ਬਠਿੰਡਾ,
18 ਨਵੰਬਰ: ਬਾਦਲ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਤ ਦਿਹਾੜੇ ਹੋ ਰਹੀ ਬੇਅਦਬੀ ਕਰਨ
ਦੇ ਅਸਲ ਦੋਸ਼ੀਆਂ ਨੂੰ ਫੜਨ ਦੀ ਬਜਾਏ ਸਿੱਖਾਂ ਵਿੱਚ ਉਠ ਰਹੇ ਆਪ ਮੁਹਾਰੇ ਰੋਸ ਨੂੰ ਦਬਾਉਣ ਲਈ
ਰੋਸ ਪ੍ਰਗਟ ਕਰ ਰਹੇ ਸਿੰਘਾਂ ’ਤੇ ਸਰਕਾਰ ਵੱਲੋਂ ਲਾਠੀਚਾਰਜ ਕਰਨਾ, ਆਗੂਆਂ ’ਤੇ ਦੋਸ਼ ਧ੍ਰੋਹੀ
ਦੇ ਕੇਸ ਦਰਜ ਕਰਕੇ ਜੇਲ੍ਹਾਂ ਵਿੱਚ ਸੁੱਟਣਾ; ਸਰਕਾਰ ਦੀ ਅਤਿ ਘਿਨਾਉਣੀ ਕਾਰਵਾਈ ਅਤੇ ਪਹਿਲਾਂ
ਤੋਂ ਹੀ ਪੰਥ ਵਿਰੋਧੀ ਕਾਰਵਾਈਆਂ ਕਰਨ ਵਾਲੇ ਬਾਦਲ ਪ੍ਰਵਾਰ ਦਾ ਪੰਥ ਵਿਰੋਧੀ ਹੋਣ ਦਾ ਇੱਕ ਹੋਰ
ਸਬੂਤ ਹੈ; ਜਿਸ ਦੀ ਅਸੀਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ।
ਇਹ ਸ਼ਬਦ ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ, ਭਾਈ ਭਾਈ ਰਣਜੀਤ ਸਿੰਘ
ਢੱਡਰੀਆਂ ਵਾਲੇ, ਭਾਈ ਹਰਜਿੰਦਰ ਸਿੰਘ ਮਾਂਝੀ, ਭਾਈ ਸਤਨਾਮ ਸਿੰਘ ਚੰਦੜ, ਭਾਈ ਹਰਜੀਤ ਸਿੰਘ
ਢਪਾਲੀ, ਭਾਈ ਨਿਰਮਲ ਸਿੰਘ ਧੂੜਕੋਟ, ਸੁਖਜੀਤ ਸਿੰਘ ਖੋਸਾ ਅਤੇ ਭਾਈ ਦਲੇਰ ਸਿੰਘ ਖੇੜੀ ਵਾਲਿਆਂ
ਨੇ ਇੱਕ ਸਾਂਝੇ ਪ੍ਰੈੱਸ ਬਿਆਨ ਵਿੱਚ ਕਹੇ।
ਉਨ੍ਹਾਂ ਕਿਹਾ ਸਰਕਾਰ ਵੱਲੋਂ ਆਪਣੀ ਨਾਕਾਮਯਾਬੀ ਨੂੰ ਛੁਪਾਉਣ ਲਈ ਲੋਕਾਂ
ਵਿੱਚ ਜਾਣ ਸਮੇਂ ਆਪਣੀ, ਆਪਣੇ ਵਜੀਰਾਂ, ਵਿਧਾਇਕਾਂ ਤੇ ਮੁੱਖ ਆਗੂਆਂ ਦੀ ਸੁਰੱਖਿਆ ਲਈ ਅਤੇ
ਰੋਸ ਪ੍ਰਗਟ ਕਰ ਰਹੇ ਸਿੰਘਾਂ ਦੀ ਸੀ.ਆਈ.ਡੀ ਅਤੇ ਲਾਠੀਚਾਰਜ ਕਰਨ ਲਈ ਜਿੰਨੇ ਪੁਲਿਸ ਮੁਲਾਜਮ
ਤਾਇਨਾਤ ਕੀਤੇ ਹੋਏ ਹਨ ਜੇ ਇਸ ਤੋਂ ਅੱਧੇ ਵੀ ਅਸਲ ਦੋਸ਼ੀਆਂ ਦੀ ਭਾਲ ਕਰ ਕੇ ਸਜਾਵਾਂ ਦਿਵਾਉਣ
ਲਈ ਲਾ ਦਿੱਤੇ ਜਾਣ ਤਾਂ ਪੰਜਾਬ ਦਾ ਮਾਹੌਲ ਸ਼ਾਂਤ ਹੋ ਸਕਦਾ ਹੈ।
ਉਨ੍ਹਾਂ ਮੰਗ ਕੀਤੀ ਕਿ ਪੰਜਾਬ ਵਿੱਚ ਪਿਚਲੇ ਦਿਨਾਂ ਵਿੱਚ ਵਾਪਰੇ ਘਟਨਾ
ਕ੍ਰਮ ਦੌਰਾਨ ਰੋਸ ਪ੍ਰਗਟ ਕਰਨ ਵਾਲੇ ਫੜੇ ਗਏ ਸਿੱਖ ਨੌਜਵਾਨਾਂ ਨੂੰ ਤੁਰੰਤ ਰਿਹਾ ਕਰੇ ਅਤੇ
ਬੇਅਦਬੀ ਕਰਨ ਵਾਲੇ ਅਸਲ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰੇ।
ਪ੍ਰਚਾਰਕਾਂ ਨੇ ਹਾਕਮ ਧਿਰ ਨੂੰ ਚਿਤਾਵਨੀ ਦਿੱਤੀ ਕਿ ਲੋਕਤੰਤਰਕ ਢੰਗ
ਨਾਲ ਰੋਸ ਪ੍ਰਗਟ ਕਰ ਰਹੇ ਲੋਕਾਂ ਦੀ ਅਵਾਜ਼ ਦਬਾਉਣ ਲਈ ਉਨ੍ਹਾਂ ’ਤੇ ਅੰਨੇਵਾਹ ਲਾਠੀਚਾਰਜ ਕਰਕੇ
ਅਤੇ ਸਤਾਧਾਰੀ ਪਾਰਟੀ ਦੇ ਆਗੂਆਂ ਵੱਲੋਂ ਭਾਰੀ ਸੁਰੱਖਿਆ ਨਾਲ ਵਿਚਰਨ ਨਾਲ ਉਹ ਕਦੀ ਵੀ ਲੋਕ
ਨੇਤਾ ਨਹੀਂ ਬਣ ਸਕਦੇ ਬਲਕਿ ਖ਼ਲਨਾਇਕ ਅਤੇ ਪੰਥ ਵਿਰੋਧੀ ਹੋਣ ਦਾ ਸਬੂਤ ਹੀ ਦੇ ਰਹੇ ਹਨ ਜਿਸ ਦੀ
ਹਰ ਮਨੁਖੀ ਅਧਿਕਾਰਾਂ ਦੇ ਹਾਮੀ ਮਨੁੱਖ ਨੂੰ ਨਿੰਦਾ ਕਰਨੀ ਚਾਹੀਦੀ ਹੈ।