Share on Facebook

Main News Page

ਯੂ.ਏ.ਈ. ਦੇ ਗੁਰਦੁਆਰੇ ਵੱਲੋਂ ਅਰਦਾਸ ਵਿੱਚ ਤਬਦੀਲੀ
ਅਕਾਲ ਤਖ਼ਤ ਵੱਲੋਂ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ; ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਦੀ ਫੇਰੀ ਸਮੇਂ ਕੀਤੀ ਗਈ ਤਬਦੀਲੀ

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 7 ਦਸੰਬਰ
ਮੁਸਲਿਮ ਮੁਲਕ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਇਕ ਗੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਅਰਦਾਸ ਵਿੱਚ ਆਪਣੇ ਪੱਧਰ ’ਤੇ ਤਬਦੀਲੀ ਕੀਤੇ ਜਾਣ ਖ਼ਿਲਾਫ਼ ਸਿੱਖ ਜਥੇਬੰਦੀਆਂ ਨੇ ਸਖ਼ਤ ਰੋਸ ਜ਼ਾਹਿਰ ਕੀਤਾ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਅਰਦਾਸ ਵਿੱਚ ਬਦਲਾਅ ਕਰਨ ਵਾਲਿਆਂ ਨੂੰ ਸਪੱਸ਼ਟੀਕਰਨ ਵਾਸਤੇ ਤਲਬ ਕੀਤੇ ਜਾਣ ਦੀ ਸੰਭਾਵਨਾ ਹੈ।

ਯੂਏਈ ਦੇ ਇਕ ਗੁਰਦੁਆਰੇ ’ਚ ਬੀਤੇ ਦਿਨ ਪੰਥ ਪ੍ਰਵਾਨਿਤ ਅਰਦਾਸ ਨੂੰ ਬੰਦ ਕਰ ਦਿੱਤਾ ਗਿਆ ਅਤੇ ਉਸ ਵਿੱਚ ਕੁਝ ਤਬਦੀਲੀਆਂ ਕਰਕੇ ਨਵੀਂ ਅਰਦਾਸ ਕੀਤੀ ਜਾ ਰਹੀ ਹੈ। ਇਹ ਨਵੀਂ ਅਰਦਾਸ ਦੀ ਸ਼ੁਰੂਆਤ ਬੀਤੇ ਦਿਨੀਂ ਉਸ ਵੇਲੇ ਕੀਤੀ ਗਈ ਜਦੋਂ ਪੰਥ ਵਿੱਚੋਂ ਛੇਕੇ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਨੇ ਉਥੇ ਦੌਰਾ ਕੀਤਾ ਸੀ। ਉਨ੍ਹਾਂ ਨੇ 19 ਤੋਂ 28 ਨਵੰਬਰ ਤਕ ਗੁਰਦੁਆਰਾ ਅਬੀਰ ਵਿਖੇ ਗੁਰਮਤਿ ਪ੍ਰਚਾਰ ਕੀਤਾ। ਉਸ ਮੌਕੇ ਹੀ ਪੰਥ ਪ੍ਰਵਾਨਿਤ ਭਗੌਤੀ ਵਾਲੀ ਅਰਦਾਸ ਵਿੱਚ ਤਬਦੀਲੀ ਕੀਤੀ ਗਈ, ਜਿਸ ਤਹਿਤ ਹੁਣ ‘ਪ੍ਰਿਥਮ ਭਗੌਤੀ ਸਿਮਰ ਕੈ’ ਦੀ ਥਾਂ ’ਤੇ ‘ਪ੍ਰਿਥਮ ਅਕਾਲ ਪੁਰਖ ਸਿਮਰ ਕੈ’ ਨਾਲ ਅਰਦਾਸ ਸ਼ੁਰੂ ਕੀਤੀ ਗਈ। ਇਸ ਤੋਂ ਇਲਾਵਾ ਹੋਰ ਕਈ ਬਦਲਾਅ ਕੀਤੇ ਗਏ ਹਨ।

ਇਸ ਦਾ ਵਿਰੋਧ ਕਰਦਿਆਂ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਇਨ੍ਹਾਂ ਲੋਕਾਂ ਵੱਲੋਂ ਆਪਣੇ ਪੱਧਰ ’ਤੇ ਹੀ ਅਰਦਾਸ ਦੀ ਆਰੰਭਤਾ ਵਾਲੀ ਪੌੜੀ, ਜੋ ਦਸਵੇਂ ਗੁਰੂ ਦੀ ਮੁੱਖ ਵਾਕ ਰਚਨਾ ਹੈ, ਨੂੰ ਬਦਲ ਦਿੱਤਾ ਗਿਆ ਹੈ, ਜੋ ਬੱਜਰ ਗੁਨਾਹ ਹੈ। ਇਸ ਤੋਂ ਇਲਾਵਾ ਅਰਦਾਸ ਦੇ ਪੁਰਾਤਨ ਸਰੂਪ ਨੂੰ ਵਿਗਾੜਦਿਆਂ ਹੋਇਆਂ ਪੰਜਾਂ ਤਖ਼ਤਾਂ ਤੇ ਅੰਮ੍ਰਿਤਸਰ ਦੇ ਨਾਂ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ। ਉਸ ਦੀ ਥਾਂ ਤੇ ‘ਅਕਾਲ ਪੁਰਖ ਦੇ ਸੱਚੇ ਤਖ਼ਤ ਸਹਿਤ ਸਰਬੱਤ ਗੁਰਦੁਆਰਿਆਂ, ਗੁਰਧਾਮਾਂ ਦਾ ਧਿਆਨ ਧਰ ਕੇ ਬੋਲੋ ਜੋ ਵਾਹਿਗੁਰੂ’ ਸ਼ਾਮਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ‘ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ’ ਦੀ ਥਾਂ ਉਤੇ ਹੋਰ ਪੰਕਤੀ ਜੋੜ ਦਿੱਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਥ ਦੋਖੀਆਂ ਵੱਲੋਂ ਗੁਰਬਾਣੀ ਤੇ ਅਰਦਾਸ ਉਤੇ ਵਾਰ ਕੀਤਾ ਗਿਆ ਹੈ। ਉਨ੍ਹਾਂ ਸਮੁੱਚੀ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਅਰਦਾਸ ਬਦਲਣ ਵਾਲਿਆਂ ਦਾ ਵਿਰੋਧ ਕੀਤਾ ਜਾਵੇ।

ਕਿਸੇ ਨੂੰ ਵੀ ਅਰਦਾਸ ’ਚ ਤਬਦੀਲੀ ਦਾ ਹੱਕ ਨਹੀਂ: ਅਵਤਾਰ ਸਿੰਘ ਮੱਕੜ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਅਰਦਾਸ ’ਚ ਬਦਲਾਅ ਕੀਤੇ ਜਾਣ ’ਤੇ ਇਤਰਾਜ਼ ਕਰਦਿਆਂ ਕਿਹਾ ਕਿ ਕਿਸੇ ਨੂੰ ਵੀ ਆਪਣੇ ਪੱਧਰ ’ਤੇ ਪੰਥ ਪ੍ਰਵਾਨਿਤ ਅਰਦਾਸ ’ਚ ਤਬਦੀਲੀ ਕਰਨ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਪੰਥ ਪ੍ਰਵਾਨਿਤ ਅਰਦਾਸ ਨੂੰ ਹੀ ਅਪਨਾਉਣ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਧਿਆਨ ਵਿੱਚ ਵੀ ਇਹ ਮਾਮਲਾ ਲਿਆਂਦਾ ਜਾ ਚੁੱਕਾ ਹੈ। ਉਨ੍ਹਾਂ ਦੇ ਨਿੱਜੀ ਸਕੱਤਰ ਜਸਵਿੰਦਰਪਾਲ ਸਿੰਘ ਨੇ ਕਿਹਾ ਕਿ ਇਸ ਮਾਮਲੇ ਦਾ ਗੰਭੀਰ ਨੋਟਿਸ ਲਿਆ ਜਾਵੇਗਾ। ਅਰਦਾਸ ਵਿੱਚ ਬਦਲਾਅ ਕਰਨ ਵਾਲੇ ਪੰਥ ਵਿੱਚੋਂ ਛੇਕੇ ਗਏ ਸਾਬਕਾ ਜਥੇਦਾਰ ਖ਼ਿਲਾਫ਼ ਭਾਵੇਂ ਹੁਣ ਕੋਈ ਕਾਰਵਾਈ ਨਹੀਂ ਹੋ ਸਕਦੀ ਪਰ ਪੰਥ ਵਿੱਚੋਂ ਛੇਕੇ ਹੋਏ ਵਿਅਕਤੀ ਨੂੰ ਸੱਦਾ ਦੇਣ ਅਤੇ ਅਰਦਾਸ ਵਿੱਚ ਤਬਦੀਲੀ ਕਰਨ ਵਾਲਿਆਂ ਖ਼ਿਲਾਫ਼ ਜ਼ਰੂਰ ਕਾਰਵਾਈ ਹੋਵੇਗੀ। ਉਨ੍ਹਾਂ ਨੂੰ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਸਮੇਂ ਸਪੱਸ਼ਟੀਕਰਨ ਲਈ ਸੱਦਿਆ ਜਾਵੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top