Share on Facebook

Main News Page

“ਦੇਸ਼ ਵਿਰੋਧੀ” ਦੀ ਪਰਿਭਾਸ਼ਾ ਕੀ ਹੁੰਦੀ ਹੈ, ਇਸ ਉਂਪਰ ਮੈਂ ਜੂਨੀਅਰ ਬਾਦਲ ਨੂੰ ਖੁੱਲੀ ਬਹਿਸ ਦੀ ਚੁਣੌਤੀ ਦਿੰਦਾ ਹਾਂ, ਜਿਸ ਦੀ ਆੜ ਵਿੱਚ ਉਹ ਲੋਕਾਂ ਨੂੰ ਜੇਲਾਂ ਵਿੱਚ ਧੱਕ ਰਿਹਾ ਹੈ
-: ਸੁਖਪਾਲ ਸਿੰਘ ਖਹਿਰਾ, ਸਾਬਕਾ ਐਮ.ਐਲ.ਏ.

ਇੰਝ ਮਹਿਸੂਸ ਹੁੰਦਾ ਹੈ ਕਿ ਸਰਬੱਤ ਖਾਲਸਾ ਦੇ ਪ੍ਰਬੰਧਕਾਂ ਨੂੰ ਦੇਸ਼ ਵਿਰੋਧੀ ਅਨਸਰ ਅਤੇ ਸਾਬਕਾ ਅੱਤਵਾਦੀ ਕਹਿਣ ਮੋਕੇ ਦਿਮਾਗੀ ਤੋਰ ਉੱਤੇ ਬੀਮਾਰ ਹੋਣ ਦਾ ਸਹਾਰਾ ਲੈ ਕੇ ਜੂਨੀਅਰ ਬਾਦਲ ਨੇ ਦੋਹਰੇ ਮਾਪਦੰਡ ਅਪਨਾਏ ਹਨ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਜੂਨੀਅਰ ਬਾਦਲ ਨੇ 10 ਨਵੰਬਰ ਵਾਲੇ ਸਰਬੱਤ ਖਾਲਸਾ ਨੂੰ ਅਸੰਤੁਸ਼ਟ ਦੇਸ਼ ਵਿਰੋਧੀ ਅਤੇ ਸਾਬਕਾ ਅੱਤਵਾਦੀਆਂ ਦਾ ਇਕੱਠ ਆਖਿਆ ਹੈ। ਇਸ ਦੇ ਬਹਾਨੇ ਉਸ ਨੇ ਬਹੁਤ ਹੀ ਹੁਸ਼ਿਆਰੀ ਨਾਲ ਦੇਸ਼ ਧਰੋਹ ਦੇ ਇਲਜਾਮ ਲਗਾ ਕੇ ਦਰਜ਼ਨਾਂ ਲੋਕਾਂ ਨੂੰ ਪੰਜਾਬ ਦੀਆਂ ਵੱਖ ਵੱਖ ਜੇਲਾਂ ਵਿੱਚ ਸੁੱਟ ਦਿੱਤਾ ਹੈ। ਦੋ ਨਿਰਦੋਸ਼ ਭਰਾਵਾਂ ਰੁਪਿੰਦਰ ਅਤੇ ਜਸਵਿੰਦਰ ਨੂੰ ਗ੍ਰਿਫਤਾਰ ਕਰਕੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿੱਚ ਵਿਦੇਸ਼ੀ ਹੱਥ ਹੋਣਾ ਕਰਾਰ ਦੇਣ ਦੀ ਆਪਣੀ ਬੇਵਕੂਫੀ ਤੋਂ ਕੋਈ ਵੀ ਸਬਕ ਨਾ ਸਿੱਖਦੇ ਹੋਏ ਹੁਣ ਉਹ ਮੁੜ ਫਿਰ ਇੱਕ ਵਾਰ ਬੇਸ਼ਰਮੀ ਨਾਲ ਪੰਜਾਬ ਦਾ ਮਾਹੋਲ ਖਰਾਬ ਕਰਨ ਲਈ ਪਾਕਿਸਤਾਨ ਦੀ ਆਈ.ਐਸ.ਆਈ ਨੂੰ ਜਿੰਮੇਵਾਰ ਠਹਿਰਾ ਰਿਹਾ ਹੈ।

ਮੈਂ ਜੂਨੀਅਰ ਬਾਦਲ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਆਪਣੀ ਯਾਦਦਾਸ਼ਤ ਉੱਪਰ ਜੋਰ ਪਾਵੇ ਅਤੇ ਬੀਤੇ ਸਮੇਂ ਵਿੱਚ ਆਪਣੇ ਸ਼ਾਤਿਰ ਬਾਪ, ਉਸ ਦੀ ਪਾਰਟੀ ਅਤੇ ਐਸ.ਜੀ.ਪੀ.ਸੀ ਦੇ ਸ਼ੱਕੀ ਰੋਲ ਦੀ ਘੋਖ ਕਰੇ।

ਇਹ ਰਿਕਾਰਡ ਦੀ ਗੱਲ ਹੈ ਕਿ ਬਾਦਲ ਦੇ ਕੰਟਰੋਲ ਵਾਲੀ ਐਸ.ਜੀ.ਪੀ.ਸੀ ਨੇ 1995-96 ਵਿੱਚ ਭਾਈ ਰਣਜੀਤ ਸਿੰਘ ਨੂੰ ਅਕਾਲ ਤਖਤ ਦਾ ਜਥੇਦਾਰ ਨਿਯੁਕਤ ਕੀਤਾ ਸੀ। ਜੇਕਰ ਬਾਦਲ ਜੋੜੀ ਭਾਈ ਜਗਜੀਤ ਸਿੰਘ ਹਵਾਰਾ ਦੀ ਨਿਯੁਕਤੀ ਦਾ ਇਸ ਤਰਕ ਨਾਲ ਵਿਰੋਧ ਕਰਦੀ ਹੈ ਕਿ ਉਹ ਬੇਅੰਤ ਸਿੰਘ ਕਤਲ ਦਾ ਦੋਸ਼ੀ ਹੈ, ਤਾਂ ਕੀ ਭਾਈ ਰਣਜੀਤ ਸਿੰਘ ਨਿਰੰਕਾਰੀ ਬਾਬਾ ਗੁਰਬਚਨ ਸਿੰਘ ਦੇ ਕਤਲ ਵਿੱਚ ਸਜ਼ਾ ਨਹੀਂ ਭੁਗਤ ਰਿਹਾ ਸੀ? ਤੱਦ ਐਸ.ਜੀ.ਪੀ.ਸੀ ਨੇ ਉਸ ਨੂੰ ਕਿਉਂ ਅਤੇ ਕਿਵੇਂ ਅਕਾਲ ਤਖਤ ਦਾ ਜਥੇਦਾਰ ਨਿਯੁਕਤ ਕੀਤਾ ਸੀ? ਕੀ ਇਹ ਸੱਚ ਨਹੀਂ ਹੈ ਕਿ ਸੀਨੀਅਰ ਬਾਦਲ ਅਤੇ ਉਸ ਦੀ ਪਾਰਟੀ ਨੇ ਭਾਜਪਾ ਦੀ ਹਮਾਇਤ ਨਾਲ ਭਾਰਤ ਦੇ ਉਸ ਵੇਲੇ ਦੇ ਰਾਸ਼ਟਰਪਤੀ ਸ਼੍ਰੀ ਕੇ.ਆਰ. ਨਰਾਇਣਨ ਦੇ ਦਖਲ ਨਾਲ ਭਾਈ ਰਣਜੀਤ ਸਿੰਘ ਨੂੰ ਰਿਹਾਅ ਕਰਵਾਇਆ ਸੀ?

ਕੀ ਇਹ ਵੀ ਰਿਕਾਰਡ ਦੀ ਗੱਲ ਨਹੀਂ ਹੈ ਕਿ ਇਹ ਹੀ ਬਾਦਲ ਜੋੜੀ, ਸ਼੍ਰੋਮਣੀ ਅਕਾਲੀ ਦਲ ਅਤੇ ਐਸ.ਜੀ.ਪੀ.ਸੀ ਬੀਤੇ ਸਾਲ ਭਾਰਤ ਦੇ ਰਾਸ਼ਟਰਪਤੀ ਨੂੰ ਮਿਲੇ ਸਨ ਅਤੇ ਬੇਅੰਤ ਸਿੰਘ ਕਤਲ ਮਾਮਲੇ ਦੇ ਹੀ ਦੋਸ਼ੀ ਭਾਈ ਬਲਵੰਤ ਸਿੰਘ ਰਜੋਆਣਾ ਦੀ ਸਜ਼ਾ ਮੁਆਫੀ ਲਈ ਪਟੀਸ਼ਨ ਦਾਇਰ ਕੀਤੀ ਸੀ?

ਮੈਂ ਇਥੇ ਭਾਈ ਹਵਾਰਾ ਦੀ ਨਿਯੁਕਤੀ ਦੇ ਬਚਾਅ ਪੱਖ ਵਿੱਚ ਨਹੀਂ ਬੋਲ ਰਿਹਾ, ਪਰੰਤੂ ਜੂਨੀਅਰ ਬਾਦਲ ਆਪਣੀ ਪਾਰਟੀ ਵੱਲੋਂ ਸਜ਼ਾਯਾਫਤਾ ਲੋਕਾਂ ਨੂੰ ਸਰਵ ਉਂਚ ਧਾਰਮਿਕ ਸੰਸਥਾਵਾਂ ਉਂਪਰ ਨਿਯੁਕਤ ਕਰਨ ਨੂੰ ਜਾਇਜ਼ ਅਤੇ ਹੁਣ ਸਰਬੱਤ ਖਾਲਸਾ ਵੱਲੋਂ ਉਹੀ ਰਸਤਾ ਅਖਤਿਆਰ ਕੀਤੇ ਜਾਣ ਨੂੰ ਗਲਤ ਨਹੀਂ ਠਹਿਰਾ ਸਕਦਾ।

ਸੁਖਬੀਰ ਬਾਦਲ ਨੂੰ ਇਹ ਵੀ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਦੇਸ਼ ਵਿਰੋਧੀ ਦੀ ਪਰਿਭਾਸ਼ਾ ਕੀ ਹੈ? ਕੀ ਉਹ ਇਹ ਮੰਨੇਗਾ ਕਿ ਉਸ ਦਾ ਬਾਪ ਦੇਸ਼ ਵਿਰੋਧੀ ਸੀ ਜਦ 1992 ਵਿੱਚ ਖਾਲਿਸਤਾਨ ਦੇ ਅਜਾਦ ਸਿੱਖ ਰਾਜ ਦੀ ਮੰਗ ਨੂੰ ਲੈ ਕੇ ਉਹ ਨਵੀਂ ਦਿੱਲੀ ਵਿਖੇ ਯੂ.ਐਨ.ੳ ਦੇ ਸਕੱਤਰ ਜਨਰਲ ਬੋਤਰਸ ਬੋਤਰਸ ਘਲੀ ਨੂੰ ਮਿਲਿਆ ਸੀ? ਜਾਂ ਫਿਰ ਕੀ 27 ਫਰਵਰੀ 1984 ਨੂੰ ਸੰਸਦ ਦੇ ਸਾਹਮਣੇ ਸੰਵਿਧਾਨ ਦੇ ਆਰਟੀਕਲ 25(ਬੀ) ਕਲੋਜ਼ 2 ਨੂੰ ਸਾੜਣ ਸਮੇਂ ਉਹ ਦੇਸ਼ ਵਿਰੋਧੀ ਸੀ? ਜਾਂ 1982 ਵਿੱਚ ਧਰਮ ਯੁੱਧ ਮੋਰਚੇ ਸਮੇਂ ਉਹ ਦੇਸ਼ ਵਿਰੋਧੀ ਸੀ ਜਦ ਉਸ ਨੇ ਭਾਰਤ ਸਰਕਾਰ ਦੇ ਜੁਲਮਾਂ ਦਾ ਸਾਹਮਣਾ ਕਰਨ ਲਈ ਅਕਾਲ ਤਖਤ ਸਾਹਮਣੇ ਖੜ ਕੇ 1 ਲੱਖ ਮਰਜੀਵੜਿਆਂ ਨੂੰ ਸੁੰਹ ਚੁਕਾਈ ਸੀ? ਜਾਂ ਫਿਰ 90 ਦੇ ਦਹਾਕੇ ਵਿੱਚ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਵਰਗੇ ਖਾੜਕੂਆਂ ਦੇ ਭੋਗ ਵਿੱਚ ਸ਼ਾਮਿਲ ਹੋਣ ਜਾਣ ਸਮੇਂ ਕੀ ਉਹ ਦੇਸ਼ ਵਿਰੋਧੀ ਨਹੀਂ ਸੀ?

ਇਸ ਲਈ ਹੋਰਨਾਂ ਉੱਪਰ ਉਂਗਲੀ ਉਠਾਉਣ ਅਤੇ ਉਹਨਾਂ ਨੂੰ ਦੇਸ਼ ਵਿਰੋਧੀ ਅਨਸਰ ਅਤੇ ਸਾਬਕਾ ਅੱਤਵਾਦੀ ਕਹਿਣ ਤੋਂ ਪਹਿਲਾਂ ਜੂਨੀਅਰ ਬਾਦਲ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਪਣੇ ਬਜੁਰਗ ਬਾਪ ਅਤੇ ਉਸ ਦੇ ਪਰਿਵਾਰ ਦੀ ਭੂਮਿਕਾ ਦੀ ਇਮਾਨਦਾਰੀ ਨਾਲ ਘੋਖ ਕਰੇ ਜਿਸਨੇ ਕਿ ਨਿੱਜੀ ਸੋੜੇ ਸਿਆਸੀ ਲਾਹੇ ਲਈ ਪੰਜਾਬ ਨੂੰ ਕਾਲੇ ਦਿਨਾਂ ਵਿੱਚ ਧਕੇਲ ਦਿੱਤਾ ਸੀ ਅਤੇ ਹੁਣ ਅਕਾਲ ਤਖਤ ਅਤੇ ਐਸ.ਜੀ.ਪੀ.ਸੀ ਵਰਗੀਆਂ ਸ਼ਾਨਦਾਰ ਇਤਿਹਾਸ ਵਾਲੀਆਂ ਸੰਸਥਾਵਾਂ ਨੂੰ ਤਬਾਹ ਕਰ ਰਹੇ ਹਨ। ਇਸ ਦੇ ਨਾਲ ਹੀ ਮੈਂ ਜੂਨੀਅਰ ਬਾਦਲ ਨੂੰ ਚੁਣੋਤੀ ਦਿੰਦਾ ਹਾਂ ਕਿ ਪੰਜਾਬ ਦੀ ਸ਼ਾਂਤੀ ਨੂੰ ਖਰਾਬ ਕਰਨ ਦੇ ਦੇਸ਼ ਵਿਰੋਧੀ ਅਤੇ ਸਾਬਕਾ ਅੱਤਵਾਦੀਆਂ ਵਾਲੇ ਝੂਠੇ ਇਲਜਾਮਾਂ ਅਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਲਈ ਆਈ.ਐਸ.ਆਈ ਦਾ ਹੱਥ ਹੋਣ ਦੇ ਅਖੌਤੀ ਬਹਾਨਿਆਂ ਉਂਪਰ ਮੇਰੇ ਨਾਲ ਖੁੱਲੀ ਬਹਿਸ ਕਰ ਲਵੇ। ਮੈਂ ਮੁੜ ਆਪਣੀ ਮੰਗ ਦੁਹਰਾਂਦਾ ਹਾਂ, ਕਿ ਜੂਨੀਅਰ ਬਾਦਲ ਵੱਲੋਂ ਉੱਪਰ ਦੱਸੇ ਗਏ ਬਹਾਨੇ ਨਾਲ ਜੇਲਾਂ ਵਿੱਚ ਬੰਦ ਕੀਤੇ ਗਏ ਸਾਰੇ ਹੀ ਸਿੱਖ ਆਗੂਆਂ ਨੂੰ ਬਿਨਾਂ ਸ਼ਰਤ ਤੁਰੰਤ ਰਿਹਾਅ ਕੀਤਾ ਜਾਵੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top