Share on Facebook

Main News Page

ਗੁਰਦੁਆਰੇ ਅਤੇ ਮਾਇਆ !
-: ਪ੍ਰੋ. ਕਸ਼ਮੀਰਾ ਸਿੰਘ USA

ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ
ਮਨਮੁਖ ਖਾਧੇ ਗੁਰਮੁਖਿ ਉਬਰੇ ਜਿਨੀ ਸਚਿ ਨਾਮਿ ਚਿਤੁ ਲਾਇਆ ॥ (ਗਗਸ 643)

ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ ॥ ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰਿ ਖਾਇ ॥ (ਗਗਸ 510)

ਗੁਰਦੁਆਰੇ ਕੇਵਲ ਇ਼ਮਾਰਤਾਂ ਹੀ ਨਹੀਂ ਹੁੰਦੀਆਂ। ਗੁਰਦੁਆਰੇ ਹੁੰਦੇ ਹਨ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਤੇ ਸੁਚੀ ਵਿਚਾਰਧਾਰਾ ਦਾ ਠੀਕ ਪਰਚਾਰ ਹੋ ਸਕੇ। ਬੱਚਿਆਂ ਨੂੰ, ਪੰਜਾਬੀ ਸਿੱਖਾਂ ਕੇ ਬਾਣੀ ਦੇ ਪਾਠ ਅਤੇ ਕੀਰਤਨ ਰਾਹੀ, ਸਿੱਖੀ ਵਿਚਾਰਧਾਰਾ ਨਾਲ਼ ਜੋੜਿਆ ਜਾ ਸਕੇ। ਸਿੱਖਾਂ ਦੇ ਗਲ਼ ਵਿੱਚ ਪਾਈਆਂ ਨਕਲੀ ਬਾਣੀਆਂ ਤੇ ਦੁਰਗਾ ਮਾਈ ਵਾਲ਼ੀ ਅਰਦਾਸਿ ਨੂੰ ਗੁਰਬਾਣੀ ਦੀ ਕਸਵੱਟੀ ਉੱਤੇ ਪਰਖ ਕੇ ਸਿੱਖਾਂ ਦੇ ਮਨਾ ਵਿੱਚੋਂ ਬਾਹਰ ਕੱਢਿਆ ਜਾ ਸਕੇ। ਸਿੱਖਾਂ ਨੂੰ ਅਸਲੀ ਤੇ ਨਕਲੀ ਨਿੱਤ-ਨੇਮ ਵਿੱਚ ਅੰਤਰ ਦੱਸ ਕੇ ਸਹੀ ਨਿੱਤ-ਨੇਮ ਨਾਲ਼ ਜੋੜਿਆ ਜਾ ਸਕੇ। ਬ੍ਰਾਹਮਣਵਾਦ ਦੀ ਸਿੱਖੀ ਵਿੱਚ ਕੀਤੀ ਜਾ ਚੁੱਕੀ ਘੁਸ-ਪੈਠ ਤੋਂ ਸਿੱਖਾਂ ਨੂੰ ਸੁਚੇਤ ਕੀਤਾ ਜਾ ਸਕੇ। ਕੇਵਲ ਮੱਥਾ ਟੇਕਣ ਜਾਣਾ ਤੇ ਲੰਗਰ ਛਕ ਕੇ ਘਰ ਆ ਜਾਣਾ ਹੀ ਗੁਰਦੁਆਰਿਆਂ ਦੀ ਹੋਂਦ ਦਾ ਮਕ਼ਸਦ ਨਹੀਂ। ਗੁਰਬਾਣੀ ਦੀ ਠੀਕ ਅਰਥਾਂ ਨਾਲ਼ ਕਥਾ-ਵਿਚਾਰ ਹੋ ਸਕੇ। ਸਿੱਖਾਂ ਦੇ ਮਗਰ ਲੱਗੀਆਂ ਬ੍ਰਾਹਮਣੀ ਰੀਤਾਂ ਰਸਮਾਂ ਗੁਰਬਾਣੀ ਦੀ ਰੌਸ਼ਨੀ ਨਾਲ਼ ਦੂਰ ਭਜਾਈਆਂ ਜਾ ਸਕਣ।

ਬਹੁਤ ਸਾਰੇ ਪ੍ਰਬੰਧਕ ਜਾਂ ਰਾਜਨੀਤਕ ਵਿਅੱਕਤੀ ਗੁਰਦੁਆਰਿਆਂ ਦੀਆਂ ਗੋਲਕਾਂ ਨਾਲ਼ ਹੀ ਜੁੜੇ ਹੋਏ ਹਨ, ਗੁਰੂ ਨਾਲ਼ ਨਹੀਂ। ਜਿੱਥੇ ਗੋਲਕਾਂ ਭਾਰੀਆਂ ਹੁੰਦੀਆਂ ਹਨ, ਓਥੇ ਪ੍ਰਭਾਵਸ਼ਾਲੀ ਲੋਕ ਹਰ ਹੱਥ-ਕੰਡਾ ਵਰਤ ਕੇ ਆਪਣਾ ਕਬਜ਼ਾ ਜਮਾਉਣ ਲਈ ਤੱਤਪਰ ਰਹਿੰਦੇ ਹਨ ਭਾਵੇਂ ਉਹ ਭਾਰੀਆਂ ਗੋਲਕਾਂ ਕਿਸੇ ਵੀ ਥਾਂ ਤੇ ਦੂਰ ਜਾਂ ਨੇੜੇ ਹੋਣ। ਇੱਸ ਪ੍ਰਕਿਰਿਆ ਵਿੱਚ ਲੜਾਈਆਂ ਵੀ ਹੁੰਦੀਆਂ ਹਨ। ਲੜਾਈਆਂ ਨੂੰ ਅਦਾਲਤਾਂ ਵਿੱਚ ਲੈ ਜਾ ਕੇ ਕੌਮ ਦਾ ਪੈਸਾ ਵੀ ਬਰਬਾਦ ਕੀਤਾ ਜਾਂਦਾ ਹੈ। ਸੱਚੇ ਸੁੱਚੇ ਵਿਅੱਕਤੀ ਇਸ ਝੰਝਟ ਤੋਂ ਦੂਰ ਹੀ ਰਹਿੰਦੇ ਹਨ। ਮਾਇਆ ਦੀ ਸਾਰੇ ਕਾਰਜਾਂ ਵਿੱਚ ਲੋੜ ਹੈ। ਹੱਦ ਤੋਂ ਵੱਧ ਮਾਇਆ ਦੇਖ ਕੇ ਬਹੁਤੇ ਇਸ ਦੀ ਕਿਸੇ ਨਾ ਕਿਸੇ ਢੰਗ ਨਾਲ਼ ਦੁਰ-ਵਰਤੋਂ ਨੂੰ ਜਨਮ ਦਿੰਦੇ ਹਨ। ਬਹੁਤ ਸਾਰੇ ਇਤਿਹਾਸਕ ਗੁਰਦੁਆਰਿਆਂ ਵਿੱਚ ਰੋਜ਼ਾਨਾਂ ਕ੍ਰੋੜਾਂ ਰੁਪਏ ਚੜ੍ਹਾਵੇ ਵਜੋਂ ਇਕੱਠੇ ਹੁੰਦੇ ਹਨ। ਵਿਦੇਸ਼ਾਂ ਵਿੱਚ ਵੀ ਕਈ ਥਾਈਂ ਹਜ਼ਾਰਾਂ ਡਾਲਰ, ਹਫ਼ਤੇ ਦੇ, ਗੁਰਦੁਆਰਿਆਂ ਵਿੱਚ ਚੜ੍ਹਾਵਾ ਚੜ੍ਹਦਾ ਹੈ। ਗੋਲਕਾਂ ਨਾਲ਼ ਚਿੰਬੜੇ ਅਧਿਕਾਰੀ ਅਹੁਦੇ ਦੀ ਮਿਲ਼ੀ ਕੁਰਸੀ ਨੂੰ ਛੱਡਣ ਦਾ ਨਾਂ ਹੀ ਨਹੀ ਲੈਂਦੇ ਕਿਉਂਕਿ ਮਾਇਆ ਦੀ ਮਮਤਾ ਵਿਚ ਉਹ ਬੁਰੀ ਤਰ੍ਹਾਂ ਫਸ ਚੁੱਕੇ ਹੁੰਦੇ ਹਨ।

ਇੱਕ ਸੰਭਾਵੀ ਹੱਲ ! ਸੰਗਤ ਜੀ ਗੋਲਕਾਂ ਹਲਕੀਆਂ ਕਰੋ!

ਗੁਰਦੁਆਰੇ ਜਾਣ ਵਾਲ਼ੀ ਸੰਗਤ ਜੇ ਇਹ ਫ਼ੈਸਲਾ ਕਰ ਲਏ ਕਿ ਮੱਥਾ ਟੇਕਣ ਸਮੇਂ ਗੁਰੂ ਜੀ ਨੂੰ ਮਨੋਂ ਸਤਿਕਾਰ ਹੀ ਦੇਣਾ ਹੈ ਤੇ ਮਾਇਆ ਨਹੀਂ ਗੋਲਕ ਵਿੱਚ ਪਾਉਣੀ, ਤਾਂ ਗੋਲਕ ਨਾਲ਼ ਚਿੰਬੜੇ ਹੋਏ ਅਧਿਕਾਰੀ ਆਪਣੇ ਆਪ ਅਹੁਦੇ ਛੱਡ ਕੇ ਪਿੱਛੇ ਹੋ ਜਾਣਗੇ ਕਿਉਂਕਿ ਗੋਲਕਾਂ ਹਲਕੀਆਂ ਹੋ ਜਾਣ ਤੇ ਉਨ੍ਹਾਂ ਦਾ ਮਨ ਵੀ ਉਚਾਟ ਹੋ ਜਾਵੇਗਾ। ਇਕ ਕਹਾਣੀ ਤੋਂ ਇਹ ਗੱਲ ਪਕੜ ਵਿੱਚ ਆ ਜਾਵੇਗੀ ਕਿ ਗੋਲਕ ਵਿੱਚ ਪੈਸੇ ਕਿਉਂ ਨਹੀਂ ਪਾਉਣੇ।

ਮਾਤਾ ਆਪਣੇ ਬੱਚੇ ਨੂੰ ਇੱਕ ਟਾਫ਼ੀ ਦੇ ਕੇ ਪ੍ਰਸੰਨ ਕਰਦੀ ਹੈ। ਬੱਚੇ ਵਾਸਤੇ ਇਹ ਜ਼ਰੂਰੀ ਨਹੀਂ ਕਿ ਉਹ ਵੀ ਮਾਤਾ ਜੀ ਨੂੰ ਇੱਕ ਟਾਫ਼ੀ ਦੇ ਕੇ ਖ਼ੁਸ਼ ਕਰੇ। ਬੱਚਾ ਜਦੋਂ ਆਪਣੀ ਮਾਂ ਨੂੰ ਪਿਆਰ ਨਾਲ਼ ਇੱਕ ਪਾਰੀ ਦਿੰਦਾ ਹੈ ਜਾਂ ਨਿਰਮਲ ਮਨ ਨਾਲ਼ ਤੋਤਲੀਆਂ ਗੱਲਾਂ ਕਰਦਾ ਮਾਂ ਨਾਲ਼ ਲਾਡੀਆਂ ਕਰਦਾ ਹੈ ਤਾਂ ਮਾਂ ਅਤੀ ਪ੍ਰਸੰਨ ਹੋ ਜਾਂਦੀ ਹੈ। ਸਿੱਖ ਨੇ ਗੁਰੂ ਦੀ ਬਾਣੀ ਪੜ੍ਹ ਵਿਚਾਰ ਕੇ ਗੁਰਮੁਖੀ ਜੀਵਨ ਨਾਲ਼ ਸੰਗਤਾਂ ਦੀ ਸੇਵਾ ਕਰ ਕੇ ਗੁਰੂ ਨੂੰ ਪ੍ਰਸੰਨ ਕਰਨਾ ਹੈ।

ਗੁਰੂ ਹੀ ਸੱਭ ਕੁਝ ਦਿੰਦਾ ਹੈ ਤੇ ਇਹ ਜ਼ਰੂਰੀ ਨਹੀਂ ਕਿ ਗੁਰੂ ਨੂੰ ਵੀ ਓਹੋ ਕੁੱਝ ਹੀ ਵਾਪਸ ਕਰਨਾ ਹੈ ਤਾਂ ਜੁ ਗੁਰੂ ਜੀ ਖ਼ੁਸ਼ ਹੋ ਜਾਣ। ਜੇ ਗੁਰੂ ਤੋਂ ਸੰਤਾਨ, ਕਾਰ ਜਾਂ ਘਰ ਆਦਿਕ ਵਸਤੂਆਂ ਮਿਲ਼ਦੀਆਂ ਹਨ ਤਾਂ ਜ਼ਰੂਰੀ ਨਹੀਂ ਗੁਰੂ ਨੂੰ ਓਹੋ ਵਸਤੂਆਂ ਦੇ ਕੇ ਹੀ ਮੱਥਾ ਟੇਕਣਾ ਹੈ। ਜੇ ਬਾਦਸ਼ਾਹ ਕਿਸੇ ਨੂੰ ਜਾਗੀਰ ਦਿੰਦਾ ਹੈ ਤਾਂ ਬਾਦਸ਼ਾਹ ਨੂੰ ਕੋਈ ਜ਼ਮੀਨ ਦਾ ਟੁਕੜਾ ਦੇ ਕੇ ਖ਼ੁਸ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਬਾਦਸ਼ਾਹ ਤਾਂ ਆਪ ਹਰ ਵਸਤੂ ਦਾ ਮਾਲਕ ਹੁੰਦਾ ਹੈ। ਗੁਰੂ ਨੂੰ ਮਨੋਂ ਆਪਣਾ ਸਤਿਕਾਰ ਦਿਓ, ਮਾਇਆ ਨਹੀਂ। ਇਸ ਵਿਧੀ ਨਾਲ਼ ਬਹੁਤ ਸਾਰੇ ਝਗੜੇ ਸਹਜੇ ਹੀ ਹੱਲ ਕੀਤੇ ਜਾ ਸਕਦੇ ਹਨ । ਸੰਗਤਾਂ ਵਲੋਂ ਵਾਧੂ ਚੜ੍ਹਾਈ ਮਾਇਆ ਹੀ ਝਗੜਿਆਂ ਨੂੰ ਜਨਮ ਦਿੰਦੀ ਹੈ। ਇਸ ਮਾਇਆ ਨਾਲ਼ ਜੇ ਕੌਮ ਦੀ ਕੋਈ ਚੜ੍ਹਦੀ ਕਲਾ ਨਾ ਹੋਵੇ ਤਾਂ ਮਾਇਆ ਨਾਗਣੀ ਹੈ। ਸੰਗਤਾਂ ਵਲੋਂ ਦਿੱਤੇ ਇਸੇ ਮਾਇਆ ਦੇ ਵੱਡੇ ਗੱਫਿਆਂ ਨਾਲ਼ ਹੀ ਥਾਂ ਥਾਂ ਡੇਰੇ ਬਣ ਗਏ ਹਨ ਤੇ ਸਿੱਖ ਗੁਰੂ ਨਾਲੋਂ ਹਟ ਕੇ ਡੇਰਿਆਂ ਦੇ ਸਿੱਖ ਹੀ ਰਹਿ ਗਏ ਹਨ।

ਗੋਲਕਾਂ ਹਲਕੀਆਂ ਹੋ ਗਈਆਂ ਤਾਂ ਮਾਇਆ ਦੇ ਲਾਲਚੀਆਂ ਦੀ ਥਾਂ ਦਿਲੋਂ ਸੇਵਾ ਕਰਨ ਵਾਲ਼ੇ ਵਿਅੱਕਤੀ ਕੌਮ ਦੀ ਸੇਵਾ ਤੇ ਸਿੱਖੀ ਦਾ ਠੀਕ ਪਰਚਾਰ ਕਰਾਉਣ ਲਈ ਅੱਗੇ ਆ ਸਕਣਗੇ। ਇਤਿਹਾਸਕ ਗੁਰਦੁਆਰਿਆਂ ਵਿੱਚ ਕ੍ਰੋੜਾਂ ਵਿੱਚ ਚੜ੍ਹਦਾ ਚੜ੍ਹਾਵਾ ਬੰਦ ਹੋਣ ਤੇ ਗੋਲਕਾਂ ਨੂੰ ਜੱਫਾ ਮਾਰੀ ਬੈਠੇ ਸੱਪ ਪਤਾ ਨਹੀਂ ਲੱਗੇਗਾ ਕਦੋਂ ਤੇ ਕਿੱਧਰ ਨੂੰ ਚਲੇ ਜਾਣਗੇ। ਹੁਣ ਜਿੱਥੇ ਉਹ ਵਾਰ ਵਾਰ ਜਾ ਕੇ ਸਿਰੋਪੇ ਗਲ਼ਾਂ ਵਿੱਚ ਪੁਆਉਂਦੇ ਹਨ, ਗੋਲਕਾਂ ਖ਼ੁੱਸ ਜਾਣ ਤੇ ਫਿਰ ਸ਼ਾਇਦ ਉਹ ਓਥੇ ਮੱਥਾ ਟੇਕਣ ਵੀ ਨਾ ਜਾਣ। ਨਹੀਂ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top