Share on Facebook

Main News Page

ਹੋ ਰਿਹਾ ਹੈ ਸਰਬੱਤ ਖ਼ਾਲਸਾ !
-: ਪ੍ਰੋ. ਕਸ਼ਮੀਰਾ ਸਿੰਘ USA

ਸਰਬੱਤ ਖ਼ਾਲਸਾ ਨਹੀਂ, ਵਿਸ਼ਵ ਪੰਥਕ ਜਾਂ ਸਿੱਖ ਕਨਵੈੱਨਸ਼ਨ ਜਾਂ ਕਾਨਫ਼੍ਰੰਸ ਦੇ ਨਾਂ ਹੇਠ ਇਕੱਠ ਹੋਣਾ ਚਾਹੀਦਾ ਹੈ। ਕਾਨਫ਼੍ਰੰਸ ਉੱਪਰ ਕੋਈ ਰੋਕ ਨਹੀਂ, ਪਰ ਸਰਬੱਤ ਖ਼ਾਲਸਾ ਨੂੰ ਰੋਕਣ ਲਈ ਸਰਕਾਰਾਂ ਤੱਤਪਰ ਹੋ ਸਕਦੀਆਂ ਹਨ ਤੇ ਇਸ ਪ੍ਰਕਿਰਿਆ ਵਿੱਚ ਤੂੰ ਤੂੰ ਮੈਂ ਮੈਂ ਨਾਲ਼ ਸਿੱਖਾਂ ਦਾ ਭਾਰੀ ਨੁਕਸਾਨ ਵੀ ਹੋ ਸਕਦਾ ਹੈ।

ਇਸ ਨਾਲ਼ ਪਾਸ ਕੀਤੇ ਮਤਿਆਂ ਦੀ ਰੂਪ-ਰੇਖਾ ਨੂੰ ਕੋਈ ਫ਼ਰਕ ਨਹੀਂ ਪੈਂਦਾ। ਮਤੇ ਆਪ ਲਾਗੂ ਨਹੀਂ ਕੀਤੇ ਜਾ ਸਕਣਗੇ, ਕਿਉਂਕਿ ਸਰਕਾਰ ਅਤੇ ਸ਼੍ਰੋ.ਕਮੇਟੀ ਮਤੇ ਪਰਵਾਨ ਨਹੀਂ ਕਰਨਗੀਆਂਮਤੇ ਸਰਕਾਰ ਅਤੇ ਸ਼੍ਰੋ. ਕਮੇਟੀ ਨੂੰ ਲਾਂਭੇ ਕਰਨ ਦੇ ਹੋਣਗੇ, ਜੋ ਕ਼ਾਨੂੰਨੀ ਤੌਰ 'ਤੇ ਲਾਗੂ ਨਹੀਂ ਹੋਣਗੇ, ਕਿਉਂਕਿ ਇਹ ਕ਼ਾਨੂੰਨੀ ਚੋਣ ਪ੍ਰਕ੍ਰਿਆ ਦੁਆਰਾ ਬਣੀਆਂ ਹਨਜੇ ਧੱਕੇ ਨਾਲ਼ ਇਹਨਾਂ ਸੰਸਥਾਵਾਂ ਵਿੱਚ ਦਖ਼ਲ ਦਿੱਤਾ ਜਾਵੇਗਾ ਤਾਂ ਸਿੱਖ ਹੀ ਸਿੱਖਾਂ ਦਾ ਖ਼ੂਨ ਡੋਲ੍ਹਣਗੇ ਜਿਸ ਨਾਲ਼ ਬਿੱਪਰਵਾਦੀ ਖ਼ੂਬ ਤਮਾਸ਼ਾ ਲਾ ਕੇ ਦੇਖਣਗੇ। ਮਤਿਆਂ ਨਾਲ਼ ਜਥੇਦਾਰਾਂ ਨੂੰ ਵੀ ਪਾਸੇ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਨ੍ਹਾਂ ਨੂੰ ਵੀ ਸ਼੍ਰੋ. ਕਮੇਟੀ ਚੁਣਦੀ ਹੈ।

ਮੰਗ ਕਿੱਸ ਅੱਗੇ ?

ਜੇ ਮਤਿਆਂ ਵਿੱਚ ਮੰਗ ਕੀਤੀ ਗਈ ਕਿ ਜਥੇਦਾਰ ਹਟਾਏ ਜਾਣ, ਤਾਂ ਸ਼੍ਰੋ. ਕਮੇਟੀ ਦੀ ਸਰਬ-ਉੱਚਤਾ ਫਿਰ ਵੀ ਕਾਇਮ ਰਹਿ ਗਈ ਕਿਉਂਕਿ ਉਹ ਹੀ ਜਥੇਦਾਰ ਹਟਾ ਸਕਦੀ ਹੈ। ਮੰਨ ਲਓ ਜੇ ਜਥੇਦਾਰ ਬਦਲ ਵੀ ਦਿੱਤੇ, ਤਾਂ ਕੀ ਗਰੰਟੀ ਹੈ ਕਿ ਬਦਲੇ ਜਥੇਦਾਰ ਸਿੱਖਾਂ ਨਾਲ਼ ਇਨਸਾਫ਼ ਕਰ ਸਕਣਗੇ? ਕੀ ਫਿਰ ਜਥੇਦਾਰਾਂ ਵਲੋਂ ਕੀਤੀ ਬੇਇਨਸਾਫ਼ ਵਿਰੁੱਧ ਮੁੜ ਸਰਬੱਤ ਖ਼ਾਲਸਾ ਸੱਦਿਆ ਜਾਵੇਗਾ? ਜੇ ਸਰਕਾਰ ਅੱਗੇ ਮੰਗ ਰੱਖੀ ਕਿ ਸਿੱਖਾਂ ਨੂੰ ਇਨਸਾਫ਼ ਦੇਵੇ ਤਾਂ ਵੀ ਸਰਕਾਰ ਦੀ ਸਰਬ-ਉੱਚਤਾ ਸਵੀਕਾਰ ਕਰ ਲਈ। ਸਰਕਾਰ ਸਿੱਖਾਂ ਨਾਲ਼ ਹੁਣ ਤੱਕ ਕੀ ਕੀ ਕਰ ਚੁੱਕੀ ਹੈ, ਉਸ ਤੇ ਹੀ ਝਾਤ ਮਾਰ ਲਈ ਜਾਵੇ ਕਿ ਇਹ ਕਿੰਨਾਂ ਕੁ ਇਨਸਾਫ਼ ਦੇ ਸਕਦੀ ਹੈ।

ਸਰਬੱਤ ਖ਼ਾਲਸਾ ਕਦੇ ਮੰਗ ਨਹੀਂ ਕਰਦਾ !

‘ਸਰਬੱਤ ਖ਼ਾਲਸਾ’ ਵਲੋਂ ਮੰਗ ਨਹੀਂ ਕੀਤੀ ਜਾਂਦੀ, ਸਗੋਂ ਪਾਸ ਕੀਤੇ ਮਤਿਆਂ ਉੱਤੇ ਅਮਲ ਕੀਤਾ ਜਾਂਦਾ ਹੈ, ਜੋ ਹੋ ਨਹੀਂ ਸਕਦਾ, ਕਿਉਂਕਿ ਮੌਕੇ 'ਤੇ ਸਰਕਾਰੀ ਤੌਰ ਤੇ ਕ਼ਾਨੂਨਨ ਕਾਬਜ਼ ਧਿਰਾਂ ਵੀ ਸਿੱਖੀ ਦਾ ਹੀ ਭਾਗ ਹਨ, ਜੋ ਸਰਬੱਤ ਖ਼ਾਲਸਾ ਕਰਨ ਨਾਲ਼ ਸਹਿਮਤ ਹੀ ਨਹੀਂ। ਇਨ੍ਹਾਂ ਸੰਸਥਾਵਾਂ ਦੇ ਕੰਮ ਕਾਜ ਵਿੱਚ ਕੋਈ ਦਖ਼ਲ ਨਹੀਂ ਦੇ ਸਕਦਾ। ਜੇ ਕੋਈ ਅਜਿਹਾ ਕਰੇਗਾ ਤਾਂ ਭਰਾਵਾਂ ਹੱਥੋਂ ਭਰਾ ਮਰਦੇ ਦੇਖ ਕੇ, ਵਿਰੋਧੀ ਜ਼ਰੂਰ ਖ਼ੁਸ਼ ਹੋਣਗੇ। ਸਿੱਖਾਂ ਵਿੱਚ ਹੀ ਖ਼ਾਨਾਜੰਗੀ ਸ਼ੁਰੂ ਹੋ ਸਕਦੀ ਹੈ।

ਨਾਂ ਵਿਸ਼ਵ ਸਿੱਖ ਕਨਵੈੱਨਸ਼ਨ ਕਿਉਂ ?

ਮਤਿਆਂ ਵਿੱਚ ਸਮਾਂ-ਬੰਦ ਮੰਗ ਕੀਤੀ ਜਾ ਸਕਦੀ ਹੈ। ਸਮਾਂ ਲੰਘ ਜਾਣ 'ਤੇ ਮੁੜ ਵਿਚਾਰ ਕੀਤੀ ਜਾ ਸਕਦੀ ਹੈ। ਇਸ ਪ੍ਰਕਿਰਿਆ ਨਾਲ਼ ਸਰਬੱਤ ਖ਼ਾਲਸੇ ਦੀ ਪਵਿੱਤ੍ਰ ਪ੍ਰੰਪਰਾ ਵੀ ਬਚੀ ਰਹੇਗੀ। ਸਹੀ ਰਸਤਾ ਕੀ ਹੈ?

ਸਰਕਾਰ ਅਤੇ ਸ਼੍ਰੋ. ਕਮੇਟੀ ਵਿੱਚ ਆਪਣੀ ਬਹੁ ਸੰਮਤੀ ਬਣਾ ਕੇ ਰਾਜ ਪ੍ਰਬੰਧ ਆਪਣੇ ਹੱਥ ਵਿੱਚ ਲਿਆ ਜਾਵੇ ਤੇ ਫਿਰ ਸਿੱਖਾਂ ਦੇ ਹਿੱਤ ਸੁਰੱਖਿਅਤ ਹੋ ਸਕਣਗੇ। ਫਿਰ ਜਥੇਦਾਰਾਂ ਵਲੋਂ ਕੀਤੇ ਪਿਛਲੇ ਗ਼ਲਤ ਫ਼ੈਸਲੇ ਰੱਦ ਕੀਤੇ ਜਾ ਸਕਣਗੇ। ਪੰਥ ਵਿੱਚੋਂ ਨਾਜਾਇਜ਼ ਤੌਰ 'ਤੇ ਛੇਕੇ ਚੋਟੀ ਦੇ ਸਿੱਖ ਵਿਦਵਾਨਾਂ (ਜਿਵੇਂ ਸ. ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ, ਪ੍ਰੋ ਦਰਸ਼ਨ ਸਿੰਘ, ਪ੍ਰੋ. ਇੰਦਰ ਸਿੰਘ ਘੱਗਾ ਆਦਿਕ) ਦਾ ਮਾਨ ਸਨਮਾਨ ਹੋ ਸਕੇਗਾ।

ਸਰਬੱਤ ਖ਼ਾਲਸਾ/ਵਿਸ਼ਵ ਸਿੱਖ ਕਨਵੈੱਨਸ਼ਨ ਦੇ ਪ੍ਰਬੰਧਕਾਂ ਨੂੰ ?

- ਕੀ ਵਿਸ਼ਵ ਸਿੱਖ ਕੰਨਵੈੱਨਸ਼ਨ (ਸਰਬੱਤ ਖ਼ਾਲਸਾ) ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਾਂ ਵਲੋਂ ਰੋਜ਼ਾਨਾ ਕੀਤੀ ਜਾ ਰਹੀ ਨਿਰਾਦਰੀ ਨੂੰ ਰੋਕਣ ਲਈ, ਧੰਨੁ ਸ਼੍ਰੀ ਗੁਰੂ ਅਰਜੁਨ ਸਾਹਿਬ ਪਾਤਿਸ਼ਾਹ ਵਲੋਂ ਬਣਾਇਆ ਰੋਜ਼ਾਨਾ ਦਾ ਨਿੱਤ-ਨੇਮ (ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13 ਪੰਨੇ) ਕਰਨ ਲਈ ਅਤੇ ਦੁਰਗਾ ਮਾਈ ਦੇ ਪਾਠ ਦੀ "ਪ੍ਰਿਥਮ ਭਗਉਤੀ ਵਾਲ਼ੀ" ਦੁਰਗਾ ਕੀ ਵਾਰ ਵਿੱਚੋਂ ਅਰਦਾਸਿ ਵਿੱਚ ਸ਼ਾਮਲ ਕੀਤੀ ਪਹਿਲੀ ਪਉੜੀ ਨੂੰ ਪੜ੍ਹਨਾ ਬੰਦ ਕਰਨ ਲਈ ਸਿੱਖਾਂ ਨੂੰ ਕੋਈ ਆਦੇਸ਼ ਦੇਵੇਗੀ? ਇਹ ਗ਼ਲਤ ਤਬਦੀਲੀਆਂ ਸ਼੍ਰੋ. ਕਮੇਟੀ ਅਤੇ ਜਥੇਦਾਰਾਂ ਵਲੋਂ ਹੀ ਸੰਨ 1931-45 ਵਿੱਚ ਸਿੱਖਾਂ ਨੂੰ ਬਿੱਪਰਨ ਕੀ ਰੀਤ ਵਿੱਚ ਸ਼ਾਮਲ ਕਰਨ ਲਈ ਬਿੱਪਰਵਾਦੀਆਂ ਦੇ ਪ੍ਰਭਾਵ ਥੱਲੇ ਕੀਤੀਆਂ ਗਈਆਂ ਸਨ, ਤੇ ਸ਼੍ਰੀ ਗੁਰੂ ਅਰਜੁਨ ਸਾਹਿਬ ਜੀ ਦੀ ਸੋਚ ਦਾ ਨਿਰਾਦਰ ਕੀਤਾ ਗਿਆ ਸੀ।

- ਕੀ ਇਹ ਵਿਸ਼ਵ ਕੰਨਵੈੱਨਸ਼ਨ ‘ਸਤਿਗੁਰੂ ਬਿਨਾਂ ਹੋਰ ਕਚੀ ਹੈ ਬਾਣੀ ॥’ ਦੇ ਤੀਜੇ ਗੁਰੂ ਜੀ ਦੇ ਹੁਕਮ ਉੱਤੇ ਆਪ ਅਮਲ ਕਰਦਿਆਂ ਸਿੱਖਾਂ ਨੂੰ ਆਦੇਸ਼ ਦੇਵੇਗੀ, ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਹੋਰ ਕੱਚੀਆਂ ਬਾਣੀਆਂ ਦਾ ਪਾਠ ਅਤੇ ਕੀਰਤਨ ਬੰਦ ਕਰਨ ਤਾਂ ਜੁ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਪ ਰੋਜ਼ਾਨਾ ਕੀਤੀ ਨਿਰਾਦਰੀ ਬੰਦ ਹੋ ਸਕੇ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top