Share on Facebook

Main News Page

ਭਾਈ ਹਵਾਰੇ ਨੂੰ ਰਿਹਾ ਕਰਵਾਉਣ ਵਾਲੀ ਪਟੀਸ਼ਨ ਸਿੱਖਾਂ ਦਾ ਅਕਸ ਖਰਾਬ ਕਰੇਗੀ, ਨਾ ਕਿ ਰਿਹਾਈ
-: ਜੀਵਨ ਚਾਹਿਲ

ਕੁੱਝ ਦਰਦਮੰਦ ਸੱਜਣ ਅਮਰੀਕਾ ਦੇ ਰਾਸ਼ਟਰਪਤੀ ਕੋਲ ਇੱਕ ਪਟੀਸ਼ਨ ਪਾ ਕੇ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਵਾਸਤੇ ਚਾਰਾਜੋਈ ਕਰਨ ਦਾ ਯਤਨ ਕਰ ਰਹੇ ਹਨਇਨ੍ਹਾਂ ਦੀ ਸੋਚਣੀ ਅਤੇ ਕਰਮ ਨੇਕ ਹੋ ਸਕਦੇ ਹਨ, ਪਰ ਅਮਰੀਕਾ ਦਾ ਰਾਸ਼ਟਰਪਤੀ ਚਾਹੁੰਦਾ ਹੋਇਆ ਵੀ ਹਵਾਰੇ ਨੂੰ ਰਿਹਾ ਕਰਵਾਉਣ ਲਈ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦਾ।

ਇਸ ਦੇ ਦੋ ਕਾਰਣ ਹਨ: ਇੱਕ ਕਾਨੂੰਨੀ ਅਤੇ ਦੂਸਰਾ ਮੌਜੂਦਾ ਮਾਹੌਲ

ਕਾਨੂੰਨੀ ਤੌਰ 'ਤੇ ਅਮਰੀਕਾ ਦਾ ਰਾਸ਼ਟਰਪਤੀ ਅਮਰੀਕਾ ਦੇ ਅੰਦਰ ਵੀ ਅਦਾਲਤੀ ਪ੍ਰਕਿਰਿਆ ਵਿੱਚ ਦਖਲ ਨਹੀਂ ਦੇ ਸਕਦਾ। ਯਾਦ ਕਰੋ, ਭਾਰਤੀ ਡਿਪਲੋਮੈਟ ਖੋਬਰਾਗੋੜੇ ਵੱਲੋਂ ਨੌਕਰਾਣੀ ਨਾਲ ਕੀਤੇ ਦੁਰਵਿਵਹਾਰ ਦਾ ਕੇਸ। ਭਾਰਤੀ ਹਕੂਮਤ ਵੱਲੋਂ ਇਸ ਕੇਸ ਨੂੰ ਰਫਾ ਦਫਾ ਕਰਨ ਲਈ ਬੜੇ ਯਤਨ ਹੋਏ ਪਰ ਐਸਾ ਹੋ ਨਾ ਸਕਿਆ। ਸੋ, ਭਾਈ ਹਵਾਰੇ ਦੇ ਕੇਸ ਵਿੱਚ ਓਬਾਮਾ ਦੂਸਰੇ ਦੇਸ਼ ਦੇ ਕਾਨੂੰਨ ਵਿੱਚ ਦਖਲ ਕਿਵੇਂ ਦੇ ਸਕਦਾ ਹੈ? ਹਵਾਰੇ ਨੂੰ ਛੱਡਣਾ ਜਾਂ ਨਾ ਛੱਡਣਾ, ਭਾਰਤੀ ਅਦਾਲਤਾਂ ਜਾਂ ਭਾਰਤੀ ਵਿਵਸਥਾ ਦਾ ਮਾਮਲਾ ਹੈ, ਨਾ ਕਿ ਕਿਸੇ ਹੋਰ ਦੇਸ਼ ਦੇ ਕਾਨੂੰਨ ਦਾ।

ਦੂਸਰਾ ਨੁਕਤਾ ਹੈ ਪੱਛਮੀ ਦੇਸ਼ਾਂ ਦੀ ਹਿੰਸਕ ਰਾਜਨੀਤੀ (ਅੱਤਵਾਦ) ਪ੍ਰਤੀ ਸਖਤ ਪਹੁੰਚ। ਫਰਾਂਸ ਵਿੱਚ ਹੋਈ ਘਟਨਾ ਤਾਂ ਤਾਜ਼ਾ ਹੀ ਹੈ, ਜਿਸ ਤੋਂ ਇਨ੍ਹਾਂ ਮੁਲਕਾਂ ਦਾ ਹਿੰਸਕ ਕਾਰਵਾਈਆਂ ਪ੍ਰਤੀ ਵਤੀਰਾ ਦੇਖਿਆ ਜਾ ਸਕਦਾ ਹੈ। ਅਸਲੀਅਤ ਇਹ ਹੈ ਕਿ ਹਮਦਰਦੀ ਤਾਂ ਦੂਰ ਦੀ ਗੱਲ, ਸਿਤੰਬਰ 11 ਤੋਂ ਬਾਅਦ ਇਹ ਮੁਲਕ ਐਸੇ ਸੰਗਠਨਾਂ ਦੇ ਨਮਦੇ ਕੱਸਣ ਲਈ ਪੂਰੇ ਯਤਨਸ਼ੀਲ ਹਨ। ਭਾਰਤ ਇੱਕ ਅੱਤਵਾਦ ਪੀੜਿਤ ਮੁਲਕ ਵਜੋਂ ਵੇਖਿਆ ਜਾਂਦਾ ਹੈ। ਅੱਤਵਾਦ ਵਿਰੋਧੀ ਲੜਾਈ ਵਿੱਚ ਭਾਰਤ ਇੱਕ ਸਹਿਯੋਗੀ ਦੀ ਭੂਮਿਕਾ ਨਿਭਾ ਰਿਹਾ ਹੈ। ਹਵਾਰਾ ਜਿਸ ਬੱਬਰ ਖਾਲਸਾ ਨਾਲ ਸੰਬੰਧਿਤ ਹੈ, ਕੈਨੇਡਾ ਨੇ ਉਸੇ ਬੱਬਰ ਖਾਲਸਾ ਨੂੰ ਗੈਰ ਕਾਨੂੰਨੀ ਗਰਦਾਨ ਕੇ ਪਾਬੰਦੀ ਲਾਈ ਹੋਈ ਹੈ। ਹਵਾਰੇ ਨੂੰ ਛੁਡਾਉਣ ਲਈ ਦਬਾਅ ਪਾਉਣਾ ਤਾਂ ਦੂਰ ਦੀ ਗੱਲ, ਕੈਨੇਡੀਅਨ ਸਿੱਖ ਮੰਤਰੀ ਤਾਂ ਬੱਬਰ ਖਾਲਸਾ ਉੱਪਰ ਲੱਗੀ ਪਾਬੰਦੀ ਹਟਾਉਣ ਲਈ ਵੀ ਚੂੰ ਵੀ ਨਹੀਂ ਕਰ ਸਕਦੇ।

ਐਸੇ ਮਾਹੌਲ ਵਿੱਚ ਹਵਾਰੇ ਦੀ ਰਿਹਾਈ ਵਾਸਤੇ ਪਟੀਸ਼ਨ ਪਾਉਣ ਵਾਲੇ ਸੱਜਣ ਸਿੱਖਾਂ ਨੂੰ ਅੱਤਵਾਦੀਆਂ ਦੇ ਹਮਾਇਤੀਆਂ ਵਜੋਂ ਪੇਸ਼ ਕਰਨ ਵਾਲਿਆਂ ਵਜੋਂ ਜਾਣੇ ਜਾਣਗੇ। ਨਤੀਜੇ ਵਜੋਂ ਰਿਹਾਈ ਲਈ ਤਾਂ ਕੋਈ ਮੱਦਦ ਨਹੀਂ ਮਿਲੇਗੀ, ਉਲਟਾ ਸਿੱਖਾਂ ਦਾ ਅਕਸ ਖਰਾਬ ਹੋਏਗਾ। ਸਰਕਾਰੀ ਰਿਕਾਰਡ ਵਿੱਚ ਦਰਜ਼ ਹੋਏ ਐਸੇ ਇੰਦਰਾਜ਼ ਹਟਾਉਣ ਲਈ ਦਹਾਕੇ ਲਗਦੇ ਹਨ।

ਸੋ ਭਾਈ ਸਿੱਖੋ, ਵਿਦੇਸ਼ਾਂ ਵਿੱਚ ਤੁਸੀਂ ਆਪਣੇ ਆਪ ਨੂੰ ਪੇਸ਼ ਤਾਂ ਮਜ਼ਲੂਮ ਵਜੋਂ ਕਰਨਾ ਚਾਹੁੰਦੇ ਹੋ, ਪਰ ਕਰ ਕੁੱਝ ਹੋਰ ਤਰ੍ਹਾਂ ਰਹੇ ਹੋ। ਕਾਹਲੀ ਨਾਲੋਂ ਮੁੜ ਵਿਚਾਰ ਕਰਕੇ ਦੇਖੋ, ਸਿਆਣੇ ਵਿਅਕਤੀਆਂ ਦੀ ਸਲਾਹ ਲੈ ਲਓ, ਵਪਾਰੀਆਂ ਦੀ ਪਛਾਣ ਕਰੋ।


ਟਿੱਪਣੀ: ਅਸੀਂ ਜਿਹੜਾ ਵੀ ਕੰਮ ਕਰਦੇ ਹਾਂ ਭਾਵਨਾਵਾਂ 'ਚ ਵਹਿ ਕੇ, ਲਾਈ ਲੱਗ ਹੋ ਕੇ ਕਰਦੇ ਹਾਂ, ਤੇ ਜਿਹੜਾ ਤੁਹਾਨੂੰ ਸੁਚੇਤ ਕਰੇ, ਉਸ ਨੂੰ ਗਾਹਲਾਂ ਤੇ ਤਾਹਨਿਆਂ ਨਾਲ ਨਿਵਾਜ਼ਦੇ ਹਾਂ। ਜੀਵਨ ਚਾਹਿਲ ਜੀ ਦਾ ਨੁਕਤਾ ਸਹੀ ਹੈ, ਉਹ ਭਾਈ ਹਵਾਰੇ ਦੀ ਰਿਹਾਈ ਦੇ ਵਿਰੁੱਧ ਨਹੀਂ, ਪਰ ਜਿਹੜੇ ਵੀ ਨੁਕਤੇ ਉਨ੍ਹਾਂ ਨੇ ਵਿਚਾਰੇ ਹਨ, ਧਿਆਨ ਗੋਚਰੇ ਹਨ। ਕਾਸ਼ ਸਾਨੂੰ ਸਿਆਣੇ ਲੋਕਾਂ ਦੀ ਰਾਏ 'ਤੇ ਸੋਚ ਵਿਚਾਰ ਕਰਣ ਦੀ ਆਦਤ ਪਵੇ।

ਯਾਦ ਰਹੇ, ਖ਼ਾਲਸਾ ਨਿਊਜ਼ ਵੀ ਭਾਈ ਹਵਾਰੇ ਦੀ ਰਿਹਾਈ ਦੇ ਖਿਲਾਫ ਨਹੀਂ, ਪਰ ਜੀਵਨ ਚਾਹਿਲ ਜੀ ਦੇ ਵੀਚਾਰਾਂ ਨਾਲ ਸਹਿਮਤ ਹੈ।

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top