Share on Facebook

Main News Page

ਅਰਦਾਸ ਕੋਈ ਗੁਰਬਾਣੀ ਨਹੀਂ, ਕਿ ਜਿਸ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ ! (ਭਾਗ ਪਹਿਲਾ)
-: ਸੰਪਾਦਕ ਖ਼ਾਲਸਾ ਨਿਊਜ਼

ਯੂਏਈ ਦੇ ਗੁਰਦੁਆਰੇ ਵੱਲੋਂ ਅਰਦਾਸ ਵਿੱਚ ਤਬਦੀਲੀ; ਅਕਾਲ ਤਖ਼ਤ ਵੱਲੋਂ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ; - ਇਹ ਖ਼ਬਰ ਪੜ੍ਹਕੇ ਸਿੱਖ ਅਖਵਾਉਣ ਵਾਲਿਆਂ 'ਤੇ ਹਾਸਾ ਆਇਆ ਤੇ ਤਰਸ ਵੀ, ਉਹ ਵੀ ਉਨ੍ਹਾਂ ਲੋਕਾਂ 'ਤੇ ਜਿਹੜੇ ਆਪ ਹੀ ਗੁਰੂ ਗ੍ਰੰਥ ਸਾਹਿਬ ਨੂੰ ਅਧੂਰਾ ਗੁਰੂ ਮੰਨਦੇ ਹਨ, ਸਿੱਖ ਰਹਿਤ ਮਰਿਆਦਾ ਨੂੰ ਆਪਣੀ ਸਹੂਲਤ ਅਨੁਸਾਰ ਵਰਤਦੇ ਨੇ, ਜਿਨ੍ਹਾਂ 'ਚੋਂ ਅਖੌਤੀ ਟਕਸਾਲੀ, ਪਾਖੰਡੀ ਸਾਧ ਬਾਬੇ ਅਤੇ ਕਈ ਜਾਗਰੂਕ ਅਖਵਾਉਣ ਵਾਲੇ ਵੀ ਹਨ, ਜਿਨ੍ਹਾਂ 'ਚ ਗੁਰਮਤਿ ਸਖਿਲਾਈ ਕੇਂਦਰ ਦੇ ਪ੍ਰਿੰ. ਪਰਵਿੰਦਰ ਸਿੰਘ ਵੀ ਸ਼ਾਮਿਲ ਹਨ, ਜਿਹੜੇ ਉਸ ਤਰ੍ਹਾਂ ਤਾਂ ਗੁਰਮਤਿ ਦਾ ਝੰਡਾ ਚੁਕੀ ਫਿਰਦੇ ਹਨ, ਪਰ ਅਖੌਤੀ ਦਸਮ ਗ੍ਰੰਥ ਨੂੰ ਵੀ ਨਾਲ ਧੂਈ ਫਿਰਦੇ ਹਨ।

ਇਨ੍ਹਾਂ ਅਕਲ ਦੇ ਅੰਨ੍ਹਿਆਂ ਨੂੰ ਕੋਈ ਪੁੱਛੇ ਭਾਈ,

- ਕੀ ਅਰਦਾਸ ਗੁਰੂ ਦੀ ਕਿਰਤ ਹੈ, ਗੁਰਬਾਣੀ ਹੈ? ਜੇ ਨਹੀਂ, ਤਾਂ ਇਸ ਦੀ ਸ਼ਬਦਾਵਲੀ 'ਚ ਬਦਲਾਅ ਕਿਉਂ ਨਹੀਂ ਹੋ ਸਕਦਾ ?
- ਕੀ "ਨਾਨਕ ਨਾਮ ਚੜ੍ਹਦੀਕਲਾ..." ਗੁਰਬਾਣੀ ਹੈ? ਤਾਂ ਜੇ ਇਸ ਦੀ ਥਾਂ 'ਤੇ ਗੁਰਬਾਣੀ ਦੀ ਪੰਕਤੀ "ਤੂ ਸਮਰਥੁ ਅਕਥੁ ਅਗੋਚਰੁ ਜੀਉ ਪਿੰਡੁ ਤੇਰੀ ਰਾਸਿ ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ॥" ਪਾਈ ਗਈ ਹੈ ਤਾਂ, ਇਸ ਵਿੱਚ ਕੀ ਖਰਾਬੀ ਹੈ?

ਇਨ੍ਹਾਂ ਸਵਾਲਾਂ ਦਾ ਜਵਾਬ ਬੜਾ ਹੀ ਸਰਲ ਹੈ, ਪਰ ਜਦੋਂ ਮੱਤ ਮਾਰੀ ਜਾਵੇ, ਜਾਂ ਚੌਧਰ ਦਾ ਨਸ਼ਾ ਚੜ੍ਹ ਜਾਵੇ ਤਾਂ, ਆਪਣੀ ਕਿਰਤ, ਗੁਰੂ ਦੀ ਗੁਰਬਾਣੀ ਤੋਂ ਵੀ ਵੱਧ ਚੰਗੀ ਲੱਗਣ ਲੱਗ ਪੈਂਦੀ ਹੈ। ਹੁਣ ਦੇਖਣਾ ਪਵੇਗਾ ਕੀ ਜਿਹੜੇ ਲੋਕ ਪਿਛਲੇ ਦੋ ਮਹੀਨਆਂ ਤੋਂ ਅਖੌਤੀ ਜੱਥੇਦਾਰਾਂ ਨੂੰ ਪਾਣੀ ਪੀ ਪੀ ਕੇ ਕੋਸ ਰਹੇ ਸੀ, ਹੁਣ ਉਹ ਅਖੌਤੀ ਜੱਥੇਦਾਰਾਂ ਅੱਗੇ ਕਿਵੇਂ ਬੇਨਤੀਆਂ ਕਰਦੇ!!

ਇਹ ਇੱਕ ਸ਼ਰਾਰਤ ਹੈ ਪ੍ਰੋ. ਦਰਸ਼ਨ ਸਿੰਘ ਦਾ ਅਤੇ ਜਾਗਰੂਕ ਸਿੱਖਾਂ ਦਾ ਮੂੰਹ ਬੰਦ ਕਰਣ ਲਈ, ਜਿਸ ਵਿੱਚ ਮਿਸ਼ਨਰੀ ਅਖਵਾਉਂਦੇ ਪ੍ਰਿੰ. ਪਰਵਿੰਦਰ ਸਿੰਘ ਵੀ ਸ਼ਾਮਿਲ ਹਨ... ਕਿਉਂਕਿ ਅਰਦਾਸ 'ਚ ਤਬਦੀਲੀ ਕੋਈ ਨਵੀਂ ਨਹੀਂ, 2009 'ਚ ਵੀ ਇਹ ਤਬਦੀਲੀ ਫਿਨਲੈਂਡ ਦੇ ਗੁਰਦੁਆਰਾ ਪ੍ਰਬੰਧਕਾਂ ਨੇ ਕੀਤੀ, ਉਸ ਤੋਂ ਪਹਿਲਾਂ ਵੀ ਅਰਦਾਸ 'ਚ ਸਮੇਂ ਸਮੇਂ ਤਬਦੀਲੀ ਹੋ ਚੁਕੀ ਹੈ... ਤੇ ਇਹ ਤਬਦੀਲੀ ਸਿੱਖ ਰਹਿਤ ਮਰਿਆਦਾ ਬਣਾਉਣ ਵਾਲਿਆਂ ਆਪ ਕੀਤੀ (ਥੱਲੇ ਦੇਖੋ ਸਬੂਤ)... ਹੈ ਕੋਈ ਜਵਾਬ? ਪੁੱਠੇ ਕੁਮੈਂਟ ਦੇਣ ਵਾਲੇ ਪਾਠਕਾਂ ਅੱਗੇ ਬੇਨਤੀ ਹੈ ਕਿ ਪਹਿਲਾਂ ਪੂਰੀ ਜਾਣਕਾਰੀ ਪੜ੍ਹਨ, ਫਿਰ ਆਪਣੇ ਗਿਮਾਗ ਦਾ ਜਲੂਸ ਕੱਢਣ...

ਹੁਣ ਜਦੋਂ ਅਖੌਤੀ ਜਥੇਦਾਰਾਂ ਦਾ ਪੂਰੀ ਤਰ੍ਹਾਂ ਜਲੂਸ ਨਿਕਲ ਚੁੱਕਿਆ ਹੈ, ਤਾਂ ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਸਿੱਖ ਸੰਗਤ ਦਾ ਧਿਆਨ ਹੋਰ ਪਾਸੇ ਵੱਲ ਮੋੜ੍ਹਨ ਲਈ ਕੋਈ ਨਾ ਕੋਈ ਵਿਉਂਤ ਲੱਭਦੇ ਰਹਿੰਦੇ ਹਨ, ਨਾਲੇ ਇਨ੍ਹਾਂ ਨੂੰ ਪਤਾ ਹੈ ਕਿ ਪ੍ਰੋ. ਦਰਸ਼ਨ ਸਿੰਘ ਹੁਣ ਪੰਜਾਬ ਵਿੱਚ ਹਨ, ਲੋਕ ਉਨ੍ਹਾਂ ਨੂੰ ਪਾਬੰਦੀ ਦੇ ਬਾਵਜੂਦ ਸੁਣਦੇ ਹਨ... ਇਹ ਇੱਕ ਹੋਰ ਮੌਕਾ ਹੈ ਜਦੋਂ ਉਨ੍ਹਾਂ ਲਈ ਇੱਕ ਹੋਰ ਮੁਸੀਬਤ ਖੜੀ ਕੀਤੀ ਜਾਵੇ। ਇਹ ਵੇਲਾ ਉਹ ਵੀ ਹੈ ਜਿਸ ਵਿੱਚ ਉਨ੍ਹਾਂ ਲੋਕਾਂ ਦੀ ਵੀ ਪਛਾਣ ਹੋਵੇਗੀ, ਜਿਹੜੇ ਕਹਿੰਦੇ ਤਾਂ ਆਪਣੇ ਆਪ ਨੂੰ ਜਾਗਰੂਕ ਹਨ, ਅਤੇ ਆਪਣਾ ਗੁਰੂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਨ, ਉਹ ਕਿੰਨਾਂ ਕੁ ਖੜ੍ਹਦੇ ਹਨ, ਕਿੰਨਿਆਂ ਦੀਆਂ ਲੱਤਾਂ ਭਾਰ ਝਲਦੀਆਂ ਹਨ...

ਖ਼ਾਲਸਾ ਨਿਊਜ਼ ਅਰਦਾਸ 'ਚ ਕੀਤੀ ਤਬਦੀਲੀ ਦੇ ਹੱਕ 'ਚ ਹੈ, ਤੇ ਦੁਬਈ ਦੇ ਗੁਰਦੁਆਰਾ ਪ੍ਰਬੰਧਕਾਂ ਤੋਂ ਆਸ ਕਰਦੀ ਹੈ ਕਿ ਉਹ ਬਾਦਲ ਦੇ ਜਾਂ ਮਾਨ ਦੇ ਥਾਪੇ ਅਖੌਤੀ ਜੱਥੇਦਾਰਾਂ ਦੀਆਂ ਗਿਦੱੜ ਭਬਕੀਆਂ ਤੋਂ ਨਾ ਡਰਨ, ਅਤੇ ਗੁਰਮਤਿ 'ਤੇ ਠੋਕ ਕੇ ਪਹਿਰਾ ਦੇਣ। ਡੁਬਈ ਗੁਰਦੁਆਰਾ ਪ੍ਰਬੰਧਕਾਂ ਨੂੰ ਇੱਕ ਗੱਲ ਫਿਰ ਯਾਦ ਦਿਲਾ ਦੇਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾਇਰਾ ਸਿਰਫ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੱਕ ਹੀ ਸੀਮਿਤ ਹੈ, ਉਸ ਤੋਂ ਬਾਹਰ ਇਨ੍ਹਾਂ ਦਾ ਕਾਨੂੰਨੀ ਤੌਰ 'ਤੇ ਕੋਈ ਆਧਾਰ ਨਹੀਂ, ਨਾ ਹੀ ਇਨ੍ਹਾਂ ਦੇ ਥਾਪੇ ਅਖੌਤੀ ਜੱਥੇਦਾਰਾਂ ਦਾ...

The Sikh Gurdwaras Act 1925, as amended. Under the said Act, there is neither any mention of Dasam Granth nor any power accorded to the Head Ministers except Elected and Nominated Members of SGPC. Moreover, SGPC was established with a view to perform duties in accordance with the Teachings of Guru Granth Sahib as well as to manage the Historical Gurduaras. And if they don’t do so, they could be suspended or dismissed under Section 134 (g) ibid.

Subsequently, Guidelines in the form of Sikh Reht Maryada 1945 were framed but it is regretted that SGPC Committee Members had exceeded their prescribed limit.

ਜਿਵੇਂ ਸਿੱਖ ਰਹਿਤ ਮਰਿਆਦਾ 1945 ਦੇ ਪਹਿਲੇ ਪੰਨੇ ਤੋਂ ਵੀ ਜ਼ਾਹਰ ਹੈ: “ਧਾਰਮਿਕ ਸਲਾਹਕਾਰ ਕਮੇਟੀ ਦੀ ਸਿਫਾਰਿਸ਼ ਅਨੁਸਾਰ ਇਸ ਵਿਚ ਵਾਧਾ ਘਾਟਾ ਕਰਨ ਦੀ ਪ੍ਰਵਾਨਗੀ ਸ਼੍ਰੋਮਣੀ ਗੁ: ਪ੍ਰ: ਕਮੇਟੀ ਨੇ ਆਪਣੀ ਇਕੱਤ੍ਰਤਾ ਮਿਤੀ 3-2-45 ਦੇ ਮਤਾ ਨੰਬਰ 97 ਰਾਹੀਂ ਦਿੱਤੀ”। ਪਰ, ਇਸ ਵਿਚ ਕਈ ਅੰਕਿਤ ਵਿਚਾਰ ਨਾ ਤਾਂ ਗੁਰੂ ਗਰੰਥ ਸਾਹਿਬ ਅਨੁਸਾਰ ਹਨ ਅਤੇ ਨਾ ਹੀ 1925 “ਦੀ ਸਿੱਖ ਗੁਰਦੁਆਰਾ ਐਕਟ” ਦੇ ਮੁਤਾਬਿਕ ਹਨ ! ਵੈਸੇ ਵੀ, ਇਸ ਵਿਚ ਕਈ ਵਾਰ ਤਬਦੀਲੀ ਕੀਤੀ ਗਈ ਹੈ !

ਇਸ ਲਈ, ਬੇਨਤੀ ਹੈ ਕਿ ਵਿਦੇਸ਼ਾਂ 'ਚ ਰਹਿੰਦੇ ਸਿੱਖਾਂ ਨੂੰ ਅਕਾਲ ਪੁਰਖ ਵਲੋਂ ਬਖਸ਼ੀ ਹੋਈ ਬਿਬੇਕ-ਬੁੱਧ ਤੋਂ ਕੰਮ ਲੈਣਾ ਚਾਹੀਦਾ ਹੈ, ਨਾ ਕਿ ਲਕੀਰ ਦੇ ਫਕੀਰ ਬਣੇ ਰਹੀਏ ! ਇਸ ਲਈ ਕੋਈ ਡਰਨ ਦੀ ਜ਼ਰੂਰਤ ਨਹੀਂ, ਜੇ ਇਹ ਤੁਹਾਨੂੰ ਬੁਲਾਉਣ, ਤਾਂ ਠੋਕ ਕੇ ਜਵਾਬ ਦੇਓ!!!

ਅਰਦਾਸ

ਪਉੜੀ ॥ ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ ਛੋਡਿ ਸਿਆਣਪ ਸਗਲ ਮਨੁ ਤਨੁ ਅਰਪਿ ਧਰਿ ਪੂਜਹੁ ਗੁਰ ਕੇ ਪੈਰ ਦੁਰਮਤਿ ਜਾਇ ਜਰਿ ਸਾਧ ਜਨਾ ਕੈ ਸੰਗਿ ਭਵਜਲੁ ਬਿਖਮੁ ਤਰਿ ਸੇਵਹੁ ਸਤਿਗੁਰ ਦੇਵ ਅਗੈ ਨ ਮਰਹੁ ਡਰਿ ਖਿਨ ਮਹਿ ਕਰੇ ਨਿਹਾਲੁ ਊਣੇ ਸੁਭਰ ਭਰਿ ਮਨ ਕਉ ਹੋਇ ਸੰਤੋਖੁ ਧਿਆਈਐ ਸਦਾ ਹਰਿ ਸੋ ਲਗਾ ਸਤਿਗੁਰ ਸੇਵ ਜਾ ਕਉ ਕਰਮੁ ਧੁਰਿ ॥6॥

ਆਰੰਭ ਵਿਚ ਸੰਗਤੀ ਅਰਦਾਸ

ਤੂ ਠਾਕੁਰੁ ਤੁਮ ਪਹਿ ਅਰਦਾਸਿਜੀਉ ਪਿੰਡੁ ਸਭੁ ਤੇਰੀ ਰਾਸਿ
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ
ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ
ਕੋਇ ਨ ਜਾਨੈ ਤੁਮਰਾ ਅੰਤੁਊਚੇ ਤੇ ਊਚਾ ਭਗਵੰਤ
ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ
ਤੁਮ ਤੇ ਹੋਇ ਸੁ ਆਗਿਆਕਾਰੀ
ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥ ਨਾਨਕ ਦਾਸ ਸਦਾ ਕੁਰਬਾਨੀ

ਅਰਦਾਸ

ਸਲੋਕ ਮ: 2 ॥ ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ ॥1॥

ੴ ਸਤਿਗੁਰੂ ਪ੍ਰਸਾਦਿ॥

ਸ੍ਰੀ ਅਕਾਲ ਜੀ ਸਹਾਏ।
ਪ੍ਰਿਥਮ ਅਕਾਲ ਪੁਰਖ ਸਿਮਰ ਕੈ, ਗੁਰੂ ਨਾਨਕ ਜੀ ਲਈਂ ਧਿਆਇ ।
ਗੁਰੂ ਅੰਗਦ ਜੀ ਗੁਰੂ ਅਮਰ ਦਾਸ ਜੀ ਗੁਰੂ ਰਾਮਦਾਸ ਜੀ ਹੋਈਂ ਸਹਾਇ ।
ਗੁਰੂ ਅਰਜਨ ਹਰ ਗੋਬਿੰਦ ਜੀ ਸਿਮਰਉਂ ਗੁਰੂ ਹਰ ਰਾਇ ।
ਗੁਰੂ ਹਰ ਕਿਸ਼ਨ ਜੀ ਧਿਆਈਐ ਸਭ ਸੁਖ ਵਸਹਿ ਮਨ ਆਇ ।
ਗੁਰੂ ਤੇਗ ਬਹਾਦਰ ਜੀ ਸਿਮਰੀਐ ਨਿਰਭਉ ਨਾਮ ਧਿਆਇ ।
ਦਸਮ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਜੋਤ ਓਹਾ ਜੁਗਤ ਸਾਏ, ਸਭ ਥਾਈਂ ਹੋਈਂ ਸਹਾਇ ।
ਦਸਾਂ ਪਾਤਸ਼ਾਹੀ ਜਾਮਿਆਂ ਵਿਚ ਵਰਤੀ ਇੱਕੋ ਗੁਰੂ ਜੋਤ ਸ਼ਬਦ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਵੀਚਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ।

ਦਸ ਪਾਤਸ਼ਾਹੀਆਂ, ਚਾਰ ਸਾਹਿਬਜ਼ਾਦੇ, ਪੰਜ ਪਿਆਰੇ, ਜੀਵਨ ਮੁਕਤੇ, ਸਮੂਹ ਭਗਤਾਂ, ਜਿਨਾ ਨਾਮ ਜਪਿਆ, ਵੰਡ ਛਕਿਆ-ਦੇਗ ਚਲਾਈ, ਤੇਗ ਵਾਹੀ, ਧਰਮ ਹੇਤ ਸੀਸ ਦਿਤੇ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਤਨ ਮਨ ਧਨ ਵਾਰਿਆ, ਸਿੱਖੀ ਸਿਦਕ ਕੇਸਾ ਸਵਾਸਾਂ ਸੰਗ ਨਿਭਾਹਿਆ, ਤਿਨਾ ਸਚਿਆਰਿਆਂ, ਪਿਆਰਿਆਂ, ਸਿਦਕਵਾਨਾ, ਸ਼ਹੀਦਾਂ, ਸਿੰਘਾਂ, ਸਿੰਘਣੀਆਂ, ਭੁਜੰਗੀਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ।

ਅਕਾਲ ਪੁਰਖ ਦੇ ਸੱਚੇ ਤਖਤ ਸਹਿਤ ਸਰਬੱਤ ਗੁਰਦੁਆਰਿਆਂ ਗੁਰ ਧਾਮਾਂ ਦਾ ਧਿਆਨ-ਧਰਕੇ ਬੋਲੋ ਜੀ ਵਾਹਿਗੁਰੂ।

ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ, ਪੰਥ ਕੀ ਜੀਤ, ਅਕਾਲ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ।

ਸਭਨਾ ਨੂੰ ਸਿੱਖੀ ਦਾਨ, ਕੇਸ ਸੰਭਾਲ ਦਾਨ, ਰਹਿਤ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ ਨਾਮ ਦਾਨ, ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਦੇ ਗਿਆਨ ਇਸ਼ਨਾਨ, ਝੰਡੇ ਬੁੰਗੇ ਅਟੱਲ, ਜੁਗੋ ਜੁਗ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ।

ਸਿੱਖਾਂ ਦਾ ਮਨ ਨੀਵਾਂ, ਮੱਤ ਉਚੀ, ਮੱਤ ਦਾ ਰਾਖਾ ਆਪ ਅਕਾਲ ਪੁਰਖ, ਗੁਰੂ ਪੰਥਕਾਂ ਦੇ ਸਦਾ ਸਹਾਈ ਦਾਤਾਰ ਜੀਓ ਨਨਕਾਣਾ ਸਾਹਿਬ ਸਮੇਤ ਹੋਰ ਸਰਬੱਤ ਗੁਰੂ ਅਸਥਾਨਾਂ ਦੇ ਖੁਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ, ਅਤੇ ਪਟਨਾ ਸਾਹਿਬ ਹਜੂਰ ਸਾਹਿਬ ਸਮੇਤ ਕੁਛ ਅਸਥਾਨਾਂ 'ਤੇ ਹੋ ਰਹੀ ਗੁਰੂ ਕੀ ਬੇਅਦਬੀ ਅਤੇ ਮਨਮਤ ਨੂੰ ਠੱਲ ਪਾਉਣ ਦੀ ਸਮਰੱਥਾ ਤੇ ਅਗਵਾਈ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ।

ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ -- ਇਸ ਤੋਂ ਅੱਗੇ ਸਮੇਂ ਅਤੇ ਇਛਾ ਅਨੁਸਾਰ ਮਨ ਦੀ ਅਰਦਾਸ ਕਰ ਸਕਦੇ ਹੋ--

ਸੇਈ ਗੁਰਮੁਖ ਪਿਆਰੇ ਮੇਲੋ ਜ੍ਹਿਨਾ ਮਿਲਿਆਂ ਤੇਰਾ ਨਾਮ ਚਿਤ ਆਵੇ।

ਅਰਦਾਸ ਦੇ ਅੰਤ ਵਿੱਚ -- ਤੂ ਸਮਰਥੁ ਅਕਥੁ ਅਗੋਚਰੁ ਜੀਉ ਪਿੰਡੁ ਤੇਰੀ ਰਾਸਿ ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ॥

ਨੋਟ 1: ਨਾਨਕ ਨਾਮ ਚੜਦੀ ਕਲਾ ਵਾਲੀ ਲਾਈਨ ਵਿਚ ਬੇਸ਼ਕ ਕੋਈ ਮਾੜੀ ਗੱਲ ਨਹੀਂ, ਪਰ ਇਹ ਗੁਰਬਾਣੀ ਨਹੀਂ ਹੈ, ਅਤੇ "ਨਾਨਕ" ਨਾਮ ਦੀ ਵਰਤੋਂ ਹੋਣ ਕਰਕੇ ਗੁਟਕਿਆਂ ਵਿਚ ਇਹ ਕੱਚੀ ਬਾਣੀ, ਗੁਰਬਾਣੀ ਦਾ ਭੁਲੇਖਾ ਪਾ ਕੇ ਗੁਰਬਾਣੀ ਦੀ ਥਾਂ ਲੈ ਰਹੀ ਹੈ, ਇਸ ਲਈ ਇਸ ਦੀ ਥਾਵੇਂ ਗੁਰਬਾਣੀ ਦੀ ਪੰਗਤੀ ਪਾ ਦਿਤੀ ਗਈ ਹੈ।

ਨੋਟ 2: ਇਸ ਅਰਦਾਸ ਵਿਚੋਂ ਦੇਵੀ ਭਗਉਤੀ {ਦੁਰਗਾ} ਦੀ ਉਪਾਸ਼ਨਾ ਛੱਡ ਕੇ, ਗੁਰਬਾਣੀ ਸਿਧਾਂਤ ਦੀ ਰੌਸ਼ਨੀ ਵਿਚ ਸੰਪਾਦਨਾ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਅਸਲ ਵਿਚ {ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ} ਹੀ ਅਰਦਾਸ ਹੈ, ਇਹ ਸੰਪਾਦਨਾ ਕੋਈ ਗੁਰਬਾਣੀ ਨਹੀਂ, ਇਸ ਲਈ ਇਸ ਸੰਪਾਦਨਾ ਵਿਚ ਜੇ ਕਿਸੇ ਵੀਰ ਨੇ ਕਿਸੇ ਥਾਵੇਂ ਗੁਰਬਾਣੀ ਗੁਰਮਤਿ ਅਨੁਸਾਰ ਕੋਈ ਹੋਰ ਸ਼ਬਦਾਵਲੀ ਭੀ ਵਰਤਨੀ ਹੋਵੇ ਤਾਂ ਵਰਤ ਸਕਦਾ ਹੈ ਜੀ। ਕੇਵਲ ਗੁਰਬਾਣੀ ਵਿਚ ਕੋਈ ਤਬਦੀਲੀ ਨਹੀਂ ਹੋ ਸਕਦੀ

ਨੋਟ 3: ਕੜਾਹ ਪ੍ਰਸ਼ਾਦ ਜਾਂ ਲੰਗਰ ਦੀ ਅਰਦਾਸ ਕਰਨ ਵੇਲੇ "ਪ੍ਰਵਾਣ ਹੋਵੇ" ਕਹਿਣਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top