Share on Facebook

Main News Page

ਸਿੱਖਾਂ ਨੂੰ ਵਰਤਮਾਨ ਹਾਲਤ ਵਿਚੋਂ ਬਾਹਰ ਨਿਕਲਣ ਲਈ ਅੰਗਰੇਜ਼ਾਂ ਦੇ ਬਣਾਏ ਜਥੇਦਾਰ ਸਿਸਟਮਨੂੰ ਰੱਦ ਕਰਨ ਦੀ ਲੋੜ ਹੈ
-: ਮਹਿੰਦਰ ਸਿੰਘ ਚਚਰਾੜੀ
ਸੰਪਾਦਕ ਸਿੱਖ ਗਾਰਡੀਅਨ, +91-98148-90308

ਸੰਨ 1857 ਤੋਂ ਪਹਿਲਾਂ ਸਿੱਖਾਂ ਵਿਚ ਤਖਤਾਂ ਦੇ ਕਿਸੇ ‘ਜਥੇਦਾਰ’ ਦਾ ਕੋਈ ਪ੍ਰਚਲਨ ਨਹੀਂ ਸੀ। ਇਹ ਸਿਲਸਿਲਾ ਪੁਜਾਰੀ ਪਰਦੁਮਨ ਸਿੰਘ ਤੋਂ ਸ਼ੁਰੂ ਹੋਇਆ। ਪਰਦੁਮਨ ਸਿੰਘ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਪੁਜਾਰੀ ਸੀ, ਜੋ ਅਕਾਲੀ ਫੂਲਾ ਸਿੰਘ ਦੇ ਅਕਾਲ ਤਖਤ ਸਾਹਿਬ ਤੋਂ ਚਲੇ ਜਾਣ ਉਪਰੰਤ ਡੋਗਰਿਆਂ ਦੀ ਸ਼ਹਿ ਤੇ ਅਕਾਲ ਤਖਤ ਦਾ ਪ੍ਰਬੰਧ ਵੀ ਸਾਂਭਕੇ ਬੈਠ ਗਿਆ ਸੀ। ਇਹ ਸੰਗਤ ਦੇ ਚੜ੍ਹਾਵੇ ਦਾ ਕੁਝ ਹਿੱਸਾ ਖੁਦ ਖਾਂਦਾ ਸੀ ਤੇ ਕੁਝ ਹਿੱਸਾ ਡੋਗਰਿਆਂ ਨੂੰ ਪੁਚਾਉਂਦਾ ਸੀ। ਇਸਨੇ ਦਰਬਾਰ ਸਾਹਿਬ ਵਿਚ ਉਦਾਸੀਆਂ ਵਾਲੀ ਮਰਿਆਦਾ ਪ੍ਰਚਲਤ ਕੀਤੀ ਹੋਈ ਸੀ। ਜਦਕਿ ਅਕਾਲੀ ਫੂਲਾ ਸਿੰਘ ਵੇਲੇ ਦਰਬਾਰ ਸਾਹਿਬ ਵਿਚ ਪੰਥਕ ਮਰਿਆਦਾ ਲਾਗੂ ਸੀ। ਅਕਾਲ ਤਖਤ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ‘ਆਸਾ ਦੀ ਵਾਰ’ ਦੇ ਵਿਚਕਾਰ ਦਰਬਾਰ ਸਾਹਿਬ ਲੈ ਕੇ ਆਉਣ ਦੀ ਮਰਿਆਦਾ ਵੀ ਪਰਦੁਮਨ ਸਿੰਘ ਦੀ ਹੀ ਸ਼ੁਰੂ ਕੀਤੀ ਹੋਈ ਹੈ ਕਿਉਂਕਿ ਖੁਦ ਇਹ ਲੇਟ ਉਠਦਾ ਸੀ। (ਜਦਕਿ ਗੱਲ ਉਸਨੇ ਇਹ ਬਣਾ ਦਿਤੀ ਕਿ ਗੁਰੂ ਅਰਜਨ ਸਾਹਿਬ ਵੀ ਆਸਾ ਦੀ ਵਾਰ ਦੇ ਵਿਚਕਾਰ ਹੀ ਦਰਬਾਰ ਸਾਹਿਬ ਆਉਂਦੇ ਸਨ)।

ਪੁਜਾਰੀ ਪਰਦੁਮਨ ਸਿੰਘ ਤੋਂ ਪਹਿਲਾਂ ਅਕਾਲ ਤਖਤ ਦਾ ਪ੍ਰਬੰਧ ਅਕਾਲੀ ਫੂਲਾ ਸਿੰਘ ਕੋਲ ਰਿਹਾ, ਜੋ ਕਿ ਮਿਸਲ ਸ਼ਹੀਦਾਂ ਦੇ ਮੁਖੀ ਸਨ। ਮਿਸਲ ਸ਼ਹੀਦਾਂ ਦੀ ਜ਼ਿੰਮੇਵਾਰੀ ‘ਸਰਬੱਤ ਖਾਲਸੇ’ ਨੇ ਗੁਰਦੁਆਰਿਆਂ ਦੀ ਸਾਂਭ-ਸੰਭਾਲ ਦੀ ਲਾਈ ਹੋਈ ਸੀ। ਅਕਾਲੀ ਫੂਲਾ ਸਿੰਘ ਦੇ ਪੰਥ ਵਿਚ ਦਬਦਬੇ ਦਾ ਵੱਡਾ ਕਾਰਣ ਇਹ ਸੀ ਕਿ ਉਨ੍ਹਾਂ ਦੀ ਮਿਸਲ ਮਹਾਰਾਜਾ ਰਣਜੀਤ ਸਿੰਘ ਦੀ ਕਮਾਂਡ ਹੇਠ ਨਹੀਂ ਸੀ, ਹਾਲਾਂਕਿ ਬਾਕੀ ਸਾਰੀਆਂ ਮਿਸਲਾਂ ਨੂੰ ਮਹਾਰਾਜਾ ਰਣਜੀਤ ਸਿੰਘ ਆਪਣੇ ਅਧੀਨ ਕਰ ਚੁੱਕਾ ਸੀ।

ਅਕਾਲੀ ਫੂਲਾ ਸਿੰਘ ਉੱਚੇ-ਸੁੱਚੇ ਸਿੱਖੀ ਕਿਰਦਾਰ ਦੇ ਮਾਲਕ ਸਨ ਤੇ ਸਿੱਖਾਂ ਦੇ ਕੇਂਦਰੀ ਅਸਥਾਨ ਦੇ ਪ੍ਰਬੰਧਕ ਹੋਣ ਕਰਕੇ ਸਿੱਖਾਂ ਵਿਚ ਸਤਿਕਾਰੇ ਜਾਂਦੇ ਸਨ। ਐਸ਼ਪ੍ਰਸਤ ਮਹਾਰਾਜਾ ਰਣਜੀਤ ਸਿੰਘ ਉਨ੍ਹਾਂ ਤੋਂ ਡਰਦਾ ਸੀ। ਉਨ੍ਹਾਂ ਮਹਾਰਾਜਾ ਰਣਜੀਤ ਸਿੰਘ ਦੀਆਂ ਕਈ ਗਲਤੀਆਂ ਕਰਕੇ ਉਸਨੂੰ ਅਕਾਲ ਤਖਤ ਤੇ ਸੱਦਕੇ ਸਜ਼ਾ ਵੀ ਲਾਈ ਸੀ। (ਪਰ ਇਸ ਵਰਤਾਰੇ ਨੂੰ ਅਕਾਲ ਤਖਤ ਦੇ ਜਥੇਦਾਰ ਵਜੋਂ ਪੇਸ਼ ਕਰਨਾ ਵੀ ਸਹੀ ਨਹੀਂ ਹੈ ਕਿਉਂਕਿ ਅਠਾਰ੍ਹਵੀਂ ਸਦੀ ਵਿਚ ‘ਸਰਬੱਤ ਖਾਲਸਾ’ ਇਕੱਠਾਂ ਦੇ ਦੌਰ ਵਿਚ ਵੀ ਅਜਿਹੀ ਕੋਈ ਪਰੰਪਰਾ ਨਹੀਂ ਸੀ)।

ਸੰਨ 1849 ਵਿਚ ਜਦੋਂ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਤੇ ਮੁਕੰਮਲ ਕਬਜ਼ਾ ਕਰ ਲਿਆ, ਤਾਂ ਉਨ੍ਹਾਂ ਅਕਾਲ ਤਖਤ ਦੀ ਮਹੱਤਤਾ ਜਾਣਕੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪੁਜਾਰੀਆਂ ਨੂੰ ਆਪਣੇ ਕੰਟਰੋਲ ਵਿਚ ਰੱਖਣ ਦੀ ਸਕੀਮ ਬਣਾਈ ਕਿਉਂਕਿ ਅੰਗਰੇਜ਼ ਇਹ ਭਾਂਪ ਗਏ ਸਨ ਕਿ ਅਕਾਲ ਤਖਤ, ਸਿੱਖਾਂ ਦੀ ਰਾਜਨੀਤਕ ਸ਼ਕਤੀ ਦਾ ਧੁਰਾ ਹੈ। ਉਨ੍ਹਾਂ ਪਰਦੁਮਨ ਸਿੰਘ ਨੂੰ ਅਕਾਲ ਤਖਤ ਦਾ ‘ਸਰਬਰਾਹ’ ਐਲਾਨ ਦਿਤਾ ਤੇ ਬਕਾਇਦਾ ਇਸਦੀ ਮੁਨਾਦੀ ਕਰਵਾਈ ਗਈ।

ਸੰਨ 1857 ਦੇ ਗਦਰ ਮੌਕੇ ਅੰਗਰੇਜ਼ਾਂ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮਿਸਟਰ ਕੂਪਰ ਰਾਹੀਂ ਪਰਦੁਮਨ ਸਿੰਘ ਤੋਂ ਅੰਗਰੇਜ਼ੀ ਰਾਜ ਦੀ ਸਲਾਮਤੀ ਲਈ ਅਰਦਾਸ ਕਰਵਾਈ ਕਿਉਂਕਿ ਉਹ ਸਿੱਖਾਂ ਨੂੰ ਆਪਣੇ ਗੁਲਾਮ ਬਣਾਉਣਾ ਚਾਹੁੰਦੇ ਸਨ। ਇਹ ਅੰਗਰੇਜ਼ਾਂ ਦਾ ਸਿੱਖੀ ਸਿਧਾਂਤਾਂ ਤੇ ਕੋਝਾ ਵਾਰ ਸੀ ਕਿਉਂਕਿ ਇਸ ਤੋਂ ਪਹਿਲਾਂ ਅਕਾਲ ਤਖਤ ਤੇ ‘ਸਰਬੱਤ ਦੇ ਭਲੇ’ ਦੀ ਅਰਦਾਸ ਹੀ ਹੁੰਦੀ ਆ ਰਹੀ ਸੀ। ਮਿਸਟਰ ਕੂਪਰ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਮਰਿਆਦਾ ਵਿਚ ਵੀ ਕਈ ਫੇਰਬਦਲ ਕਰਵਾਏ, ਜਿਵੇਂ ਅਰਦਾਸ ਮਗਰੋਂ ‘ਰਾਜ ਕਰੇਗਾ ਖਾਲਸਾ’ ਦਾ ਦੋਹਰਾ ਬੰਦ ਕਰਵਾਇਆ, ‘ਬੋਲੇ ਸੋ ਨਿਹਾਲ’ ਦਾ ਜੈਕਾਰਾ ਬੰਦ ਕਰਵਾਇਆ, ਤਾਂ ਜੋ ਸਿੱਖਾਂ ਦੀ ਸੋਚ ਰਾਜ ਵੱਲ ਨਾ ਜਾ ਸਕੇ! ਅੰਗਰੇਜ਼ਾਂ ਵੱਲੋਂ ਬਦਲੀ ਇਹ ਮਰਿਆਦਾ ਅੱਜ ਵੀ ਉਸੇ ਤਰ੍ਹਾਂ ਚੱਲ ਰਹੀ ਹੈ, ਜਿਸਨੂੰ ਸ਼੍ਰੋਮਣੀ ਕਮੇਟੀ ਨੇ ‘ਪੁਰਾਤਨ ਮਰਿਆਦਾ’ ਕਹਿਕੇ ਮਾਨਤਾ ਦਿਤੀ ਹੋਈ ਹੈ।

ਸ਼੍ਰੋਮਣੀ ਕਮੇਟੀ ਬਣਾਉਣ ਵੇਲੇ ਤਕ ਸਿੱਖਾਂ ਵਿਚ ਆਈ ਜਾਗਰਿਤੀ ਕਾਰਣ ਭਾਵੇਂ ਸ਼੍ਰੋਮਣੀ ਕਮੇਟੀ ਦਾ ਸਰੂਪ ਕਾਫੀ ਹੱਦ ਤਕ ਸਿੱਖਾਂ ਵਿਚ ਸਰਬ ਪ੍ਰਵਾਨਤ ਬਣ ਗਿਆ ਸੀ, ਪਰ ਸ਼੍ਰੋਮਣੀ ਕਮੇਟੀ ਉਪਰ ਵੀ ਅੰਗਰੇਜ਼ ਸਰਕਾਰ ਨੇ ਪੂਰਾ ਸ਼ਿਕੰਜਾ ਕੱਸਕੇ ਰੱਖਿਆ। ਸ਼੍ਰੋਮਣੀ ਕਮੇਟੀ ਚੁਣਨ ਦਾ ਤਰੀਕਾ ਉਨ੍ਹਾਂ ਵੋਟਾਂ ਵਾਲਾ ਹੀ ਰੱਖਿਆ, ਹਾਲਾਂਕਿ ਉਹਨਾਂ ਨੂੰ ਪਤਾ ਸੀ ਕਿ ਧਾਰਮਕ ਮਾਮਲਿਆਂ ਵਿਚ ਅਜਿਹਾ ਕਰਨਾ ਠੀਕ ਨਹੀਂ ਹੈ, ਜਦਕਿ ‘ਸਰਬੱਤ ਖਾਲਸਾ’ ਵੇਲੇ ਗੁਰਦੁਆਰਿਆਂ ਦਾ ਪ੍ਰਬੰਧ ਸਿਲੈਕਸ਼ਨ ਨਾਲ ਹੁੰਦਾ ਸੀ। ਮਿਸਲਾਂ ਨੂੰ ਜ਼ਿੰਮੇਵਾਰੀਆਂ ਵੰਡ ਦਿਤੀਆਂ ਜਾਂਦੀਆਂ ਸਨ, ਜਿਵੇਂ ਅਕਾਲੀ ਫੂਲਾ ਸਿੰਘ ਦੀ ਮਿਸਲ ਦੀ ਜ਼ਿੰਮੇਵਾਰੀ ਗੁਰਦੁਆਰਿਆਂ ਦੇ ਪ੍ਰਬੰਧ ਦੀ ਸੀ। ਸ਼੍ਰੋਮਣੀ ਕਮੇਟੀ ਦੀ ਚੋਣ ਉਪਰੰਤ ਅੰਮ੍ਰਿਤਸਰ ਦੇ ਡੀ.ਸੀ. ਨੂੰ ਮੈਂਬਰਾਂ ਤੇ ਅਹੁਦੇਦਾਰਾਂ ਬਾਬਤ ਦੱਸਣਾ ਜ਼ਰੂਰੀ ਬਣਾਇਆ ਗਿਆ, ਤਾਂ ਜੋ ਸ਼੍ਰੋਮਣੀ ਕਮੇਟੀ ਤੇ ਪੂਰੀ ਨਜ਼ਰ ਰੱਖੀ ਜਾ ਸਕੇ।

ਅੰਗਰੇਜ਼ਾਂ ਨੇ ਜਿਥੇ ਆਪਣਾ ਸਿਸਟਮ ਸਿੱਖਾਂ 'ਤੇ ਥੋਪਿਆ, ਉਥੇ ਚੜ੍ਹਾਵੇ ਖਾਣ ਦੇ ਆਦੀ ਹੋ ਚੁੱਕੇ ਭ੍ਰਿਸ਼ਟ ਪੁਜਾਰੀਆਂ ਨੂੰ ਸਿੱਖਾਂ ਦੇ ‘ਸਰਬਰਾਹ’ ਬਣਾਕੇ ਪੇਸ਼ ਕਰਨਾ ਸ਼ੁਰੂ ਕੀਤਾ, ਜਿਸ ਨਾਲ ਸਿੱਖ ਸਮਾਜ ਵਿਚ ਬਹੁਤ ਵੱਡਾ ਨਿਘਾਰ ਆ ਗਿਆ, ਜਦਕਿ ਗੁਰੂ ਸਾਹਿਬਾਨ ਦਾ ਪੈਦਾ ਕੀਤਾ ‘ਸੰਗਤੀ ਸਿਸਟਮ’ ਅੰਗਰੇਜ਼ਾਂ ਨੇ ਮਿੱਟੀ ਵਿਚ ਮਿਲਾਕੇ ਰੱਖ ਦਿਤਾ। ਪੰਜਾਂ ਪਿਆਰਿਆਂ ਦੀ ਪ੍ਰਧਾਨਤਾ ਖਤਮ ਕਰ ਦਿਤੀ ਗਈ ਤੇ ਹਰ ਫੈਸਲਾ ‘ਸਰਬਰਾਹਾਂ’ ਰਾਹੀਂ ਹੀ ਹੋਣ ਲੱਗ ਪਿਆ। ਸਿੱਖਾਂ ਵਿਚ ਚੱਲੀਆਂ ਸੁਧਾਰਕ ਲਹਿਰਾਂ ਮਗਰੋਂ ਹੋਂਦ ਵਿਚ ਆਈ ਸ਼ਰੋਮਣੀ ਕਮੇਟੀ ਨੇ ਬਣਨ ਸਾਰ ਹੀ ਆਪਣੀ ਔਕਾਤ ਦਿਖਾ ਦਿਤੀ, ਜਦੋਂ ਅੰਗਰੇਜ਼ਾਂ ਦੇ ਪਿੱਠੂ ‘ਸਰਬਰਾਹ’ ਅਰੂੜ ਸਿੰਘ ਨੇ ਜਲਿਆਂਵਾਲੇ ਬਾਗ ਦੇ ਕਤਲੇਆਮ ਦੇ ਦੋਸ਼ੀ ਜਨਰਲ ਡਾਇਰ ਨੂੰ ਨਾ ਸਿਰਫ ਸਿਰੋਪਾ ਦਿਤਾ, ਸਗੋਂ ਉਸਨੂੰ ਸਿਗਰਟਾਂ ਪੀਣ ਦੀ ਖੁੱਲ੍ਹ ਦੇ ਕੇ ਅੰਮ੍ਰਿਤ ਵੀ ਛਕਾ ਦਿਤਾ। ਇਹ ਸਿੱਖੀ ਨਾਲ ਕੋਝਾ ਮਜ਼ਾਕ ਸੀ, ਜਿਸਨੂੰ ਕਰਵਾਉਣ ਵਾਲਾ ਸੀ ਸ਼ਰੋਮਣੀ ਕਮੇਟੀ ਦਾ ਪਹਿਲਾ ਪ੍ਰਧਾਨ ਸੁੰਦਰ ਸਿੰਘ ਮਜੀਠੀਆ, ਜੋ ਅੰਗਰੇਜ਼ਾਂ ਦਾ ਪਿੱਠੂ ਸੀ, ਜਿਸਦੀ ਕੁੱਲ ਵਿਚੋਂ ਅੱਜ ਬਿਕਰਮ ਸਿੰਘ ਮਜੀਠੀਆ ਨਸ਼ਿਆਂ ਰਾਹੀਂ ਪੰਜਾਬ ਦੀ ਤਬਾਹੀ ਕਰ ਰਿਹਾ ਹੈ।

ਪਹਿਲਾਂ ਅੰਗਰੇਜ਼ ਸਿੱਧਾ ਅਕਾਲ ਤਖਤ ਦੇ ਪੁਜਾਰੀਆਂ ਨੂੰ ਵਰਤਦੇ ਸੀ, ਪਰ ਸ਼੍ਰੋਮਣੀ ਕਮੇਟੀ ਬਣਾਕੇ ਉਨ੍ਹਾਂ ਇਹ ਕੰਮ ਉਸ ਕੋਲੋਂ ਕਰਵਾਉਣਾ ਸ਼ੁਰੂ ਕਰ ਦਿਤਾ। ਅੰਗਰੇਜ਼ਾਂ ਦਾ ਚਲਾਇਆ ਇਹ ਸਿਲਸਿਲਾ ਅੱਜ ‘ਜਥੇਦਾਰ’ ਗੁਰਬਚਨ ਸਿਹੁੰ ਤਕ ਆ ਪਹੁੰਚਾ ਹੈ। ‘ਸਰਬਰਾਹ’ ਨੂੰ ‘ਜਥੇਦਾਰ’ ਕਹਿਣ ਦਾ ਪ੍ਰਚਲਨ ਅੱਗੋਂ ਸਿੱਖਾਂ ਨੇ 1920 ਤੋਂ ਬਾਅਦ ਤੋਰ ਲਿਆ। ਯਾਨਿ ਸਿੱਖ ਵੀ ਅੰਗਰੇਜ਼ਾਂ ਦੀ ਪਾਈ ਇਸ ਗਲਤ ਪਿਰਤ 'ਤੇ ਹੀ ਚੱਲ ਪਏ। ਸਿੱਖਾਂ ਨੂੰ ਭੁਲੇਖਾ ਪਾਉਣ ਵਿਚ ਸ੍ਰੋਮਣੀ ਕਮੇਟੀ ਨੇ ਵੀ ਵੱਡਾ ਰੋਲ ਅਦਾ ਕੀਤਾ, ਜੋ ਕਿ ਅੰਗਰੇਜ਼ਾਂ ਦੀ ਹੀ ਬਣਾਈ ਹੋਈ ਸੀ। ਜਥੇਦਾਰ ਤੇਜਾ ਸਿੰਘ ਭੁੱਚਰ ਤੋਂ ਮਗਰੋਂ ਅਣਜਾਣਪੁਣੇ ਵਿਚ ਇਹ ਸਿਲਸਿਲਾ ਅਗੇ ਚੱਲ ਪਿਆ, ਜਿਸ ਦਾ ਲਾਹਾ ਲੈ ਕੇ ਅਕਾਲੀ ਦਲ, ‘ਜਥੇਦਾਰ’ ਤੋਂ ਮਨਮਰਜ਼ੀ ਦੇ ਕੰਮ ਕਰਵਾਉਂਦਾ ਰਿਹਾ। ਹੁਣ ਪੰਥ ਦੇ ਸ਼੍ਰੋਮਣੀ ਗੱਦਾਰ ਬਾਦਲ ਪਰਿਵਾਰ ਰਾਹੀਂ ਹਿੰਦੂ ਰਾਸ਼ਟਰ ਦੀ ਮੁੱਦਈ ਜਮਾਤ ਆਰ.ਐਸ.ਐਸ., ਤਖਤਾਂ ਦੇ ‘ਜਥੇਦਾਰਾਂ’ ਕੋਲੋਂ ਮਨਮਰਜ਼ੀ ਦੇ ਹੁਕਮ ਜਾਰੀ ਕਰਵਾਉਣ ਲੱਗ ਪਈ ਹੈ। ਜੇਕਰ ਸਿੱਖ, ਗੁਰੂ ਗੋਬਿੰਦ ਸਿੰਘ ਜੀ ਦੇ ਪੰਜਾਂ ਪਿਆਰਿਆਂ ਦੇ ਸਿਧਾਂਤ 'ਤੇ ਚੱਲਦੇ ਹੁੰਦੇ ਤਾਂ ਨੌਬਤ ਇਥੋਂ ਤਕ ਆਉਣੀ ਹੀ ਨਹੀਂ ਸੀ!

ਬੇਸ਼ੱਕ ਮੌਜੂਦਾ ਹਾਲਾਤ ਦਾ ਠੀਕਰਾ ਬਾਦਲ ਸਿਰ ਭੰਨਿਆਂ ਜਾ ਸਕਦਾ ਹੈ, ਪਰ ਇਸ ਲਈ ਸਿੱਖ ਵੀ ਘੱਟ ਦੋਸ਼ੀ ਨਹੀਂ ਹਨ। ਸੁਆਲ ਉਠਦਾ ਹੈ ਕਿ ਸਿੱਖਾਂ ਨੇ ਆਪਣੇ ਗੁਰੂ ਦੀ ਰੀਤ ਛੱਡਕੇ ਅੰਗਰੇਜ਼ਾਂ ਦੀ ਪਾਈ ਪਿਰਤ ਤੇ ਪੈਰ ਕਿਉਂ ਧਰੇ? ਅੰਗਰੇਜ਼ਾਂ ਦੇ ਕਹੇ ਕਹਾਏ ਵੋਟਾਂ ਰਾਹੀਂ ਗੁਰਦੁਆਰਿਆਂ ਦੇ ਪ੍ਰਬੰਧਕ ਕਿਉਂ ਚੁਣਨ ਲੱਗ ਪਏ? ਜਦੋਂ ਸਿਆਸਤ ਗੁਰਦੁਆਰਿਆਂ ਵਿਚ ਖੁਦ ਸੱਦਾ ਦੇ ਕੇ ਵਾੜ ਲਈ ਗਈ, ਤਾਂ ਅੰਜ਼ਾਮ ਇਹੋ ਹੋਣਾ ਸੀ, ਜੋ ਅੱਜ ਹੋ ਰਿਹਾ ਹੈ? ਅੱਜ ਜੇਕਰ ‘ਪੰਥ ਤੇ ਗ੍ਰੰਥ’ ਤੇ ਹੋ ਰਹੇ ਆਰ.ਐਸ.ਐਸ. ਦੇ ਹਮਲੇ ਸਿੱਖਾਂ ਨੂੰ ਝੰਜੋੜ ਵੀ ਰਹੇ ਹਨ, ਤਾਂ ਸਿੱਖ ‘ਪੰਥ ਤੇ ਗ੍ਰੰਥ’ ਨੂੰ ਬਚਾਉਣ ਦੀ ਬਜਾਏ ਆਪਣੀ ਚੌਧਰ ਚਮਕਾਉਣ ਲਈ ਜ਼ਿਆਦਾ ਫਿਕਰਮੰਦ ਜਾਪ ਰਹੇ ਹਨ। ਇਹ ਸਾਰਾ ਕੁਝ ਗੁਰੂ ਗੋਬਿੰਦ ਸਿੰਘ ਜੀ ਦੀ ਪਾਈ ਪਿਰਤ ਤੋਂ ਭਟਕਣ ਕਰਕੇ ਹੀ ਹੈ। ਉਨ੍ਹਾਂ ਪੰਜਾਂ ਪਿਆਰਿਆਂ ਦਾ ਵਿਧਾਨ ਇਸ ਕਰਕੇ ਸਿੱਖਾਂ ਨੂੰ ਦਿਤਾ ਸੀ, ਤਾਂ ਜੋ ਸ਼ਕਤੀ ਸੰਗਤ ਕੋਲ ਹੀ ਰਵ੍ਹੇ, ਕੋਈ ਐਰਾ-ਗੈਰਾ ਸਿੱਖਾਂ ਨੂੰ ਬੇਵਕੂਫ ਨਾ ਬਣਾ ਸਕੇ। ਪਰ ਮਹਾਰਾਜਾ ਰਣਜੀਤ ਸਿੰਘ ਨੇ ਸਿੱਖਾਂ ਦਾ ਐਸਾ ਮੱਕੂ ਠੱਪਿਆ ਕਿ ਸਿੱਖ ਆਪਣੇ ਸਿਧਾਂਤ ਨੂੰ ਹੀ ਭੁੱਲ ਗਏ! ਉਸ ਮਗਰੋਂ ਅੰਗਰੇਜ਼ਾਂ ਨੇ ਸਿੱਖਾਂ ਵਿਚ ‘ਜਥੇਦਾਰ’ ਤੇ ‘ਸੰਤ’ ਖੜ੍ਹੇ ਕਰ ਦਿਤੇ। ਇਹ ਸਿੱਖਾਂ ਵਿਚ ਵੀ.ਆਈ.ਪੀ. ਕਲਚਰ ਦੀ ਸ਼ੁਰੂਆਤ ਸੀ, ਜੋ ਕਿ ਗੁਰੂ ਸਿਧਾਂਤ ਦੀ ਸ਼ਰੇਆਮ ਉਲੰਘਣਾ ਸੀ। ਗੁਰੂ ਸਾਹਿਬਾਨ ਦੇ ਸਿਧਾਂਤ ਮੁਤਾਬਕ ਸਾਰੇ ਫੈਸਲੇ ਲੈਣ ਦਾ ਹੱਕ ਸੰਗਤ (ਪੰਥ) ਕੋਲ ਹੈ, ਜਦਕਿ ਅੰਗਰੇਜ਼ਾਂ ਨੇ ਸਿੱਖਾਂ ਦਾ ਇਹ ਹੱਕ ਖੋਹਕੇ ‘ਜਥੇਦਾਰਾਂ’ ਨੂੰ ਦੇ ਦਿਤਾ।

ਸਿੱਖਾਂ ਨੂੰ ਵਰਤਮਾਨ ਹਾਲਤ ਵਿਚੋਂ ਬਾਹਰ ਨਿਕਲਣ ਲਈ ਜਿਥੇ ‘ਜਥੇਦਾਰ ਸਿਸਟਮ’ ਨੂੰ ਰੱਦ ਕਰਨ ਦੀ ਲੋੜ ਹੈ, ਉਥੇ ਪੰਜਾਂ ਪਿਆਰਿਆਂ ਦੇ ਗੁਰੂ ਸਿਧਾਂਤ ਨੂੰ ਦ੍ਰਿੜ੍ਹਤਾ ਨਾਲ ਲਾਗੂ ਕਰਨ ਦੀ ਵੀ ਲੋੜ ਹੈ। ਪੰਜਾਂ ਪਿਆਰਿਆਂ ਵਾਲਾ ਸਿਸਟਮ ਕਦੇ ਵੀ ਫੇਲ੍ਹ ਨਹੀਂ ਹੋ ਸਕਦਾ, ਜਦੋਂ ਤਕ ਸਿੱਖ ਪੰਥ ਕਾਇਮ-ਦਾਇਮ ਹੈ। ਪੰਜ ਪਿਆਰੇ ਸੰਗਤ (ਪੰਥ) ਦਾ ਹੀ ਰੂਪ ਨੇ, ਜੋ ਸਦਾ ਹੀ ਕਾਇਮ ਰਹਿਣਗੇ। ਪੰਜ ਪਿਆਰੇ ਸੰਗਤ (ਪੰਥ) ਵੱਲੋਂ ਮੌਕੇ 'ਤੇ ਚੁਣੇ ਜਾਂਦੇ ਹਨ, ਇਹ ਕੋਈ ਫਿਕਸ ਨਹੀਂ ਹੁੰਦੇ। ਪੰਜ ਪਿਆਰੇ ‘ਗੁਰਮਤਾ’ ਕਰਕੇ ਸੰਗਤ ਵਿਚ ਬੈਠ ਜਾਂਦੇ ਹਨ, ਪਰ ਉਨ੍ਹਾਂ ਦਾ ਗੁਰੂ ਰੂਪ ਕੀਤਾ ‘ਹੁਕਮ’ ਅਟੱਲ ਹੁੰਦਾ ਹੈ। ਇਹੀ ਵਿਲੱਖਣਤਾ ਹੈ ਇਸ ਸਿਧਾਂਤ ਦੀ! ਚੱਲ ਰਿਹਾ ਫਿਕਸ ਜਥੇਦਾਰਾਂ ਵਾਲਾ ਰੁਝਾਨ ਅੰਗਰੇਜ਼ਾਂ ਦੀ ਦੇਣ ਹੈ।

ਪੰਜ ਤਖਤਾਂ ਵਾਲਾ ਸਿਸਟਮ ਵੀ ਅੰਗਰੇਜ਼ਾਂ ਦਾ ਹੀ ਪੈਦਾ ਕੀਤਾ ਹੋਇਆ ਹੈ। ਕੀ ਕਦੇ ਕਿਸੇ ਦੇਸ਼ ਜਾਂ ਸੂਬੇ ਦੀਆਂ ਪੰਜ ਰਾਜਧਾਨੀਆਂ ਸੁਣੀਆਂ ਹਨ? ਫੇਰ ਕੀ ਤੁਕ ਬਣਦੀ ਹੈ ਪੰਜ ਤਖਤਾਂ (ਰਾਜਧਾਨੀਆਂ) ਦੀ? ਹੈੱਡਕੁਆਟਰ ਹਮੇਸ਼ਾਂ ਇਕ ਹੁੰਦਾ ਹੈ, ਪੰਜ ਨਹੀਂ! ਸਿੱਖਾਂ ਨੂੰ ਇਸ ਘੁੰਮਣਘੇਰੀ ਵਿਚੋਂ ਨਿਕਲਣਾ ਚਾਹੀਦਾ ਹੈ ਤੇ ‘ਸਰਬੱਤ ਖਾਲਸਾ’ ਰਾਹੀਂ ਪੰਥ ਦੀ ਚੜ੍ਹਦੀ ਕਲਾ ਦੇ ਨਵੇਂ ਬਾਨ੍ਹਣੂੰ ਬੰਨ੍ਹਣੇ ਚਾਹੀਦੇ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top