Share on Facebook

Main News Page

ਸਰਬੱਤ ਖ਼ਾਲਸਾ ਕਿਉਂ ਨਹੀਂ ?
-: ਅਵਤਾਰ ਸਿੰਘ ਉੱਪਲ
ਮੋਬ: ਨੰ - 94637-87110

ਸਿੱਖ ਜਥੇਬੰਦੀਆਂ ਵੱਲੋਂ ਕੌਮ ਨੂੰ ਅਜੋਕੇ ਸਮੇਂ ਦਰਪੇਸ਼ ਚੁਣੌਤੀਆਂ ਜਾਂ ਕੌਮੀਂ ਮਸਲਿਆਂ ਦੇ ਹੱਲ ਲਈ ਜੋ 10 ਨਵੰਬਰ ਨੂੰ ਸਰਬੱਤ ਖਾਲਸਾ ਬਾਬਾ ਨੋਧ ਸਿੰਘ ਦੀ ਸਮਾਧ ਅੰਮ੍ਰਿਤਸਰ ਵਿਖੇ ਸੱਦਿਆ ਗਿਆ ਹੈ। ਜਿਸ ਦੀ ਸੰਭਾਵੀ ਸਫਲਤਾ ਤੋਂ ਘਬਰਾ ਕੇ ਬਾਦਲਕਿਆਂ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਦੇ ਅਖੌਤੀ ਜਥੇਦਾਰ ਤੋਂ ਗੁੰਮਰਾਹਕੁੰਨ ਅਪੀਲਾਂ ਜਾਂ ਬਿਆਨ ਦੁਆਏ ਹਨ, ਜਿਸ ਤੋਂ ਸਾਬਤ ਹੋਵੇ ਕਿ ਸਰਬੱਤ ਖਾਲਸਾ ਗਲਤ ਤਰੀਕੇ ਗਲਤ ਥਾਂ 'ਤੇ ਗਲਤ ਬੰਦਿਆਂ ਵੱਲੋਂ ਸੱਦਿਆ ਗਿਆ ਹੈ।

ਦਿੱਲੀ ਕਮੇਟੀ ਕਹਿੰਦੀ ਹੈ ਕਿ ਸਰਬੱਤ ਖਾਲਸਾ ਸੱਦਣ ਦਾ ਰਵਾਇਤੀ ਅਖਤਿਆਰ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਦਾ ਹੈ ਅਤੇ ਉਹ ਉਸ ਸਰਬੱਤ ਖਾਲਸਾ ਦੀ ਪ੍ਰੋੜਤਾ ਹੀ ਕਰਦੇ ਹਨ, ਜਿਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪੰਜ ਸਿੰਘ ਸਾਹਿਬਾਨਾਂ ਸਮੇਤ ਕਿਸੇ ਗੰਭੀਰ ਪੰਥਕ ਮਸਲੇ ਤੇ ਪੰਥ ਦੀ ਰਾਇ ਲੈਣ ਵਾਸਤੇ ਸੱਦਿਆ ਗਿਆ ਹੋਵੇ, ਜਿਸ ਵਿੱਚ ਸੰਸਾਰ ਭਰ ਦੇ ਸਿੱਖ ਬਿਨਾਂ ਕਿਸੇ ਵਿਤਕਰੇ ਜਾਂ ਪਹਿਲਾਂ ਤੋਂ ਨਿਰਧਾਰਿਤ ਪੱਖਪਾਤੀ ਫੈਸਲੇ ਨੂੰ ਤੈਅ ਕਰਕੇ ਨਾ ਬੁਲਾਇਆ ਗਿਆ ਹੋਵੇ। ਸ਼੍ਰੋਮਣੀ ਕਮੇਟੀ ਵੀ ਸਰਬੱਤ ਖਾਲਸਾ ਸੱਦਣ ਨੂੰ ਕੌਮ ਨੂੰ ਹਨੇਰੇ ਵਿੱਚ ਧੱਕਣ ਅਤੇ ਖੱਜਲ-ਖੁਆਰ ਕਰਨ ਲਈ ਅਖੌਤੀ ਪੰਥਕ ਆਗੂਆਂ ਵੱਲੋਂ ਬੁਲਾਇਆ ਇਕੱਠ ਦੱਸਦੀ ਹੈ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦਾ ਬਿਆਨ ਵੀ ਆਇਆ ਹੈ ਕਿ ਸਰਬੱਤ ਖਾਲਸਾ ਸੱਦਣ ਦਾ ਅਧਿਕਾਰ ਸਿਰਫ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹੀ ਹੈ ਅਤੇ ਇਹ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੀ ਹੋ ਸਕਦਾ ਹੈ।

ਇਹਨਾਂ ਦੋਹਾਂ ਕਮੇਟੀਆਂ ਦੀਆਂ ਅਪੀਲਾਂ ਅਤੇ ਜਥੇਦਾਰ ਦੇ ਬਿਆਨ ਤੋਂ ਅਜਿਹਾ ਭੁਲੇਖਾ ਪੈਦਾ ਹੁੰਦਾ ਹੈ ਕਿ ਕਿਤੇ ਵਾਕਾਈ ਸਰਬੱਤ ਖਾਲਸਾ ਸੱਦਣ ਵਾਲੇ ਜਾਂ ਸਰਬੱਤ ਖਾਲਸਾ ਸੱਦਣਾ ਹੀ ਗਲਤ ਤਾਂ ਨਹੀਂ ? ਇਸ ਉੱਪਰ ਗੰਭੀਰ ਵਿਚਾਰ ਕਰਨ ਦੀ ਲੋੜ ਹੈ। ਜਿਸ ਲਈ ਪਿਛਲੇ ਦਿਨਾਂ ਵਿੱਚ ਹੋਈਆਂ ਘਟਨਾਵਾਂ ਨੂੰ ਵਾਚਨ ਦੀ ਲੋੜ ਹੈ, ਜਿਸ ਕਰਕੇ ਸਰਬੱਤ ਖਾਲਸਾ ਸੱਦਣ ਦੀ ਲੋੜ ਪਈ

ਪਿਛਲੇ ਦਿਨੀਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਖੌਤੀ ਜਥੇਦਾਰਾਂ ਨੇ ਸੌਦੇ ਸਾਧ ਨੂੰ ਬਿਨਾਂ ਮੰਗਿਆਂ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਆਪਣੇ ਸਿਆਸੀ ਮਾਲਕਾਂ ਦੇ ਇਸ਼ਾਰੇ ਉੱਪਰ ਮੁਆਫੀਨਾਮਾ ਜਾਰੀ ਕਰ ਦਿੱਤਾ, ਜਿਸ ਦਾ ਸਾਰੀ ਸਿੱਖ ਕੌਮ ਵਿੱਚ ਤਿੱਖਾਂ ਪ੍ਰਤੀਕਰਮ ਹੋਇਆ, ਜਿਸਦੇ ਸਿੱਟੇ ਵਜੋਂ ਇਤਿਹਾਸ ਵਿੱਚ ਪਹਿਲੀ ਵਾਰ ਜਥੇਦਾਰਾਂ ਦੇ ਸਿੱਖ ਸੰਗਤਾਂ ਵੱਲੋਂ ਪੁਤਲੇ ਫੂਕੇ ਗਏ ਅਤੇ ਸ਼ੋਸ਼ਲ ਮੀਡੀਆ ਉੱਪਰ ਅਖੌਤੀ ਜਥੇਦਾਰਾਂ ਨੂੰ ਉਹਨਾਂ-ਉਹਨਾਂ ਨਾਵਾਂ ਨਾਲ ਨਿਵਾਜਿਆ ਗਿਆ, ਜਿਸਦਾ ਇੱਥੇ ਜਿਕਰ ਕਰਨਾ ਵੀ ਸੱਭਿਅਕ ਨਹੀਂ ਲੱਗਦਾ ਪਰ ਇਹ ਸਾਰਾ ਕੁਝ ਹੋਇਆ ਹੈ।

ਸਿੱਖ ਰੋਹ ਨੂੰ ਵੇਖਦਿਆਂ ਜਥੇਦਾਰਾਂ ਕੋਲੋਂ ਇਸ ਰੱਬੀ ਹੁਕਮ ਨੂੰ ਵਾਪਸ ਕਰਵਾ ਦਿੱਤਾ ਗਿਆ। ਜਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਨੇ ਅਖੌਤੀ ਜਥੇਦਾਰਾਂ ਨੂੰ ਉਹਨਾਂ ਅੱਗੇ ਪੇਸ਼ ਹੋਣ ਦਾ ਹੁਕਮ ਦਿੱਤਾ ਪਰ ਇਹ ਸਰਕਾਰੀ ਜਥੇਦਾਰ ਪੇਸ਼ ਨਾ ਹੋਏ ਤਾਂ ਪੰਜਾਂ ਪਿਆਰਿਆਂ ਨੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਜਾਰੀ ਕਰ ਦਿੱਤਾ ਕਿ ਉਹ ਜਥੇਦਾਰਾਂ ਨੂੰ ਸੇਵਾ ਮੁਕਤ ਕਰੇ ਪਰ ਕਮੇਟੀ ਪ੍ਰਧਾਨ ਨੇ ਪੰਜ ਪਿਆਰੇ, ਜਿਨ੍ਹਾਂ ਦਾ ਕਿਹਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਨਹੀਂ ਮੋੜ ਸਕੇ ਸਨ, ਉਹਨਾਂ ਪੰਜ ਪਿਆਰਿਆਂ ਨੂੰ ਕਮੇਟੀ ਪ੍ਰਧਾਨ ਨੇ ਮੁਅੱਤਲ ਕਰ ਕੇ ਆਪਣੇ ਆਪ ਨੂੰ ਗੁਰੂ ਸਾਹਿਬਾਨ ਤੋਂ ਵੀ ਉੱਚਾ ਸਾਬਤ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ, ਪਰ ਸਿੱਖ ਸੰਗਤਾਂ ਦੇ ਰੋਹ ਨੂੰ ਵੇਖਦਿਆਂ ਪੰਜਾਂ ਪਿਆਰਿਆਂ ਦੀ ਮੁਅੱਤਲੀ ਤਾਂ ਰੱਦ ਕਰ ਦਿੱਤੀ ਗਈ, ਪਰ ਉਹਨਾਂ ਦੇ ਫੈਸਲੇ ਨੂੰ ਮੰਨਣ ਤੋਂ ਸ਼੍ਰੋਮਣੀ ਕਮੇਟੀ ਇਨਕਾਰੀ ਹੋਈ ਬੈਠੀ ਹੈ ਜੋ ਸਾਡੀਆਂ ਸਿੱਖ ਪ੍ਰੰਪਰਾਵਾਂ ਅਤੇ ਸਿੱਖ ਸਿਧਾਤਾਂ ਦਾ ਘੋਰ ਨਿਰਾਦਰ ਹੈ।

ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਲੱਗੇ ਰੋਸ ਧਰਨਿਆਂ ਵਿੱਚ ਸ਼ਾਤਮਈ ਤਰੀਕਿਆਂ ਨਾਲ ਰੋਸ ਵਿਖਾਵਾ ਕਰ ਰਹੇ ਸਿੱਖਾਂ ਉੱਪਰ ਗੋਲੀ ਚਲਵਾ ਕੇ ਸਰਕਾਰ ਨੇ ਦੋ ਬੇਗੁਨਾਹ ਸਿੱਖਾਂ ਦਾ ਸ਼ਹੀਦ ਕਰ ਦਿੱਤਾ ਅਤੇ ਅਨੇਕਾਂ ਸਿੱਖ ਜਖਮੀ ਕਰ ਦਿੱਤੇ। ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੇ ਸੰਬੰਧ ਵਿੱਚ ਦੋ ਸਿੱਖ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਰਕਾਰ ਨੇ ਆਪਣੇ ਇਸ ਕਦਮ ਨਾਲ ਇਹ ਸਾਬਿਤ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਕਿ ਸਿੱਖ ਵੀ ਆਪਣੇ ਗੁਰੂ ਦੇ ਕਾਤਲ ਹੋ ਸਕਦੇ ਹਨ ਪਰ ਸਰਕਾਰ ਜਾਂ ਪੁਲਿਸ ਪ੍ਰਸਾਸ਼ਨ ਨੇ ਭਾਰੀ ਤਸ਼ੱਦਦ ਕਰਨ ਦੇ ਬਾਵਜੂਦ ਉਹਨਾਂ ਸਿੱਖਾਂ ਵਿਰੁੱਧ ਕੋਈ ਸਬੂਤ ਨਹੀਂ ਜੁਟਾ ਸਕੀ, ਜਿਸ ਕਰਕੇ ਸਰਕਾਰ ਨੂੰ ਉਹਨਾਂ ਸਿੱਖਾਂ ਨੂੰ ਰਿਹਾਅ ਕਰਨ ਲਈ ਮਜਬੂਤ ਹੋਣਾ ਪਿਆ।

ਇਹ ਸਰਕਾਰ, ਸ਼੍ਰੋਮਣੀ ਕਮੇਟੀ ਅਤੇ ਅਖੌਤੀ ਜਥੇਦਾਰਾਂ ਦੀ ਕਾਰਗੁਜਾਰੀ ਹੈ, ਜਿਸ ਤੋਂ ਸਾਬਤ ਹੁੰਂਦਾ ਹੈ ਕਿ ਅਕਾਲੀ ਦਲ ਬਾਦਲ, ਸ਼੍ਰੋਮਣੀ ਕਮੇਟੀ ਅਤੇ ਅਖੌਤੀ ਜਥੇਦਾਰ ਹੀ ਸਿੱਖਾਂ ਦੇ ਸਭ ਤੋਂ ਵੱਡੇ ਦੁਸ਼ਮਣ ਬਣ ਕੇ ਉਬਰੇ ਹਨ।

ਅੱਜ ਜੋ ਵਿਅਕਤੀ ਇਹ ਕਹਿ ਰਹੇ ਹਨ ਕਿ ਸਰਬੱਤ ਖਾਲਸਾ ਕੇਵਲ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਸ਼੍ਰੀ ਅਕਾਲ ਸਾਹਿਬ ਉੱਪਰ ਹੀ ਸਰਬੱਤ ਖਾਲਸਾ ਬੁਲਾ ਸਕਦਾ ਹੈ, ਇਸਦਾ ਜਵਾਬ ਹੈ ਕਿ ਸਰਬੱਤ ਖਾਲਸਾ ਸੱਦਣ ਵਾਲੀਆਂ ਜਥੇਬੰਦੀਆਂ ਨੇ ਇਸਤੋਂ ਪਹਿਲਾਂ ਸਰਬੱਤ ਖਾਲਸਾ ਸੱਦਣ ਵਾਸਤੇ ਸ਼੍ਰਮਣੀ ਕਮੇਟੀ ਤੱਕ ਪਹੁੰਚ ਕੀਤੀ ਸੀ, ਜਿਸਦਾ ਕਮੇਟੀ ਵੱਲੋਂ ਸਾਫ ਇਨਕਾਰ ਕਰ ਦਿੱਤਾ ਗਿਆ, ਜਿਸਦੇ ਸਿੱਟੇ ਵਜੋਂ ਜਥੇਬੰਦੀਆਂ ਨੂੰ ਸਰਬੱਤ ਖਾਲਸਾ ਲਈ ਬਦਲਵੀ ਥਾਂ ਉੱਪਰ ਕਰਨ ਦਾ ਫੈਸਲਾ ਲੈਣਾ ਪਿਆ। ਜਿਸ ਤੋਂ ਸਾਬਤ ਹੁੰਦਾ ਹੈ ਕਿ ਅੱਜ ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ ਸਿੱਖ ਦੁਸ਼ਮਣਾਂ ਦੇ ਕਬਜੇ ਵਿੱਚ ਜਾ ਚੁੱਕੇ ਹਨ ਅਤੇ ਜਥੇਦਾਰ ਸਿਰਫ ਗੁਲਾਮ ਬਣ ਕੇ ਰਹਿ ਗਏ ਹਨ, ਜੋ ਕੌਮ ਦੀ ਅਗਵਾਈ ਨਹੀਂ ਕਰਦੇ ਸਗੋਂ ਕਿਸੇ ਪਾਰਟੀ ਖਾਸ ਦੇ ਬੁਲਾਰੇ ਮਾਤਰ ਹਨ ਅਤੇ ਉਹ ਕੌਮ ਵਿੱਚੋਂ ਆਪਣੀ ਭਰੋਸੇਯੋਗਤਾ ਗਵਾ ਚੁੱਕੇ ਹਨ।

ਅਗਲੀ ਗੱਲ ਜੋ ਕਹਿੰਦੇ ਹਨ ਕਿ ਸਰਬੱਤ ਖਾਲਸਾ ਕੇਵਲ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੀ ਸੱਦ ਸਕਦਾ ਹੈ, ਇਸਦਾ ਜਵਾਬ ਮੌਜੂਦਾ ਜਥੇਦਾਰੀ ਸਿਸਟਮ ਸ਼੍ਰੋਮਣੀ ਕਮੇਟੀ ਨੇ ਆਪਣੀ ਹੋਂਦ ਵਿੱਚ ਆਉਣ ਤੋਂ ਬਾਅਦ ਸਿੱਖਾਂ ਉੱਪਰ ਥੋਪਿਆ ਗਿਆ ਹੈ, ਜੋ ਸਮੇਂ-ਸਮੇਂ 'ਤੇ ਆਪਣੇ ਸਿਆਸੀ ਮਾਲਕਾਂ ਦੇ ਇਸ਼ਾਰੇ ਤੇ ਉਹਨਾਂ ਦੀ ਮਨਮਰਜੀ ਦੇ ਹੁਕਮਨਾਮੇ ਜਾਰੀ ਕਰਦੇ ਰਹੇ ਹਨ ਅਤੇ ਬਾਦਲ ਵਿਰੋਧੀਆਂ ਨੂੰ ਪੰਥ ਵਿੱਚੋਂ ਛੇਕਦੇ ਰਹੇ ਹਨ ਪਰ ਇਸਤੋਂ ਪਹਿਲਾਂ ਵੀ ਸਰਬੱਤ ਖਾਲਸਾ ਦੇ ਇਕੱਠ ਹੁੰਦੇ ਰਹੇ ਹਨ, ਉਹਨਾਂ ਨੂੰ ਕੌਣ ਸੱਦਦਾ ਸੀ ? ਅਸਲ ਵਿੱਚ ਬੀਤੇ ਸਮੇਂ ਵਿੱਚ ਸਮੇਂ-ਸਮੇਂ ਤੇ ਮਿਸਲਾਂ ਸਮੇਤ ਸਿੱਖ ਆਪਸੀ ਝਗੜਿਆਂ ਜਾਂ ਸਾਂਝੇ ਮਸਲਿਆਂ ਨੂੰ ਵਿਚਾਰਨ ਲਈ ਸ਼੍ਰੀ ਅਕਾਲ ਤਖਤ ਸਾਹਿਬ ਤੇ ਇਕੱਠੇ ਹੁੰਦੇ ਰਹੇ ਹਨ ਅਤੇ ਉੱਥੇ ਮੁਖੀਆਂ ਜਾਂ ਸੰਗਤ ਵੱਲੋ ਜੋਂ ਸਰਬ ਪ੍ਰਵਾਨਿਤ ਫੈਸਲਾਂ ਹੁੰਦਾ ਸੀ, ਉਸਨੂੰ ਸੰਗਤ ਵਿੱਚੋਂ ਹੀ ਇੱਕ ਵਿਅਕਤੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੜ੍ਹ ਕੇ ਸੁਣਾਉਂਦਾ ਸੀ, ਜਿਸ ਨੂੰ ਸਾਰੇ ਸਿੱਖ ਬਗੈਰ ਕਿਸੇ ਨਾ- ਨੁਕਰ ਦੇ ਮੰਨ ਲੈਦੇ ਸਨ। ਜੋ ਇਹ ਕਿਹਾ ਜਾ ਰਿਹਾ ਹੈ ਕਿ ਸਰਬੱਤ ਖਾਲਸਾ ਕਿਸੇ ਗੰਭੀਰ ਪੰਥਕ ਮਸਲੇ 'ਤੇ ਪੰਥ ਦੀ ਰਾਇ ਲੈਣ ਲਈ ਹੁੰਦਾ ਹੈ, ਇਸ ਸਮੇਂ ਸ਼੍ਰੋਮਣੀ ਕਮੇਟੀ ਅਤੇ ਜਥੇਦਾਰਾਂ ਨੂੰ ਸਿਆਸੀ ਗੁਲਾਮੀ ਤੋਂ ਆਜ਼ਾਦ ਕਰਵਾਉਣਾ ਹੀ ਪੰਥ ਦੇ ਅੱਗੇ ਸਭ ਤੋਂ ਵੱਧ ਗੰਭੀਰ ਮਸਲਾ ਹੈ, ਜਿਸ ਲਈ ਅੱਜ ਸਿੱਖ ਜਥੇਬੰਦੀਆਂ ਬੜੀ ਗੰਭੀਰਤਾ ਅਤੇ ਨੇਕ ਨੀਅਤ ਨਾਲ ਸਰਬੱਤ ਖਾਲਸਾ ਕਰ ਰਹੀਆਂ ਹਨ, ਜਿਸਦਾ ਸਮੁੱਚੇ ਸੰਸਾਰ ਵਿੱਚ ਵੱਸਦੇ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਅਤੇ ਸਿੱਖ ਜਥੇਬੰਦੀਆਂ ਨੂੰ ਖੁੱਲਾ ਸੱਦਾ ਹੈ, ਉਹ ਇਸ ਸਰਬੱਤ ਖਾਲਸਾ ਵਿੱਚ ਸ਼ਾਮਿਲ ਹੋਣ ਅਤੇ ਕੌਮ ਅੱਗੇ ਖੜ੍ਹੀਆਂ ਚੁਣੌਤੀਆਂ ਅਤੇ ਅੱਜ ਦੇ ਗੰਭੀਰ ਪੰਥਕ ਮਸਲਿਆਂ ਉੱਪਰ ਆਪਣੀ ਉਸਾਰੂ ਰਾਇ ਦੇਣ।

ਗੁਰੂ ਭਲਾ ਕਰੇ।


ਟਿੱਪਣੀ: ਵੀਰ ਜੀ ਤੁਹਾਡੇ ਵੀਚਾਰ ਚੰਗੇ ਨੇ, ਨੇਕ ਨੀਅਤੀ ਨਾਲ ਲਿਖੇ ਨੇ... ਪਰ ਜੋ ਸਰਬੱਤ ਖ਼ਾਲਸਾ ਬੁਲਾ ਰਹੇ ਨੇ (ਮਾਨ, ਦਾਦੂਵਾਲ, ਮੋਹਕਮ ਸਿੰਘ, ਗੁਰਦੀਪ ਸਿੰਘ ਬਠਿੰਡਾ, ਪੀਰ ਮੁਹੰਮਦ ਆਦਿ...) ਅਤੇ ਜੋ ਉਸਦਾ ਵਿਰੋਧ ਕਰ ਰਹੇ ਨੇ (ਧੁੰਮਾ, ਮੱਕੜ, ਪੱਪੂ, ਕਾਲੀ ਦਲ ਦੇ ਕਾਰਕੁੰਨ ਆਦਿ...) ਦੋਨੋਂ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਦੋਨੋ ਪਾਸੇ ਵੱਖ ਵੱਖ ਟੀਮਾਂ 'ਚ ਬਾਦਲ ਦੇ ਹੀ ਕਰਿੰਦੇ ਮੈਚ ਖੇਡ ਰਹੇ ਨੇ, ਤੇ ਸਿੱਖ ਅਖਵਾਉਣ ਵਾਲੇ ਫੁੱਟਬਾਲ ਵਾਂਗ ਕਦੀ ਇਧਰ ਕਦੀ ਉਧਰ...

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top