Share on Facebook

Main News Page

'ਸਰਬੱਤ ਖ਼ਾਲਸੀਏ' ਸ਼ਾਹਮਦਾਰ ਦੀ ਨੌਸਰਬਾਜ਼ੀ
-: ਗੁਰਤੇਜ ਸਿੰਘ
19 ਨਵੰਬਰ 2015

"ਮਨਮੁਖ ਜਨਮੁ ਭਇਆ ਹੈ ਬਿਰਥਾ ਆਵਤ ਜਾਤ ਲਜਾਈ ਕਾਮਿ ਕ੍ਰੋਧਿ ਡੂਬੇ ਅਭਿਮਾਨੀ ਹਉਮੈ ਵਿਚਿ ਜਲਿ ਜਾਈ ॥" (ਗੁਰੂ ਗ੍ਰੰਥ, ਪੰਨਾ 1265)

ਮਾਨ ਦਲ ਤੋਂ ਬਿਨਾ ਸਾਰੀਆਂ ਪੰਥਕ ਜਥੇਬੰਦੀਆਂ ਦਾ ਵਿਚਾਰ ਸੀ ਕਿ ਅਜਿਹੇ ਸਮੇਂ ਜਦੋਂ ਖ਼ਤਰੇ ਦੀ ਅੱਗ ਗੁਰੂ ਗ੍ਰੰਥ ਦੇ ਵਜੂਦ ਵੱਲ ਵਧ ਰਹੀ ਹੈ ਤਾਂ ਸਾਰੇ ਸੰਸਾਰ ਦੇ ਸਿੱਖਾਂ ਨਾਲ ਮਿਲ ਬੈਠ ਕੇ, ਸਰਬੱਤ ਖ਼ਾਲਸੇ ਦਾ ਆਦੇਸ਼ ਲੈ ਕੇ, ਗੰਭੀਰ ਸਿੱਖ ਮਸਲਿਆਂ ਦਾ ਸਥਾਈ ਹੱਲ ਕੱਢਿਆ ਜਾਵੇ।

ਏਸ ਲਈ ਵੱਡਾ ਸਮੁੰਦਰ-ਮੰਥਨ ਹੋਣਾ ਸੀ ਅਤੇ ਘੱਟੋ-ਘੱਟ 6 ਕੁ ਮਹੀਨਿਆਂ ਵਿੱਚ ਏਸ ਦੇ ਸਾਰਥਕ ਨਤੀਜੇ ਨਿਕਲਣੇ ਸਨ। ਸਭ ਨਾਲ ਸਲਾਹ ਕਰ ਕੇ ਇੱਕ ਜਥੇਬੰਦੀ ਨੇ 12 ਨਵੰਬਰ ਨੂੰ ਹੋਣ ਵਾਲੇ ਸਰਬੱਤ ਖ਼ਾਲਸਾ ਦੀ ਤਿਆਰੀ ਲਈ ਇੱਕ ਇਕੱਠ ਦਾ ਐਲਾਨ ਕਰ ਦਿੱਤਾ।

ਬਾਦਲਕਿਆਂ ਦੇ ਸਵਾਰਥ ਦੀ ਮੰਗ ਸੀ ਕਿ ਸਰਬੱਤ ਖ਼ਾਲਸਾ ਕਦੇ ਵੀ ਨਾ ਹੋ ਸਕੇ। ਖ਼ਾਲਸੇ ਦੇ ਕਿਸੇ ਵੀ ਇਕੱਠ ਵਿੱਚ ਇਹਨਾਂ ਦੀ ਭੰਡੀ ਹੋਣਾ ਅਤੇ ਸਿੱਖ ਕੌਮ ਵੱਲੋਂ ਇਹਨਾਂ ਨੂੰ ਨਕਾਰੇ ਜਾਣਾ ਸਾਫ਼ ਨਜ਼ਰ ਆ ਰਿਹਾ ਸੀ।

ਮਾਨ ਦਾ ਇਰਾਦਾ ਸੀ ਕਿ ਕਿਸੇ ਤਿਕੜਮਬਾਜ਼ੀ ਨਾਲ ਇਕੱਠ ਕਰ ਲਿਆ ਜਾਵੇ ਅਤੇ ਓਸ ਕੋਲੋਂ ਮਨਮਰਜ਼ੀ ਦੇ ਮਤੇ ਪੁਆ ਕੇ ਓਸ ਨੂੰ ਸਰਬੱਤ ਖ਼ਾਲਸਾ ਦੀ ਸੰਗਿਆ ਨਾਲ ਸ਼ਿੰਗਾਰ ਦਿੱਤਾ ਜਾਵੇ। ਏਸ ਬਦਨੀਅਤ ਨਾਲ ਓਸ ਨੇ ਦਿਵਾਲੀ ਦੇ ਦਿਨ ਅੰਮ੍ਰਿਤਸਰ ਵਿੱਚ 'ਸਰਬੱਤ ਖ਼ਾਲਸਾ' ਇਕੱਠ ਦਾ ਐਲਾਨ ਕਰ ਦਿੱਤਾ। ਸੁਹਿਰਦ ਪੰਥਕ ਜਥੇਬੰਦੀਆਂ ਨੇ ਜਦੋਂ ਵੇਖਿਆ ਕਿ ਉਹ ਏਸ ਲਈ ਬਜ਼ਿੱਦ ਹੈ ਤਾਂ ਉਹਨਾਂ ਏਸ ਇਕੱਠ ਵਿੱਚੋਂ ਪੰਥਕ ਭਲਾਈ ਕੱਢ ਸਕਣ ਦੀ ਉਮੀਦ ਨੂੰ ਬਰਕਰਾਰ ਰੱਖਣ ਲਈ ਸੁਝਾਅ ਦਿੱਤੇ:

1. ਏਸ ਇਕੱਠ ਨੂੰ ਸਰਬੱਤ ਖ਼ਾਲਸਾ ਨਾ ਆਖਿਆ ਜਾਵੇ।
2. ਏਸ ਨੂੰ ਖ਼ਾਲਿਸਤਾਨ ਪੱਖੀ ਮਸ਼ਾਹੂਰ ਨਾ ਕੀਤਾ ਜਾਵੇ।
3. ਏਸ ਦਾ ਸੰਚਾਲਨ ਨਿਰਪੱਖ ਲੋਕਾਂ ਹੱਥ ਹੋਵੇ ਅਤੇ 4. ਏਸ ਵਿੱਚ ਸਾਂਝੇ ਮਤੇ ਪ੍ਰਵਾਨ ਕੀਤੇ ਜਾਣ।

ਇਹ ਕਾਂਵਾਂ ਦਾ ਦੁੱਧ ਲੱਭਣ ਵਾਲਾ ਪ੍ਰਸਤਾਵ ਸੀ। ਸਭ ਜਾਣਦੇ ਸਨ ਕਿ ਹਰ ਕੌਮੀ ਤ੍ਰਾਸਦੀ ਵਿੱਚੋਂ ਆਪਣਾ ਸਵਾਰਥ ਕੱਢਣ ਦੀ ਬੇਸ਼ਰਮੀ ਨਾਲ ਲੈਸ ਸ.ਸ.ਮਾਨ ਕਦੇ ਵੀ ਇਹ ਗੱਲਾਂ ਨਹੀਂ ਮੰਨੇਗਾ। ਪਰ ਓਸ ਨੇ ਸਭ ਨੂੰ ਹੈਰਾਨ ਕਰ ਕੇ ਇਹ ਸਭ ਸ਼ਰਤਾਂ ਮੰਨ ਲਈਆਂ ਅਤੇ ਇਮਾਨਦਾਰੀ ਦਾ ਸਬੂਤ ਦੇਣ ਲਈ ਭਾਈ ਬਲਦੀਪ ਸਿੰਘ (2014 ਵਿੱਚ ਖ਼ਡੂਰ ਸਾਹਿਬ ਤੋਂ ਚੋਣ-ਉਮੀਦਵਾਰ) ਨੂੰ ਮਤੇ ਲਿਖਣ ਵਾਲੀ ਕਮੇਟੀ ਦਾ ਮੁਖੀ ਬਣਾ ਦਿੱਤਾ।

7 ਤਾਰੀਖ ਦੀ ਸ਼ਾਮ ਨੂੰ ਭਾਈ ਬਲਦੀਪ ਸਿੰਘ ਅਤੇ ਅਮਰੀਕਾ ਤੋਂ ਆਏ ਹਰਿੰਦਰ ਸਿੰਘ, ਮਨਜੀਤ ਸਿੰਘ ਵਗੈਰਾ ਨੇ ਇੱਕ ਮਿਲਣੀ ਚੰਡੀਗੜ੍ਹ ਦੇ ਲੋਕਾਂ ਨਾਲ ਗੁਰੂ ਗ੍ਰੰਥ ਸਾਹਿਬ ਭਵਨ ਵਿੱਚ ਕੀਤੀ। ਉਹਨਾਂ ਨੂੰ ਯਕੀਨ ਸੀ ਕਿ ਮਾਨ ਸੁਹਿਰਦ ਹੈ ਅਤੇ ਸਮਝੌਤੇ ਉੱਤੇ ਕਾਇਮ ਰਹੇਗਾ। ਮਾਨ ਦੇ ਹਿਮਾਕਤੀ ਸੁਭਾਅ ਅਤੇ ਬਾਦਲ ਦਾ ਪੱਖ ਪੂਰਨ ਦੀ ਲਾਹੇਵੰਦ ਮਜਬੂਰੀ ਨੂੰ ਜਾਣਨ ਵਾਲਿਆਂ ਬਹੁਤ ਆਖਿਆ ਕਿ ਇਹ ਸਰਬੱਤ ਖ਼ਾਲਸਾ ਦੀ ਸਮਰੱਥਾ ਨੂੰ ਨਕਾਰਾ ਕਰਨ, ਸਿੱਖਾਂ ਦੇ ਉੱਠੇ ਉਭਾਰ ਨੂੰ ਖ਼ਤਮ ਕਰਨ ਅਤੇ ਕੇਵਲ ਮਾਨ ਨੂੰ ਜਾਤੀ ਸਿਆਸੀ ਲਾਭ ਬਟੋਰ ਕੇ ਕੇਵਲ ਪੈਸੇ ਇਕੱਠੇ ਕਰਨ ਦੀ ਬੇਹੱਦ ਖ਼ਤਰਨਾਕ ਅਤੇ ਸ਼ਾਤਰ ਚਾਲ ਹੈ। ਓਸ ਵੇਲੇ ਤੱਕ ਬੈਂਕ ਖਾਤੇ ਵੀ ਖੁੱਲ੍ਹ ਚੁੱਕੇ ਸਨ।

ਬਹੁਤ ਦਰਦ ਨਾਲ ਦੱਸਿਆ ਗਿਆ ਕਿ ਪਹਿਲਾਂ ਵੀ ਤਿੰਨ ਫੁੱਟੀ ਕਿਰਪਾਨ ਲਹਿਰਾ ਕੇ, ਖ਼ਾਲਿਸਤਾਨ ਦੇ ਨਾਂਅ ਉੱਤੇ ਚੋਣ-ਬਾਈਕੌਟ ਕਰ ਕੇ ਮਾਨ ਅਨੇਕਾਂ ਅਜਿਹੀਆਂ ਚਾਲਾਂ ਰਾਹੀਂ ਕੌਮ ਨੂੰ ਨਿਰੰਤਰ ਸ਼ਕਤੀਹੀਣ ਕਰਨ ਵਿੱਚ ਸਫ਼ਲ ਹੋ ਚੁੱਕਾ ਹੈ। ਪਰ ਵਿਦੇਸ਼ੀ ਵਫ਼ਦ ਨੇ ਕਿਸੇ ਆਪਣੇ (ਹਰਿੰਦਰ ਸਿੰਘ) ਨੂੰ ਅਕਾਲ ਤਖ਼ਤ ਦਾ ਜਥੇਦਾਰ ਥਾਪਣਾ ਸੀ, ਕਿਸੇ ਹੋਰ ਨੂੰ ਅਕਾਲ ਤਖ਼ਤ ਦਾ ਅੰਬੈਸੇਡਰ ਬਣਵਾਉਣਾ ਸੀ, ਪਰਦੇਸੀਆਂ ਵਿੱਚ ਆਪਣੀ ਜਿੱਤ ਦੇ ਡੰਕੇ ਵਜਾਉਣੇ ਸਨ। ਇਹ ਵਿਦੇਸ਼ੀ ਵਫ਼ਦ ਕੰਨੋਂ ਬੋਲ਼ਾ ਹੋ ਚੁੱਕਾ ਸੀ।

ਆਖ਼ਰ ਉਹਨਾਂ ਇਹ ਆਖ ਕੇ ਖਹਿੜਾ ਛੁਡਾਇਆ ਕਿ 'ਤੁਸੀਂ ਬਾਰ-ਬਾਰ ਮਾਨ ਦੀ ਬੇਈਮਾਨੀ ਤੇ ਸਿੱਖ ਕੌਮ ਨਾਲ ਧੋਖੇ ਦਾ ਨਜ਼ਾਰਾ ਵੇਖ ਚੁੱਕੇ ਹੋ, ਇੱਕ ਵਾਰ ਸਾਨੂੰ ਵੀ ਵੇਖ ਲੈਣ ਦਿਉ।' ਏਸ ਤਰਕ ਦਾ ਕੋਈ ਜਵਾਬ ਹੋ ਹੀ ਨਹੀਂ ਸੀ ਸਕਦਾ।

ਆਖ਼ਰ ਜੋ ਹੋਣਾ ਸੀ ਸੋ ਹੋਇਆ: ਕਿਸੇ ਦੇ ਮਤੇ ਦੀ ਪਰਵਾਹ ਨਾ ਕੀਤੀ ਗਈ ਅਤੇ ਬਲਦੀਪ ਸਿੰਘ ਨੂੰ ਇਕੱਠ ਦਾ ਤੁਰੰਤ ਬਾਈਕੌਟ ਕਰਨਾ ਪਿਆ। ਸੁਹਿਰਦ ਸਾਧੂਆਂ ਨੂੰ ਪੰਥਕ ਯਤਨ ਤੋਂ ਅਲੱਗ ਥਲੱਗ ਕਰ ਕੇ ਕੌਮੀ ਸੰਘਰਸ਼ ਨੂੰ ਕਮਜ਼ੋਰ ਕੀਤਾ ਗਿਆ, ਇਕੱਠ ਨੂੰ ਬੜੀ ਨੀਚਤਾ ਨਾਲ ਖ਼ਾਲਿਸਤਾਨੀ ਇਕੱਠ ਪ੍ਰਚਾਰਿਆ ਗਿਆ, ਆਪ-ਮੁਹਾਰੇ ਜੁੜੇ ਇਕੱਠ ਨੂੰ ਮਾਨ ਦੀ ਅਗਲੀ ਪੀੜ੍ਹੀ ਨੂੰ ਸਿਆਸਤ ਵਿੱਚ ਧੱਕਣ ਲਈ ਵਰਤਿਆ ਗਿਆ, ਜਗਤਾਰ ਸਿੰਘ ਹਵਾਰੇ ਦਾ ਨਾਂਅ ਵਰਤ ਕੇ ਮਾਨ ਦਲ ਦੇ ਉਪ-ਪ੍ਰਧਾਨ ਨੂੰ, ਮੁੱਢਲੀਆਂ ਸਿੱਖ ਪ੍ਰੰਪਰਾਵਾਂ ਦਾ ਘਾਣ ਕਰ ਕੇ, ਜਥੇਦਾਰ ਐਲਾਨਿਆ ਗਿਆ ਅਤੇ ਬਾਦਲਕਿਆਂ ਨੂੰ ਨਵਾਂ ਸਿਆਸੀ ਪੈਂਤੜਾ ਪ੍ਰਦਾਨ ਕੀਤਾ ਗਿਆ। ਆਪਣੇ ਵੱਲੋਂ ਅਗਲੇ ਪੰਜਾਹ ਸਾਲ ਲਈ ਸਰਬੱਤ ਖ਼ਾਲਸਾ ਨਾ ਹੋਣ ਦੇਣ ਦਾ ਪੱਕਾ ਇੰਤਜ਼ਾਮ ਕਰ ਲਿਆ ਗਿਆ।

ਵਿਦੇਸ਼ੀ ਵਫ਼ਦ ਨੂੰ ਜੇਲ੍ਹ ਯਾਤਰਾ ਤੋਂ ਬਚਣ ਲਈ ਤੁਰੰਤ ਵਾਪਸ ਪ੍ਰਸਥਾਨ ਕਰਨਾ ਪਿਆ; ਬਲਦੀਪ ਸਿੰਘ ਇਟਲੀ ਨਿਕਲ ਗਏ; 'ਜਥੇਦਾਰ' ਜੇਲ੍ਹੀਂ ਪਹੁੰਚ ਗਏ। ਕੇ.ਪੀ.ਐਸ ਗਿੱਲ ਦੀ ਤਰਜ਼ ਉੱਤੇ ਮੁੱਛਾਂ ਨੂੰ ਤਾਅ ਦੇ ਕੇ ਮੁਸਕੜੀਏਂ ਹੱਸਦਾ ਸ.ਸ.ਮਾਨ (ਹਿੰਦੁਸਤਾਨ ਟਾਈਮਜ਼, 17 ਨਵੰਬਰ 2015, ਸਫ਼ਾ 3) ਖ਼ੁਦ ਬਾਹਰ ਰਹਿ ਗਿਆ। ਜਿਨ੍ਹਾਂ ਬਾਦਲਕਿਆਂ ਨੂੰ ਲੋਕ-ਰੋਹ ਤੋਂ ਬਚਾਉਣ ਲਈ ਕੰਧਾਂ ਪਾੜ ਕੇ ਕੱਢਣਾ ਪੈਂਦਾ ਸੀ, ਜਦੋਂ ਇਕੱਠ ਦੀ ਗਰਦਸ਼ ਬੈਠੀ ਤਾਂ ਉਹ ਪੇਂਡੂ ਇਕੱਠਾਂ ਵਿੱਚ ਧਮਕੀਆਂ ਦਿੰਦੇ ਦਨਦਨਾਉਂਦੇ ਨਜ਼ਰ ਆਏ। ਸਾਧੂ ਚੰਦ ਕੁ ਮਾਨ ਸਮਰਥਕਾਂ ਦੀਆਂ ਫ਼ਾਹਸ਼ ਗਾਲ੍ਹਾਂ ਨੂੰ ਲੋਕ-ਫ਼ਤਵਾ ਸਮਝ ਕੇ ਮਾਯੂਸ ਹੋ ਗਏ। ਫ਼ੇਰ ਮਾਨ ਵੱਲੋਂ ਆਪਣੇ ਖੁੱਡੇ ਦੀਆਂ ਮੁਰਗੀਆਂ ਨੂੰ ਆਖਿਆ ਗਿਆ ਕਿ ਕੋਈ ਗਾਲ੍ਹਾਂ ਨਾ ਕੱਢੇ। ਗਾਲ੍ਹਾਂ ਤੁਰੰਤ ਬੰਦ ਹੋ ਗਈਆਂ। ਨਵੇਂ ਸਿੱਖ ਨੌਜਵਾਨ ਪੂਰ ਨੂੰ ਤਹਿ-ਤੇਗ਼ ਕਰਨ ਦੀਆਂ ਅਸੀਮ ਸੰਭਾਵਨਾਵਾਂ ਬਾਦਲਕਿਆਂ ਅਤੇ ਆਰ.ਐਸ.ਐਸ. ਦੀ ਝੋਲੀ ਆਣ ਪਈਆਂ। ਆਸ਼ਾ ਦੇ ਆਲਮ ਉੱਤੇ ਮਾਰੂ ਹਨੇਰੀਆਂ ਨੇ ਰੇਤ ਦੇ ਟਿੱਬੇ ਉਸਾਰ ਦਿੱਤੇ।

ਪਰ ਸਭ ਖ਼ਤਮ ਨਹੀਂ ਹੋਇਆ। ਨੌਸਰਬਾਜ਼ ਘੜੀਆਂ ਰੋਕ ਸਕਦੇ ਹਨ ਵਕਤ ਨੂੰ ਨਹੀਂ। ਹੁਣ ਬੋਤਾ ਸਿੰਘ ਗਰਜਾ ਸਿੰਘ ਫ਼ੇਰ ਉੱਠਣਗੇ, ਗੁਰੂ ਕੇ ਘਾਹੀ ਨਵੀਆਂ ਸਵੇਰਾਂ ਦੇ ਬਾਨ੍ਹਣੂੰ ਬੰਨ੍ਹਣਗੇ, ਹਨੇਰੇ ਨੂੰ ਪਸਰਨ ਤੋਂ ਰੋਕਣਗੇ, ਗੁਰੂ ਕਲਗ਼ੀਧਰ ਸਰਬੰਸਦਾਨੀ ਦੇ ਰਾਹ ਉੱਤੇ ਫ਼ੇਰ ਰੌਣਕਾਂ ਪਰਤਣਗੀਆਂ। ਫ਼ੇਰ ਦਮਾਮੇ ਗਰਜਣਗੇ ਅਤੇ ਸਦਾ ਵੱਜਦੀ ਉਹ ਨੌਬਤ ਦੀ ਆਵਾਜ਼ ਸੁਣਾਈ ਦੇਣੀ ਸ਼ੁਰੂ ਹੋਵੇਗੀ ਜਿਸ ਬਾਬਤ ਭਾਈ ਸੰਤੋਖ ਸਿੰਘ ਫ਼ਰਮਾਉਂਦੇ ਹਨ:

ਸੁਖ ਸਵਣ ਨ ਦੇਂਦੀ ਦੁਜਨਾਂ ਨੂੰ, ਨਉਬਤ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top