ ਸ਼ੁਕਰਾਨਾ ਕਰਨ ਲਗਦਾ ਹੈ। ਪੇਨ ਕਿਲਰ ਰੋਗੀ ਦੀ ਪੀੜਾ ਮਿਟਾਉਂਦੀ ਹੈ, ਰੋਗ ਨਹੀਂ ਮਿਟਾਉਂਦੀ, ਰੋਗ ਤਾਂ ਵੱਧ ਰਿਹਾ ਹੈ।

ਮੈਂ ਪੁਛਦਾ ਹਾਂ:

- ਕੀ ਅਕਾਲੀ ਦਲ, ਦੇਸ਼ ਦੇ ਐਕਟ ਅਧੀਨ ਰਜਿਸਟਰ ਨਹੀਂ ?

- ਕੀ ਸ਼੍ਰੋਮਣੀ ਕਮੇਟੀ ਸਰਕਾਰ ਵਲੋਂ ਬਣਾਏ ਗੁਰਦੁਆਰਾ ਐਕਟ ਦੇ ਮਜ਼ਬੂਤ ਸੰਗਲਾਂ ਵਿਚ ਨਹੀਂ ਬੱਝੀ ਹੋਈ? ਜਿਸਦੀਆਂ ਚੋਣਾਂ, ਚੋਣ ਕਮਿਸ਼ਨ, ਉਮੀਦਵਾਰ, ਸਿੱਖ ਅਤੇ ਵੋਟਰ, ਜਿੱਤ ਹਾਰ ਦਾ ਫੈਸਲਾ, ਪਰਧਾਨ ਦੀ ਕੁਰਸੀ 'ਤੇ ਬਿਰਾਜ ਮਾਨ ਰੱਖਣਾ, ਉਸੇ ਬੇਇਨਸਾਫ ਸਰਕਾਰ ਦੇ ਹੱਥ ਨਹੀਂ ?

- ਕੀ ਉਸੇ ਸ਼੍ਰੋਮਣੀ ਕਮੇਟੀ ਨੇ ਆਪਣੀ ਲੋੜ ਲਈ ਸਿੱਖ ਕੌਮ ਨੂੰ ਆਪਣਾ ਗੁਲਾਮ ਰੱਖਣ ਲਈ ਤਖਤਾਂ ਦੇ ਨਾਮ ਹੇਠ ਜੱਥੇਦਾਰੀ ਸਿਸਟਮ ਨੂੰ ਸ਼ਕਤੀਸ਼ਾਲੀ ਨਹੀਂ ਬਣਾਇਆ ?

- ਕੀ ਸਿੱਧੇ ਅਸਿੱਧੇ ਢੰਗ ਨਾਲ ਇਹ ਸਾਰੇ ਅਦਾਰੇ ਸਰਕਾਰ ਦੇ ਕੁਹਾੜੇ ਦਾ ਦਸਤਾ ਨਹੀਂ ਹਨ ?

ਕੌੜਾ ਸੱਚ ਇਹ ਹੈ ਕਿ ਜੇ ਸਰਬੱਤ ਖਾਲਸੇ ਦੇ ਨਾਮ ਹੇਠ ਕੀਤੀ ਜਾਣ ਵਾਲੀ ਕਿਸੇ ਕੌਮੀ ਇਕੱਤਰਤਾ ਵਿਚ ਕੌਮੀ ਭਵਿੱਖ ਲਈ ਕੋਈ ਫੈਸਲੇ ਕਰਨੇ ਹਨ, ਤਾਂ ਪਹਿਲਾਂ ਸੋਚੋ ਤੁਸੀਂ ਇਸ ਮਜ਼ਬੂਤ ਸਗਲਾਂ ਵਿੱਚ ਬੰਨ੍ਹੇ ਸਾਰੇ ਸਿਸਟਮ ਨੂੰ ਖਤਮ ਕਰ ਸਕਦੇ ਹੋ, ਤਾਂ ਜ਼ਰੂਰ ਕਰੋ। ਇਨ੍ਹਾਂ ਵਿਚੋਂ ਤੁਹਾਡਾ ਕੁਛ ਭੀ ਨਹੀਂ, ਜਿਸਨੂੰ ਤੁਸੀਂ ਆਪਣੀਆਂ ਸੰਸਥਾਵਾਂ ਸਮਝ ਰਹੇ ਹੋ, ਪਰ ਜੇ ਸੰਗਲ ਹੀ ਬਦਲਣੇ ਹਨ, ਤਾਂ ਕੁੱਛ ਭੀ ਨਹੀਂ ਹੋਣਾ।

ਦੂਜੀ ਗੱਲ - ਇਹ ਠੀਕ ਹੈ ਕਿ ਅੱਜ ਦੀ ਇਹ ਕੌਮੀ ਪੀੜਾ ਬੇਇਨਸਾਫੀ ਤੋਂ ਸ਼ੁਰੂ ਹੋਕੇ, ਸਿੱਖ ਦੀ ਜਿੰਦ ਜਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਅਸਹਿ ਪੀੜਾ ਤੱਕ ਪਹੰਚ ਗਈ ਹੈ, ਪਰ ਤੁਹਾਨੂੰ ਪੇਨ ਕਿਲਰ ਦੇਣ ਦੀ ਕੋਸ਼ਿਸ਼ ਵਿੱਚ ਇਹ ਰੋਗ ਵੱਧ ਰਿਹਾ ਹੈ। ਆਖਿਰ ਜਿਸ ਦਿਨ ਸਿੱਖ ਗੁਰੂ ਅਦਬ ਵਲੋਂ ਮੂੰਹ ਮੋੜ ਗਿਆ, ਸਿੱਖੀ ਦੀ ਮੌਤ ਹੋ ਜਾਵੇਗੀ। ਇਸ ਲਈ ਜੇ ਸਿੱਖੀ ਸਰੂਪ ਅਤੇ ਸਿਧਾਂਤ ਨੂੰ ਬਚਾ ਕੇ ਰੱਖਣਾ ਚਾਹੁੰਦੇ ਹੋ, ਤਾਂ ਹੋਰ ਹਰ ਤਰ੍ਹਾਂ ਨਾਲ ਵਿਅਕਤੀਗਤ ਬਣੇ ਅਤੇ ਬਣਾਏ ਗਏ ਸੰਤ, ਪੰਥ, ਗ੍ਰੰਥ ਨਾਲੋਂ ਨਾਤਾ ਤੋੜ ਲਉ। ਇਨ੍ਹਾਂ ਦੀ ਸਾਂਝ ਨੇ ਹੀ ਸਾਨੂੰ ਗੁਰੂ ਦੀ ਆਗਵਾਈ ਨਾਲੋਂ ਤੋੜ ਕੇ ਗੁੰਮਰਾਹ ਕੀਤਾ ਹੈ। ਪਰ ਅਸੀਂ ਅਜੇ ਭੀ ਗੁਰੂ ਦੀ ਅਗਵਾਈ ਦੀ ਥਾਵੇਂ, ਜਾਣੇ ਅਨਜਾਣੇ ਇਨ੍ਹਾਂ ਦੇ ਮਤੇ ਅਤੇ ਫੈਸਲੇ ਉਡੀਕ ਰਹੇ ਹਾਂ। ਅਸੀਂ ਕੁਰਬਾਨੀ ਗੁਰੂ ਲਈ ਕਹਿ ਕੇ ਕਰਦੇ ਹਾਂ, ਪਰ ਅਗਵਾਈ ਇਨ੍ਹਾਂ ਦੀ ਉਡੀਕਦੇ ਹਾਂ।

ਗੁਰਬਾਣੀ ਦਾ ਫੈਸਲਾ ਸੁਣ ਲਉ:

ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ
ਕਿਉ ਰਾਹਿ ਜਾਵੈ ਮਹਲੁ ਪਾਵੈ ਅੰਧ ਕੀ ਮਤਿ ਅੰਧਲੀ ਵਿਣੁ ਨਾਮ ਹਰਿ ਕੇ ਕਛੁ ਨ ਸੂਝੈ ਅੰਧੁ ਬੂਡੌ ਧੰਧਲੀ
ਦਿਨੁ ਰਾਤਿ ਚਾਨਣੁ ਚਾਉ ਉਪਜੈ ਸਬਦੁ ਗੁਰ ਕਾ ਮਨਿ ਵਸੈ ॥ ਕਰ ਜੋੜਿ ਗੁਰ ਪਹਿ ਕਰਿ ਬਿਨੰਤੀ ਰਾਹੁ ਪਾਧਰੁ ਗੁਰੁ ਦਸੈ ॥6॥

ਇਸ ਲਈ “ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵਿਚਾਰਿ” ਦੀ ਅਗਵਾਈ ਵਿੱਚ ਆ ਜਾਵੋ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top