ਜਲੰਧਰ
- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ
ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਕਾਂਗਰਸ ‘ਤੇ ਲਗਾਏ ਗਏ ਤਮਾਮ ਦੋਸ਼ਾਂ
ਨੂੰ ਰੱਦ ਕਰਦੇ ਹੋਏ ਕਿਹਾ ਹੈ ਕਿ ਬਾਦਲਾਂ ਨੂੰ ਅਸਲ ‘ਚ ਕਾਂਗਰਸ ਫੋਬੀਆ ਹੋ ਗਿਆ ਹੈ। ਕੈਪਟਨ
ਅਮਰਿੰਦਰ ਸਿੰਘ ਨੇ ਇਕ ਬਿਆਨ ‘ਚ ਅਕਾਲੀਆਂ ਨੂੰ ਕਿਹਾ ਕਿ ਰੈਲੀ ਕਰਨਾ ਉਨ੍ਹਾਂ ਲਈ (ਕੈਪਟਨ)
ਕੋਈ ਵੱਡੀ ਗੱਲ ਨਹੀਂ ਹੈ ਪਰ ਉਹ ਆਪਣੀਆਂ ਰੈਲੀਆਂ ‘ਚ ਬਾਹਰੋਂ ਆਏ ਲੋਕਾਂ ਨੂੰ ਨਹੀਂ
ਮੰਗਵਾਉਂਦੇ ਹਨ ਜਿਵੇਂ ਕਿ ਅਕਾਲੀ ਦਲ ਨੇ ਹਰਿਆਣਾ ਤੋਂ ਅਕਾਲੀ ਵਰਕਰਾਂ ਨੂੰ ਰੈਲੀ ‘ਚ ਬੁਲਾਇਆ
ਹੈ ਅਤੇ ਨਾਲ ਹੀ ਸਰਕਾਰੀ ਮਸ਼ੀਨਰੀ ਦੀ ਜਮ ਕੇ ਦੁਰਵਰਤੋਂ ਕੀਤੀ। ਉਨ੍ਹਾਂ ਬਾਦਲਾਂ ਨੂੰ ਚੁਣੌਤੀ
ਦਿੰਦੇ ਹੋਏ ਕਿਹਾ ਕਿ ਉਹ ਜਨਤਾ ਦੇ ਵਿਚਾਲੇ ਆਪਣੀ (ਬਾਦਲ) ਅਤੇ ਉਨ੍ਹਾਂ ਦੀ (ਕੈਪਟਨ)
ਲੋਕਪ੍ਰਿਯਤਾ ਨੂੰ ਕਦੇ ਵੀ ਪਰਖ ਸਕਦੇ ਹਨ ਅਤੇ ਦੇਖ ਲੈਣ ਕਿ ਜਨਤਾ ਕਿਸ ਨੇਤਾ ਨੂੰ ਫੁੱਲਾਂ ਦੇ
ਹਾਰ ਪਹਿਨਾਉਂਦੀ ਹੈ ਅਤੇ ਉਹ ਕਿਸ ਵੱਲ ਪੱਥਰ ਸੁੱਟਦੀ ਹੈ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਬਠਿੰਡਾ ਰੈਲੀ ‘ਚ ਭਾਰੀ ਗਿਣਤੀ ‘ਚ
ਸਰਕਾਰੀ ਮੁਲਾਜ਼ਮਾਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਅਕਾਲੀ ਲੀਡਰਸ਼ਿਪ ਨੇ ਹਜ਼ਾਰਾਂ ਦੀ ਗਿਣਤੀ ‘ਚ
ਲੋਕਾਂ ਨੂੰ ਪੁਲਸ ਥਾਣਿਆਂ ‘ਚ ਰੈਲੀ ਤੋਂ ਪਹਿਲਾਂ ਬੰਦ ਕਰ ਦਿੱਤਾ, ਕਿਉਂਕਿ ਉਨ੍ਹਾਂ ਨੂੰ ਖਦਸ਼ਾ
ਸੀ ਕਿ ਉਹ ਲੋਕ ਸਰਕਾਰੀ ਜ਼ਿਆਦਤੀਆਂ ਦੇ ਵਿਰੁੱਧ ਮੂੰਹ ਖੋਲ੍ਹਣਗੇ।
ਸੁਖਬੀਰ ਵਲੋਂ 25 ਸਾਲ ਰਾਜ ਕਰਨ ਦੇ ਦਾਅਵੇ ‘ਤੇ ਟਿੱਪਣੀ ਕਰਦੇ ਹੋਏ
ਅਮਰਿੰਦਰ ਨੇ ਕਿਹਾ ਜਨਤਾ ਨਾ ਸਿਰਫ 2017 ‘ਚ ਅਕਾਲੀ ਭਾਜਪਾ ਨੂੰ ਸੱਤਾ ‘ਚੋਂ ਉਖਾੜ ਸੁੱਟੇਗੀ
ਸਗੋਂ ਨਾਲ ਹੀ ਉਨ੍ਹਾਂ ਦੇ ਕੰਟਰੋਲ ਵਾਲੀ ਐੱਸ. ਜੀ. ਪੀ. ਸੀ. ਨੂੰ ਵੀ ਮੁਕਤ ਕਰਵਾ ਲਵੇਗੀ।
ਉਨ੍ਹਾਂ ਨੇ ਕਿਹਾ ਕਿ ਰੈਲੀ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ,
ਬਰਗਾੜੀ ‘ਚ ਪੁਲਸ ਫਾਇਰਿੰਗ, ਨਿਰਦੋਸ਼ ਲੋਕਾਂ ‘ਤੇ ਕੇਸ ਬਣਾਉਣ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ
ਬਾਰੇ ਕੋਈ ਚਰਚਾ ਨਹੀਂ ਕੀਤੀ ਗਈ ਅਤੇ ਨਾ ਹੀ ਬਾਦਲਾਂ ਨੇ ਜਨਤਾ ਤੋਂ ਮਾਫੀ ਮੰਗੀ।
ਉਨ੍ਹਾਂ ਨੇ ਕਿਹਾ ਕਿ ਭਾਵੇਂ ਬਾਦਲਾਂ ਵਲੋਂ ਆਪਣੀ ਸਰਕਾਰ ਦੀਆਂ
ਅਸਫਲਤਾਵਾਂ ਤੋਂ ਜਨਤਾ ਦਾ ਧਿਆਨ ਹਟਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਪਰ ਉਸਦੇ ਬਾਵਜੂਦ ਜਨਤਾ
ਉਨ੍ਹਾਂ ਨੂੰ ਮੁਆਫ ਕਰਨ ਵਾਲੀ ਨਹੀਂ ਹੈ। ਹਜ਼ਾਰਾਂ ਕਰੋੜ ਰੁਪਏ ਕਮਾਉਣ ਵਾਲੇ ਬਾਦਲਾਂ ਨੇ ਸੂਬੇ
ਨੂੰ ਕੰਗਾਲ ਬਣਾ ਕੇ ਰੱਖ ਦਿੱਤਾ ਹੈ।
ਪੰਜਾਬ ‘ਤੇ 1. 25 ਲੱਖ ਕਰੋੜ ਦਾ ਕਰਜ਼ਾ ਚੜ੍ਹ ਚੁੱਕਾ ਹੈ, ਨਸ਼ਿਆਂ ਦਾ
ਚਾਰੇ ਪਾਸੇ ਬੋਲਬਾਲਾ ਹੈ। ਉਦਯੋਗ ਧੰਦੇ ਬੰਦ ਹੋ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਅਕਾਲੀ
ਜਾਂ ਤਾਂ 2017 ਤੋਂ ਪਹਿਲਾਂ ਲੁਕ ਜਾਣਗੇ ਜਾਂ ਫਿਰ ਦੌੜ ਜਾਣਗੇ। ਉਨ੍ਹਾਂ ਨੇ ਬਾਦਲ ‘ਤੇ 1977
‘ਚ ਆਪਣੇ ਮਿੱਤਰ ਚੌਧਰੀ ਦੇਵੀ ਲਾਲ ਤੋਂ 2 ਕਰੋੜ ਰੁਪਏ ਲੈਣ ਅਤੇ ਸਤਲੁਜ, ਯਮੁਨਾ ਲਿੰਕ ਨਹਿਰ
ਬਣਾਉਣ ਦੀ ਇਜਾਜ਼ਤ ਦੇਣ ਦੇ ਦੋਸ਼ ਵੀ ਲਗਾਏ, ਜਦਕਿ ਪੰਜਾਬ ਦੇ ਕੋਲ ਇਕ ਬੂੰਦ ਵੀ ਫਾਲਤੂ ਪਾਣੀ
ਨਹੀਂ ਹੈ। ਬਾਦਲਾਂ ਦੀ ਇਕੋ-ਇਕ ਸਫਲਤਾ ਵੱਡੀ ਪੱਧਰ ‘ਤੇ ਧਨ ਕਮਾਉਣਾ ਅਤੇ ਸੈਵਨ ਸਟਾਰ ਹੋਟਲ
ਬਣਾਉਣ ਤੱਕ ਸੀਮਤ ਰਹੀ ਹੈ।