Share on Facebook

Main News Page

ਸਰਬੱਤ ਖਾਲਸਾ ਨੂੰ ਫੇਲ ਕਰਨ ਲਈ ਸਰਕਾਰ ਵੱਲੋਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਸ਼ੁਰੂ

ਅੰਮ੍ਰਿਤਸਰ 8 ਨਵੰਬਰ (ਜਸਬੀਰ ਸਿੰਘ ਪੱਟੀ) ਸਰਬੱਤ ਖਾਲਸਾ ਦਾ ਸਮਾਗਮ ਕਰਨ ਵਾਲੀਆਂ ਧਿਰਾਂ ਨੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਕਰ ਦਿੱਤਾ ਹੈ, ਅਤੇ ਸ੍ਰ ਸਿਮਰਨਜੀਤ ਸਿੰਘ ਮਾਨ, ਧਿਆਨ ਸਿੰਘ ਮੰਡ, ਭਾਈ ਮੋਹਕਮ ਸਿੰਘ, ਗੁਰਦੀਪ ਸਿੰਘ ਬਠਿੰਡਾ ਤੇ ਹਰਬੀਰ ਸਿੰਘ ਸੰਧੂ ਨੇ ਹਾਲਾਤਾਂ ਦਾ ਜਾਇਜਾ ਵੀ ਲਿਆ। ਜਦ ਕਿ ਦੂਸਰੇ ਪਾਸੇ ਸਾਰੇ ਪੰਜਾਬ ਵਿੱਚ ਸਰਬੱਤ ਖਾਲਸਾ ਲਈ ਸੰਗਤਾਂ ਨੂੰ ਲੈ ਕੇ ਆਉਣ ਵਾਲੀਆਂ ਬੱਸਾਂ ਦੇ ਸਰਕਾਰ ਨੇ ਚਲਾਣ ਕਰਨੇ ਸ਼ੁਰੂ ਕਰ ਦਿੱਤੇ ਹਨ, ਜਿਸ ਕਾਰਨ ਪ੍ਰਬੰਧਕਾਂ ਵਿੱਚ ਬੇਚੈਨੀ ਪਾਈ ਜਾ ਰਹੀ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਰੇ ਜਿਲ੍ਹਿਆਂ ਦੇ ਟਰਾਂਸਪੋਰਟ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ, ਕਿ ਜਿਹੜੀਆਂ ਬੱਸਾਂ ਸਰਬੱਤ ਖਾਲਸੇ ਲਈ ਕਿਰਾਏ 'ਤੇ ਲਈਆਂ ਗਈਆਂ ਹਨ, ਉਹਨਾਂ ਰੋਕਿਆ ਜਾਵੇ ਤੇ ਜਿਹੜਾ ਹੁਕਮਾਂ ਦੀ ਉਲੰਘਣਾ ਕਰਦਾ ਹੈ, ਉਸ ਦੀ ਬੱਸ ਦਾ ਚਲਾਣ ਕਰਕੇ ਬੰਦ ਕਰ ਦਿੱਤਾ ਜਾਵੇ।

ਇਸ ਦੀ ਜਾਣਕਾਰੀ ਜਦੋਂ ਕਈ ਜਿਲਾ ਜਥੇਦਾਰਾਂ ਨੇ ਸ੍ਰ ਸਿਮਰਨਜੀਤ ਸਿੰਘ ਮਾਨ ਨੂੰ ਦਿੱਤੀ, ਤਾਂ ਉਹਨਾਂ ਨੇ ਤੁਰੰਤ ਪੁਲੀਸ ਦੇ ਸੀਨੀਅਰ ਅਧਿਕਾਰੀ ਨੂੰ ਕਿਹਾ ਕਿ ਸਰਕਾਰ ਨੂੰ ਇਹ ਸੁਨੇਹਾ ਪੁੱਜਦਾ ਕਰ ਦਿੱਤਾ ਜਾਵੇ ਕਿ ਜੇਕਰ ਸਰਬੱਤ ਖਾਲਸੇ ਦੇ ਸਮਾਗਮ ਲਈ ਸੰਗਤ ਲੈ ਕੇ ਬੱਸਾਂ ਨਹੀਂ ਆਉਣਗੀਆਂ ਤਾਂ ਫਿਰ ਪੰਜਾਬ ਦੀਆਂ ਸੜਕਾਂ 'ਤੇ ਆਰਬਿੱਟ ਬੱਸ ਵੀ ਨਹੀਂ ਚੱਲ ਸਕੇਗੀ।

ਸ੍ਰ ਮਾਨ ਦੇ ਇਸ ਦਬਕੇ ਦਾ ਅਸਰ ਸਰਕਾਰ ਜਾਂ ਪ੍ਰਸ਼ਾਸ਼ਨ 'ਤੇ ਕੀ ਹੋਇਆ ਇਸ ਦਾ ਭਾਂਵੇ ਹਾਲੇ ਪਤਾ ਨਹੀਂ ਲੱਗ ਸਕਿਆ, ਪਰ ਪਿੰਡਾਂ ਵਿੱਚ ਸਰਪੰਚ ਪੰਚ ਹਰ ਘਰ ਵਿੱਚ ਜਾ ਕੇ ਜ਼ਰੂਰ ਸੰਗਤਾਂ ਨੂੰ ਪਹੁੰਚ ਕਰ ਰਹੇ ਹਨ, ਕਿ ਉਹ ਸਰਬੱਤ ਖਾਲਸੇ ਵਿੱਚ ਸ਼ਮੂਲੀਅਤ ਕਰਕੇ ਨਵੀਂ ਬਿਪਤਾ ਨਾ ਸਹੇੜਣ। ਪਰ ਲੋਕ ਹੁਣ ਉਹਨਾਂ ਨੂੰ ਟਕੇ ਵਰਗਾ ਜਵਾਬ ਦੇ ਰਹੇ ਹਨ, ਕਿ ਉਹ ਬਾਬਰ ਦੇ ਰਾਜ ਦੀ ਗਰਮਜੋਸ਼ੀ ਨਾਲ ਟਾਕਰਾ ਕਰਨਗੇ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਦਾ ਗੁਰੂ ਹੀ ਸੁਰੱਖਿਅਤ ਨਹੀਂ ਰਿਹਾ, ਤਾਂ ਫਿਰ ਸਰਕਾਰ ਤੋਂ ਉਹਨਾਂ ਨੂੰ ਕੋਈ ਆਸ ਨਹੀਂ ਹੈ।

ਇਹ ਵੀ ਜਾਣਕਾਰੀ ਮਿਲੀ ਹੈ ਕਿ ਬਾਦਲ ਦਲ ਨਾਲ ਸਬੰਧਿਤ ਅਕਾਲੀ ਦਲ ਦੇ ਵਰਕਰ ਕੋਈ ਜਾਮ ਲਗਾਉਣ ਦੇ ਬਹਾਨੇ 10 ਨਵੰਬਰ ਨੂੰ ਬਿਆਸ ਤੇ ਹਰੀਕੇ ਡੈਮ ਵਾਲਾ ਪੁੱਲ ਬੰਦ ਕਰ ਦੇਣਗੇ, ਤਾਂ ਕਿ ਸੰਗਤਾਂ ਸਰਬੱਤ ਖਾਲਸੇ ਦੇ ਸਮਾਗਮ ਵਿੱਚ ਸ਼ਾਮਲ ਨਾ ਹੋ ਸਕਣ। ਇਹ ਸਕੀਮ ਵੀ ਕਾਮਯਾਬ ਹੁੰਦੀ ਹੈ ਜਾਂ ਨਹੀਂ, ਇਸ ਦਾ ਤਾਂ ਬਾਅਦ ਵਿੱਚ ਪਤਾ ਲੱਗੇਗਾ, ਪਰ ਖੂਨ ਖਰਾਬਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਲੋਕਾਂ ਵਿੱਚ ਉਤਸ਼ਾਹ ਇੰਨਾ ਹੈ ਕਿ ਗੁਪਤਚਰ ਏਜੰਸੀਆਂ ਦਾ ਮੰਨਣਾ ਹੈ ਕਿ 25-30 ਹਜ਼ਾਰ ਦਾ ਇਕੱਠ ਸਰਕਾਰ ਵੱਲੋਂ ਹਰ ਪ੍ਰਕਾਰ ਦੇ ਯਤਨ ਕਰਨ ਦੇ ਬਾਵਜੂਦ ਵੀ ਹੋ ਜਾਵੇਗਾ, ਕਿਉਂਕਿ ਲੋਕ ਸਰਕਾਰ ਦੀਆਂ ਵਧੀਕੀਆਂ ਤੇ ਜਥੇਦਾਰਾਂ ਵੱਲੋ ਦਰਜ ਕਰਵਾਏ ਝੂਠੇ ਪਰਚਿਆਂ ਅਤੇ ਨੌਜਵਾਨ ਵਿੱਚ ਵੱਧ ਰਹੇ ਨਸ਼ੀਲੇ ਪਦਾਰਥਾਂ ਦੇ ਰੁਝਾਨ ਕਾਰਨ ਕਾਫੀ ਦੁੱਖੀ ਹਨ ਤੇ ਆਪਣੇ ਦੁੱਖ ਦਾ ਇਜਹਾਰ ਕਰਨ ਦਾ ਸਰਬੱਤ ਖਾਲਸਾ ਉਹਨਾਂ ਲਈ ਇੱਕ ਧਾਰਮਿਕ ਮੰਚ ਮਿਲ ਗਿਆ ਹੈ।

ਇਥੇ ਹੀ ਬੱਸ ਨਹੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਤੇ ਡਿਪਟੀ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਨੇ ਵੱਖ ਵੱਖ ਧਾਰਮਿਕ ਆਗੂਆਂ ਕੋਲ ਹੈਲੀਕਾਪਟਰ 'ਤੇ ਗੇੜੇ ਮਾੜੇ ਹਨ, ਤਾਂ ਕਿ ਉਹਨਾਂ ਦੀ ਸੰਗਤ ਨੂੰ ਸਰੱਬਤ ਖਾਲਸਾ ਵਿੱਚ ਸ਼ਮੂਲੀਅਤ ਕਰਨ ਤੋਂ ਰੋਕਿਆ ਜਾ ਸਕੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top