Share on Facebook

Main News Page

ਬਾਦਲ ਨੂੰ ਦਿੱਤਾ ਖੂਨ ਦਾ ਪਿਆਲਾ ਗੁੰਮ

ਚੰਡੀਗੜ੍ਹ, (7 ਨਵੰਬਰ, ਤਰਲੋਚਨ ਸਿੰਘ): ਪੰਜਾਬ ਦੀਆਂ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਵੱਲੋਂ ਰੋਸ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਭੇਜੇ ਆਪਣੇ ਖੂਨ ਦੇ ਬਾਟੇ ਦਾ ਕੋਈ ਥਹੁ-ਪਤਾ ਨਹੀਂ ਹੈ। ਪੁਲੀਸ ਅਧਿਕਾਰੀ ਖੂਨ ਦੇ ਇਸ ਬਾਟੇ ਬਾਰੇ ਕੁਝ ਵੀ ਕਹਿਣ ਤੋਂ ਟਾਲਾ ਵੱਟ ਰਹੇ ਹਨ ਅਤੇ ਸੰਤਾਂ-ਮਹਾਂਪੁਰਖਾਂ ਦੇ ਖੂਨ ਦਾ ਬਾਟਾ ਪਿਛਲੇ 8 ਦਿਨਾਂ ਤੋਂ ਭੇਤ ਬਣਿਆ ਪਿਆ ਹੈ। ਸੂਤਰਾਂ ਅਨੁਸਾਰ ਖੂਨ ਦਾ ਇਹ ਬਾਟਾ ਹਾਲੇ ਤਕ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਨਹੀਂ ਪੁੱਜਾ ਅਤੇ ਦੂਜੇ ਪਾਸੇ ਚੰਡੀਗੜ੍ਹ ਪੁਲੀਸ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਦੇ ਰਹੀ।

ਪਿਛਲੇ ਦਿਨੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਦੋ ਸਿੱਖ ਨੌਜਵਾਨਾਂ ਨੂੰ ਪੰਜਾਬ ਪੁਲੀਸ ਵੱਲੋਂ ਗੋਲੀ ਮਾਰੇ ਜਾਣ ਦੇ ਰੋਸ ’ਚ ਪੰਜਾਬ ਦੀਆਂ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ, ਬਾਬਿਆਂ, ਰਾਗੀਆਂ, ਕਵੀਸ਼ਰਾਂ ਅਤੇ ਹੋਰ ਪੰਥਕ ਦਰਦੀਆਂ ਵੱਲੋਂ 29 ਅਕਤੂਬਰ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ ਵੱਲ ਕੂਚ ਕਰਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਖੂਨ ਦਾ ਬਾਟਾ ਦੇਣ ਦਾ ਐਲਾਨ ਕੀਤਾ ਸੀ। ਇਥੇ ਵਾਈਪੀਐਸ ਚੌਕ ਨੇੜੇ ਚੰਡੀਗੜ੍ਹ-ਮੁਹਾਲੀ ਦੀ ਹੱਦ ਉਪਰ ਪੁਲੀਸ ਵੱਲੋਂ ਰੋਕਣ ’ਤੇ ਸੰਗਤ ਨੇ ਧਰਨਾ ਮਾਰ ਦਿੱਤਾ ਸੀ। ਫਿਰ 30 ਅਕਤੂਬਰ ਨੂੰ ਤੜਕੇ ਪ੍ਰਮੁੱਖ ਪੰਥਕ ਹਸਤੀਆਂ ਵੱਲੋਂ ਆਪਣਾ ਖੂਨ ਕੱਢ ਕੇ ਮੁੱਖ ਮੰਤਰੀ ਨੂੰ ਭੇਜਣ ਦਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ ਨੇ ਦੱਸਿਆ ਕਿ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ, ਬਾਬਾ ਦਲੇਰ ਸਿੰਘ ਖੇੜੀ, ਬਾਬਾ ਬਲਜੀਤ ਸਿੰਘ ਦਾਦੂਵਾਲ, ਭਾਈ ਪੰਥਪ੍ਰੀਤ ਸਿੰਘ, ਅਮਰੀਕ ਸਿੰਘ ਦਮਦਮੀ ਟਕਸਾਲ ਅਜਨਾਲਾ, ਹਰਜਿੰਦਰ ਸਿੰਘ ਮਾਝੀ, ਅਮਰੀਕ ਸਿੰਘ ਕਥਾਵਾਚਕ ਚੰਡੀਗੜ੍ਹ, ਸ੍ਰੀ ਪੀਰ ਮੁਹੰਮਦ ਸਮੇਤ 67 ਰਾਗੀਆਂ, ਕਵੀਸ਼ਰਾਂ ਅਤੇ ਹੋਰ ਪੰਥ ਦਰਦੀਆਂ ਵੱਲੋਂ ਆਪਣਾ ਖੂਨ ਕਢਵਾਇਆ ਸੀ।

ਇਨ੍ਹਾਂ ਪ੍ਰਮੁੱਖ ਹਸਤੀਆਂ ਵੱਲੋਂ ਆਪਣੇ ਖੂਨ ਦਾ ਭਰਿਆ ਬਾਟਾ ਉਥੇ ਮੌਜੂਦ ਪੁਲੀਸ ਅਧਿਕਾਰੀਆਂ ਨੂੰ ਦੇ ਕੇ ਅਪੀਲ ਕੀਤੀ ਸੀ ਕਿ ਇਹ ਖੂਨ ਸ੍ਰੀ ਬਾਦਲ ਨੂੰ ਪੁੱਜਦਾ ਕਰ ਦਿੱਤਾ ਜਾਵੇ। ਹੁਣ ਇਹ ਖੂਨ ਦਾ ਬਾਟਾ ਕਿਸ ਕੋਲ ਹੈ ਕੋਈ ਵੀ ਸਪੱਸ਼ਟ ਜਵਾਬ ਦੇਣ ਲਈ ਤਿਆਰ ਨਹੀਂ ਹੈ। ਜਦੋਂ ਇਸ ਸਬੰਧ ਸੈਕਟਰ-36 ਥਾਣੇ ਦੇ SHO ਰਾਮ ਦਿਆਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਉਹ ਰਾਤ ਵੇਲੇ ਡਿਊਟੀ ਛੱਡ ਕੇ ਚਲੇ ਗਏ ਸਨ ਅਤੇ ਉਨ੍ਹਾਂ ਨੇ ਬਾਬਿਆਂ ਕੋਲੋਂ ਖੂਨ ਦਾ ਬਾਟਾ ਹਾਸਲ ਨਹੀਂ ਕੀਤਾ। ਇਸ ਖੇਤਰ ਦੇ ਏਐਸਪੀ ਡਾ. ਨਵਦੀਪ ਸਿੰਘ ਬਰਾੜ ਨੇ ਕਿਹਾ ਕਿ ਬਾਬਿਆਂ ਦੇ ਖੂਨ ਦੇਣ ਵੇਲੇ ਉਹ ਡਿਊਟੀ ’ਤੇ ਨਹੀਂ ਸਨ। ਉਸ ਮੌਕੇ ਡੀ.ਐਸ.ਪੀ ਬੀ.ਐਸ. ਨੇਗੀ ਤਾਇਨਾਤ ਸਨ। ਡੀ.ਐਸ.ਪੀ ਨੇਗੀ ਨੇ ਦੱਸਿਆ ਕਿ ਉਨ੍ਹਾਂ ਨੇ ਮੌਕੇ ’ਤੇ ਮੌਜੂਦ ਇੰਸਪੈਕਟਰਾਂ ਨੂੰ ਖੂਨ ਦਾ ਬਾਟਾ ਹਾਸਲ ਕਰਨ ਲਈ ਕਿਹਾ ਸੀ।

ਡੀ.ਐਸ.ਪੀ ਅਨੁਸਾਰ ਉਨ੍ਹਾਂ ਨੇ ਸਬੰਧਿਤ ਇੰਸਪੈਕਟਰਾਂ ਨੂੰ ਇਹ ਖੂਨ ਦਾ ਬਾਟਾ ਮੁੱਖ ਮੰਤਰੀ ਸ੍ਰੀ ਬਾਦਲ ਦੀ ਰਿਹਾਇਸ਼ ’ਤੇ ਪਹੁੰਚਾਉਣ ਲਈ ਕਹਿ ਦਿੱਤਾ ਸੀ, ਪਰ ਉਨ੍ਹਾਂ ਨੂੰ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ ਕਿ ਇਸ ਵੇਲੇ ਖੂਨ ਦਾ ਬਾਟਾ ਕਿਥੇ ਹੈ। ਜਾਣਕਾਰੀ ਮੁਤਾਬਕ ਜਦੋਂ ਬਾਬਿਆਂ ਨੇ ਇਕ ਇੰਸਪੈਕਟਰ ਦੇ ਹੱਥ ਖੂਨ ਦਾ ਬਾਟਾ ਰੱਖ ਦਿੱਤਾ ਤਾਂ ਉਨ੍ਹਾਂ ਨੂੰ ਕੋਈ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਰੇ। ਇਸ ਬਾਅਦ ਖੂਨ ਦਾ ਬਾਟਾ ਕਿਥੇ ਗਿਆ ਕੋਈ ਵੀ ਦੱਸਣ ਨੂੰ ਤਿਆਰ ਨਹੀਂ ਹੈ।


ਟਿੱਪਣੀ: No Comment...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top