Share on Facebook

Main News Page

ਆਓ ਜਾਗਰੂਕ ਸਿੱਖ ਪੰਥ ਦਰਦੀਓ, ਅਸੀਂ ਸਾਰੇ ਇਕ ਪਲੇਟਫਾਰਮ 'ਤੇ ਇੱਕਠੇ ਹੋ ਕੇ, 2017 ਦੀਆਂ ਪੰਜਾਬ ਦੀਆਂ ਚੋਣਾਂ ਲੜਣ ਦੀ ਤਿਆਰੀ ਕਰੀਏ
-: ਹਰਮੀਤ ਸਿੰਘ ਖਾਲਸਾ
ਡਬਰਾ (ਗਵਾਲਿਅਰ )
ਈਮੇਲ : hskhalsa81@gmail.com
ਫੋਨ : 9977450337

ਸਿੱਖ ਕੌਮ ਦੀਆਂ ਪ੍ਰਬਲ ਭਾਵਨਾਵਾਂ ਨੂੰ ਕੈਸ਼ ਕਰਨ ਕਈ ਸਿਆਸੀ ਬੰਦਿਆਂ ਦਵਾਰਾ ਸੱਦੇ ਗਏ 10 ਨਵੰਬਰ ਦੇ ਇਕਠ ਵਿੱਚ ਲੱਖਾਂ ਦੀ ਗਿਣਤੀ ਵਿੱਚ ਭਾਵੁਕ ਸਿੱਖ ਬਹੁਤ ਹੀ ਔਕੜਾਂ ਝੱਲ ਕੇ ਬੜੇ ਹੀ ਜੋਸ਼ ਨਾਲ ਪੁੱਜੇ ਅਤੇ ਬਾਕੀ ਦੇ ਲੱਖਾਂ ਸਿੱਖ ਜੋ ਇਸ ਇਕਠ ਵਿੱਚ ਨਹੀਂ ਪੁਹੰਚ ਸਕੇ, ਉਨ੍ਹਾਂ ਦੀਆਂ ਨਜ਼ਰਾਂ ਵੀ ਇਸ ਇਕਠ ਉਪਰ ਨਿਰੰਤਰ ਬਣੀਆਂ ਰਹੀਆਂ। ਇਹ ਸਾਰੇ ਸਿੱਖ ਇਸ ਇਕਠ ਵਿਚ ਜਿਸਮਾਨੀ ਅਤੇ ਜਿਹਨੀ ਤੌਰ 'ਤੇ ਇਸ ਕਰ ਕੇ ਸ਼ਾਮਿਲ ਹੋਏ, ਕਿਉਂਕਿ ਇਹ ਪੰਜਾਬ ਦੀਆਂ ਸਿਆਸੀ ਪਾਰਟੀਆਂ ਤੋਂ ਬਹੁਤ ਸਾਰੇ ਕਾਰਣਾਂ ਕਰ ਕੇ ਅੱਕੇ ਹੋਏ ਜਿਨ੍ਹਾ ਵਿਚੋਂ ਦੋ ਮੁੱਖ ਕਾਰਨ ਹਨ :

1. ਸਿਆਸੀ ਪਾਰਟੀਆਂ ਦਾ ਸਿੱਖ ਧਰਮ ਉਪਰ ਸਿੱਧੇ ਅਸਿੱਧੇ ਰੂਪ ਵਿਚ ਕੰਟ੍ਰੋਲ। ਅਤੇ
2. ਕਿਸਾਨਾਂ ਦੀ ਹਦੋਂ ਵੱਧ ਤਰਸਯੋਗ ਹਾਲਤ।

ਇਸ ਲਈ ਪੰਜਾਬ ਦਾ ਸਿੱਖ ਕੋਈ ਬਦਲਾਅ ਚਾਹੁੰਦਾ ਹੈ, ਪਰ ਉਸ ਕੋਲ ਹੋਰ ਕੋਈ ਵਿਕਲਪ ਹੀ ਨਹੀਂ ਹੈ। ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇਸ ਗੱਲ ਨੂੰ ਭਾਂਪ ਗਈਆਂ ਹਨ, ਇਸ ਗੱਲ ਦਾ ਫਾਇਦਾ ਚੁਕਣ ਵਿਚ ਹੁਣ ਤੱਕ ਦੋ ਪਾਰਟੀਆਂ ਬੀ.ਜੇ.ਪੀ ਅਤੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਹੀ ਕਾਮਯਾਬ ਹੋਈਆਂ ਹਨ। ਬੀ.ਜੇ.ਪੀ ਨੇ ਬਹੁਤ ਸਾਰੇ ਹਥਕੰਡੇ (ਜਿਨ੍ਹਾ ਵਿਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਦੀ ਬੇਅਦਬੀ ਕਰਵਾਉਣੀ ਵੀ ਇਕ ਹੈ ) ਅਪਨਆ ਕੇ, ਅਕਾਲੀਆਂ ਦੀ ਮਿੱਟੀ ਪਲੀਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ, ਤਾਂ ਜੋ 2017 ਦੀਆਂ ਚੋਣਾਂ ਵਿੱਚ ਉਹ ਇਕਲੀ ਚੋਣਾਂ ਲੜ ਕੇ ਪੰਜਾਬ ਵਿਚ ਵੱਧ ਤੋਂ ਵੱਧ ਸੀਟਾਂ ਹਾਸਿਲ ਕਰ ਸਕੇ। ਦੁੱਜੇ ਪਾਸੇ ਸਿਮਰਨਜੀਤ ਸਿੰਘ ਮਾਨ ਵੀ ਸਿੱਖਾਂ ਸੀਆਂ ਭਾਵਨਾਵਾਂ ਨਾਲ ਖੇਡ ਕੇ ਆਪਣੀ ਡੁੱਬੀ ਹੋਈ ਰਾਜਨਿਤਕ ਬੇੜੀ ਨੂੰ ਪਾਰ ਲਗਾਉਣ ਲਈ ਪੂਰੀ ਵਾਹ ਲਾ ਰਿਹਾ ਹੈ।

ਵੈਸੇ ਤਾਂ ਅਸੀ ਸਾਰੇ ਹੀ ਜਾਗਰੂਕ ਪੰਥ ਦਰਦੀ ਪੂਰੇ ਤਿਹ ਦਲੋਂ ਇਹ ਚਾਹੁੰਦੇ ਹਾਂ ਕਿ ਸਿੱਖ ਕੌਮ ਦਾ ਕਿਸੇ ਤਰ੍ਹਾਂ ਭਲਾ ਹੋ ਜਾਏ, ਪਰ ਨਾ ਤਾਂ ਸਾਡੇ ਵਿਚੋਂ ਕੋਈ ਅੱਗੇ ਹੀ ਆ ਰਿਹਾ ਹੈ ਅਤੇ ਨਾ ਹੀ ਅਸੀ ਕੌਮ ਦੇ ਭਲੇ ਵਾਸਤੇ ਕੋਈ ਚੰਗੀ ਨੀਤੀ/ਪਲੈਨਿੰਗ ਹੀ ਬਣਾ ਪਾ ਰਹੇ ਹਾਂ, ਕਿ ਕੌਮ ਵਿਚਲਾ ਨਿਘਾਰ ਕਿਵੇਂ ਦੂਰ ਕਿਤਾ ਜਾ ਸਕਦਾ ਹੈ ਅਤੇ ਸਿੱਖਾਂ ਦੇ ਪਾਵਨ ਧਰਮ ਅਸਥਾਨਾਂ ਨੂੰ ਸਿਆਸੀ ਪ੍ਰਭਾਵ ਤੋਂ ਕਿਵੇਂ ਮੁਕਤ ਕੀਤਾ ਜਾ ਸਕਦਾ ਹੈ।

ਦਾਸ ਦਾ ਇਹ ਬਹੁਤ ਪ੍ਰਬਲ ਵਿਚਾਰ ਹੈ ਕਿ ਸਿੱਖਾਂ ਦੀਆਂ ਸਾਰੀਆਂ ਸਮਸਿਆਵਾਂ ਦਾ ਇਕ ਹੀ ਹੱਲ ਹੈ ਕਿ ਪੰਜਾਬ ਦੀ ਸਿਆਸਤ ਵਿਚ ਸਿੱਖ ਪੰਥ ਦਰਦੀਆਂ ਦਾ ਮਹਤਵਪੂਰਨ ਰੋਲ ਹੋਵੇ, ਕਿਉਂਕਿ ਜੇ ਪੰਜਾਬ ਵਿਚ ਸਿੱਖ ਪੰਥਦਰਦੀਆਂ ਦੀ ਸਰਕਾਰ ਬਣ ਜਾਂਦੀ ਹੈ, ਫੇਰ ਤਾਂ ਸਿੱਖ ਪੰਥਦਰਦੀਆਂ ਨੇ ਸਿੱਖਾਂ ਦੀਆਂ ਬੁਨਿਆਦੀ ਸਮਸਿਆਵਾਂ ਜਿਵੇਂ ਕਿ, ਕਿਸਾਨਾਂ ਦੀ, ਨਸ਼ੇ ਦੀ, ਪਤਿਤਪੁਣੇ ਦੀ, ਪਾਣੀ ਦੀ, ਜੇਲਾਂ ਵਿਚ ਰੁੱਲ ਰਹੇ ਸਿੱਖਾਂ ਦੀ, 84 ਦੀ ਲਹਿਰ ਵਿਚ ਬੇਗੁਨਾਹ ਸਿੱਖਾਂ ਨੂੰ ਕਤਲ ਕਰਨ ਵਾਲਿਆਂ ਨੂੰ ਸਜਾਵਾਂ ਦੀ, ਸਿੱਖ ਧਰਮ ਅਸਥਾਨਾਂ ਤੇ ਸਿਆਸੀ ਕੰਟ੍ਰੋਲ ਦੀ, ਸਿੱਖਾਂ ਵਿਚ ਸਹੀ ਪ੍ਰਚਾਰ ਦੀ ਕਮੀ ਦੀ, ਹੱਲ ਕਰ ਹੀ ਲੈਣੀਆਂ ਹਨ, ਪਰ ਜੇ ਇਹ ਸੱਤਾ ਵਿਚ ਨਹੀਂ ਵੀ ਆ ਪਾਉਂਦੇ, ਤਾਂ ਵੀ ਵਿਪਕਸ਼ ਵਿਚ ਬੈਠ ਕੇ ਸਤਾਧਾਰੀ ਪਾਰਟੀ ਨੂੰ ਇਹ ਸਿੱਖ ਵਿਰੋਧੀ ਕੋਈ ਵੀ ਕੰਮ ਕਰਨ ਨਹੀਂ ਦੇਣਗੇ।
ਹੁਣ ਵਿਚਾਰ ਕਰਦੇ ਹਾਂ ਕਿ ਜੇ ਸਿੱਖ ਪੰਥ ਦਰਦੀ 2017 ਵਿਚ ਪੰਜਾਬ ਵਿਚ ਇਕ ਸਿਆਸੀ ਪਾਰਟੀ ਬਣਾ ਕੇ ਚੋਣਾਂ ਲੜਦੇ ਹਨ, ਤਾਂ ਉਨ੍ਹਾ ਦਾ ਜਿਤਣਾ ਨਾਮੁਕਿਨ ਹੈ?

ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਸ਼ੁਰੂ ਹੋ ਕੇ ਦਿੱਲੀ ਵਿਚ ਅਰਵਿੰਦ ਕੇਜਰੀਵਾਲੀ ਦੀ ਸਰਕਾਰ ਬਨਣ ਤੱਕ ਲੱਗ ਭੱਗ 2 ਸਾਲ ਦਾ ਅੰਤਰ ਹੈ, ਤੇ ਸਿਰਫ ਇਨ੍ਹਾ ਦੋ ਸਾਲਾਂ ਵਿਚ ਹੀ ਕੇਜਰੀਵਾਲ ਨੇ ਅਜਿਹੀ ਨੀਤੀ ਅਪਣਾਈ ਕਿ ਉਸ ਨੇ ਸਿਰਫ ਦੋ ਸਾਲਾਂ ਵਿਚ ਹੀ ਦਿੱਲੀ ਵਿਚ 70 ਵਿਚੋਂ 67 ਸਿਟਾਂ ਪ੍ਰਾਪਤ ਕਰ ਲਈਆਂ ਜਦਕਿ ਸਾਡੀ ਸਤਿਥੀ ਦੇ ਮੁਕਾਬਲੇ ਉਸ ਵਾਸਤੇ ਮੁਸ਼ਕਲਾਂ ਬਹੁਤੀਆਂ ਵਡੀਆਂ ਸਨ, ਕਿਉਂਕਿ ਉਸ ਨੇ ਤਾਂ ਜਿਤਣ ਵਾਸਤੇ ਹਿੰਦੂ, ਮੁਸਲਮਾਨ ਅਤੇ ਸਿੱਖ ਤਿਨਾਂ ਦੀ ਵੋਟ ਪ੍ਰਾਪਤ ਕਰਨੀ ਸੀ, ਪਰ ਇਸ ਦੇ ਮੁਕਾਬਲੇ ਸਾਡੇ ਵਾਸਤੇ ਤਾਂ ਇਹ ਕੰਮ ਵਧੇਰੇ ਆਸਾਨ ਹੈ ਕਿਉਂਕਿ ਅਸੀਂ ਤਾਂ ਸਿਰਫ ਸਿੱਖ ਵੋਟ ਹੀ ਪ੍ਰਾਪਤ ਕਰਨੀ ਹੈ, ਉਹ ਵੀ ਅਜਿਹੀ ਵੋਟ ਜਿਹੜੀ ਪਹਿਲਾ ਹੀ ਮੋਜੂਦਾ ਸਿਆਸੀ ਪਾਰਟੀਆਂ ਤੋਂ ਬਹੁਤ ਅੱਕੀ ਪਈ ਹੈ।

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੇਜਰੀਵਾਲ ਨੇ ਅਜਿਹਾ ਕ੍ਰਿਸ਼ਮਾਂ ਕਰ ਕਿਵੇਂ ਲਿਆ?

ਕੇਜਰੀਵਾਲ ਇਕ ਬਹੁਤ ਹੀ ਨੀਤੀਵਾਨ ਇੰਨਸਾਨ ਹੈ, ਉਸ ਨੇ ਏਡਾ ਵਡਾ ਕੰਮ ਇਕਲਿਆਂ ਹੀ ਨਹੀਂ ਕਰ ਲਿਆ, ਉਸ ਨੇ ਵਖਰੇ-ਵਖਰੇ ਕੰਮਾਂ ਵਾਸਤੇ ਆਪਣੇ ਖੇਤਰ ਵਿਚ ਮਾਹਿਰ ਬੰਦਿਆਂ ਅਤੇ ਜਥੇਬੰਦੀਆਂ ਨਾਲ ਆਪਣੇ ਸੰਪਰਕ ਰੱਖੇ ਹੋਏ ਸਨ, ਜਿਨ੍ਹਾ ਕੋਲੋਂ ਉਹ ਉਸ ਖੇਤਰ ਸੰਬਧੀ ਰਾਏ ਲੈਂਦਾ ਸੀ ਜਿਵੇਂਕਿ ਮਿਡੀਆ, ਕਾਨੂੰਨ, ਰਾਜਨੀਤੀ, ਅਰਥਸ਼ਾਸਤਰ, ਇਨਕਮ ਟੈਕਸ, ਬਿਜਲੀ, ਵਖਰੇ-ਵਖਰੇ ਖੇਤਰ ਵਿਚ ਕੰਮ ਕਰ ਰਹੇ ਐਨ.ਜੀ.ਓ ਆਦਿ, ਮਾਹਿਰਾਂ ਦੀ ਰਾਏ ਲੈ ਕੇ ਉਸ ਨੂੰ ਆਪਣੇ ਫਾਇਦੇ ਵਾਸਤੇ ਵਰਤਨਾ ਇਹ ਕਾਬਿਲਤਾ ਕੇਜਰੀਵਾਲ ਵਿਚ ਬਹੁਤ ਕਮਾਲ ਦੀ ਹੈ।

ਜੇ ਅਸੀਂ ਵੀ ਇਹ ਤਰੀਕਾ ਅਪਨਾ ਕੇ ਇਕ ਚੰਗੀ ਨੀਤੀ/ਰੋਡ ਮੈਪ ਬਣਾ ਕੇ ਉਸ ਨੂੰ ਲਾਗੂ ਕਰਨ ਵਿਚ ਕਾਮਯਾਬ ਹੋ ਜਾਂਦੇ ਹਾਂ, ਤਾਂ ਕੋਈ ਵਡੀ ਗੱਲ ਨਹੀਂ ਕਿ ਅਸੀ ਵੀ ਕੇਜਰੀਵਾਲ ਦੀ ਤਰ੍ਹਾਂ ਪੰਜਾਬ ਵਿਚ ਹੁੰਝਾਫੇਰ ਜਿੱਤ ਪ੍ਰਾਪਤ ਕਰ ਲਈਏ, ਪਰ ਇਸ ਵਾਸਤੇ ਸਾਨੂੰ ਨਾਕਾਰਆਤਮਕਤਾ ਵਿਚੋਂ ਨਿਕਲ ਕੇ ਸਾਕਾਰਆਤਮਕਤਾ ਵਿਚ ਪ੍ਰਵੇਸ਼ ਕਰਨਾ ਪਵੇਗਾ। ਕਿਡੀ ਵਿਡੰਬਨਾ ਦੀ ਗੱਲ ਹੈ ਕਿ ਜਿਹੜਾ ਗੁਰੂ ਦਾ ਸਿੱਖ ਸਵਾ ਲੱਖ ਫੌਜ ਨਾਲ ਇਕਲਾ ਲੜ ਕੇ ਵੀ ਚੜ੍ਹਦੀ ਕਲਾ ਵਿਚ ਰਹਿੰਦਾ ਸੀ, ਉਹ ਗੁਰੂ ਦਾ ਸਿੱਖ ਅੱਜ ਢਹਿੰਦੀ ਕਲਾ ਵਿਚ ਆ ਕੇ ਕੁੱਝ ਮੁੱਠੀ ਭਰ ਸਿਆਸੀ ਬੰਦਿਆਂ ਅੱਗੇ ਗੋਡੇ ਟੇਕ ਗਿਆ ਹੈ। ਸਾਨੂੰ ਸਾਰੇ ਜਾਗਰੂਕ ਪੰਥਦਰਦੀਆਂ ਨੂੰ ਆਪਣੇ ਮਨ ਵਿਚੋਂ ਹਾਰ ਜਿੱਤ ਬਾਰੇ ਸਾਰੇ ਸ਼ੰਕੇ ਕੱਢ ਕੇ ਸਿਰਫ ਇਕ ਹੀ ਨਿਸ਼ਾਨੇ, ਕਿ ਪੰਜਾਬ ਵਿਚ ਚੋਣਾ ਲੜ ਕੇ ਆਪਣੀ ਸਰਕਾਰ ਬਨਾਉਣੀ ਹੈ, ਵਾਸਤੇ ਅੱਗੇ ਆਉਣਾ ਚਾਹੀਦਾ ਹੈ ਅਤੇ ਆਪਣੀ ਪੂਰੀ ਵਾਹ ਲਾ ਦੇਣੀ ਚਾਹੀਦੀ ਹੈ। ਮਨ ਲਓ ਕਿ ਜੇ ਅਸੀਂ ਆਪਣੀ ਸਰਕਾਰ ਬਨਾਉਣ ਵਿਚ ਕਾਮਯਾਬ ਨਹੀਂ ਵੀ ਹੁੰਦੇ, ਪਰ ਕੁੱਝ ਮਹਤੱਵਪੂਰਨ ਸਿਟਾਂ ਹਾਸਲ ਕਰ ਲੈਂਦੇ ਹਾਂ, ਤਾਂ ਵੀ ਸੱਤਾ ਦੀ ਚਾਬੀ ਤਾਂ ਸਾਡੇ ਹੱਥ ਵਿਚ ਆ ਹੀ ਜਾਵੇਗੀ, ਕਿਉਂਕਿ ਫੇਰ ਵੀ ਗਠਜੋੜ ਸਰਕਾਰ ਬਨਣੀ ਤੈਅ ਹੀ ਹੋਵੇਗੀ।

ਕੇਜਰੀਵਾਲ ਦੀ ਜਿੱਤ ਦਾ ਇਕ ਬਹੁੱਤ ਵਡਾ ਕਾਰਨ ਸੀ ਕਿ ਉਸ ਨੇ ਅੰਨਾ ਹਜ਼ਾਰੇ ਦੀ ਲਹਿਰ ਕਾਰਨ ਪੈਦਾ ਹੋਏ ਜਨ ਅਧਾਰ ਨੂੰ ਆਪਣੇ ਹੱਕ ਵਿਚ ਬਹੁਤ ਹੀ ਚਤੁਰਾਈ ਨਾਲ ਇਸਤਮਾਲ ਕਿਤਾ ਕਿਉਂਕਿ ਜਨ ਅਧਾਰ ਤੋਂ ਬਿਨਾ ਚੋਣਾ ਜਿਤੀਆਂ ਨਹੀਂ ਜਾ ਸਕਦੀਆਂ ਇਸ ਲਈ ਸਾਡੇ ਵਾਸਤੇ ਵੀ ਜਨ ਆਧਾਰ ਪੈਦਾ ਕਰਨਾ ਬਹੁਤ ਜਰੂਰੀ ਹੈ ਅਤੇ ਇਸ ਕੰਮ ਲਈ ਸਭ ਤੋਂ ਉਤੱਮ ਹੈ ਸਾਡਾ ਪ੍ਰਚਾਰਕ ਵਰਗ ਜਿਨ੍ਹਾ ਨੇ ਪਹਿਲਾਂ ਵੀ ਇਹ ਕੰਮ ਪੂਰੀ ਸਫਲਤਾ ਨਾਲ ਕੀਤਾ, ਪਰ ਉਸ ਦਾ ਫਾਇਦਾ ਕੇਜਰੀਵਾਲ ਵਾਂਙ ਸਿਮਰਨਜੀਤ ਸਿੰਘ ਮਾਨ ਲੈ ਗਿਆ। ਪਰ ਹੁਣ ਇਸ ਦਾ ਫਾਇਦਾ ਕਿਸੇ ਹੋਰ ਨੂੰ ਲੈਣ ਦੇਣ ਦੀ ਬਜਾਏ, ਅਸੀਂ ਖੁੱਦ ਇਸ ਦਾ ਫਾਇਦਾ ਲੈ ਸਕਦੇ ਹਾਂ, ਬੱਸ ਇਕਠੇ ਹੋ ਕੇ ਸਹੀ ਪਲੈਨਿੰਗ ਕਰਨ ਦੀ ਲੋੜ ਹੈ ਅਤੇ ਇਸ ਵਾਸਤੇ ਹੇਠਲੇ ਕੰਮ ਕੀਤੇ ਜਾ ਸਕਦੇ ਹਨ:

  1. ਸਭ ਤੋਂ ਪਹਿਲਾ ਜਲਦੀ ਹੀ ਜਾਗਰੂਕ ਪੰਥਦਰਦੀਆਂ ਦੀ ਇਕ ਮੀਟਿੰਗ ਸਦੀ ਜਾਣੀ ਚਾਹੀਦੀ ਹੈ, ਜਿਸ ਦਾ ਸਿਰਫ ਇਕ ਹੀ ਏਜੰਡਾ ਹੋਵੇ ਕਿ ਪੰਜਾਬ ਵਿਚ 2017 ਵਿਚ ਚੋਣ ਲੜ ਕੇ ਆਪਣੀ ਪੰਥਦਰਦੀਆਂ ਦੀ ਸਰਕਾਰ ਬਨਾਉਣੀ। ਇਸ ਵਿਚ ਏਜੰਡੇ ਨੂੰ ਕਾਮਯਾਬ ਬਨਾਉਣ ਵਾਸਤੇ ਮੁਡਲੀ ਰੂਪਰੇਖਾ ਤਿਆਰ ਕੀਤੀ ਜਾਵੇ।

  2. ਸਾਰੇ ਪੰਥਦਰਦੀ ਪ੍ਰਚਾਰਕਾਂ ਨਾਲ ਸੰਪਰਕ ਕਰ ਕੇ, ਉਨ੍ਹਾਂ ਦੀ ਸਹਾਇਤਾ ਅਤੇ ਸ਼ਮੂਲੀਅਤ ਦੀ ਮੰਗ ਕੀਤੀ ਜਾਵੇ।

  3. ਜੋ ਪੰਥਦਰਦੀ ਪ੍ਰਚਾਰਕ ਸਹਾਇਤਾ ਅਤੇ ਸ਼ਮੂਲੀਅਤ ਵਾਸਤੇ ਰਾਜ਼ੀ ਹੋਣ, ਉਨ੍ਹਾਂ ਨਾਲ ਇਕ ਵਾਰ ਫੇਰ ਮੀਟਿੰਗ ਕਰ ਕੇ ਅਗਲੀ ਰੂਪ ਰੇਖਾ ਤਿਆਰ ਕੀਤੀ ਜਾਵੇ।

ਇਰਾਦਾ ਪੱਕਾ ਹੋਵੇ, ਨੀਅਤ ਨੇਕ ਹੋਵੇ, ਮਨ ਵਿਚ ਦੁਵਿਧਾ ਨਾ ਹੋਵੇ, ਪਲੈਨਿੰਗ ਸਹੀ ਹੋਵੇ ਤੇ ਸਹੀ ਤਰ੍ਹਾਂ ਲਾਗੂ ਹੋਵੇ, ਕੌਮ ਵਾਸਤੇ ਥੋੜਾ ਬਲਿਦਾਨ ਹੋਵੇ ਅਤੇ ਅਕਾਲਪੁਰਖ ਉਪਰ ਭਰੋਸਾ ਹੋਵੇ, ਤਾਂ ਕੋਈ ਕਾਰਣ ਨਹੀਂ ਬਣਦਾ ਕਿ ਅਸੀ ਆਪਣੇ ਏਜੰਡੇ ਵਿਚ ਕਾਮਯਾਬ ਨਾ ਹੋਈਏ।

ਪਹਿਲੀ ਅਤੇ ਮੁੱਢਲੀ ਮੀਟਿੰਗ ਵਾਸਤੇ ਦਾਸ ਕੁੱਝ ਨਾਮ ਪੇਸ਼ ਕਰ ਰਿਹਾ ਹੈ ਇਸ ਵਿਚ ਹੋਰ ਵੀ ਵਾਧਾ ਕੀਤਾ ਜਾ ਸਕਦਾ ਹੈ।

ਸ. ਅਜਮੇਰ ਸਿੰਘ ਜੀ, ਗੁਰਤੇਜ ਸਿੰਘ ਜੀ, ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ, ਸ. ਅਮਰਜੀਤ ਸਿੰਘ ਚੰਦੀ, ਸ. ਇੰਦਰਜੀਤ ਸਿੰਘ ਕਾਨਪੁਰ, ਸ. ਕਿਰਪਾਲ ਸਿੰਘ ਬਠਿੰਡਾ, ਸ. ਮੱਖਣ ਸਿੰਘ ਜੰਮੂ, ਪ੍ਰਿ. ਨਰਿੰਦਰ ਸਿੰਘ ਜੰਮੂ, ਸ. ਸੁਰਜੀਤ ਸਿੰਘ ਜੀ ਮਿਸ਼ਨਰੀ, ਸ. ਗੁਰਿੰਦਰਪਾਲ ਸਿੰਘ ਧਨੌਲਾ, ਡਾ. ਗੁਰਦਰਸ਼ਨ ਸਿੰਘ ਢਿਲੋਂ, ਸ. ਬਲਵਿੰਦਰ ਸਿੰਘ ਬਾਈਸਨ।

...ਅਤੇ ਵਿਦੇਸ਼ੀ ਸਿੱਖਾਂ ਵਿਚੋਂ ਸੰਪਾਦਕ ਖ਼ਾਲਸਾ ਨਿਊਜ਼, ਸ. ਗੁਰਮੀਤ ਸਿੰਘ (ਸਿੰਘ ਸਭਾ ਯੂ.ਐਸ.ਏ ), ਸ. ਪ੍ਰਭਦੀਪ ਸਿੰਘ (ਟਾਈਗਰ ਜਥਾ), ਸ. ਕੁਲਦੀਪ ਸਿੰਘ (ਰੇਡੀਓ ਸ਼ੇਰੇ ਪੰਜਾਬ), ਸ. ਅਵਤਾਰ ਸਿੰਘ ਮਿਸ਼ਨਰੀ, ਸ. ਗੁਰਦੇਵ ਸਿੰਘ ਸਧੇਵਾਲੀਆ, ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ...

ਦਾਸ ਕੌਮ ਦੇ ਇਸ ਕੰਮ ਵਾਸਤੇ ਆਪਣੇ ਆਪ ਨੂੰ ਪੇਸ਼ ਕਰਦਾ ਹੈ ਅਤੇ ਉਪਰੋਕਤ ਪੰਥਦਰਦੀਆਂ ਨਾਲ ਸੰਪਰਕ ਬਣਾ ਕੇ ਇਕ ਲੜੀ ਤਿਆਰ ਕਰਨ ਦਾ ਕੰਮ ਕਰ ਸਕਦਾ ਹੈ। ਉਪਰੋਕਤ ਸਿੱਖ ਚਿੰਤਕ ਅਤੇ ਹੋਰ ਵੀ ਪੰਥ ਦਰਦੀ ਜੋ ਵੀ ਦਾਸ ਦੇ ਇਨ੍ਹਾ ਵਿਚਾਰਾਂ ਨਾਲ ਸਹਿਮਤ ਹੋਣ ਆਪਣੇ ਵਿਚਾਰ ਜ਼ਰੂਰ ਪ੍ਰਗਟ ਕਰਣ, ਤਾਂ ਜੋ ਕੌਮ ਦੀ ਭਲਾਈ ਵਾਸਤੇ ਇਸ ਕੰਮ ਨੂੰ ਅੱਗੇ ਤੋਰਿਆ ਜਾ ਸਕੇ।

ਕੌਮ ਦੀ ਚੜ੍ਹਦੀ ਕਲਾ ਦੀ ਆਸ ਵਿਚ
ਦਾਸਰਾ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top