Share on Facebook

Main News Page

ਸਰਬੱਤ ਖਾਲਸਾ ਕੋਲ ਕੋਈ ਅਧਿਕਾਰ ਨਹੀਂ ਹੈ ਕਿ ਉਹ ਉਨ੍ਹਾਂ ਨੂੰ ਤਨਖਾਹੀਆ ਕਰਾਰ ਦੇਣ
-: ਕੇ.ਪੀ.ਐੱਸ. ਗਿੱਲ

ਚੰਡੀਗੜ੍ਹ- ਸਰਬੱਤ ਖਾਲਸਾ ਦੇ ਵਿਰੋਧ 'ਚ ਉੱਤਰੇ ਪੰਜਾਬ ਪੁਲਸ ਦੇ ਸਾਬਕਾ ਮੁਖੀ ਕੇ. ਪੀ. ਐੱਸ. ਗਿੱਲ ਦਾ ਕਹਿਣਾ ਹੈ ਕਿ ਸਰਬੱਤ ਖਾਲਸਾ ਨੂੰ ਜੱਥੇਦਾਰ ਨਿਯੁਕਤ ਕਰਨ ਦਾ ਕੋਈ ਅਧਿਕਾਰੀ ਨਹੀਂ ਹੈ। ਸਰਬੱਤ ਖਾਲਸਾ ਵਲੋਂ ਕੇ. ਪੀ. ਐੱਸ. ਗਿੱਲ ਅਤੇ ਕਮਾਂਡਰ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ (ਰਿਟਾਇਰਡ) ਨੂੰ ਤਨਖਾਹੀ ਐਲਾਨ ਦਿੱਤਾ ਗਿਆ ਸੀ। ਇਸ ਕਾਰਨ ਉਨ੍ਹਾਂ ਦਾ ਇਹ ਬਿਆਨ ਹੋਰ ਵੀ ਅਹਿਮ ਹੋ ਜਾਂਦਾ ਹੈ। ਗਿੱਲ ਨੇ ਕਿਹਾ ਕਿ ਸਰਬੱਤ ਖਾਲਸਾ ਕੋਲ ਕੋਈ ਅਧਿਕਾਰ ਨਹੀਂ ਹੈ ਕਿ ਉਹ ਉਨ੍ਹਾਂ ਨੂੰ ਤਨਖਾਹੀਆ ਕਰਾਰ ਦੇਣ ਅਤੇ ਸ੍ਰੀ ਅਕਾਲ ਤਖਤ ਦੇ ਸਾਹਮਣੇ ਤਲਬ ਕਰਨ।

ਪੱਤਰਕਾਰ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਗਿੱਲ ਨੇ ਕਿਹਾ ਕਿ ਉਹ ਕੌਣ ਹੁੰਦੇ ਹਨ ਉਨ੍ਹਾਂ ਨੂੰ ਅਪਰਾਧੀ ਘੋਸ਼ਿਤ ਕਰਨ ਵਾਲੇ। ਉਨ੍ਹਾਂ ਨੇ ਕਿਹਾ ਕਿ ਸਰਬੱਤ ਖਾਲਸਾ ਧਰਮ ਦੇ ਨਾਂ 'ਤੇ ਇਸ ਤਰ੍ਹਾਂ ਕਰ ਰਹੇ ਹਨ। ਉਨ੍ਹਾਂ ਨੂੰ 20 ਨਵੰਬਰ ਤੱਕ ਸ੍ਰੀ ਅਕਾਲ ਤਖਤ ਸਾਹਮਣੇ ਤਲਬ ਹੋਣ ਦੇ ਨਿਰਦੇਸ਼ ਦਿੱਤੇ ਗਏ ਸਨ।

ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਨੇੜਲੇ ਪਿੰਡ ਚੱਬਾ ਵਿਖੇ ਹੋਏ ਸਰਬੱਤ ਖਾਲਸਾ 'ਚ ਲੱਖਾਂ ਦੀ ਗਿਣਤੀ ਵਿਚ ਸੰਗਤ ਇਕੱਠੀ ਹੋਈ, ਜਿਸ ਵਿਚ 13 ਮਤੇ ਪਾਸ ਕੀਤੇ ਗਏ ਹਨ।


ਟਿੱਪਣੀ:

ਹੈਰਾਨੀ ਵਾਲੀ ਗੱਲ ਹੈ ਕਿ ਜਿਨ੍ਹਾਂ ਨਿਰਲੱਜ ਲੋਕਾਂ ਨੇ ਸਿੱਖਾਂ ਦੀ ਜਵਾਨੀ ਦਾ ਘਾਣ ਕੀਤਾ, ਉਨ੍ਹਾਂ ਨੂੰ ਤਲਬ ਕਰਣ ਦਾ ਮਤਾ, ਆਖੇ ਜਾਂਦੇ ਸਰਬੱਤ ਖ਼ਾਲਸਾ 'ਚ ਕੀਤਾ ਗਿਆ!!! ਕੀ ਕੇ. ਪੀ. ਐੱਸ. ਗਿੱਲ ਅਤੇ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ (ਰਿਟਾਇਰਡ), ਸਿੱਖ ਅਖਵਾਉਣ ਦੇ ਹੱਕਦਾਰ ਹਨ? ਜੇ ਉਹ ਸਿੱਖ ਹੀ ਨਹੀਂ, ਤਾਂ ਉਨ੍ਹਾਂ ਤਲਬ ਕਰਣ ਦਾ ਕੀ ਮਤਲਬ? ਜੇ ਮੰਨ ਲਿਆ ਜਾਵੇ ਕਿ ਉਹ ਆ ਜਾਣ (ਜਿਸਦੀ -1% ਵੀ ਉਮੀਦ ਨਹੀਂ) ਫਿਰ ਕੀ ਉਨ੍ਹਾਂ ਨੂੰ ਤਨਖ੍ਹਾ ਲਗਾਕੇ, ਜਿਸ ਤਰ੍ਹਾਂ ਦੀ "ਸਜ਼ਾ" ਦਿੱਤੀ ਜਾਂਦੀ ਹੈ ਅਖੰਡ ਪਾਠ ਕਰਵਾਉਣ ਦੀ, ਕੀਰਤਨ ਸੁਣਨ ਦੀ, ਪ੍ਰਸ਼ਾਦ ਕਰਵਾਉਣ ਦੀ, ਜੋੜੇ ਸਾਫ ਕਰਨ ਦੀ.... ਫਿਰ ਕੀ ਉਨ੍ਹਾਂ ਨੂੰ ਮੁਆਫ ਕਰ ਦਿੱਤਾ ਜਾਵੇਗਾ? ਵਾਹ !!! ਕਿਆ ਬਾਤ ਹੈ... ਜੋ ਮਰਜ਼ੀ ਕਰੋ, ਤਨਖਾਹ ਲਵਾਵੋ, "ਸਜ਼ਾ" ਪੂਰੀ ਕਰੋ, ਤੇ ਸਭ ਠੱਗੀਆਂ, ਚੋਰੀਆਂ, ਕਤਲ... ਸਭ ਮੁਆਫ...

ਇਨ੍ਹਾਂ ਦੋਵਾਂ ਦਾ ਹਸ਼ਰ ਤਾਂ, ਸਿੱਖ ਸੰਗਤਾਂ ਹਵਾਲੇ ਕਰਕੇ ਗੱਦਾਫੀ ਵਾਲਾ ਹੋਣਾ ਚਾਹੀਦਾ ਹੈ... ਤੇ ਮਾਨ ਹੋਰੀਂ ਆਪਣੇ ਲਿਫਾਫੇ ਜੱਥੇਦਾਰਾਂ ਕੋਲੋਂ ਮੁਆਫ ਕਰਵਾਉਣਾ ਚਾਹੁੰਦੇ ਹਨ... ਵਾਹ!!! ਇਹ ਤਾਂ ਬਾਦਲ ਦੇ ਪੱਪੂਆਂ ਨਾਲੋਂ ਵੀ ਦੋ ਕਦਮ ਅੱਗੇ... ਉਨ੍ਹਾਂ ਤਾਂ ਸੌਦਾ ਸਾਧ ਨੂੰ ਮੁਆਫ ਕੀਤਾ, ਇਹ ਸਿੱਖਾਂ ਦੇ ਕਾਤਲਾਂ ਨੂੰ ਮੁਆਫ ਕਰਨਾ ਚਾਹੁੰਦਾ ਹੈ... ਹੁਣ ਦੱਸੋ ਕੀ ਫਰਕ ਹੈ ਬਾਦਲ ਤੇ ਮਾਨ ਵਿੱਚ...

ਬਹੁਤੇ ਲੋਕਾਂ ਦਾ ਇਹ ਕਹਿਣਾ ਹੈ ਕਿ ਉਥੇ ਪੰਜ ਲੱਖ ਬੰਦਾ ਗਿਆ, ਉਹ ਪਾਗਲ ਹਨ, ਤੇ ਤੁਸੀਂ ਸਿਆਣੇ ਹੋ? ਓ ਭਲਿਓ, 5 ਲੱਖ ਬੰਦਾ ਮਾਨ ਤੇ ਉਸਦੀ ਡੋਗਰਾ ਜੁੰਡਲੀ ਲਈ ਨਹੀਂ ਗਿਆ, ਗੁਰੂ ਗ੍ਰਥ ਸਾਹਿਬ ਦੀ ਬੇਅਦਬੀ ਕਾਰਣ ਇੱਕਠਾ ਹੋਇਆ। ਮਾਨ ਦਾ ਤਾਂ ਐਨਾ ਇਕੱਠ ਦੇਖ ਕੇ ਹੀ ਸਿਰ ਚਕਰਾ ਗਿਆ, ਇਸੇ ਲਈ ਉੱਠ ਕੇ ਜਾਣਾ ਪਿਆ, ਉਹਨੇ ਐਨਾ ਇਕੱਠ ਜ਼ਿੰਦਗੀ 'ਚ ਪਹਿਲੀ ਵਾਰ ਦੇਖਿਆ, ਤੇ ਭਰਮ ਪੈ ਗਿਆ, ਖੌਰੇ ਮੇਰੇ ਕਰਕੇ ਐਨਾ ਕੱਠ ਹੋਇਆ...

ਪਿਛਲੇ ਕਈ ਦਿਨਾਂ ਤੋਂ ਲੋਕਾਂ ਨੇ ਸਾਨੂੰ ਗਾਹਲਾਂ ਕੱਡਣ ਦਾ ਰਿਕਾਰਡ ਕਾਇਮ ਕੀਤਾ ਹੈ... ਪਰ ਸਾਨੂੰ ਕੋਈ ਫਰਕ ਨਹੀਂ... ਬਹੁਤੇ ਸਿੱਖਾਂ ਨੂੰ ਜਦੋਂ ਸੱਭ ਕੁੱਝ ਲੁੱਟਿਆ ਜਾਂਦਾ ਹੈ, ਫਿਰ ਜਾਗ ਆਉਂਦੀ ਹੈ... ਇਹੀ ਸਿੱਖ ਅਖਵਾਉਣ ਵਾਲੇ, ਪਿਛਲੇ ਸਮੇਂ 'ਚ ਬਾਦਲ ਦੇ ਪੱਪੂਆਂ ਨੂੰ ਵੀ "ਰੱਬ" ਹੀ ਸਮਝਦੇ ਸੀ, ਹੁਣ ਉਨ੍ਹਾਂ ਦੀ ਅਸਲੀਅਤ ਦੇਰ ਬਾਅਦ ਪਤਾ ਚਲਣ 'ਤੇ ਉਨ੍ਹਾਂ ਬੋਲਣ ਵੀ ਨਹੀਂ ਦਿੰਦੇ... ਕਿਉਂ ਭਾਈ? ਮਾਨ ਦੇ ਝਪੂਆਂ (ਮੰਡ, ਦਾਦੂਵਾਲ, ਅਜਨਾਲਾ) ਦੀ ਅਸਲੀਅਤ ਵੀ ਇਨ੍ਹਾਂ ਨੂੰ ਦੇਰ ਬਾਅਦ ਹੀ ਪਤਾ ਚੱਲਣੀ ਹੈ... ਫਿਰ ਅੱਖਾਂ 'ਚ ਘਸੁੰਨ ਦੇ ਕੇ ਰੋਇਓ!!!

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top