Share on Facebook

Main News Page

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਾਦਰੀ ਦੀਆਂ ਵੱਖ-ਵੱਖ ਚਾਲਾਂ ਦੀ ਪਛਾਣ ਕਰੋ !
-: ਪ੍ਰੋ. ਕਸ਼ਮੀਰਾ ਸਿੰਘ USA

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ, ਸਰੂਪਾਂ ਨੂੰ ਚੋਰੀ ਕਰ ਕੇ ਜਾਂ ਗੁਰਦਵਾਰਿਆਂ ਵਿੱਚ ਚੋਰੀ-ਛਿਪੇ ਦਾਖ਼ਲ ਹੋ ਕੇ ਕੀਤੀ ਨਿਰਾਦਰੀ ਨੇ ਸਿੱਖ ਕੌਮ ਨੂੰ ਬਹੁਤ ਭਾਰਾ ਹਲੂਣਾ ਦਿੱਤਾ ਹੈ ਤੇ ਕੌਮ ਨੂੰ ਇਸ ਨਿਰਾਦਰੀ ਨੂੰ ਰੋਕਣ ਲਈ ਸ਼ਹੀਦੀਆਂ ਤਕ ਦੇਣੀਆਂ ਪੈ ਰਹੀਆਂ ਹਨ। ਇੱਸ ਦੁੱਖ ਦੀ ਘੜੀ ਵਿੱਚ ਕੋਈ ਸਰਕਾਰ, ਪੁਲਿਸ, ਸ਼੍ਰੋ.ਕਮੇਟੀ ਜਾਂ ਇੱਸ ਕਮੇਟੀ ਵਲੋਂ ਥਾਪੇ ਜਥੇਦਾਰ ਸਿੱਖ ਕੌਮ ਨੂੰ ਕੋਈ ਅਗਵਾਈ ਜਾਂ ਇਨਸਾਫ਼ ਦੇਣ ਵਿੱਚ ਹੁਣ ਤਕ ਅਸਫਲ ਰਹੇ ਹਨ।

ਪੰਜਾਬ ਵਿੱਚ ਸ਼ਬਦ ਗੁਰੂ ਦੀ ਨਿਰਾਦਰੀ ਦੀਆਂ ਵਾਪਰੀਆਂ ਹਿਰਦੇ-ਵੇਧਕ ਘਟਨਾਵਾਂ ਤੋਂ ਇਹ ਗੱਲ ਤਾਂ ਸਪੱਸ਼ਟ ਹੈ ਕਿ ਗੁਰਦੁਆਰਿਆਂ ਵਿੱਚ ਪ੍ਰਕਾਸ਼ ਅਸਥਾਨਾਂ ਦੀ ਸੁਰੱਖਿਆ ਵਿੱਚ ਅਣਗਹਿਲੀ ਅਤੇ ਕਮੀ ਦੂਰ ਕਰਨ ਦੀ ਲੋੜ ਹੈ। ਇਹ ਕਮੀ ਪ੍ਰਬੰਧਕਾਂ ਨੂੰ ਆਪਣੇ ਤੌਰ ਤੇ ਦੂਰ ਕਰਨੀ ਪਵੇਗੀ, ਭਾਵੇਂ -

ੳ). ਸੀ ਸੀ ਟੀ ਵੀ ਕੈਮਰੇ ਲਾ ਕੇ ਕਰਨ।
ਅ). ਜਾਂ ਸੁਰੱਖਿਆ ਤਾਲ਼ਿਆਂ ਵਾਲ਼ੇ ਕੇਵਲ ਅੰਦਰੋਂ ਖੁੱਲ੍ਹਣ ਵਾਲ਼ੇ ਦਰਵਾਜ਼ੇ ਲਾ ਕੇ ਕਰਨ।
ੲ). ਜਾਂ ਇਮਾਰਤ ਦੀਆਂ ਖਿੜਕੀਆਂ ਅਤੇ ਦਰਵਾਜ਼ਿਆਂ ਦੇ ਬਾਹਰ ਲੋਹੇ ਦੀਆਂ ਗਰਿੱਲਾਂ ਆਦਿਕ ਲਗਵਾਉਣ।
ਸ). ਜਾਂ ਕਿਸੇ ਕੰਪਨੀ ਰਾਹੀਂ ਸੁਰੱਖਿਆ ਅਲਾਰਮ ਲਗਵਾ ਕੇ ਮਜ਼ਬੂਤੀ ਕਰਨ ਜਾਂ ਹਥਿਆਰ ਬੰਦ ਪਹਿਰਾ ਲਾ ਕੇ ਕਰਨ।
ਹ). ਦੁਕਾਨਾਂ ਉੱਤੇ ਬੀੜਾਂ ਦੀ ਵਿੱਕਰੀ ਬੰਦ ਕਰਾ ਕੇ।
ਕ). ਜਾਂ ਕੋਈ ਹੋਰ ਵਧੀਆ ਢੰਗ ਅਪਨਾ ਕੇ ਕਰਨ। ਇਹ ਕਰਨਾ ਹੀ ਪਵੇਗਾ। ਜਿਹੜੇ ਗੁਰਦੁਆਰੇ ਆਰ.ਐੱਸ.ਐੱਸ ਆਦਿਕ ਬਿੱਪਰਵਾਦੀ ਤੇ ਸਨਾਤਨਵਾਦੀ ਸ਼ਕਤੀਆਂ ਦੇ ਪ੍ਰਭਾਵ ਥੱਲੇ ਹੋਣ, ਉਨ੍ਹਾਂ ਦੀ ਪਛਾਣ ਕੀਤੀ ਜਾਵੇ । ਇੱਸ ਸੰਸਥਾ ਉੱਤੇ ਅੰਗ੍ਰੇਜ਼ਾਂ ਨੇ ਪਾਬੰਦੀ ਲਗਾਈ ਸੀ। ਆਰ.ਐੱਸ.ਐੱਸ ਦੇ ਇੱਕ ਸਾਬਕਾ ਮੈਂਬਰ ਨੱਥੂ ਰਾਮ ਗੌਡਸੇ ਵਲੋਂ ਮਹਾਤਮਾਂ ਗਾਂਧੀ ਨੂੰ ਜਾਨੋਂ ਮਾਰਨ ਤੇ ਸੰਨ 1948 ਵਿੱਚ ਇੱਸ ਸੰਸਥਾ ਉੱਤੇ ਫਰਵਰੀ ਸੰਨ 1948 ਨੂੰ ਪਾਬੰਦੀ ਲੱਗੀ ਸੀ। ਸੰਨ 1975-76 ਵਿੱਚ ਅਤੇ ਫਿਰ ਸੰਨ 1992 ਵਿੱਚ ਬਾਬਰੀ ਮਸਜਿਦ ਡੇਗਣ ਸਮੇਂ ਵੀ ਇੱਸ ਸੰਸਥਾ ਉੱਤੇ ਪਾਬੰਦੀ ਲੱਗੀ ਸੀ। ਸਮੇਂ ਸਮੇਂ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਸਨ।

ਆਰ.ਐੱਸ.ਐੱਸ ਦੀ ਇੱਕ ਸੰਸਥਾ ਰਾਸ਼ਟ੍ਰੀ ਸਿੱਖ ਸੰਗਤ ਵੀ ਸਿੱਖੀ ਨੂੰ ਢਾਹ ਲਾਉਣ ਲਈ ਹੀ ਕੰਮ ਕਰ ਰਹੀ ਹੈ ਜਿੱਸ ਦੇ ਮੈਂਬਰ ਦੇਖਣ ਵਿੱਚ ਸਿੱਖੀ ਸਰੂਪ ਵਾਲ਼ੇ ਹੀ ਹਨ। ਅੱਜ ਦੇ ਅਤੀ ਨਾਜ਼ਕ ਹਾਲਾਤਾਂ ਵਿੱਚ ਗੁਰਦੁਆਰਿਆਂ ਵਿੱਚ ਪ੍ਰਕਾਸ਼ ਅਸਥਾਨਾਂ ਦੀ ਦੇਖ ਭਾਲ਼ ਵਿੱਚ ਬਹੁਤ ਸਾਵਧਾਨੀ ਵਰਤਣ ਦੀ ਲੋੜ ਹੈ।

ਸ਼ਬਦ ਗੁਰੂ ਦੀ ਨਿਰਾਦਰੀ ਦੇ ਵੱਖ-ਵੱਖ ਰੂਪ:

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਨਿਰਾਦਰੀ ਦੇ ਹੋਰ ਕਈ ਰੂਪ ਹਨ ਜਿਨ੍ਹਾਂ ਵਿਰੁੱਧ ਵੀ ਇਸੇ ਤਰ੍ਹਾਂ ਹੀ ਲਾਮਬੰਦ ਹੋਣ ਦੀ ਲੋੜ ਹੈ ਜਿਵੇਂ ਕੌਮ ਹੁਣ ਹੋਈ ਹੈ।

ਬਹੁਤ ਲੰਬੇ ਸਮੇਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੁੱਝ ਅਜਿਹਾ ਬਿੱਪਰਵਾਦੀ ਕਰਮ ਹੋ ਰਿਹਾ ਹੈ ਜਿੱਸ ਨੂੰ ਬਹੁਤ ਚਿਰ ਪਹਿਲਾਂ ਪਛਾਣ ਕੇ ਉਸ ਤੋਂ ਬਚਣ ਦੀ ਲੋੜ ਸੀ। ਜੇ ਅਜਿਹਾ ਹੋ ਜਾਂਦਾ ਤਾਂ ਪਤਾ ਲੱਗ ਜਾਣਾ ਸੀ ਕਿ ਸਿੱਖ ਸੁਚੇਤ ਹਨ। ਸਿੱਖੀ ਵਿਚਾਰਧਾਰਾ ਦੀਆਂ ਵਿਰੋਧੀ ਜਥੇਬੰਦੀਆਂ ਆਪਣਾ ਪੂਰਾ ਤਾਣ ਲਾ ਕੇ ਬਹੁਤ ਲੰਬੇ ਸਮੇਂ ਤੋਂ ਸਿੱਖੀ ਸਿਧਾਂਤਾਂ ਨੂੰ ਸਨਾਤਨਵਾਦ ਵਿੱਚ ਰਲ਼-ਗੱਡ ਕਰਨ ਲਈ ਯਤਨ ਕਰਦੀਆਂ ਆ ਰਹੀਆਂ ਹਨ। ਸਿੱਖਾਂ ਨੇ ਇੱਸ ਪਾਸੇ ਵਲ ਬਹੁਤ ਘੱਟ ਧਿਆਨ ਦਿੱਤਾ ਹੈ। ਕੌਮੀ ਸਿੱਖ ਆਗੂਆਂ ਨੇ ਵੀ ਸਨਾਤਨਵਾਦ ਦੇ ਪ੍ਰਭਾਵ ਨੂੰ ਜਿਵੇਂ ਕਬੂਲ ਹੀ ਕਰ ਲਿਆ ਹੋਵੇ। ਰੀਸੋ ਰੀਸੀ ਬਿਨਾਂ ਸੋਚੇ ਵਿਚਾਰੇ ਕੌਮੀ ਸਿੱਖ ਆਗੂਆਂ ਦੇ ਬਿੱਪਰਵਾਦੀ ਪ੍ਰਭਾਵ ਹੇਠ ਬਣਾਏ ਬਿੱਪਰਵਾਦੀ ਅੰਸ਼ਾਂ ਵਾਲ਼ੇ ਸਿੱਖ ਰਹਿਤ ਮਰਯਾਦਾ ਦੇ ਖਰੜੇ ਉੱਤੇ ਭਰੋਸਾ ਕਰ ਕੇ ਸਿੱਖ ਵੀ ਓਹੋ ਕੁੱਝ ਕਰਦੇ ਆ ਰਹੇ ਹਨ ਜੋ ਕੁੱਝ ਰਹਿਤ ਮਰਯਾਦਾ ਦੇ ਖਰੜੇ ਵਿੱਚ ਲਿਖ ਦਿੱਤਾ ਗਿਆ। ਕਦੇ ਕਿਸੇ ਨੇ ਇੱਸ ਤੋਂ ਵੱਖਰੇ ਹੋ ਕੇ ਨਹੀਂ ਵਿਚਾਰਿਆ ਕਿ ਰਹਿਤ ਮਰਯਾਦਾ ਦੇ ਖਰੜੇ ਨੂੰ ਵੀ ਸਨਾਤਨਵਾਦ ਦਾ ਗ੍ਰਹਿਣ ਲੱਗਾ ਹੋਇਆ ਹੈ ਜੋ ਗੁਰਮੱਤ ਅਨੁਸਾਰ ਨਾ ਹੋ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਾਦਰੀ ਕਰ ਰਿਹਾ ਹੈ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੋ ਵੀ ਕਿਰਆ ਕਰਮ ਅਤੇ ਰਹੁ ਰੀਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਵਿਰੁੱਧ ਹੋ ਰਹੀਆਂ ਹਨ, ਉਹ ਪ੍ਰਤੱਖ ਤੌਰ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਾਦਰੀ ਹੀ ਹੈ। ਇਹ ਨਿਰਾਦਰੀ ਓਸੇ ਤਰ੍ਹਾਂ ਦੀ ਹੀ ਹੈ ਜਿੱਸ ਦੇ ਵਿਰੁੱਧ ਅੱਜ ਸਾਰੀ ਸਿੱਖ ਕੌਮ ਧਰਨੇ ਅਤੇ ਪ੍ਰਦਰਸ਼ਨ ਕਰਕੇ ਰੋਸ਼ ਪ੍ਰਗਟ ਕਰ ਰਹੀ ਹੈ।

ਸਮਾਜ ਵਿੱਚ ਜੇ ਕੋਈ ਪੁੱਤਰ ਆਪਣੇ ਪਿਉ ਦੇ ਸਾਮ੍ਹਣੇ ਪਿਉ ਨੂੰ ਨਾ ਭਾਉਂਦੇ ਕੰਮ ਕਰੀ ਜਾਵੇ ਤਾਂ ਸਪੱਸ਼ਟ ਤੌਰ ਤੇ ਪਿਉ ਦੀ ਨਿਰਾਦਰੀ ਹੈ ਜਿਸ ਨਾਲ਼ ਪਿਉ ਆਪਣੇ ਪੁੱਤਰ ਪ੍ਰਤੀ ਕੋਈ ਪ੍ਰਸੰਨਤਾ ਪ੍ਰਗਟ ਨਹੀਂ ਕਰੇਗਾ; ਪਿਉ ਪੁੱਤਰ ਵਿੱਚ ਫਿੱਕ ਪੈ ਜਾਵੇਗਾ।

ਸਿੱਖ ਰਹਿਤ ਮਰਯਾਦਾ ਦੇ ਸੰਨ 1931 ਤੋਂ ਸੰਨ 1945 ਤਕ 14 ਸਾਲ ਰਿੜਕ ਹੁੰਦੇ ਰਹੇ ਖਰੜੇ ਨਾਲ਼ ਇਸ ਵਿੱਚ ਸ਼ਾਮਲ ਕੀਤੇ ਕੁੱਝ ਬਿੱਪਰਵਾਦੀ ਅੰਸ਼ਾਂ ਨਾਲ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਉੱਤੇ ਭਰਵਾਂ ਸਿੱਖੀ-ਮਾਰੂ ਵਾਰ ਕੀਤਾ ਜਾ ਚੁੱਕਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਾਦਰੀ ਦਾ ਏਥੋਂ ਹੀ ਮੁੱਢ ਬੱਝਾ ਹੈ। ਏਥੋਂ ਹੀ ਇਹ ਮੁੱਢ ਬੱਝਾ ਹੈ ਕਿ ਸਿੱਖਾਂ ਦਾ ਸ਼ਬਦ ਗੁਰੂ ਅਧੂਰਾ ਹੈ। ਇੱਸ ਅਧੂਰੇਪਨ ਦੇ ਪ੍ਰਚਾਰ ਵਿੱਚੋਂ ਹੀ ਬਚਿੱਤਰ ਨਾਟਕ (ਦਸ਼ਮ ਗ੍ਰੰਥ) ਨੇ ਜਨਮ ਲਿਆ ਹੈ ਜਿਸ ਨਾਲ਼ ਸਿੱਖਾਂ ਲਈ ਅਤਿ ਧਾਰਮਿਕ ਅਤੇ ਜਥੇਬੰਦਕ ਮੁਸ਼ਕਲਾਂ ਪੈਦਾ ਹੋ ਚੁੱਕੀਆਂ ਹਨ, ਏਥੋਂ ਤਕ ਕਿ ਗੁਰਮੱਤ ਅਤੇ ਬਿੱਪਰਵਾਦ ਜਾਂ ਸਨਾਤਨਵਾਦ ਵਿੱਚ ਬਹੁਤੀਆਂ ਰਹੁ ਰੀਤਾਂ ਸੰਬੰਧੀ ਕੋਈ ਭੇਦ ਨਹੀਂ ਰਹਿ ਗਿਆ। ਕਿਵੇਂ? ਸੁਹਿਰਦਤਾ ਨਾਲ਼ ਇਹ ਵਿਚਾਰਨ ਦੀ ਲੋੜ ਹੈ।

1. ਦੇਵੀ ਦੇਵਤਿਆਂ ਦੀ ਪੂਜਾ:

ਸਿੱਖ ਕਿਸੇ ਦੇਵੀ ਦੇਵਤੇ ਦਾ ਪੁਜਾਰੀ ਨਹੀਂ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਿਸੇ ਦੇਵੀ ਜਾਂ ਦੇਵਤੇ ਨੂੰ ਧਿਆਇਆ ਨਹੀਂ ਜਾ ਸਕਦਾ। ਗੁਰਬਾਣੀ ਅਗਿਆਨਤਾ ਦੀਆਂ ਅੱਖਾਂ ਖੋਲ੍ਹਦੀ ਹੈ-

ਗੋਂਡ ॥ ਭੈਰਉ ਭੂਤ ਸੀਤਲਾ ਧਾਵੈ ॥ ਖਰ ਬਾਹਨ ਉਹ ਛਾਰ ਉਡਾਵੈ॥੧॥ ਹਉ ਤਉ ਏਕੁ ਰਮਈਆ ਲੈਹਉ ॥ ਆਨ ਦੇਵ ਬਦਲਾਵਨਿ ਦੈਹਉ ॥੧॥ ਰਹਾਉ ॥ ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥ ਬਰਦ ਚਢੇ ਡਉਰੂ ਢਮਕਾਵੈ ॥੨॥ ਮਹਾ ਮਾਈ ਕੀ ਪੂਜਾ ਕਰੈ ॥ ਨਰ ਸੈ ਨਾਰਿ ਹੋਇ ਅਉਤਰੈ ॥੩॥ ਤੂ ਕਹੀਅਤ ਹੀ ਆਦਿ ਭਵਾਨੀ ॥ ਮੁਕਤਿ ਕੀ ਬਰੀਆ ਕਹਾ ਛਪਾਨੀ ॥੪॥ ਗੁਰਮਤਿ ਰਾਮ ਨਾਮ ਗਹੁ ਮੀਤਾ ॥ ਪ੍ਰਣਵੈ ਨਾਮਾ ਇਉ ਕਹੈ ਗੀਤਾ ॥੫॥੨॥੬॥ - ਗਗਸ ਪੰਨਾਂ 874

ਦੇਵੀਆ ਨਹੀ ਜਾਨੈ ਮਰਮਸਭ ਊਪਰਿ ਅਲਖ ਪਾਰਬ੍ਰਹਮ॥ - ਗਗਸ ਪੰਨਾਂ 894

ਇੱਸ ਸਿਧਾਂਤ ਦੇ ਉਲ਼ਟ ਖਰੜੇ ਵਿੱਚ ਲਿਖੀ ਅਰਦਾਸਿ ਵਿੱਚ ਮਾਤਾ ਪਾਰਬਤੀ ਦੇ ਪਾਠ ਵਾਲ਼ੀ ਇੱਕ ਪਉੜੀ ‘ਵਾਰ ਦੁਰਗਾ ਕੀ’ ਵਿੱਚੋਂ ਪਾਈ ਗਈ। ਪਾਰਬਤੀ ਮਾਈ ਦੇ ਹੋਰ ਕਈ ਨਾਂ ਹਨ ਜਿਵੇਂ- ਭਗਉਤੀ, ਦੁਰਗਾ, ਭਵਾਨੀ, ਕਾਲਕਾ, ਗਰਿਜਾ, ਸ਼ਿਵਾ ਆਦਿਕ। ਪੰਥ-ਦੋਖੀ ਸਨਾਤਨਵਾਦੀ ਸ਼ਕਤੀਆਂ ਨੇ ‘ਵਾਰ ਦੁਰਗਾ ਕੀ’ ਸਿਰਲੇਖ ਬਦਲ ਕੇ ਪਹਿਲਾਂ ‘ਚੰਡੀ ਦੀ ਵਾਰ’ ਤੇ ਫਿਰ ‘ਵਾਰ ਸ਼੍ਰੀ ਭਗਉਤੀ ਜੀ ਕੀ ਪਾ 10’ ਲਿਖ ਦਿੱਤਾ ਤਾਂ ਜੋ ਸਿੱਖਾਂ ਨੂੰ ਆਸਾਨੀ ਨਾਲ਼ ਬੁੱਧੂ ਬਣਾ ਕੇ ਆਪਣਾ ਉੱਲੂ ਸਿੱਧਾ ਕਰ ਲਿਆ ਜਾਵੇ {ਇਸ ਸੰਬੰਧੀ ਡਾਕਟਰ ਰਤਨ ਸਿੰਘ ਜੱਗੀ ਦੀ ਪੁਸਤਕ ‘ਦਸਮ ਗ੍ਰੰਥ ਦਾ ਕਰਤ੍ਰਿਤਵ’ ਜ਼ਰੂਰ ਪੜ੍ਹੀ ਜਾਵੇ- www.khalsaonline.net}। ਪੰਥ ਦੋਖੀਆਂ ਨੇ ਸਿੱਖ ਵਿਦਵਾਨਾਂ ਨੂੰ ਬੁੱਕਲ਼ ਵਿੱਚ ਲੈ ਕੇ ਉਨ੍ਹਾਂ ਤੋਂ ‘ਭਗਉਤੀ’ ਦੇ ਅਰਥ ‘ਅਕਾਲਪੁਰਖ’ ਪ੍ਰਚੱਲਤ ਕਰਵਾ ਦਿੱਤੇ ਜਦੋਂ ਕਿ ‘ਦੁਰਗਾ ਕੀ ਵਾਰ’ ਦੀ 55ਵੀਂ ਪਉੜੀ ਮੂੰਹ ਪਾੜ ਪਾੜ ਕੇ ਖ਼ੁਦ ਹੀ ‘ਭਗਉਤੀ’ ਦੇ ਅਰਥ ਦੱਸਦੀ ਕਹਿ ਰਹੀ ਹੈ ਕਿ ‘ਵਾਰ ਦੁਰਗਾ ਕੀ’ ਦੀਆਂ ਸਾਰੀਆਂ ਪਉੜੀਆਂ ਵਿੱਚ ਹੀ ਦੁਰਗਾ ਦੇਵੀ ਦੀ ਸਿਫ਼ਤ ਦਾ ਪਾਠ ਹੈ, ਜਿਵੇਂ, ‘ਦੁਰਗਾ ਪਾਠ ਬਣਾਇਆ ਸਭੇ ਪਉੇੜੀਆਂ। ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ’।55।

ਅਫ਼ਸੋਸ ਇੱਸ ਗੱਲ ਦਾ ਹੈ ਕਿ ਸੰਗਤ ਟੀ ਵੀ ਵਰਗੇ ਸਿੱਖ ਚੈਨਲਾਂ ਉੱਤੇ ਵੀ ਪੜ੍ਹੇ ਲਿਖੇ ਸਿੱਖ ਵਿਦਵਾਨ ਡਾਕਟਰ ਇਸ ਭਗੌਤੀ ਵਾਲ਼ੀ ‘ਦੁਰਗਾ ਕੀ ਵਾਰ’ ਦੀ ਪਹਿਲੀ ਪਉੜੀ ਨੂੰ ਅਜੇ ਵੀ ਦਸਵੇਂ ਪਾਤਿਸ਼ਾਹ ਜੀ ਨਾਲ਼ ਜੋੜ ਕੇ ਇੱਸ ਨੂੰ ਬਾਣੀ ਦੱਸ ਰਹੇ ਹਨ ਤੇ ‘ਭਗਉਤੀ’ ਦੇ ਅਰਥ ਤੋਂ ਖ਼ੁਦ ਅਣਜਾਣ ਹਨ। ਉਹ ਇਹ ਵੀ ਕਹ ਰਹੇ ਹਨਕਿ ਇਹ ਅਰਦਾਸਿ ਗੁਰੂ ਕਾਲ਼ ਤੋਂ ਹੀ ਚੱਲੀ ਆਉਂਦੀ ਹੈ ਜਦੋਂ ਕਿ ਇਹ ਨਿਰਾ ਝੂਠ ਹੈ । ਇਹ ਅਰਦਾਸਿ ਸ਼੍ਰੋ. ਕਮੇਟੀ ਨੇ ਸੰਨ 1931 ਵਿੱਚ ਰਹਿਤ ਮਰਯਾਦਾ ਦੇ ਖਰੜੇ ਵਿੱਚ ਪਾਈ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 22 ਵਾਰਾਂ ਦੀਆਂ 400 ਤੋਂ ਉੱਪਰ ਪਉੜੀਆਂ ਛੱਡ ਕੇ ‘ਵਾਰ ਦੁਰਗਾ ਕੀ’ ਦੀ ਪਉੜੀ ਦੀ ‘ਅਰਦਾਸਿ’ ਲਈ ਚੋਣ ਕਰਨ ਵਾਲ਼ਿਆਂ ਨੇ ਸ਼ਬਦ ਗੁਰੂ ਦੀ ਨਿਰਾਦਰੀ ਦਾ ਮੁੱਢ ਬੰਨ੍ਹਿਆਂ। ਮਤਾਂ ਸਮਝੋ ਕਿ ਸਿੱਖ ਕੌਮ ਦੇ ਵੱਡੇ ਧਰਮ ਅਸਥਾਨਾਂ ਤੋਂ ਇਹ ‘ਅਰਦਾਸਿ’ ਠੀਕ ਹੀ ਹੋ ਰਹੀ ਹੈ। ਅੱਜ ਇਹ ਦੱਸਣ ਦੀ ਲੋੜ ਨਹੀਂ ਕਿ ਸ਼੍ਰੋ. ਕਮੇਟੀ ਕਿੱਥੇ ਖੜੀ ਹੈ। ਇੱਸ ਦਾ ਹੱਲ ਸਿੱਖ ਕੌਮ ਨੂੰ ਖ਼ੁਦ ਲੱਭਣਾ ਪਵੇਗਾ ਜਿਵੇਂ ਹੁਣ ਲੱਭ ਰਹੀ ਹੈ। ਇਹ ਸ਼੍ਰੋ. ਕਮੇਟੀ ਤਾਂ ਸੰਨ 1999 ਵਿੱਚ ‘ਸਿੱਖੋਂ ਕਾ ਇਤਿਹਾਸ’ ਨਾਮ ਦੀ ਸਿੱਖ ਗੁਰੂ ਪਾਤਿਸ਼ਾਹਾਂ ਦਾ ਘੋਰ ਨਿਰਾਦਰ ਕਰਦੀ ਕਿਤਾਬ, ਆਰ.ਐੱਸ.ਐੱਸ ਦੇ ਇਸ਼ਾਰੇ ਉੱਤੇ ਲਿਖ ਕੇ, ਪਹਿਲਾਂ ਹੀ ਕਟਹਿਰੇ ਵਿੱਚ ਖੜੀ ਕੀਤੀ ਜਾ ਚੁਕੀ ਹੈ ਤੇ ਫਿਰ ਵੀ ਆਪਣੇ ਆਪ ਨੂੰ ਪਾਕ ਤੇ ਸਾਫ਼ ਦੱਸਦੀ ਹੈ। ਇਹ ਗੱਲ ਮਨਾਂ ਵਿੱਚੋਂ ਬਾਹਰ ਕੱਢ ਦਿਓ ਕਿ ਪਹਿਲਾਂ ਦਰਬਾਰ ਸਾਹਿਬ ਤੋਂ ਅਰਦਾਸਿ ਬਦਲੇ ਤੇ ਫਿਰ ਹੋਰ ਬਦਲਨਗੇ। ਯਾਦ ਰੱਖੋ- ਨਾ ਨੌ ਮਣ ਤੇਲ ਹੋਵੇ ਤੇ ਨਾ ਰਾਧਾ ਨੱਚੇ ਵਾਲ਼ੀ ਗੱਲ ਹੈ।

2. ਕੱਚੀਆਂ ਕਾਵਿ-ਰਚਨਾਵਾਂ ਦਾ ਨਿੱਤ-ਨੇਮ:

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੁੱਝ ਕੱਚੀਆਂ ਕਾਵਿ ਰਚਨਾਵਾਂ ਦਾ ਗੁਰਬਾਣੀ ਦੇ ਬਰਾਬਰ ਸਮਝ ਕੇ ਨਿੱਤ-ਨੇਮ ਕੀਤੇ ਜਾਣਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਾਦਰੀ ਹੈ। ਇਹ ਰਚਨਾਵਾਂ ਵੀ ਸਨਾਤਨਵਾਦੀ ਪੰਥ-ਦੋਖੀਆਂ ਦੀ ਸ਼ਹਿ ਤੇ ਹੀ ਨਿੱਤ-ਨੇਮ ਵਿੱਚ ਵਾਧੂ ਜੋੜੀਆਂ ਗਈਆਂ ਹਨ। ਕੀ ਗੁਰੂ ਦੇ ਸਿੱਖ, ਗੁਰੂ ਸ਼ਬਦ ਦੀ ਹੋ ਰਹੀ ਇੱਸ ਨਿਰਾਦਰੀ ਨੂੰ ਰੋਕਣ ਲਈ ਵੀ ਤਤਪਰ ਹੋਣਗੇ? ਗੁਰੂ ਦਾ ਸਿਧਾਂਤ ਹੈ- ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥

ਸੱਚੀ ਬਾਣੀ ਉਹ ਹੈ ਜਿੱਸ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਨੇ ਆਪਣੀ ਹਜ਼ੂਰੀ ਵਿੱਚ ਦਮਦਮੀ ਬੀੜ ਵਿੱਚ ਭਾਈ ਮਨੀ ਸਿੰਘ ਪਾਸੋਂ ਲਿਖਵਾਈ ਸੀ। ਪੰਜਵੇਂ ਗੁਰੂ ਜੀ ਨੇ ਆਦਿ ਬੀੜ ਤਿਆਰ ਕਰਨ ਸਮੇਂ ਕੋਈ ਰਚਨਾਂ ਬੀੜ ਤੋਂ ਬਾਹਰ ਨਹੀਂ ਰਹਿਣ ਦਿੱਤੀ ਸੀ ਜੋ ਧੁਰ ਕੀ ਬਾਣੀ ਦਾ ਦਰਜਾ ਰੱਖਦੀ ਹੋਵੇ। ਦਸਵੇਂ ਗੁਰੂ ਜੀ ਨੇ ਵੀ ਕੋਈ ਐਸੀ ਰਚਨਾ ਬੀੜ ਤੋਂ ਬਾਹਰ ਨਹੀਂ ਛੱਡੀ ਜੋ ਧੁਰ ਕੀ ਬਾਣੀ ਦਾ ਦਰਜਾ ਰੱਖਦੀ ਹੋਵੇ। ਕੀ ਗੁਰੂ ਦੇ ਸਿੱਖ, ਗੁਰੂ ਪਾਤਿਸ਼ਾਹ ਨਾਲੋਂ ਸਿਆਣੇ ਹਨ ਕਿ ਉਹ ਧੁਰ ਕੀ ਬਾਣੀ ਨੂੰ ਤਿਆਗ ਕੇ ‘ਬੀੜ’ ਤੋਂ ਬਾਹਰ ਦੀਆਂ ਰਚਨਾਵਾਂ ਨੂੰ ਧੁਰ ਕੀ ਬਾਣੀ ਮੰਨਣ ਲੱਗ ਪਏ? ਕੀ ਅਜਿਹਾ ਕਰ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਸਿੱਖ ਵਿਰੋਧੀਆਂ ਵਲੋਂ ਅਤੇ ਕੱਚੀਆਂ ਰਚਨਾਵਾਂ ਪੜ੍ਹਨ ਵਾਲ਼ਿਆਂ ਵਲੋਂ, ਅਧੂਰਾ ਨਹੀਂ ਸਾਬਤ ਕੀਤਾ ਜਾ ਰਿਹਾ? ਕੀ ਧੁਰ ਕੀ ਬਾਣੀ ਦੇ ਅਧੂਰੇਪਨ ਦੀ ਇਹ ਸਾਜਿਸ਼ ਰਚ ਕੇ ਇੱਕ ਹੋਰ ਗ੍ਰੰਥ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਨਹੀਂ ਬਣਾਇਆ ਜਾ ਰਿਹਾ? ਇਹ ਨਿਰਾ ਗੁਰ ਉਪਦੇਸ਼ ਤੋਂ ਉਲ਼ਟ ਕਰਮ ਹੈ ਤੇ ਸ਼ਬਦ ਗੁਰੂ ਦੀ ਨਿਰਾਦਰੀ ਹੈ।

ਦਸਵੇਂ ਪਾਤਿਸ਼ਾਹ ਨੇ ਤਾਂ ਸਿੱਖਾਂ ਨੂੰ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਵਜੋਂ ਬਖ਼ਸ਼ਿਆ ਸੀ, ਪਰ ਸਿੱਖ ਇਸ ਹੁਕਮ ਦੀ ਉਲੰਘਣਾਂ ਕਰਕੇ ਸ਼ਬਦ ਗੁਰੂ ਦੇ ਦਾਇਰੇ ਵਿੱਚੋਂ ਬਾਹਰ ਨਿਕਲ਼ ਗਏ, ਮਾਨੋ, ਲਛਮਣ ਰੇਖਾ ਟੱਪ ਗਏ। ਇਹ ਗ਼ਲਤ ਅਗਵਾਈ ਸਿੱਖਾਂ ਨੂੰ ਕਿੱਸ ਨੇ ਦਿੱਤੀ? ਸ਼੍ਰੋ. ਕਮੇਟੀ ਦੀ ਬਣਾਈ ‘ਸਿੱਖ ਰਹਿਤ ਮਰਯਾਦਾ’ ਨੇ ਜਿੱਸ ਨੂੰ ਸੰਗਤ ਟੀ ਵੀ ਚੈਨਲ ਉੱਤੇ ਸਵਾਲ-ਜਵਾਬ ਪ੍ਰੋਗ੍ਰਾਮ ਵਿੱਚ ਪੰਥ ਦੀ ਲਿਖੀ ‘ਬਾਣੀ’ ਕਿਹਾ ਜਾ ਰਿਹਾ ਹੈ। ਬਾਣੀ ਲਿਖਣ ਦਾ ਹੱਕ ਕੇਵਲ ‘ਨਾਨਕ’ ਜੋਤਿ ਨੂੰ ਹੀ ਸੀ। ਪੰਥ ਜਾਂ ਪੰਜ ਪਿਆਰੇ ‘ਬਾਣੀ’ ਦੀ ਰਚਨਾ ਨਹੀਂ ਕਰ ਸਕਦੇਗੁਰੂ ਸੱਭ ਤੋਂ ਉੱਚਾ ਹੈ। ਅਰਦਾਸਿ ਬਾਣੀ ਨਹੀਂ ਹੈ ਜੋ ਬਦਲੀ ਨਾ ਜਾ ਸਕਦੀ ਹੋਵੇ। ਸੰਗਤ ਟੀ ਵੀ ਵਰਗੇ ਸਿੱਖ ਟੀ ਵੀ ਚੈਨਲਾਂ ਵਲੋਂ ਵੀ ਠੀਕ ਅਗਵਾਈ ਨਹੀਂ ਮਿਲ਼ ਰਹੀ।

ਅਸਲੀ ਨਿੱਤ-ਨੇਮ ਕਿੱਥੇ ਹੈ ?

ਅਸਲੀ ਨਿੱਤ-ਨੇਮ ਤਾਂ ਸਿੱਖਾਂ ਨੂੰ ਪਹਿਲਾਂ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਸਵੇਂ ਪਾਤਿਸ਼ਾਹ ਆਪਣੇ ਹੱਥੀਂ ਪਰਵਾਨ ਕਰਕੇ ਦੇ ਗਏ ਸਨ। ਇੱਸ ਵਿੱਚ ‘ਜਪੁ’ ਜੀ, ‘ਸੋ ਦਰੁ’ (ਪੰਜ ਸ਼ਬਦ), ‘ਸੋ ਪੁਰਖ’ (ਚਾਰ ਸ਼ਬਦ) ਅਤੇ ‘ਸੋਹਿਲਾ’ (ਪੰਜ ਸ਼ਬਦ) ਸ਼ਮਲ ਹਨ। ਇਹ ਨਿੱਤ-ਨੇਮ ਪੰਜਵੇਂ ਗੁਰੂ ਜੀ ਦਾ ਬਣਾਇਆ ਹੋਇਆ ਸੀ ਜੋ ਛਾਪੇ ਦੀ ਬੀੜ ਦੇ ਪਹਿਲੇ 13 ਪੰਨਿਆਂ ਉੱਤੇ ਦਰਜ ਹੈ। ਦਸਵੇਂ ਪਾਤਿਸ਼ਾਹ ਚਾਹੁੰਦੇ ਤਾਂ ਇਸ ਨਿੱਤ-ਨੇਮ ਦੀ ਰੂਪ-ਰੇਖਾ ਬਦਲ ਸਕਦੇ ਸਨ। ਗੁਰੂ ਤਾਂ ਸਰਬ-ਕਲਾ ਸਮਰੱਥ ਹੈ। ਸ਼੍ਰੋ. ਕਮੇਟੀ ਗੁਰੂ ਨਾਲੋਂ ਸਿਆਣੀ ਨਿਕਲੀ ਜਿਸ ਨੇ ਨਿੱਤ-ਨੇਮ ਦੀ ਰੂਪ-ਰੇਖਾ ਆਪੂੰ ਬਦਲ ਦਿੱਤੀ। ਇਨ੍ਹਾਂ ਸਿਆਣਪਾਂ ਅਤੇ ਚਤੁਰਾਈਆਂ ਨੇ ਸਿੱਖ ਕੌਮ ਨੂੰ ਬਿੱਪਰਵਾਦ ਦੀ ਝੋਲ਼ੀ ਵੱਚ ਪਾ ਦਿੱਤਾ ਹੈ। ਰਾਗ ਵਾਰ ਬਾਣੀ 14 ਪੰਨੇਂ ਤੋਂ ਸ਼ੁਰੂ ਹੁੰਦੀ ਹੈ, ਪਹਿਲੇ 13 ਪੰਨੇਂ ਪੰਜਵੇਂ ਪਾਤਿਸ਼ਾਹ ਜੀ ਵਲੋਂ ‘ਆਦਿ ਬੀੜ’ ਦੀ ਸੰਪਾਦਨਾਂ ਸਮੇਂ ਰਾਗ ਵਾਰ ਨਹੀਂ ਲਿਖੇ ਗਏ ਤੇ ਇਹ ਹੀ ਦਸਵੇਂ ਪਾਤਿਸ਼ਾਹ ਤਕ ਸਿੱਖਾਂ ਲਈ ਨਿੱਤ-ਨੇਮ ਸੀ ਤੇ ਹੁਣ ਵੀ ਹੈ।

ਨਿੱਤ-ਨੇਮ ਵਿੱਚ ਵਾਧੂ ਰਚਨਾਵਾਂ ਦਾ ਵੇਰਵਾ ਜੋ ਧੁਰ ਕੀ ਬਾਣੀ ਨਹੀਂ, ਭਾਵ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹਨ, ਭਾਵ, ਜਿਨ੍ਹਾਂ ਨੂੰ ਦਸਵੇਂ ਪਾਤਿਸ਼ਾਹ ਵਲੋਂ ਗੁਰਬਾਣੀ ਦਾ ਦਰਜਾ ਨਹੀਂ ਦਿੱਤਾ ਗਿਆ ਤੇ ਦਮਦਮੀ ਬੀੜ ਵਿੱਚ ਦਰਜ ਨਹੀਂ ਕੀਤਾ ਗਿਆ- ਜਾਪੁ, 10 ਸਵੱਯੇ, ਹਮਰੀ ਕਰੋ ਹਾਥ ਦੈ ਰਛਾ, ਪਾਇ ਗਹੇ ਜਬ ਤੇ, ਸਗਲ ਦੁਆਰ ਕਉ ਛਾਡਿ ਕੈ।

ਨੋਟ: ਵਾਧੂ ਜੋੜੀਆਂ ਰਚਨਾਵਾਂ ਕਿੰਨੀਆਂ ਵੀ ਮਹਾਨ ਕਿਉਂ ਨਾ ਹੋਣ , ਨਿੱਤ-ਨੇਮ ਦਾ ਭਾਗ ਨਹੀਂ ਬਣ ਸਕਦੀਆਂ ਕਿਉਂਕਿ ਨਿੱਤ-ਨੇਮ ਦੀ ਗੁਰੂ ਪਾਤਿਸ਼ਾਹਾਂ ਵਲੋਂ ਬਣਾਈ ਰੂਪ ਰੇਖਾ ਕਿਸੇ ਤਰ੍ਹਾਂ ਵੀ ਬਦਲਣ ਦਾ ਕਿਸੇ ਨੂੰ ਕੋਈ ਹੱਕ ਨਹੀਂ ਹੈ। ਗੁਰੂ ਸੱਭ ਤੋਂ ਮਹਾਨ ਹੈ। ਕੋਈ ਕਮੇਟੀ, ਜਥੇਦਾਰ ਜਾਂ ਪੰਜ ਪਿਆਰੇ ਜਾਂ ਪੰਥ ਗੁਰੂ ਤੋਂ ਵੱਡੇ ਨਹੀਂ। ਇਹ ਸੱਭ ਗੁਰੂ ਦੇ ਸਿਧਾਂਤਾਂ ਨੂੰ ਹੀ ਅੱਗੇ ਤੋਰਨ ਲਈ ਹੁੰਦੇ ਹਨ, ਆਪਣੇ ਬਣਾਏ ਸਿਧਾਂਤਾਂ ਨੂੰ ਸਿੱਖਾਂ ਉੱਤੇ ਠੋਸਣ ਲਈ ਨਹੀਂ।

3. ਕੱਚੀਆਂ ਰਚਨਾਵਾਂ ਦਾ ਕੀਰਤਨ:

ਇਹ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਾਦਰੀ ਦਾ ਇੱਕ ਰੂਪ ਹੈ ਕਿ ਹਜ਼ੂਰੀ ਵਿੱਚ ਦੇਵੀ ਦੇਵਤਿਆਂ ਦੀਆਂ ਹਿੰਦੂ ਮੱਤ ਦੇ ਗ੍ਰੰਥਾਂ ਦੀਆਂ ਕਥਾਵਾਂ ਨੂੰ ਕਵਿਤਾ ਰੂਪ ਵਿੱਚ ਗਾਉਣਾ ਜਾਂ ਪਾਠ ਕਰਨਾ। ਅਜਿਹੀਆਂ ਰਚਨਾਵਾਂ ਦਾ ਪਾਠ ਤੇ ਕੀਰਤਨ ਬੰਦ ਕਰਾਉਣ ਦੀ ਲੋੜ ਹੈ ਤਾਂ ਜੁ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੋਜ਼ਾਨਾ ਕੀਤੀ ਜਾ ਰਹੀ ਨਿਰਾਦਰੀ ਬੰਦ ਹੋ ਸਕੇ। ਅਜਿਹੀਆਂ ਕੁੱਝ ਰਚਨਾਵਾਂ ਇਹ ਹਨ-

- ਮਿੱਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾਂ।
- ਹੇ ਰਵਿ ਹੇ ਸਸਿ (ਸ਼ਸ਼ਿ) ਹੇ ਮੇਰੀ ਅਬੈ ਬਿਨਤੀ ਸੁਨ ਲੀਜੈ।
- ਦੇਹ ਸਿਵਾ (ਸ਼ਿਵਾ) ਬਰ ਮੋਹਿ ਇਹੈ।
- ਯਾ ਤੇ ਪ੍ਰਸੰਨ ਭਏ,
- ਗ਼ਰੀਬ ਨਿਵਾਜ ਨ ਦੂਸਰ ਤੋ ਸਉ
- ਆਦਿਕ ਦਸ਼ਮ ਗ੍ਰੰਥ ਦੀਆਂ ਰਚਨਵਾਂ।

3. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਬਰਾਬਰ ਇੱਕ ਹੋਰ ਪ੍ਰਕਾਸ਼:

ਕਿਸੇ ਪੁੱਤਰ ਜਾਂ ਧੀ ਦਾ ਪਿਓ ਕੇਵਲ ਇੱਕ ਹੀ ਹੁੰਦਾ ਹੈ, ਪਿਓ ਦੋ ਨਹੀਂ ਹੋ ਸਕਦੇ। ਕੋਈ ਇਹ ਦਾਅਵਾ ਵੀ ਕਹੀਂ ਕਰ ਸਕਦਾ ਕਿ ਉਸ ਦੇ ਦੋ ਪਿਓ ਹਨ। ਹੈਰਾਨੀ ਦੀ ਗੱਲ ਹੈ ਕਿ ਸਿੱਖ ਇਹ ਗ਼ੈਰ-ਕੁਦਰਤੀ ਦਾਅਵਾ ਕਰੀ ਬੈਠਾ ਹੈ ਕਿ ਉਸ ਦੇ ਦੋ ਪਿਓ ਹੀ ਹਨ। ਸਿੱਖ-ਮੱਤ ਵਿੱਚ ਸੁਹਾਗਣ ਤੇ ਪਤੀ-ਬ੍ਰਤਾ ਇਸਤ੍ਰੀ ਦਾ ਕੇਵਲ ਇੱਕ ਹੀ ਪਤੀ ਹੁੰਦਾ ਹੈ ਤੇ ਜੇ ਨਹੀਂ ਤਾਂ ਉਸ ਨੂੰ ਦੁਹਾਗਣ ਕਿਹਾ ਜਾਂਦਾ ਹੈ। ਸਿੱਖ ਵੀਰੋ! ਵਿਚਾਰ ਕੇ ਦੇਖੋ ਸੱਚੇ ਗੁਰੂ ਪਿਤਾ ਦੇ ਬਰਾਬਰ ਜੇ ਕਿਤੇ ਹੋਰ ਦਾ ਵੀ ਪ੍ਰਕਾਸ਼ ਹੋ ਰਿਹਾ ਹੈ ਤਾਂ ਇਹ ਸ਼ਬਦ ਗੁਰੂ ਪਿਤਾ ਦੀ ਨਿਰਾਦਰੀ ਨਹੀਂ? ਇੱਸ ਪਾਸੇ ਵੀ ਧਿਆਨ ਮਾਰੋ ਤੇ ਸੋਚੋ ਇਹ ਸਿੱਖ-ਮਾਰੂ ਸ਼ਕਤੀਆਂ ਦੀ ਚਾਲ਼ ਤਾਂ ਨਹੀਂ ਜੋ ਅੱਜ ਥਾਂ ਪੁਰ ਥਾਂ ਸ਼ਬਦ ਗੁਰੂ ਦਾ ਨਿਰਾਦਰ ਕਰਨ ਤੇ ਤੁਲੀਆਂ ਹੋਈਆਂ ਹਨ? ਇਹ ਵੀ ਗੁਰੂ ਦੀ ਜ਼ਾਹਰਾ ਤੌਰ ਤੇ ਨਿਰਾਦਰੀ ਹੋ ਰਹੀ ਹੈ। ਕੀ ਇਸ ਨਿਰਾਦਰੀ ਨੂੰ ਰੋਕਣ ਲਈ ਵੀ ਇਵੇਂ ਹੀ ਲਾਮਬੰਦ ਹੋਵੋਗੇ ਜਿਵੇਂ ਹੁਣ ਹੋਏ ਹੋ?

ਸ਼੍ਰੋ. ਕਮੇਟੀ ਦਾ ਵਤੀਰਾ:

ਸ਼੍ਰੋ. ਕਮੇਟੀ ਕੀ ਕਰ ਰਹੀ ਹੈ, ਇਹ ਅੱਜ ਸੱਭ ਦੇ ਸਾਮ੍ਹਣੇ ਹੈ। ਵਾੜ ਹੀ ਖੇਤ ਨੂੰ ਖਾ ਰਹੀ ਹੋਵੇ ਤਾਂ ਖੇਤ ਨੂੰ ਹੀ ਬਚਣ ਦਾ ਰਾਹ ਲੱਭਣਾ ਪਵੇਗਾ। ਸ਼੍ਰੋ. ਕਮੇਟੀ ਤੋਂ ਆਸ ਨਾ ਰੱਖੋ ਕਿ ਇਹ ਕਮੇਟੀ ਹੀ ਬਦਲਾਅ ਕਰੇਗੀ ਤਾਂ ਬਦਲਾਂਗੇ। ਸ਼੍ਰੋ. ਕਮੇਟੀ ਨੇ ਤਾਂ ਆਪੂੰ ਰਹਿਤ ਮਰਯਾਦਾ ਬਦਲ ਕੇ ਇਨ੍ਹਾਂ ਕੱਚੀਆਂ ਬਿੱਪਰਵਾਦੀ ਰਚਨਾਵਾਂ ਦਾ ਕੀਰਤਨ ਕਰਨ ਦੀ ਖੁੱਲ੍ਹ ‘ਕੀਰਤਨ’ ਮੱਦ ਵਿੱਚ ਦੇ ਦਿੱਤੀ ਹੈ। ਇਹ ਕਮੇਟੀ ਸਨਾਤਨਵਾਦ ਦੇ ਪੂਰੇ ਪ੍ਰਭਾਵ ਹੇਠ ਕੰਮ ਕਰਦੀ ਹੈ ਤੇ ਸਿੱਖੀ ਸਿਧਾਂਤਾਂ ਦਾ ਘਾਣ ਹੋ ਰਿਹਾ ਹੈ।

4. ਬਿੱਪਰਵਾਦੀ ਰਹੁ-ਰੀਤਾਂ:

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗੁਰਮੱਤ ਤੋਂ ਉਲ਼ਟ ਹੋ ਰਹੀਆਂ ਸੱਭ ਸਨਾਤਨਵਾਦੀ ਰਹੁ-ਰੀਤਾਂ ਵਿਰੁੱਧ ਲਾਮਬੰਦ ਹੋਣ ਦੀ ਲੋੜ ਹੈ ਤਾਂ ਜੁ ਗੁਰੂ ਦੀ ਰੋਜ਼ਾਨਾਂ ਹੋ ਰਹੀ ਨਿਰਾਦਰੀ ਬੰਦ ਹੋ ਸਕੇ।

ਸਿੱਖ ਵੀਰੋ! ਪੂਰਨ ਆਜ਼ਾਦੀ ਲੈਣ ਤੋਂ ਪਹਿਲਾਂ ਆਪਣੇ ਨਿੱਤ-ਨੇਮ, ਅਰਦਾਸਿ ਤੇ ਗੁਰਦੁਆਰਿਆਂ ਨੂੰ ਹੀ ਧਾਰਮਿਕ ਤੇ ਸਿਧਾਂਤਕ ਗ਼ੁਲਾਮੀ ਤੋਂ ਆਜ਼ਾਦ ਕਰਵਾ ਲਓ ਤਾਂ ਸ਼ਬਦ ਗੁਰੂ ਦੀ ਨਿਰਾਦਰੀ ਰੋਕਣ ਵਿੱਚ ਇਹ ਬਹੁਤ ਵੱਡੀ ਪ੍ਰਾਪਤੀ ਹੋਵੇਗੀ। ਸਮੇਂ ਸਿਰ ਜਾਗਣਾਂ ਬਹੁਤ ਜ਼ਰੂਰੀ ਹੈ। ਜੇ ਪ੍ਰੋ.ਦਰਸ਼ਨ ਸਿੰਘ ਅਤੇ ਹੋਰ ਸਿੱਖ ਵਿਦਵਾਨਾਂ ਨੂੰ ਕੌਮ ਦੇ ਭਲੇ ਲਈ ਠੀਕ ਕੰਮ ਕਰਦਿਆਂ ਹੋਇਆਂ ਵੀ ਪੰਥ ਵਿੱਚੋਂ ਛੇਕਣ ਦੇ ਜਥੇਦਾਰਾਂ ਦੇ ਆਦੇਸ਼ਾਂ ਦਾ ਕੌਮ ਵਿਰੋਧ ਕਰਦੀ, ਤਾਂ ਹੁਣ ਵਾਲ਼ੀ ਸਥਿੱਤੀ ਸ਼ਾਇਦ ਨਾ ਦੇਖਣੀ ਪੈਂਦੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲ਼ਿਆਂ ਨੂੰ ਪੰਥ ਵਿੱਚੋਂ ਛੇਕ-ਛੇਕ ਕੇ ਕੌਮ ਬੁਲੰਦੀਆਂ ਨੂੰ ਨਹੀਂ ਛੁਹ ਸਕਦੀ।

ਜਥੇਦਾਰਾਂ ਦਾ ਕੌਮ ਪ੍ਰਤੀ ਵਤੀਰਾ:

ਦੱਸਣ ਦੀ ਲੋੜ ਨਹੀਂ, ਸਿਆਸੀ ਦਬਾਅ ਅਧੀਨ ਗ਼ਲਤ ਫ਼ੈਸਲੇ ਸੁਣਾ ਕੇ ਫਿਰ ਵਾਪਸ ਲੈ ਕੇ, ਕੌਮ ਨੂੰ ਜਿਵੇਂ ਨਮੋਸ਼ੀ ਦੀ ਖੱਡ ਵਿੱਚ ਸੁੱਟਿਆ ਗਿਆ ਹੈ, ਸੱਭ ਜਾਣਦੇ ਹਨ। ਬਿੱਪਰਵਾਦੀ ਅੰਸ਼ਾਂ ਵਾਲ਼ੀ ਸਿੱਖ ਰਹਿਤ ਮਰਯਾਦਾ ਬਣਾਉਣ ਵਾਲ਼ਿਆਂ ਵਿੱਚ ਕੌਮ ਦੇ ਤਖ਼ਤਾਂ ਦੇ ਜਥੇਦਾਰ ਜਾਂ ਉਨ੍ਹਾਂ ਦੇ ਨੁਮਾਇੰਦੇ ਵੀ ਸ਼ਾਮਲ ਹੀ ਸਨ ਜਿਨ੍ਹਾਂ ਦੀ ਕੀਤੀ ਦਾ ਸੰਤਾਪ ਸਿੱਖ ਕੌਮ ਹੁਣ ਤਕ ਭੋਗ ਰਹੀ ਹੈ ਤੇ ਰਹਿਤ ਮਰਯਾਦਾ ਦੇ ਸਨਾਤਨਵਾਦੀ ਅੰਸ਼ਾਂ ਰਾਹੀ ਬਿੱਪਰਵਾਦ ਦੀ ਝੋਲ਼ੀ ਵਿੱਚ ਪਾਈ ਜਾ ਚੁੱਕੀ ਹੈ। ਇਹ ਸਿੱਖ ਕੌਮ ਦੀ ਧਾਰਮਿਕ ਤੇ ਸਿਧਾਂਤਕ ਗ਼ੁਲਾਮੀ ਦਾ ਪ੍ਰਤੀਕ ਹੈ। ਸਿੱਖ ਕੌਮ ਆਪਣਾ ਨਿੱਤ-ਨੇਮ ਤੇ ਰੋਜ਼ਾਨਾ ਦੀ ਅਰਦਾਸਿ ਵੀ ਬਿੱਪਰਵਾਦ ਦੇ ਪ੍ਰਭਾਵ ਤੋਂ, ਧੁਰ ਕੀ ਬਾਣੀ ਦੇ ਹੁੰਦਿਆਂ ਹੋਇਆਂ ਵੀ, ਆਜ਼ਾਦ ਨਹੀਂ ਰੱਖ ਸਕੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top