Share on Facebook

Main News Page

ਜਿਹੜੇ ਖ਼ੁਦ ਸਿੱਖ ਰਹਿਤ ਮਰਯਾਦਾ ਦੀਆਂ ਧੱਜੀਆਂ ਉਡਾ ਰਹੇ ਹਨ, ਉਨ੍ਹਾਂ ਨੂੰ ਯੂਏਈ ਦੇ ਗੁਰਦੁਆਰੇ ਵੱਲੋਂ ਅਰਦਾਸ ਵਿੱਚ ਤਬਦੀਲੀ ਕੀਤੇ ਜਾਣ ’ਤੇ ਹੋ ਹੱਲਾ ਕਰਨ ਦਾ ਕੋਈ ਹੱਕ ਨਹੀਂ
-: ਐਡਵੋਕੇਟ ਨਛੱਤਰ ਸਿੰਘ ਥਿੰਦ
+91 9915025777

ਆਰ.ਐੱਸ.ਐੱਸ. ਦੇ ਏਜੰਟ ਧੁੰਮੇ ਵਰਗੇ ਡੇਰੇਦਾਰ, ਤਖ਼ਤਾਂ ਦੇ ਅਖੌਤੀ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਮੱਕੜ ਵਰਗੇ ਜਿਹੜੇ ਖ਼ੁਦ ਸਿੱਖ ਰਹਿਤ ਮਰਯਾਦਾ ਦੀਆਂ ਧੱਜੀਆਂ ਉਡਾ ਰਹੇ ਹਨ ਉਨ੍ਹਾਂ ਨੂੰ ਯੂਏਈ ਦੇ ਗੁਰਦੁਆਰੇ ਵੱਲੋਂ ਅਰਦਾਸ ਵਿੱਚ ਤਬਦੀਲੀ ਕੀਤੇ ਜਾਣ ’ਤੇ ਹੋ ਹੱਲਾ ਕਰਨ ਦਾ ਕੋਈ ਹੱਕ ਨਹੀਂ ਹੈ। ਇਹ ਸ਼ਬਦ ਅਰਦਾਸ ਵਿੱਚ ਤਬਦੀਲੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਲਈ ਅਕਾਲ ਤਖ਼ਤ ਦੇ ਜਥੇਦਾਰ ਨੂੰ ਸ਼ਿਕਾਇਤਾਂ ਕਰਨ ਵਾਲਿਆਂ ਦੀਆਂ ਖ਼ਬਰਾਂ ’ਤੇ ਟਿੱਪਣੀ ਕਰਦੇ ਹੋਏ ਫ਼ਰੀਦਕੋਟ ਨਿਵਾਸੀ ਅਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਸੀਨੀਅਰ ਐਡਵੋਕੇਟ ਨਛੱਤਰ ਸਿੰਘ ਸਿੰਘ ਥਿੰਦ ਨੇ ਕਹੇ।

ਉਨ੍ਹਾਂ ਕਿਹਾ ਅਕਲ ਦੇ ਅੰਨ੍ਹੇ ਅਜੇਹੇ ਸਿੱਖ ਅਖਵਾਉਣ ਵਾਲਿਆਂ ’ਤੇ ਹਾਸਾ ਆਉਂਦਾ ਹੈ ਤੇ ਤਰਸ ਵੀ; ਉਹ ਵੀ ਉਨ੍ਹਾਂ ਲੋਕਾਂ ’ਤੇ ਜਿਹੜੇ ਸਿੱਖ ਰਹਿਤ ਮਰਿਆਦਾ ਨੂੰ ਆਪਣੀ ਸਹੂਲਤ ਅਨੁਸਾਰ ਵਰਤਦੇ ਰਹੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਧੂਰਾ ਗੁਰੂ ਮੰਨਦੇ ਹੋਏ ਅਖੌਤੀ ਦਸਮ ਗ੍ਰੰਥ ਨੂੰ ਵੀ ਨਾਲ ਹੀ ਧੂਈ ਫਿਰਦੇ ਹਨ। ਉਨ੍ਹਾਂ ਕਿਹਾ ਸਿੱਖ ਰਹਿਤ ਮਰਯਾਦਾ ਤੋਂ ਉਲਟ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਪ੍ਰਕਾਸ਼ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਆਖਰੀ ਹੁਕਮ ‘ਗੁਰੂ ਮਾਨਿਓ ਗ੍ਰੰਥ’ ਦੀਆਂ ਸਿੱਧੇ ਤੌਰ ’ਤੇ ਧੱਜੀਆਂ ਉਡਾਉਣ ਵਾਲਿਆਂ, ਸਿਹਰੇ ਮੁਕਟ ਬੰਨ੍ਹ ਕੇ ਹਵਨ ਕਰਨ ਵਾਲਿਆਂ, ਹਨੂੰਮਾਨ ਦੇ ਚਾਲੀਸੇ ਕੱਟਣ ਵਾਲਿਆਂ, ਗੁਰੂ ਗ੍ਰੰਥ ਸਾਹਿਬ ਜੀ ਦੇ ਕੀਤੇ ਪਾਵਨ ਪਾਠ ਨੂੰ ਨਾਰੀਅਲ ਰੱਖੇ ਅਤੇ ਜੋਤਾਂ ਜਗਾਏ ਬਿਨਾਂ ਅਧੂਰਾ ਜਾਂ ਘੱਟ ਫਲ ਦੇਣ ਵਾਲਾ ਦੱਸਣ ਵਾਲਿਆਂ ਵਿਰੁੱਧ ਕੋਈ ਕਾਰਵਾਈ ਨਾ ਕਰਨ ਵਾਲੇ ਦੱਸਣ, ਕੀ ਅਰਦਾਸ ਦਾ ਪਹਿਲਾ ਪਹਿਰਾ ਗੁਰੂ ਦੀ ਕਿਰਤ ਗੁਰਬਾਣੀ ਵਿੱਚੋਂ ਹੈ ਜਾਂ ਦੁਰਗਾ ਦੇਵੀ ਦੀ ਉਸਤਤਿ ਵਿੱਚ ਕਿਸੇ ਸਾਕਤ ਮੱਤੀ ਰਾਮ ਸ਼ਾਮ ਕਵੀ ਵੱਲੋਂ ਲਿਖੀ 55 ਪਉੜੀਆਂ ਵਾਲੀ “ਦੁਰਗਾ ਕੀ ਵਾਰ” ਦਾ ਹਿੱਸਾ ਹੈ ਜਿਸ ਸਿਰਲੇਖ “ਵਾਰ ਦੁਰਗਾ ਕੀ” ਤੋਂ ਅਰੰਭ ਹੁੰਦਾ ਹੈ ਅਤੇ ਇਸ ਦੀ ਆਖਰੀ ਪਉੜੀ ਹੈ “ਦੁਰਗਾ ਪਾਠ ਬਣਾਇਆ ਸਭੇ ਪਉੜੀਆਂ ॥........ਇਤਿ ਸ੍ਰੀ ਦੁਰਗਾ ਕੀ ਵਾਰ ਸਮਾਪਤੰ ਸਤੁ ਸੁਭਮ ਸਤੁ" ਅਤੇ ਇਨ੍ਹਾਂ 55 ਪਉੜੀਆਂ ਵਿੱਚ "ਦੁਰਗਾ" ਦੇਵੀ ਦਾ 32 ਵਾਰ ਨਾਮ ਆਇਆ ਹੈ ? ਜੇ ਗੁਰਬਾਣੀ ਹੈ ਤਾਂ ਇਸ ਦੀ ਸ਼ਬਦਾਵਲੀ ’ਚ ਬਦਲਾਅ ਕਰਨ ਦਾ ਅਧਿਕਾਰ ਸਿੱਖ ਰਹਿਤ ਮਰਯਾਦਾ ਤਿਆਰ ਕਰਨ ਵਾਲੀ ਕਮੇਟੀ ਜਾਂ ਸ਼੍ਰੋਮਣੀ ਕਮੇਟੀ ਨੂੰ ਕਿਸ ਨੇ ਦਿੱਤਾ; ਜੈਸਾ ਕਿ ਦਸਮ ਗ੍ਰੰਥ ਵਿੱਚ ਦਰਜ ਇਸ ਪਉੜੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਜਾ ਰਹੀ ਸਿੱਖ ਰਹਿਤ ਮਰਯਾਦਾ ਤੇ ਗੁਟਕਿਆਂ ਵਿੱਚ ਦਰਜ ਅਰਦਾਸ ਦੇ ਪਹਿਲੇ ਪਹਿਰੇ ਵਿੱਚ ਢੇਰ ਸਾਰੇ ਅੰਤਰ ਵੇਖੇ ਜਾ ਸਕਦਾ ਹਨ !

ਐਡਵੋਕੇਟ ਨਛੱਤਰ ਸਿੰਘ ਨੇ ਕਿਹਾ ਇਸੇ ਤਰ੍ਹਾਂ ‘ਨਾਨਕ ਨਾਮ ਚੜ੍ਹਦੀ ਕਲਾ’ ਵਾਲੀ ਤੁਕ ਵਿੱਚ ਭਾਵੇਂ ਕੁਝ ਵੀ ਗਲਤ ਨਹੀਂ ਹੈ ਪਰ ਇਹ ਗੁਰਬਾਣੀ ਦੀ ਤੁਕ ਨਹੀਂ ਹੈ ਤਾਂ ਦੱਸੋ ਇਸ ਤੁਕ ਦੇ ਕਰਤੇ ਨੂੰ ‘ਨਾਨਕ’ ਮੋਹਰਛਾਪ ਵਰਤ ਕੇ ਬਾਣੀ ਹੋਣ ਦਾ ਭੁਲੇਖਾ ਪਾਉਣ ਦਾ ਅਧਿਕਾਰ ਕਿਸ ਨੇ ਦਿੱਤਾ ਹੈ? ਸੋ, ਜੇ ਇਸ ਕੱਚੀ ਬਾਣੀ ਦੀ ਥਾਂ ਅਸਲ ਬਾਣੀ “ਤੂ ਸਮਰਥੁ ਅਕਥੁ ਅਗੋਚਰੁ ਜੀਉ ਪਿੰਡੁ ਤੇਰੀ ਰਾਸਿ ॥ ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ॥” ਅਤੇ ਅਰਦਾਸ ਦੇ ਅਰੰਭ ਵਿੱਚ “ੴ ਵਾਹਿਗੁਰੂ ਜੀ ਕੀ ਫਤਹਿ॥ ਸ਼੍ਰੀ ਭਗਉਤੀ ਜੀ ਸਹਾਇ॥ ਪ੍ਰਿਥਮ ਭਗਉਤੀ ਸਿਮਰ ਕੈ , ਗੁਰੂ ਨਾਨਕ ਲਈਂ ਧਿਆਇ ॥” ਦੀ ਥਾਂ “ੴ ਸਤਿ ਗੁਰ ਪ੍ਰਸਾਦਿ॥ ਸ੍ਰੀ ਅਕਾਲ ਜੀ ਸਹਾਏ॥ ਪ੍ਰਿਥਮ ਅਕਾਲ ਪੁਰਖ ਸਿਮਰ ਕੈ, ਗੁਰੂ ਨਾਨਕ ਜੀ ਲਈਂ ਧਿਆਇ ॥” ਕਰ ਦਿੱਤਾ ਤਾਂ ਕਿਹੜੇ ਗੁਰਮਤਿ ਸਿਧਾਂਤ ਦੀ ਉਲੰਘਣਾ ਹੋ ਗਈ? ਸਗੋਂ ਬਿਬੇਕ ਬੁੱਧੀ ਨਾਲ ਸੋਚਿਆ ਜਾਵੇ, ਤਾਂ ਇਹ ਇੱਕ ਸੁਧਾਰਵਾਦੀ ਕਦਮ ਹੈ ਜਿਹੜਾ ਕਿ ਬਹੁਤ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਨੂੰ ਖ਼ੁਦ ਹੀ ਉਠਾਣਾ ਚਾਹੀਦਾ ਸੀ।

ਸੋ, ਇਸ ਪੱਖੋਂ ਤਾਂ ਯੂਏਈ ਗੁਰਦੁਆਰਾ ਪ੍ਰਬੰਧਕ ਸ਼ਾਲਾਘਾ ਦੇ ਪਾਤਰ ਹਨ ਅਤੇ ਉਨ੍ਹਾਂ ਦੀ ਜਿੰਨੀ ਸ਼ਾਲਾਘਾ ਹੋ ਸਕੇ ਕਰਨੀ ਚਾਹੀਦੀ ਹੈ।

ਜਾਰੀ ਕਰਤਾ: ਐਡਵੋਕੇਟ ਨਛੱਤਰ ਸਿੰਘ ਥਿੰਦ ਮੋਬ: +91 9915025777


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top