Share on Facebook

Main News Page

ਅਖੌਤੀ ਸਰਬਤ ਖਾਲਸਾ ਦੇ ਨਾਮ 'ਤੇ, ਜਜ਼ਬਾਤੀ ਕੌਮ, ਇੱਕ ਵਾਰ ਫਿਰ ਬੁਰੀ ਤਰ੍ਹਾਂ ਠੱਗੀ ਗਈ
-: ਇੰਦਰਜੀਤ ਸਿੰਘ, ਕਾਨਪੁਰ

ਪਹਿਲਾਂ ਅਸੀਂ ਰਾਜਨੀਤਿਕ ਪਿਆਦਿਆਂ ਦੇ ਗੁਲਾਮ ਸੀ, ਹੁਣ ਅਸੀ ਸੰਤ ਸਮਾਜੀਆਂ ਅਤੇ ਸੰਪ੍ਰਦਾਈਆਂ ਦੇ ਗੁਲਾਮ ਬਣਾ ਦਿੱਤੇ ਗਏ ਹਾਂ। ਡੇਰਿਆਂ ਨੂੰ ਰੋਂਦੇ ਸਾਂ, ਡੇਰੇਦਾਰਾਂ ਦੇ ਹੀ ਅਧੀਨ ਕਰ ਦਿੱਤੇ ਗਏ ਹਾਂ। ਸੱਪਾਂ ਨੂੰ ਕੋਸਦੇ ਸਾਂ, ਸੱਪਾਂ ਦੇ ਅਧੀਨ ਹੀ ਕਰ ਦਿੱਤੇ ਗਏ ਹਾਂ। ਸਾਡੀ ਕੌਮ ਨੇ ਹਮੇਸ਼ਾਂ ਗੁਲਾਮ ਬਣ ਕੇ ਹੀ ਰਹਿਣਾ ਹੈ। ਇੱਨੇ ਵੱਡੇ ਇਕੱਠ ਨਾਲ ਹਾਸਿਲ ਕੀ ਹੋਇਆ ? ਸਿੱਫਰ ! ਸਿਰਫ, ਸਿਫਰ ! ਸਿਫਰ ਹੀ ਨਹੀਂ, ਅਸੀ ਤਾਂ ਹੋਰ ਵੀਹ ਸਾਲ ਪਿੱਛੇ ਧੱਕ ਦਿੱਤੇ ਗਏ ਹਾਂ।

ਕੌਮ ਦਾ ਮਜ਼ਾਕ ਇੱਕ ਵਾਰ ਫਿਰ ਉਡਾਇਆ ਗਿਆ ਹੈ। ਕੌਮ ਨੂੰ ਬੁਰੀ ਤਰ੍ਹਾਂ ਇਕ ਵਾਰ ਫਿਰ ਠੱਗਿਆ ਗਿਆ ਹੈ। ਪਹਿਲਾਂ ਅਕਾਲ ਤਖਤ ਦੇ ਸਿਧਾਂਤ ਦੀਆਂ ਧੱਜੀਆਂ ਉਡਾਈਆਂ ਗਈਆਂ, ਹੁਣ 'ਸਰਬੱਤ ਖਾਲਸਾ' ਦੇ ਸਿਧਾਂਤ ਅਤੇ ਅਹਮਿਅਤ ਦੀਆਂ ਵੀ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਗਈਆਂ ਹਨ। ਇਸ ਲਈ ਜ਼ਿੰਮੇਦਾਰ ਹੋਰ ਕੋਈ ਨਹੀਂ, ਅਸੀ ਆਪ ਹਾਂ, ਜੋ ਬਿਨਾਂ ਕਿਸੇ ਤਫਸ਼ੀਸ਼ ਦੇ ਭੇਡਾਂ ਵਾਂਗ ਉਸ ਬੁਲਾਵੇ 'ਤੇ ਮੂੰਹ ਚੁੱਕ ਕੇ ਤੁੱਰ ਪਏ। ਇਹ ਵੀ ਨਾ ਸੋਚਿਆ ਕਿ ਇਸ ਦੇ ਪਿੱਛੇ ਕੌਣ ਲੋਕ ਹਨ। ਇਸ ਤੋਂ ਇਹ ਪਤਾ ਲੱਗ ਗਿਆ ਹੈ, ਕੌਮ ਅਪਣਾਂ ਵਿਵੇਕ, ਬੁੱਧੀ ਅਤੇ ਨਿਰਣਾਂ ਕਰਣ ਦੀ ਤਾਕਤ, ਪੂਰੀ ਤਰ੍ਹਾਂ ਖੋ ਚੁਕੀ ਹੈ।

ਹੱਲੀ ਵੀ ਕੁੱਝ ਮੂਰਖ ਇਹ ਕਹੀ ਜਾਂਦੇ ਨੇ ਕਿ, ਤੁਸੀ ਟੰਗਾਂ ਖਿੱਚਣ ਵਾਲੇ ਹੋ। ਕੋਈ ਕਹਿ ਰਿਹਾ ਹੈ ਕਿ ਤੁਸੀਂ ਆਰ.ਐਸ.ਐਸ. ਦੇ ਬੰਦੇ ਹੋ, ਇਸ ਲਈ ਸਰਬੱਤ ਖਾਲਸਾ ਵਿੱਚ ਲਏ ਗਏ ਫੈਸਲਿਆਂ ਦਾ ਵਿਰੋਧ ਕਰ ਰਹੇ ਹੋ। ਇਹ ਭੋਲੇ ਇਹ ਨਹੀਂ ਜਾਣਦੇ ਕਿ ਅਸੀਂ ਆਰ. ਐਸ.ਐਸ ਦੇ ਬੰਦੇ ਨਹੀਂ, ਬਲਕਿ ਤੁਸੀ ਆਰ. ਐਸ .ਐਸ ਦੇ ਇਸ ਸਪਾਂਸਰਡ, ਅਖੌਤੀ ਸਰਬੱਤ ਖਾਲਸਾ ਰਾਂਹੀ ਬੁਰੀ ਤਰ੍ਹਾਂ ਠੱਗੇ ਜਾ ਚੁਕੇ ਹੋ। ਜੋ ਆਰ. ਐਸ.ਐਸ. ਤੁਹਾਡੇ ਤੇ ਹੱਲੀ ਪੰਜਾਹ ਵਰ੍ਹੇ ਕਾਬਿਜ ਨਹੀਂ ਸੀ ਹੋ ਸਕਦਾ, ਉਹ ਤੁਹਾਡੇ ਬਣਾਏ ਅਖੌਤੀ ਸਰਬੱਤ ਖਾਲਸਾ ਰਾਂਹੀ ਤੁਹਾਡੇ ਦੇ ਇਕ ਦਿਨ ਵਿੱਚ ਕਾਬਿਜ ਹੋ ਗਿਆ।

ਗੁਰਬਚਨ ਜੂੰਡਲੀ ਬੁਰੀ ਤਰ੍ਹਾਂ ਬਦਨਾਮ ਹੋ ਗਈ ਸੀ ਅਤੇ ਦੁਤਕਾਰ ਦਿੱਤੀ ਗਈ ਸੀ। ਉਸ ਜੂੰਡਲੀ ਦੀ ਹੁਣ ਕਿਸੇ ਨੇ ਨਹੀਂ ਸੀ ਮੰਨਣੀ। ਬਾਦਲਾਂ ਨੂੰ ਵੀ ਲੋਕੀ ਗਾਲ੍ਹਾਂ ਕਡ੍ਹ ਰਹੇ ਸਨ। ਜੇ ਬਾਦਲਕੇ ਕੋਈ ਦੂਜੇ ਪੰਜ ਜਥੇਦਾਰ ਨਿਯੁਕਤ ਕਰਦੇ ਤਾਂ, ਉਹ ਵੀ ਕਿਸੇ ਨੇ ਨਹੀਂ ਸਨ ਮੰਨਣੇ। ਕੌਮ ਵੱਲੋ ਉਨ੍ਹਾਂ ਜੱਥੇਦਾਰਾਂ ਨੂੰ ਦੁਤਕਾਰ ਦੇਣ ਨਾਲ ਆਰ. ਐਸ.ਐਸ ਦਾ ਬਹੁਤ ਵੱਡਾ ਨੁਕਸਾਨ ਹੋ ਚੁਕਾ ਸੀ। ਕਿਉਕਿ ਇਨ੍ਹਾਂ ਅਖੌਤੀ ਜਥੇਦਾਰਾਂ ਰਾਂਹੀ ਹੀ ਤਾਂ ਉਹ ਆਪਣੇ ਅਜੈਂਡੇ, ਕੌਮ 'ਤੇ ਲਾਗੂ ਕਰਦੇ ਸਨ। ਭਾਂਵੇ ਨਾਨਕਸ਼ਾਂਹੀ ਕੈਲੰਡਰ ਰਿਹਾ ਹੋਵੇ, ਭਾਵੇ ਅਖੌਤੀ ਦਸਮ ਗ੍ਰੰਥ ਨਾਮ ਦੀ ਕੂੜ ਕਿਤਾਬ ਦਾ ਹਨੇਰਾ। ਆਰ. ਐਸ. ਐਸ. ਦੇ ਪੁਰਾਨੇ ਚੇਹਰਿਆਂ ਨੂੰ ਸਾਮ੍ਹਣੇ ਨਹੀਂ ਲਿਆਂਦਾ ਗਿਆ, ਪਹਿਲਾਂ ਤੋਂ ਹੀ ਤਿਆਰ ਗੋਟੀਆਂ ਫਿੱਟ ਕਰ ਦਿਤੀਆਂ ਗਈਆਂ। ਕਿਉਂਕਿ ਪੁਰਾਣੇ ਚੇਹਰੇ ਕੌਮ ਵਿੱਚ ਦੁਤਕਾਰੇ ਜਾ ਚੁਕੇ ਸਨ, ਉਨਹਾਂ ਨੂੰ ਕਿਸੇ ਨੇ ਪਰਵਾਨ ਨਹੀਂ ਸੀ ਕਰਣਾ।

ਭੋਲਿਉ ! ਭੇਡਾਂ ਦੀ ਤਰ੍ਹਾਂ ਉਸ ਅਖੌਤੀ ਸਰਬੱਤ ਖਾਲਸੇ ਦੇ ਬੁਲਾਵੇ 'ਤੇ ਤੁਸੀਂ ਆਪਣੀਆਂ ਹੀ ਕਬਰਾਂ ਖੋਦਣ ਲਈ ਤੁਰ ਪਏ! ਇਹ ਵੀ ਨਾ ਪੁਛਿਆ, ਇਹ ਵੀ ਨਾ ਜਾਂਣਿਆ ਕਿ ਇਹ ਸਰਬੱਤ ਖਾਲਸਾ ਹੈ, ਕਿ ਕੌਮ ਦੇ ਪਿੰਡੇ 'ਤੇ ਨਾਸੂਰ ਬਣ ਚੁਕੇ ਡੇਰੇਦਾਰਾਂ ਅਤੇ ਸਾਧ ਲਾਣੇ ਵਲੋਂ ਖੇਡੀ ਗਈ ਇਕ ਸਾਜਿਸ਼ ? ਜਿਨ੍ਹਾਂ ਡੇਰੇਦਾਰਾਂ ਅਤੇ ਸਾਧਾਂ ਨੂੰ ਤੁਸੀਂ ਆਏ ਦਿਨ ਦੁਤਕਾਰਦੇ ਅਤੇ ਲਾਨ੍ਹਤਾਂ ਪਾਂਦੇ ਨਹੀਂ ਸੀ ਥੱਕਦੇ, ਉਨ੍ਹਾਂ ਦੇ ਫੈਲਾਏ ਜਾਲ ਵਿੱਚ ਹੀ ਬੁਰੀ ਤਰ੍ਹਾਂ ਫਸ ਗਏ!!!

ਸਾਨੂੰ ਗਾਲ੍ਹਾਂ ਕਡ੍ਹਣ ਵਾਲਿਉ ! ਤੁਸਾਂ ਤਾਂ ਕੁਝ ਵੀ ਨਾਂ ਸੋਚਿਆ! ਜਦੋਂ ਪ੍ਰਸ਼ਾਸ਼ਨ ਨੇ ਤੁਹਾਨੂੰ ਉੱਥੇ ਜਾਂਣ ਤੋਂ ਰੋਕਿਆ ਨਹੀਂ। ਤੁਹਾਡੀ ਇਕ ਬੱਸ ਜਾਂ ਇਕ ਕਾਰ ਦੀ ਚੇਕਿੰਗ ਨਹੀਂ ਕੀਤੀ ਗਈ ? ਕੀ ਇਕ ਦਿਨ ਵਿੱਚ ਸਰਕਾਰ ਤੁਹਾਡੀ ਸੱਕੀ ਬਣ ਚੁਕੀ ਸੀ ? ਸ਼ਾਂਤੀ ਪੂਰਕ ਧਰਨਿਆਂ ਤੋਂ ਪ੍ਰਚਾਰਕਾਂ ਨੂੰ ਚੁੱਕ ਕੇ ਲੈ ਜਾਂਣ ਵਾਲੀ ਪੁਲਿਸ, ਤੁਹਾਨੂੰ ਉਥੇ ਜਾਣ ਲਈ ਤੁਹਾਡੇ ਵੱਲ ਵੇਖ ਵੀ ਨਹੀਂ ਸੀ ਰਹੀ। ਫਿਰ ਤੁਸੀਂ ਉਸ ਵੇਲੇ ਵੀ ਕੁੱਝ ਨਹੀਂ ਸਮਝ ਸਕੇ, ਜਦੋਂ ਇੱਕ ਬੁਲਾਰਾ ਬਾਦਲ ਦੇ ਖਿਲਾਫ ਇਕ ਪਰਚਾ ਪੜ੍ਹਨ ਲੱਗਾ, ਤਾਂ ਉਸ ਦਾ ਪਰਚਾ, ਉਸ ਦੇ ਹੱਥੋਂ ਖੋਹ ਲਿਆ ਗਿਆ। ਕੇ.ਪੀ .ਐਸ. ਗਿੱਲ ਤੇ ਬਰਾੜ ਨੂੰ ਜਾਨ ਬੁੱਝ ਕੇ 32 ਵਰ੍ਹੇ ਬਾਅਦ ਅਕਾਲ ਤਖਤ 'ਤੇ ਤਲਬ ਕੀਤਾ ਗਿਆ ਤੁਹਾਡੇ ਜਜਬਾਤਾਂ ਨੂੰ ਕੈਸ਼ ਕਰਣ ਲਈ, ਲੇਕਿਨ ਉਸ ਨਾਲੋਂ ਵੀ ਕੌਮੀ ਨੁਕਸਾਨ ਕਰਣ ਵਾਲੇ, ਗੁਰਬਚਨ ਸਿੰਘ ਅਤੇ ਬਾਦਲਾਂ ਨੂੰ ਅਕਾਲ ਤਖਤ 'ਤੇ ਤਲਬ ਨਹੀਂ ਕੀਤਾ ਗਿਆ, ਕਿਉਂ? ਤੁਹਾਡਾ ਵਿਵੇਕ ਅਤੇ ਬੁੱਧੀ ਉਸ ਵੇਲੇ ਕਿਥੇ ਚਲੀ ਗਈ ਸੀ ? ਫਿਰ ਉਸ ਸਟੇਜ ਤੇ ਭਾਈ ਪੰਥਪ੍ਰੀਤ ਸਿੰਘ, ਢੱਡਰੀਆਂ ਵਾਲੇ ਅਤੇ ਉਹ ਪ੍ਰਚਾਰਕਾਂ ਦੀ ਗੈਰ ਹਾਜਰੀ ਨੇ ਵੀ ਤੁਹਾਡੀ ਸੋਚਣ ਸ਼ਕਤੀ ਨੂੰ ਪੇਰਾਲਾਈਜ ਕਿਉਂ ਕਰ ਦਿਤਾ ਸੀ, ਜਿਨ੍ਹਾਂ ਦੀ ਵਜ੍ਹਾਂ ਨਾਲ ਇਹ ਜਾਗਰੂਕਤਾ ਆਈ ਸੀ। ਇਸ ਕੌਮ ਦਾ ਤੁਹਾਡੇ ਵਰਗੀ ਭੇਡ ਚਾਲ ਚੱਲਣ ਵਾਲਿਆਂ ਦੀ ਸੋਚ ਨਾਲ ਕਦੀ ਭਲਾ ਨਹੀਂ ਹੋਣ ਵਾਲਾ। ਜਿਸ ਨੇ ਬੁਲਾਇਆ, ਲਾਈ ਲੱਗਾਂ ਵਾਂਗ ਉਸਦੇ ਪਿੁੱਛੇ ਤੁਰ ਪਏ ।

ਜਗਤਾਰ ਸਿੰਘ ਹਵਾਰਾ ਦਾ ਨਾਮ ਲੈਂਦਿਆ ਹੀ ਤੁਸੀਂ ਜੈਕਾਰੇ ਛੱਡ ਛੱਡ ਕੇ ਹਲਕਾਨ ਹੋ ਗਏ, ਲੇਕਿਨ ਤੁਹਡੇ ਦਿਮਾਗ ਵਿੱਚ ਇਕ ਵਾਰ ਵੀ ਇਹ ਨਹੀਂ ਆਇਆ ਕਿ ਭਾਈ ਜਗਤਾਰ ਸਿੰਘ ਹਵਾਰਾ ਕੋਲੋਂ ਇਸ ਗੱਲ ਦੀ ਪਰਵਾਨਗੀ ਵੀ ਲਈ ਗਈ ਹੈ ਕਿ ਨਹੀਂ? ਉਹ ਅਕਾਲ ਤਖਤ ਦੇ ਜਥੇਦਾਰ ਬਨਣ ਲਈ ਰਾਜੀ ਵੀ ਹਨ ਕਿ ਨਹੀਂ ? ਉਹ ਜੇਲ ਵਿਚ ਰਹਿ ਕੇ ਵੀ ਕੌਮ ਦੀ ਅਗੁਆਈ ਕਿਸ ਤਰ੍ਹਾਂ ਕਰ ਸਕਦੇ ਹਨ ? ਤੁਹਾਡੀਆਂ ਭਾਵਨਾਵਾਂ ਨੂੰ ਕੈਸ਼ ਕਰਣ ਲਈ ਹੀ ਇਹ ਨਾਟਕ ਕੀਤਾ ਗਿਆ ਸੀ। ਤੁਹਾਡੇ ਜਜਬਾਤਾਂ ਨੂੰ ਉਭਾਰਨ ਲਈ ਹੀ ਭਿੰਡਰਵਾਲਿਆਂ ਅਤੇ ਖਾਲਿਸਤਾਨ ਦੇ ਨਾਅਰੇ ਛੱਡੇ ਗਏ ਸਨ। ਸਿਮਰਨਜੀਤ ਸਿੰਘ ਮਾਨ, ਜਿਸ ਖਾਲਿਸਤਾਨ ਦਾ ਨਕਸ਼ਾ 32 ਸਾਲਾਂ ਵਿੱਚ ਨਹੀਂ ਬਣਾਂ ਸਕੇ, ਉਨਹਾਂ ਨੇ ਖਾਲਿਸਤਾਨ ਕੀ ਬਨਾਉਣਾਂ ਹੈ ? ਖਾਲਿਸਤਾਨ ਦੇ ਨਾਮ 'ਤੇ ਹੋਰ ਕਦੋਂ ਤਕ ਮੂਰਖ ਬਣਦੇ ਰਹੋਗੇ? ਮੂਲ ਨਾਨਕਸ਼ਾਹੀ ਕੈਲੰਡਰ ਬਾਰੇ ਸਿਰਫ ਇਨ੍ਹਾਂ ਹੀ ਕਹਿਆ ਗਿਆ ਕਿ ਉਸ ਬਾਰੇ ਵਿਚਾਰ ਕੀਤਾ ਜਾਵੇਗਾ। ਮੂਲ ਨਾਨਕਸ਼ਾਹੀ ਕੈਲੰਡਰ ਬਹਾਲ ਕਿਉਂ ਨਹੀਂ ਕਿਤਾ ਗਿਆ ? ਭੋਲਿਉ! ਕਦੀ ਆਰ.ਐਸ.ਐਸ ਵੀ ਚਾਹੇਗਾ ਕਿ ਤੁਹਾਡਾ ਆਪਣਾ ਨਾਨਕਸ਼ਾਹੀ ਕੈਲੰਡਰ ਲਾਗੂ ਹੋ ਜਾਏ ਜਾਂ ਅਖੌਤੀ ਦਸਮ ਗ੍ਰੰਥ ਨਾਮ ਦੀ ਕੂੜ ਕਿਤਾਬ ਦਾ ਭੋਗ ਪੈ ਜਾਵੇ ? ਇਹ ਗੱਲਾਂ ਤਾਂ ਸਿਰਫ ਕੌਮ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਹੀ ਕਿਤੀਆਂ ਗਈਆਂ। ਹੋਰ ਕੀ ਸੀ ਨਵਾਂ ਇਸ ਅਖੌਤੀ ਸਰਬੱਤ ਖਾਲਸਾ ਵਿੱਚ ?

ਅਮਰੀਕਾ ਤੋਂ ਆਏ ਵਿਦਵਾਨਾਂ ਅਤੇ ਹੋਰ ਬੁੱਧੀਜੀਵੀਆਂ ਨੂੰ ਕਿਉਂ ਨਹੀਂ ਬੋਲਣ ਦਿੱਤਾ ਗਿਆ ? ਕੀ ਉਹ ਇੱਨੀ ਦੂਰੋਂ ਤੁਹਾਡੇ ਵਾਂਗ, ਆਰ.ਐਸ.ਐਸ ਦਾ ਸਪਾਂਸਰਡ, ਇਹ ਤਮਾਸ਼ਾ ਵੇਖਣ ਆਏ ਸਨ ? ਉਨ੍ਹਾਂ ਦੇ ਇੰਟਰਵਿਉ ਨੂੰ ਵੇਖ ਕੇ ਲਗਦਾ ਸੀ ਕਿ ਜੇ ਇਹੋ ਜਿਹੇ ਵਿਦਵਾਨ ਕੌਮ ਦੀ ਚੜ੍ਹਦੀਕਲਾ ਲਈ ਅੱਗੇ ਆ ਜਾਂਣ ਤਾਂ ਕੌਮ ਦਾ ਭਲਾ ਹੋ ਸਕਦਾ ਹੈ। ਲੇਕਿਨ ਅਫਸੋਸ ਕਿ ਐਸੇ ਬੁੱਧੀਜੀਵੀਆਂ ਨੂੰ ਤਾਂ ਬੋਲਣ ਤੱਕ ਨਹੀਂ ਦਿੱਤਾ ਗਿਆ, ਉਨ੍ਹਾਂ ਦੇ ਵਿਚਾਰ ਅਤੇ ਮਤੇ ਸ਼ਾਮਿਲ ਕਰਣਾਂ ਤਾਂ ਦੂਰ ਦੀ ਗੱਲ ਸੀ। ਇਹੋ ਜਹੇ ਵਿਦਵਾਨ ਸਿੱਖਾਂ ਨੂੰ ਆਪ ਹੀ ਅੱਗੇ ਆ ਕੇ ਕੌਮ ਦੀ ਅਗੁਆਈ ਕਰਣੀ ਪੈਣੀ ਹੈ, ਤਾਂ ਹੀ ਕੌਮ ਦਾ ਕੁਝ ਭਲਾ ਹੋ ਸਕਦਾ ਹੈ ।

ਇਹ ਅਖੌਤੀ ਸਰਬਤ ਖਾਲਸਾ, ਆਰ.ਐਸ.ਐਸ ਦੇ ਲੋਕਾਂ ਨੂੰ ਤੁਹਾਡੇ ਉੱਚ ਅਦਾਰਿਆਂ ਅਤੇ ਅਹੁਦਿਆਂ 'ਤੇ ਕਾਬਿਜ ਕਰਾਉਣ ਦੀ ਇਕ ਸੋਚੀ ਸਮਝੀ ਚਾਲ ਤੋਂ ਅਲਾਵਾ ਕੁਝ ਵੀ ਨਹੀਂ ਸੀ। ਜੋ ਕਮ ਉਹ ਪੰਜਾਹ ਵਰ੍ਹੇ ਨਹੀਂ ਸਨ ਕਰ ਸਕਦੇ, ਉਹ ਕਮ ਉਨ੍ਹਾਂ ਨੇ ਇੱਕ ਦਿਨ ਵਿੱਚ, ਤੁਹਾਡੀ ਪਰਵਾਨਗੀ ਨਾਲ ਕਰ ਵਖਾਇਆ। ਉਨ੍ਹਾਂ ਨੇ ਤੁਹਾਡੇ ਧਰਮ ਤੇ ਨਾਨਕਸ਼ਾਹੀ ਕੈਲੰਡਰ ਦੇ ਦੁਸ਼ਮਨਾਂ ਅਤੇ ਪੱਕੇ ਦਸਮ ਗ੍ਰੰਥੀਆਂ ਨੂੰ ਕਾਬਿਜ ਕਰ ਦਿਤਾ ਹੈ, ਜਿਨ੍ਹਾਂ ਨੂੰ ਤੁਸੀਂ ਹੱਥ ਖੜੇ ਕਰਕੇ ਸਵੀਕਾਰ ਵੀ ਕਰ ਲਿਆ ਹੈ। ਹੁਣ ਜੇ ਸਾਡੇ ਵਰਗਾ ਕੋਈ ਕੱਲ ਨੂੰ ਇਹ ਕਹੇ, ਕਿ ਦਾਦੂਵਾਲ ਵਰਗਾ ਜਥੇਦਾਰ ਸਾਨੂੰ ਸਵੀਕਾਰ ਨਹੀ ਤਾਂ, ਤੁਹਾਡੇ ਵਰਗਿਆਂ ਨੇ ਹੀ ਸਾਨੂੰ ਗਾਲ੍ਹਾਂ ਕੱਢ ਕੱਢ ਕੇ ਇਹ ਕਹਿਣਾਂ ਹੈ ਕਿ, "ਟੰਗ ਖਿਚੱਣ ਵਾਲਿਉ, ਤੁਸੀਂ ਸਰਬੱਤ ਖਾਲਸਾ ਦੇ ਫੈਸਲੇ ਨਾਲੋਂ ਵੀ ਉੱਚੇ ਹੋ ਗਏ ? ਪਹਿਲਾਂ ਅਕਾਲ ਤਖਤ ਤੋਂ ਜਾਰੀ ਹੁਕਮਨਾਮਿਆਂ ਤੋਂ ਬਾਗੀ ਹੂੰਦੇ ਸੀ, ਹੁਣ ਤੁਸੀਂ ਸਰਬੱਤ ਖਾਲਸਾ ਨਾਲੋਂ ਵੀ ਉੱਚੇ ਹੋ ਗਏ।

ਖਾਲਸਾ ਜੀ ! ਦੁਸ਼ਮਨ ਦੇ ਬਣਾਏ ਜਾਲ ਵਿੱਚ ਤੁਸੀਂ ਹੁਣ ਇੱਕ ਮੱਛੀ ਦੀ ਤਰ੍ਹਾਂ ਫਸ ਚੁਕੇ ਹੋ, ਜਿਸ ਵਿੱਚੋ ਨਿਕਲਨਾਂ ਹੁਣ ਇੱਨਾਂ ਆਸਾਨ ਨਹੀਂ। ਇਨ੍ਹਾਂ ਕੌਮ ਦੇ ਦੁਸ਼ਮਨਾਂ ਅਤੇ ਚੌਧਰ ਦੇ ਭੁੱਖੇ ਲੋਕਾਂ ਨੇ ਆਪਣੀ ਇੱਕ ਬਦਨਾਮ "ਅ" ਟੀਮ ਦੀ ਥਾਂਵੇ ਦੂਜੀ "ਬੀ" ਟੀਮ ਨੂੰ ਫਿੱਟ ਕਰਣ ਦੀ ਤੁਹਾਡੇ ਨਾਲ ਇਕ ਬਹੁਤ ਵਡੀ ਖੇਡ ਖੇਡੀ ਹੈ। ਭਵਿਖ ਵਿੱਚ ਇਸ ਤੋਂ ਵੱਧ ਨਮੋਸ਼ੀਆਂ ਅਤੇ ਨਿਘਾਰ ਦੀਆਂ ਕਾਲੀਆਂ ਬੋਲੀਆਂ ਰਾਤਾਂ ਦੀ ਖਮੋਸ਼ੀ ਝੱਲਣ ਲਈ ਤਿਆਰ ਹੋ ਜਾਉ !


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top