Share on Facebook

Main News Page

ਸਰਬੱਤ ਖਾਲਸਾ ਸਮਾਗਮ ਨੂੰ ਕਾਮਯਾਬ ਕਰਨ ਲਈ ਸਿਰਸੇ ਵਾਲੇ ਬਾਬੇ ਨੇ ਵੀ ਰੋਲ ਅਦਾ ਕੀਤਾ

ਅੰਮ੍ਰਿਤਸਰ 13 ਨਵੰਬਰ (ਜਸਬੀਰ ਸਿੰਘ ਪੱਟੀ): ਸਰਬੱਤ ਖਾਲਸਾ ਦੇ ਨਾਮ ਹੇਠ ਹੋਏ ਪੰਥਕ ਇਕੱਠ ਦੇ ਸਮਾਗਮ ਨੂੰ ਲੈ ਕੋ ਭਾਂਵੇ ਪ੍ਰਬੰਧਕਾਂ ਵਿੱਚ ਲੱਖਾਂ ਦੇ ਇਕੱਠ ਨੂੰ ਵੇਖ ਕੇ ਭਾਰੀ ਖੁਸ਼ੀ ਤੇ ਪ੍ਰਸੰਨਤਾ ਪਾਈ ਜਾ ਰਹੀ ਹੈ, ਪਰ ਉਹਨਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਇਕੱਠ ਉਹਨਾਂ ਦੇ ਯਤਨਾਂ ਨਾਲ ਨਹੀਂ ਸਗੋ ਸ੍ਰੀ ਗੁਰੂ ਗਰੰਥ ਸਾਹਿਬ ਦੀ ਹੋ ਰਹੀ ਬੇਅਦਬੀ ਨੂੰ ਲੈ ਕੇ ਸਰਕਾਰ ਦੇ ਖਿਲਾਫ ਰੋਸ ਦਾ ਇਕੱਠ ਸੀ, ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਸ ਇਕੱਠ ਵਿੱਚ ਸ਼ਾਮਲ ਹੋਏ ਲੋਕਾਂ ਨੂੰ ਪ੍ਰਬੰਧਕ ਗੁਰੂ ਸਾਹਿਬ ਦੀ ਹੋ ਰਹੀ ਬੇਅਦਬੀ ਨੂੰ ਰੋਕਣ ਲਈ ਕੋਈ ਵੀ ਉਸਾਰੂ ਪ੍ਰੋਗਰਾਮ ਨਹੀਂ ਦੇ ਸਕੇ ਅਤੇ ਤਖਤਾਂ ਦੇ ਜਥੇਦਾਰ ਉਸੇ ਤਰ੍ਹਾਂ ਹੀ ਠੋਸੇ ਗਏ ਹਨ, ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਚੰਡੀਗੜ ਤੋਂ ਆਏ ਹੁਕਮਾਂ ਮੁਤਾਬਕ ਠੋਸਣ ਦਾ ਕਾਰਜ ਕਰਦੀ ਹੈ

ਇਸ ਪੰਥਕ ਇਕੱਠ ਦਾ ਜੇਕਰ ਸਹੀ ਢੰਗ ਨਾਲ ਮੁਲੰਕਣ ਕੀਤਾ ਜਾਵੇ, ਤਾਂ ਇਸ ਇਕੱਠ ਵਿੱਚ ਸਿਰਸੇ ਵਾਲੇ ਗੁਰਮੀਤ ਰਾਮ ਰਹੀਮ ਸਿੰਘ ਦੇ ਚੋਲਿਆਂ ਨੇ ਵੀ ਵੱਡੀ ਗਿਣਤੀ ਵਿੱਚ ਭਾਗ ਲੈਣ ਦੀ ਚਰਚਾ ਪਾਈ ਜਾ ਰਹੀ ਹੈ, ਜਿਹੜੇ ਸਿਰਫ ਕਿਸੇ ਵੱਡੀ ਸਿਆਸੀ ਧਿਰ ਦੇ ਇਸ਼ਾਰਿਆਂ ‘ਤੇ ਇਸ ਇਕੱਠ ਵਿੱਚ ਸ਼ਾਮਲ ਹੋਏ ਸਨ। ਇਸ ਇਕੱਠ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ 500 ਦੇ ਕਰੀਬ ਜਥੇਬੰਦੀਆਂ ਨੇ ਭਾਗ ਲਿਆ, ਜਦ ਕਿ ਕਿਸੇ ਵੀ ਬੁਲਾਰੇ ਨੂੰ ਆਪਣੀ ਗੱਲ ਕਹਿਣ ਦਾ ਸਹੀ ਢੰਗ ਨਾਲ ਮੌਕਾ ਨਹੀਂ ਦਿੱਤਾ ਗਿਆ ਤੇ ਸਿਰਫ ਇੱਕ ਮਿੰਟ ਲਈ ਹਾਜ਼ਰੀ ਲਗਾਉਣ ਦਾ ਹੀ ਸਮਾਂ ਦਿੱਤਾ ਗਿਆ। ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਜਗਦੀਸ਼ ਸਿੰਘ ਝੀਡਾ ਨੇ ਜਦੋ ਇੱਕ ਮਿੰਟ ਤੋਂ ਵੱਧ ਸਮਾਂ ਲੈ ਕੇ ਹਾਲੇ ਆਪਣੀ ਗੱਲ ਪੂਰੀ ਹੀ ਨਹੀਂ ਕੀਤੀ ਸੀ ਕਿ ਸਟੇਜ ਸਕੱਤਰ ਸ੍ਰ ਸਤਨਾਮ ਸਿੰਘ ਮਨਾਵਾਂ ਨੇ ਉਹਨਾਂ ਕੋਲੋ ਮਾਈਕ ਜਬਰੀ ਖੋਹ ਲਿਆ। ਇਸ ਇਕੱਠ ਦੀ ਇਹ ਵੀ ਵਿਡੰਬਨਾ ਰਹੀ ਕਿ ਇੱਕ ਵੀ ਬੁੱਧੀਜੀਵੀ ਵਰਗ ਦਾ ਬੰਦਾ ਇਸ ਵਿੱਚ ਸ਼ਾਮਲ ਨਹੀਂ ਹੋਇਆ ਸਗੋ ਇਸ ਵਰਗ ਨੇ ਪੂਰੀ ਤਰ੍ਹਾਂ ਦੂਰੀ ਬਣਾਈ ਰੱਖੀ। ਬੁੱਧੀਜੀਵੀ ਵਰਗ ਕਿਸੇ ਵੀ ਕੌਮ ਦੇ ਨਿਰਮਾਤਾ ਹੁੰਦੇ ਹਨ ਅਤੇ ਬੁੱਧੀਜੀਵੀ ਵਰਗ ਦੀ ਅਜਿਹੇ ਇਕੱਠ ਵਿੱਚ ਸ਼ਮੂਲੀਅਤ ਜ਼ਰੂਰੀ ਹੋਣੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਵਿਚਾਰਾ ਨਾਲ ਪੰਥ ਨੂੰ ਹੀ ਸੇਧ ਦੇ ਸਕਣ। ਇਥੋ ਤੱਕ ਕਿ ਕੋਈ ਵੀ ਸਾਬਕਾ ਜਥੇਦਾਰ ਵੀ ਇਸ ਇਕੱਠ ਵਿੱਚ ਸ਼ਾਮਲ ਨਹੀਂ ਹੋਇਆ। ਪੰਥ ਦੀਆਂ ਪ੍ਰਮੁੱਖ ਜਥੇਬੰਦੀਆਂ ਨੇ ਇਸ ਇਕੱਠ ਤੋਂ ਦੂਰੀ ਬਣਾਈ ਰੱਖੀ ਤੇ ਇਹ ਇਕੱਠ ਨਿਰੋਲ ਪੰਜਾਬ ਦੀ ਹਾਕਮ ਧਿਰ ਦੇ ਵਿਰੋਧੀਆਂ ਦੇ ਇੱਕ ਧੜੇ ਦਾ ਬਣ ਕੇ ਰਹਿ ਗਿਆ।

ਇਸ ਇਕੱਠ ਵਿੱਚ ਕਰੀਬ 75 ਫੀਸਦੀ ਲੋਕ ਮਾਲਵਾ ਖੇਤਰ ਵਿੱਚੋ ਸ਼ਾਮਲ ਹੋਏ ਸਨ ਤੇ ਸਿਵਲ ਕੱਪੜਿਆਂ ਵਿੱਚ ਵੱਡੀ ਪੱਧਰ 'ਤੇ ਪੁਲੀਸ ਵੀ ਸ਼ਾਮਲ ਸੀ। ਮਾਲਵੇ ਦੇ ਖੇਤਰ ਵਿੱਚ ਸਿਰਸੇ ਵਾਲੇ ਬਾਬੇ ਗੁਰਮੀਤ ਰਾਮ ਰਹੀਮ ਸਿੰਘ ਦਾ ਬਹੁਤ ਵੱਡਾ ਬੋਲਬਾਲਾ ਹੈ ਤੇ ਉਸ ਦੇ ਕਾਫੀ ਹੱਦ ਤੱਕ ਵੋਟਰ ਤੇ ਸਪੋਰਟਰ ਵੀ ਇਸੇ ਖੇਤਰ ਵਿੱਚ ਹਨ। ਅੱਜ ਕਲ ਸਿਰਸੇ ਵਾਲੇ ਬਾਬੇ ਦੀ ਭਾਜਪਾ ਨਾਲ ਕਾਫੀ ਚਾਲ ਮਿਲਦੀ ਹੈ ਤੇ ਪਿਛਲੇ ਸਮੇਂ ਦੌਰਾਨ ਉਸ ਨੇ ਹਰਿਆਣਾ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਨੰਗੇ ਚਿੱਟੇ ਹੋ ਕੇ ਭਾਜਪਾ ਦੀ ਮਦਦ ਕੀਤੀ ਸੀ ਤੇ ਦਿੱਲੀ ਵਿੱਚ ਵੀ ਆਪਣੇ ਚੇਲਿਆਂ ਨੂੰ ਭਾਜਪਾ ਨੂੰ ਵੋਟਾਂ ਪਾਉਣ ਦਾ ਸੰਦੇਸ਼ ਭੇਜਿਆ ਸੀ। ਲੋਕ ਸਭਾ ਚੋਣਾਂ ਦੌਰਾਨ ਵੀ ਉਸਨੇ ਮੋਦੀ ਦੀ ਹੀ ਮਦਦ ਕੀਤੀ ਸੀ। ਪੰਜਾਬ ਵਿੱਚ ਅਕਾਲੀ- ਭਾਜਪਾ ਗਠਜੋੜ ਵਿੱਚ ਇਸ ਵੇਲੇ ਠੰਡੀ ਜੰਗ ਚੱਲ ਰਹੀ ਹੈ। ਨਗਰ ਨਿਗਮ ਚੋਣਾਂ ਵਿੱਚ ਅਕਾਲੀ ਦਲ ਦੇ ਮਾਝੇ ਦੇ ਜਰਨੈਲ ਰਹੇ ਬਿਕਰਮ ਸਿੰਘ ਮਜੀਠੀਆ ਨੇ ਅਜ਼ਾਦ ਅਕਾਲੀ ਖੜੇ ਕਰਕੇ ਭਾਜਪਾ ਦੇ ਉਮੀਦਵਾਰਾਂ ਨੂੰ ਹਰਾਉਣ ਵਿੱਚ ਪੂਰੀ ਕੋਸ਼ਿਸ਼ ਕੀਤੀ ਸੀ ਅਤੇ ਕੁਝ ਹੱਦ ਤੱਕ ਉਸ ਨੂੰ ਸਫਲਤਾ ਵੀ ਮਿਲੀ ਸੀ।

ਇਸੇ ਤਰ੍ਹਾਂ ਫਰਵਰੀ 2015 ਵਿੱਚ ਜਦੋਂ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਅੰਮ੍ਰਿਤਸਰ ਵਿੱਚ ਰੈਲੀ ਰੱਖੀ ਗਈ ਸੀ ਤਾਂ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਵੀ ਬਰਾਬਰ ਦੀ ਰੈਲੀ ਰੱਖ ਲਈ ਸੀ। ਭਾਜਪਾ ਨੇ ਸਿਆਸੀ ਗਿਣਤੀ ਮਿਣਤੀ ਕਰਕੇ ਜਦੋ ਇਹ ਮਹਿਸੂਸ ਕੀਤਾ ਕਿ ਅਕਾਲੀ ਕੈਪਟਨ ਵੱਲ ਨੂੰ ਝੁਕਾ ਰੱਖਦੇ ਸਨ ਤਾਂ ਭਾਜਪਾ ਨੂੰ ਰੈਲੀ ਰੱਦ ਕਰਨੀ ਪਈ ਸੀ। ਕੈਪਟਨ ਦੀ ਰੈਲੀ ਨੂੰ ਕਾਮਯਾਬ ਕਰਨ ਲਈ ਅਕਾਲੀਆ ਨੇ ਜਿਥੇ ਵੱਡੀ ਪੱਧਰ ਤੇ ਪਿੰਡਾਂ ਵਿੱਚੋ ਲੋਕ ਭੇਜੇ ਉਥੇ ਪੁਲੀਸ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਕਿਸੇ ਵੀ ਸੜਕ ਤੇ ਜਾਮ ਨਹੀਂ ਲੱਗਣਾ ਚਾਹੀਦਾ ਤਾਂ ਕਿ ਰੈਲੀ ਵਿੱਚ ਵੱਡੀ ਪੱਧਰ ਤੇ ਲੋਕ ਸ਼ਾਮਲ ਹੋ ਸਕਣ। ਕੈਪਟਨ ਨੇ ਇਸ ਅਹਿਸਾਨ ਦਾ ਬਦਲਾ ਉਸ ਵੇਲੇ ਚੁਕਾਇਆ ਜਦੋਂ ਮਜੀਠੀਏ ਵਿਰੁੱਧ ਚੱਲਦੀ ਨਸ਼ਿਆ ਦੀ ਸਮੱਗਲਿੰਗ ਦੀ ਪੁੱਛ ਪੜਤਾਲ ਨੂੰ ਸੀ.ਬੀ.ਆਈ ਨੂੰ ਦੇਣ ਦਾ ਵਿਰੋਧ ਕਰਦਿਆ ਕਿਹਾ ਕਿ ਮਜੀਠੀਏ ਦੇ ਪੁੱਛ ਪੜਤਾਲ ਪੁਲੀਸ ਸਹੀ ਢੰਗ ਨਾਲ ਕਰ ਰਹੀ ਹੈ ਤੇ ਸੀ.ਬੀ.ਆਈ ਨੂੰ ਇਹ ਕੇਸ ਦੇਣ ਦੀ ਲੋੜ ਨਹੀਂ ਹੈ ਜਦ ਕਿ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਵਿਰੋਧੀ ਧਿਰਾਂ ਸੀ.ਬੀ.ਆਈ ਨੂੰ ਜਾਂਚ ਦੇਣ ਦੀ ਮੰਗ ਕਰ ਰਹੇ ਸਨ।

ਬਾਣੀਆ ਬੁੱਧੀ ਰੱਖਣ ਵਾਲੀ ਭਾਜਪਾ ਜਿਹੜੀ ਵਿਉਤਬੰਦੀ ਕਰਕੇ ਹੀ ਸਾਰੇ ਪ੍ਰੋਗਰਾਮ ਉਲੀਕਦੀ ਹੈ ਨੇ ਸਿਰਸੇ ਵਾਲੇ ਬਾਬੇ ਨੂੰ ਆਪਣੇ ਚੇਲੇ ਵੱਡੀ ਗਿਣਤੀ ਵਿੱਚ ਸਰਬੱਤ ਖਾਲਸਾ ਦੇ ਇਕੱਠ ਵਿੱਚ ਭੇਜਣ ਲਈ ਕਿਹਾ ਜਾ ਰਿਹਾ ਹੈ। ਸਿਰਸੇ ਵਾਲਾ ਬਾਬਾ ਜਿਹੜਾ ਪਹਿਲਾ ਹੀ ਬਾਦਲਕਿਆਂ ਦੇ ਖਿਲਾਫ ਸੀ, ਜਿਸ ਨੂੰ ਪਹਿਲਾਂ ਅਕਾਲ ਤਖਤ ਤੋਂ ਮੁਆਫੀ ਦਿੱਤੇ ਜਾਣ ਤੇ ਫਿਰ ਉਸ ਨੂੰ ਰੱਦ ਕਰਨ ਦੇ ਕਾਰਨ ਭਰਿਆ ਪੀਤਾ ਸੀ ਨੇ ਵੱਡੀ ਗਿਣਤੀ ਵਿੱਚ ਆਪਣੇ ਚੇਲੇ ਸਰਬੱਤ ਖਾਲਸਾ ਦੇ ਸਮਾਗਮ ਵਿੱਚ ਭੇਜ ਕਰਕੇ ਸਾਬਤ ਕਰ ਦਿੱਤਾ ਕਿ ਉਹ ਕੋਈ ਆਮ ਵਿਅਕਤੀ ਨਹੀਂ ਹੈ ਅਤੇ ਭਾਜਪਾ ਦਾ ਵਫਾਦਾਰ ਸਿਪਾਹੀ ਹੈ। ਮਾਲਵੇ ਦੇ ਖੇਤਰ ਵਿੱਚ ਬਹੁਤ ਸਾਰੇ ਸਿੱਖ ਸੌਦਾ ਸਾਧ ਦੇ ਚੇਲੇ ਹਨ ਜਿਹਨਾਂ ਵਿੱਚ ਅੰਮ੍ਰਿਤਧਾਰੀ ਵੀ ਸ਼ਾਮਲ ਹਨ। ਭਾਜਪਾ ਦੀ ਪੂਰੇ ਸਰਬੱਤ ਖਾਲਸਾ ਦੇ ਸਮਾਗਮ ਵਿੱਚ ਕੋਈ ਵੀ ਸਖਤ ਬਿਆਨਬਾਜੀ ਨਾ ਆਉਣੀ ਸਾਬਤ ਕਰਦੀ ਹੈ ਕਿ ਅੰਦਰਖਾਤੇ ਕੁਝ ਹੋਰ ਹੀ ਖਿਚੜੀ ਪੱਕ ਰਹੀ ਸੀ। ਪੰਜਾਬ ਵਿੱਚ ਇਸ ਵਾਰੀ ਭਾਜਪਾ ਅਕਾਲੀ ਦਲ ਤੋਂ ਅਲੱਗ ਹੋ ਕੇ ਵਿਧਾਨ ਸਭਾ ਦੀ ਚੋਣ ਲੜਨ ਦੀ ਵਿਉਤਬੰਦੀ ਕਰ ਰਹੀ ਹੈ ਤੇ ਉਸ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਜਦ ਕਿ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਹਾਲੇ ਵੀ ਇਸ ਨੂੰ ਇੱਕ ਅਟੁੱਟ ਜੋੜ ਦੱਸ ਕੇ ਆਪਣੀ ਪਿੱਠ ਆਪੇ ਥਾਪੜ ਰਹੇ ਹਨ।

ਇਥੇ ਹੀ ਬੱਸ ਨਹੀਂ ਜਦੋ ਸਟੇਜ ਤੋਂ ਥਾਪੇ ਗਏ ਜਥੇਦਾਰਾਂ ਨੂੰ ਸਨਮਾਨਿਤ ਕਰਨ ਦੀ ਪ੍ਰੀਕਿਰਿਆ ਸ਼ੁਰੂ ਕੀਤੀ ਗਈ ਸੀ ਤਾਂ ਉਸ ਵੇਲੇ ਵੀ ਚਰਚਾ ਸ਼ੁਰੂ ਹੋ ਗਈ ਸੀ ਸਨਮਾਨਿਤ ਕਰਨ ਵਾਲੇ ਬਾਬਾ ਨਰਿੰਦਰ ਸਿੰਘ ਹਜ਼ੂਰ ਸਾਹਿਬ ਵਾਲੇ ਭਾਂਵੇ ਬਹੁਤ ਵੱਡੇ ਪੰਥਕ ਕਹੇ ਜਾਣ ਵਾਲੇ ਮਹਾਂਪੁਰਖ ਹਨ, ਪਰ ਉਹਨਾਂ ਦੀਆ ਤਾਰਾਂ ਵੀ ਤਾਂ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਧਾਨ ਤਾਰਾ ਸਿੰਘ ਨਾਲ ਜੁੜੀਆਂ ਹੋਈਆਂ ਹਨ, ਜਿਹੜਾ ਆਰ.ਐਸ.ਐਸ ਦਾ ਪੱਕਾ ਵਰਕਰ ਹੀ ਨਹੀਂ, ਸਗੋ ਉਹਨਾਂ ਦੀ ਕਾਰਜਕਰਨੀ ਕਮੇਟੀ ਵਿੱਚ ਵੀ ਸ਼ਾਮਲ ਹੈ। ਸਰਬੱਤ ਖਾਲਸਾ ਸਮਾਗਮ ਦਾ ਆਯੋਜਨ ਕਰਨ ਵਾਲੇ ਬੜੀ ਸ਼ਿੱਦਤ ਨਾਲ ਉਸ ਨੂੰ ਪ੍ਰਧਾਨਗੀ ਤੋਂ ਲਾਹੁਣ ਦੀ ਮੰਗ ਕਰ ਰਹੇ ਹਨ, ਪਰ ਬਾਬਾ ਨਰਿੰਦਰ ਸਿੰਘ ਦੀ ਮਜਬੂਰੀ ਹੈ ਕਿਉਕਿ ਉਹਨਾਂ ਨੂੰ ਕਾਰ ਸੇਵਾ ਸਿਰਫ ਉਸ ਪ੍ਰਧਾਨ ਕੋਲੋ ਹੀ ਮਿਲਣੀ ਹੈ। ਇਹ ਪੱਖ ਜੁੜਣ ਨਾਲ ਵੀ ਕਈ ਪ੍ਰਕਾਰ ਦੀਆ ਦੁਬਿਧਾਵਾਂ ਖੜੀਆ ਹੁੰਦੀਆ ਹਨ ਜਿਹੜੀਆਂ ਪੰਥ ਵਿੱਚ ਨਵੀ ਪ੍ਰਕਾਰ ਦੀ ਸਫਬੰਦੀ ਕਰਨ ਵਿੱਚ ਸਹਾਈ ਹੋਣਗੀਆ।

ਪੰਜਾਬ ਦੇ ਡਿਪਟੀ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਜੇਕਰ ਇਸ ਇਕੱਠ ਨੂੰ ਕਾਂਗਰਸ ਦਾ ਇਕੱਠ ਕਹਿ ਕੇ ਆਪਣੇ ਮਨ ਨੂੰ ਤਸੱਲੀ ਦੇ ਰਹੀ ਹੈ ਤਾਂ ਫਿਰ ਉਹਨਾਂ ਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਇਹ ਵੀ ਹਾਕਮ ਧਿਰ ਲਈ ਖਤਰੇ ਦੀ ਘੰਟੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਇਕੱਠ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਸਨ ਤਾਂ ਕਿ ਬਾਦਲ ਸਰਕਾਰ ਨੂੰ ਹਿਲਾਇਆ ਜਾ ਸਕੇ।

Êਪੰਜਾਬ ਦੀ ਹਾਕਮ ਧਿਰ ਨੇ ਵੀ ਆਪਣੀ ਹੋਂਦ ਦਾ ਪ੍ਰਗਟਾਵਾ ਕਰਨ ਲਈ 23 ਨਵੰਬਰ ਤੋਂ 20 ਦਸੰਬਰ ਤੱਕ ਸਾਰੇ ਪੰਜਾਬ ਵਿੱਚ ਰੈਲੀਆ ਕਰਨ ਦੀ ਵਿਉਤਬੰਦੀ ਕੀਤੀ ਹੈ ਤਾਂ ਕਿ ਸਰਬੱਤ ਖਾਲਸਾ ਦਾ ਅਸਰ ਨੂੰ ਘਟਾਇਆ ਜਾ ਸਕੇ। ਇਸ ਸਬੰਧੀ ਤਿਆਰੀਆ ਸ਼ੁਰੂ ਕਰ ਦਿੱਤੀਆ ਗਈਆ ਹਨ ਤੇ ਇਹ ਰੈਲੀਆ ਦਾ ਸਿਲਸਿਲਾ ਬਠਿੰਡਾ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ ਵਿਖੇ ਸੰਪੰਨ ਹੋਵੇਗਾ।

ਸਰਬੱਤ ਖਾਲਸਾ ਸਮਾਗਮ ਬੁਲਾਉਣ ਵਾਲਿਆ ਨੂੰ ਬਹੁਤਾ ਖੁਸ਼ ਤੇ ਪ੍ਰਸੰਨ ਹੋਣ ਦੀ ਲੋੜ ਨਹੀਂ ਹੈ, ਕਿਉਕਿ ਇਹ ਇਕੱਠ ਉਹਨਾਂ ਦੁਆਰਾ ਕੀਤੇ ਗਏ ਉਪਰਾਲੇ ਕਾਰਨ ਤਾਂ ਹੋ ਸਕਦਾ ਹੈ, ਪਰ ਉਹਨਾਂ ਦਾ ਇਕੱਠ ਨਹੀਂ ਕਿਹਾ ਜਾ ਸਕਦਾ। ਇਸ ਲਈ ਉਹਨਾਂ ਨੂੰ ਵਿਸਾਖੀ 2016 ਤੇ ਬੁਲਾਏ ਗਏ ਸਰਬੱਤ ਖਾਲਸਾ ਸਮਾਗਮ ਬਾਰੇ ਪੂਰੀ ਤਰ੍ਵਾ ਵਿਉਤਬੰਦੀ ਕਰਨੀ ਪਵੇਗੀ ਨਹੀਂ ਤਾਂ ਕਾਮਯਾਬੀ ਮਿਲਣੀ ਮੁਸ਼ਕਲ ਹੋਵੇਗੀ ਜਿਸ ਦਾ ਫਾਇਦਾ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਪੁੱਜ ਸਕਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top