Share on Facebook

Main News Page

ਮਲਿਕ ਭਾਗੋਆਂ, ਮਸੰਦਾਂ, ਬਾਣੀਆਂ, ਗੁੰਡਿਆਂ ਤੇ ਗੱਦਾਰਾਂ ਤੋਂ 2017 ‘ਚ ਪੰਜਾਬ ਛੁਡਾਓ
-: ਦਲਬੀਰ ਸਿੰਘ ਪੱਤਰਕਾਰ

ਪੰਜਾਬ ਦੀ ਅਜੋਕੀ ਸਥਿਤੀ ‘ਤੇ ਝਾਤੀ ਪਾਉਂਦਿਆਂ ਸਿਰਲੇਖ ਦੇ ਛੇ ਟਕਸਾਲੀ ਤੇ ਉਸਾਰੂ ਨੁਕਤਿਆਂ ਵੱਲ ਧਿਆਨ ਦੇਣਾ ਜ਼ਰੂਰੀ ਹੈ। ਪਰਖ ਲਈ ਪੰਜਾਬ ਤੇ ਸਿੱਖ ਇਤਿਹਾਸ ਅਤੇ ਨੇਕੀ-ਬਦੀ ਦੇ ਨਾਪਤੋਲ ਰਾਹੀਂ ਇਹ ਪਹੁੰਚ ਤੇ ਨਿਸ਼ਾਨੇ ਦੀ ਪ੍ਰਾਪਤੀ ਸੰਭਵ ਹੈ। ਪਰਖ ਦੀ ਇਹ ਪਹੁੰਚ ਇਸ ਲਈ ਵੀ ਜ਼ਰੂਰੀ ਹੈ ਕਿ ਅਸੀਂ 10ਨਵੰਬਰ 2015 ਨੂੰ ਨਗਰ ਚੱਬਾ ਵਿਖੇ ‘ਸਰਬੱਤ ਖਾਲਸਾ’ ਸੰਮੇਲਨ ਵਿੱਚ ਸਿੱਖਾਂ ਸਮੇਤ ਲੱਖਾਂ ਦੀ ਬੇਮੁਹਾਰੀ ਹਾਜ਼ਰੀ ਹੰਢਾਈ ਹੈ। ਏਨੀ ਸੰਗਤ ਕਿਉਂ ਆਈ? ਕੀ ਕਿਸੇ ਨੇ ਲਿਆਂਦੀ ਸੀ? ਦੋਵਾਂ ਸਵਾਲਾਂ ਦਾ ਉੱਤਰ ਕੇਵਲ ਇੱਕ ਹੀ ਲਗਦਾ ਹੈ ਕਿ ਇਹ ਸੰਗਤ ਉਨ੍ਹਾਂ ਲੱਖਾਂ ਵਿਅਕਤੀਆਂ ਦਾ ਆਪਣੇ ਸ਼ੁੱਧ ਹਿਰਦਿਆਂ ਦਾ ਫੈਸਲਾ ਸੀ। ਇਸ ਫੈਸਲੇ ਨੂੰ ਘੜਨ ਵਾਲਾ ਕੇਵਲ ਤੇ ਕੇਵਲ ਇੱਕੋ ਨੁਕਤਾ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ।

ਕੀ ਇਹ ਬੇਅਦਬੀ ਕਰਨ ਵਾਲੇ ਕੋਈ ਆਪ ਹੁਦਰੇ ਸਨ? ਜਾਂ ਸਾਜੇ ਨਿਵਾਜੇ? ਇਸ ਸੋਚ ਤੇ ਕਾਰਵਾਈ ਦੀ ਉਪਜ ਕਿਉਂ ਹੋਈ? ਤੇ ਕਿਸਨੇ ਕੀਤੀ? ਕੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਈ ਲੋੜ ਸੀ? ਜੇ ਸੀ ਤਾਂ ਕੀ?

ਇਨ੍ਹਾਂ ਸਾਰਿਆਂ ਸਵਾਲਾਂ ਦਾ ਜੋ ਉੱਤਰ ਬਣਦਾ ਹੈ ਕਿ ‘ਭਾਰਤ ਦਾ ਪੂਰਨ ਤੇ ਖੜਕਵੇਂ ਰੂਪ ਵਿੱਚ ਹਿੰਦੂਤਵ ਕਰਨ’ ਦੇ ਅੱਗੇ ਗੁਰੂ ਗ੍ਰੰਥ ਸਾਹਿਬ ਵਿਚਾਰਧਾਰਕ ਪੱਧਰ ਤੇ ਸਭ ਤੋਂ ਵੱਡਾ ਅੜਿੱਕਾ ਹੈ। ਇਸਦੀ ਵਿਆਖਿਆ ਅਸੀਂ ਹੇਠਾਂ ਵੱਖਰੀ ਦਰਜ ਕਰਾਂਗੇ।

ਇੱਕ ਟਿੱਚਰ ਵਜੋਂ ਕੱਟੜ ਹਿੰਦੂ ਬੁੱਧੀਜੀਵੀ ਸ੍ਰੀ ਅਰੁਣ ਸ਼ੋਰੀ ਨੇ ਇਸਦੀ ਵਿਆਖਿਆ ਕਰਦਿਆਂ ਕਿਹਾ ਕਿ ਇਸਦਾ ਮਤਲਬ ਹੈ ਨਹਿਰੂ ਪਰਿਵਾਰ ਵਲੋਂ ਪਿਛਲੇ  63 ਸਾਲਾਂ ਵਿੱਚ ਜੋ ‘ਧਰਮ ਨਿਰਪੇਖਤਾ’ ਦਾ ਕਥਿਤ ਮਹੱਲ ਖੜ੍ਹਾ ਕੀਤਾ ਗਿਆ ਹੈ, ਉਸ ਉੱਪਰ ‘ਗਊ ਮਾਤਾ’ ਬਿਠਾ ਦੇਣਾ।

ਭਾਰਤ ਨੂੰ ਨਵਾਂ ਰੂਪ ਦੇਣ ਦੇ ਇਸ ਮਨਸ਼ੇ ਦੀ ਪ੍ਰਾਪਤੀ ਨੂੰ ਵਿਧਾਨਕ ਦਰਜਾ ਦਵਾਉਣਾ ਵੀ ਜ਼ਰੂਰੀ ਸੀ। ਏਸੇ ਲੋੜ ਸਦਕਾ ਭਾਰਤੀ ਪਾਰਲੀਮੈਂਟ ਅੰਦਰ ਮਹਾਨ ਦਲਿਤ ਆਗੂ ਸ੍ਰੀ ਅੰਬੇਡਕਰ ਜੀ ਦਾ ਜਨਮ ਦਿਨ ਮਨਾਉਣ ਅਤੇ ਭਾਰਤੀ ਵਿਧਾਨ ਦੀ ਵਰ੍ਹੇਗੰਢ ਮਨਾਉਣ ਦਾ ਖੇਖਣ ਰਚਿਆ ਗਿਆ। ਏਸੇ ਸਦਕਾ ਗਾਂਧੀ ਨੂੰ ‘ਬਾਪੂ’ ਮੰਨਣ ਵਾਲੇ ਕਾਂਗਰਸੀਆਂ ਦੇ ਨਾਲ-ਨਾਲ, ਮੋਦੀਕਿਆਂ ਨੇ ਵੀ ਗਾਂਧੀ ਦੇ ਕਾਤਲ ਨੱਥੂ ਰਾਮ ਗੌਡਸੇ ਦੀ ਥਾਂ ਦਲਿਤ ਆਗੂ ਦਾ ਨਾਂ ਜਪਣਾ ਅਰੰਭ ਦਿੱਤਾ। ਇਹ ਲੋਕ ਭੁੱਲ ਹੀ ਗਏ ਕਿ ਸੰਨ 1936 ਵਿੱਚ ਇਹ ਮਹਾਨ ਬੁੱਧੀਜੀਵੀ ਦਲਿਤ ਆਗੂ ਨੇ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਆ ਕੇ ਸਿੱਖੀ ਧਾਰਨ ਦੀ ਇੱਛਾ ਜਤਾਈ ਸੀ। ਹਿੰਦੂਤਵੀਓ ਸਮਝੋਗੇ ਕਿਉਂ? ਤੁਸੀਂ ਤੇ ਇੰਦਰਾਕਿਆਂ ਨਾਲ ਪਾਰਲੀਮੈਂਟ ਦੇ ਇਸ ਸੰਮੇਲਨ ਵਿੱਚ ਅੰਬੇਡਕਰ ਦੀ ਪੂਜਾ ਕਰਨ ਤੱਕ ਗਏ। ਤੁਹਾਨੂੰ ਇਹ ਸਮਝ ਕਿਉਂ ਨਹੀਂ ਆਈ ਕਿ ਉਹ ਗੁਰੂ ਨਾਨਕ, ਜਿਨ੍ਹਾਂ ਦਾ ਤੁਸਾਂ ਇਨ੍ਹਾਂ ਸਾਰੀਆਂ ਬਹਿਸਾਂ ਵਿੱਚ ਨਾਂ ਤੱਕ ਨਹੀਂ ਲਿਆ, ਦੇ ਪੈਰੋਕਾਰ ਸਨ। ਮੋਦੀ ਜਿਹੇ ਪ੍ਰਧਾਨ ਮੰਤਰੀ ਨੇ ਵਿਦੇਸ਼ੀ ਦੌਰਿਆਂ ਅਤੇ ਖਾਸਕਰ ਲੰਡਨ ਵਿੱਚ ਗਾਂਧੀ ਦੀ ਮੂਰਤੀ ਨੂੰ ਤਾਂ ਹਾਰ ਪਾਏ, ਪਰ ਨਾਨਕ ਦਾ ਨਾਂ ਲੈਂਦਿਆਂ ਇਹਨੂੰ ਸ਼ਰਮ ਕਿਉਂ ਆਈ? ਮੋਦੀ ਜੀ ਚੇਤੇ ਰੱਖੋ ਗੁਰੂ ਨਾਨਕ ਕੇਵਲ ਕੇਸਾਧਾਰੀਆਂ ਦੇ ਰਹਿਬਰ ਨਹੀਂ, ਸਗੋਂ ਸਭ ਨਿਮਾਣਿਆਂ, ਨਿਤਾਣਿਆਂ, ਨਿਓਟਿਆਂ, ਨਿਆਸਰਿਆਂ ਦੇ ਵਿਚਾਰਧਾਰਕ ਰਹਿਬਰ ਸਨ ਅਤੇ ਅੱਜ ਵੀ ਹਨ।

ਬਿਹਾਰ ਵਿੱਚ ਕਰਾਰੀ ਹਾਰ ਖਾਣ ਪਿੱਛੋਂ ਆਰ. ਐੱਸ. ਐੱਸ. ਆਗੂ ਮੋਹਣ ਭਾਗਵਤ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਭਾਰਤ ਅੰਦਰ ਦਲਿਤ ਭਾਈਚਾਰੇ ਦੀ ਸ਼ਕਤੀ ਦਾ ਅਹਿਸਾਸ ਹੋ ਗਿਆ। ਹੁਣ ਭਾਰਤ ਦਾ ਹਿੰਦੂਕਰਨ ਕਿੰਨਾ ਅੱਗੇ ਵਧਦਾ ਹੈ? ਸਾਡੀ ਨਿਮਾਣੀ ਜਿਹੀ ਭਵਿੱਖਬਾਣੀ ਹੈ ਕਿ ਅੱਗੇ ਨਹੀਂ ਵਧਣਾ।

ਪਰ ਨਾਨਕ ਵਿਚਾਰਧਾਰਾ ਜੋ ਸਮੁੱਚੇ ਰੂਪ ਵਿੱਚ ਸਮੂਹ ਮਨੁੱਖਾਂ ਨੂੰ ਇੱਕ ਭਾਈਚਾਰਾ ਮੰਨਦੀ ਹੈ ਅਤੇ ਏਸੇ ਸੇਧ ਨੂੰ ਲੈ ਕੇ ਸਾਰੀ ਧਰਤੀ ਉੱਪਰ ‘ਸਭੇ ਸਾਂਝੀਵਾਲ ਸਦਾਇਨ, ਕੋਈ ਨਾ ਦਿਸੇ ਬਾਹਰਾ ਜੀਉ’ ਦੇ ਅਸੂਲ ਅਧੀਨ ਅਜੋਕੇ ਕੌਮਾਂਤਰੀ ਝਗੜੇ ਝਾਂਜਿਆਂ ਨੂੰ ਵੀ ਖਤਮ ਕਰਨ ਲਈ ਤਤਪਰ ਹੈ ਅਤੇ ਕਦੇ ਵੀ ਪੈਰ ਪਿਛਾਂਹ ਨਹੀਂ ਖਿੱਚੇਗੀ। ਆਰੀਆ ਸਮਾਜੀ ਅਤੇ ਹਿੰਦੂਤਵੀ ਸੋਚ ਵਾਲੇ ਭਾਵੇਂ ਸਿਖਰ ਦੀ ਬੇਹੀ ਵਿਚਾਰਧਾਰਾ ਨੂੰ ਅਜੋਕੇ 21ਵੀਂ ਸਦੀ ਦੇ ਵਿਗਿਆਨਕ ਯੁੱਗ ਵਿੱਚ ਭਾਰਤ ਦੀ ਸਵਾ ਸੌ ਕਰੋੜ ਵਸੋਂ ਤੇ ਠੋਸਣ ਦਾ ਯਤਨ ਕਰਦੇ ਰਹਿਣ। ਸਿੱਖ ਭਾਈਚਾਰਾ ਇਸਦਾ ਡਟਵਾਂ ਵਿਰੋਧ ਕਰੇਗਾ। ਗੁਰੂ ਗ੍ਰੰਥ ਸਾਹਿਬ ਦੀ ਹੋਂਦ ਅਤੇ ਉਸ ਵਿੱਚ ਦਰਜ ਸੇਧਾਂ ਦੀ ਰੱਖਿਆ ਸਿੱਖਾਂ ਲਈ ਜੀਣ ਮਰਨ ਦਾ ਸਵਾਲ ਹੈ। ਇਹੋ ਕਾਰਨ ਸੀ ਪਿੰਡ ਚੱਬਾ ਵਿਖੇ

ਸਰਬੱਤ ਖਾਲਸਾ’ ਦੀ ਏਨੀ ਵੱਡੀ ਹਾਜ਼ਰੀ ਦਾ। ਭਾਵੇਂ ਇਸਦੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਕੋਈ ਠੀਕ ਸੇਧ ਨਹੀਂ ਦਿੱਤੀ।

ਠੀਕ ਸੇਧ ਬਣਦੀ ਸੀ ਤੇ ਹੈ (ਅਮਰਿੰਦਰਕੇ, ਬਾਦਲਕੇ, ਹਿੰਦੂਤਵੀ ਆਦਿ-ਆਦਿ), ਪੰਜਾਬ ਦੇ ਮਲਿਕ ਭਾਗੋਆਂ (ਗੁਰਧਾਮਾਂ ਅੰਦਰ ਸਮੁੱਚਾ ਪੁਜਾਰੀ ਵਰਗ), ਮਸੰਦਾਂ (ਗੋਲਕਾਂ ਲੁੱਟਣ ਵਾਲੇ), ਬਾਣੀਆਂ (ਕਿਰਤੀ ਦਾ ਲਹੂ ਪੀਣ ਵਾਲੇ), ਗੁੰਡਿਆਂ (ਨਸ਼ਿਆਂ ਤੇ ਲੁੱਟਾਂ ਦੇ ਮਜੀਠੀਆ ਤੇ ਸੁਖਬੀਰ ਬਾਦਲ ਵਰਗੇ ਕਾਰੋਬਾਰੀ) ਤੇ ਗੱਦਾਰਾਂ (ਸਰਕਾਰੀ ਵਾਈਟ ਪੇਪਰ ਆਦਿ ਵਿੱਚ ਇਨ੍ਹਾਂ ਦੀ ਲੰਬੀ ਲਿਸਟ ਹੈ) ਦੇ ਬਾਈਕਾਟ ਦੀ।

ਪਰ ਜਾਪਦਾ ਇਹ ਹੈ ਕਿ ਸਿਮਰਨਜੀਤ ਸਿੰਘ ਮਾਨ, ਭਾਈ ਮੋਹਕਮ ਸਿੰਘ, ਗੁਰਦੀਪ ਸਿੰਘ ਆਦਿ-ਆਦਿ ਪੰਜਾਬ ਦੇ ਅਨੇਕ ਪਾਪੀਆਂ ਨੂੰ ਬਚਾਉਣ ਲਈ ਜ਼ਿਆਦਾ ਚਿੰਤਤ ਸਨ। ਭਾਰਤੀ ਸਰਕਾਰ ਦੀਆਂ ਖੁਫੀਆ ਏਜੰਸੀਆਂ ਨਾਲ ਮੇਲ-ਜੋਲ ਰੱਖਣਾ, ਦੁਸ਼ਟਾਂ ਨੂੰ ਬਚਾਉਣਾ ਅਤੇ ਉਨ੍ਹਾਂ ਪਾਸੋਂ ਨਿੱਕੀਆਂ ਵੱਡੀਆਂ ਪ੍ਰਾਪਤੀਆਂ ਕਰਨਾ ਸਿੱਖਾਂ ਅੰਦਰ ਪੁਰਾਣੀ ਪਿਰਤ ਬਣੀ ਹੋਈ ਹੈ, ਜਿਸ ਨੂੰ ਗੱਦਾਰੀ ਕਿਹਾ ਜਾ ਸਕਦਾ ਹੈ

‘ਸਿੱਖ ਇੱਕ ਵੱਖਰੀ ਕੌਮ’, ਸਾਡਾ ਨਿਸ਼ਾਨਾ ‘ਖਾਲਿਸਤਾਨ’ ਹੈ, ਦੇ ਨਾਲ ਨਾਲ ਸਿੱਖ ਗੁਰਧਾਮਾਂ ਅੰਦਰ ਵੱਡੇ ਅੰਧ-ਵਿਸ਼ਵਾਸਾਂ ਅਤੇ ਕਰਾਮਾਤਾਂ ਦੀਆਂ ਕਾਰਵਾਈਆਂ ਦੇ ਨਾਲ-ਨਾਲ ਗੋਲਕਾਂ ਦੀ ਲੁੱਟ ਅਤੇ ਭ੍ਰਿਸ਼ਟਾਚਾਰ ਸਿਖਰਾਂ ਛੋਹ ਗਿਆ ਹੈ। ਇਸ ਲੜੀ ਨੂੰ ਠੱਲ੍ਹ ਪਾਉਣ ਲਈ ਸਿੱਖ ਜਗਤ ਪਾਸ ਗੁਰੂ ਗੋਬਿੰਦ ਸਿੰਘ ਜੀ ਵਾਲਾ ਫਾਰਮੂਲਾ ‘ਮਸੰਦਾਂ ਨੂੰ ਉਬਲ਼ਦੇ ਤੇਲ ਦੇ ਕੜ੍ਹਾਹਿਆਂ ਵਿੱਚ ਸੁੱਟਣਾ’ ਅੱਜ ਭਾਵੇਂ ਉਪਲਬਧ ਨਹੀਂ, ਪਰ ਆਮ ਸਿੱਖਾਂ ਨੂੰ ਇਹ ਗੱਲ ਭੁੱਲੀ ਵੀ ਨਹੀਂ। ਸੱਜਣ ਠੱਗ ਦੀ ਕਥਾ ਸਿੱਖਾਂ ਦਾ ਬੱਚਾ-ਬੱਚਾ ਜਾਣਦਾ ਹੈ ਅਤੇ ਬੰਦਾ ਸਿੰਘ ਜੀ ਬਹਾਦਰ ਨਾਲ ਹੋਈਆਂ ਗੱਦਾਰੀਆਂ ਵੱਡੀ ਪੱਧਰ ਤੇ ਪੰਥ ਨੂੰ ਚੇਤੇ ਹਨ। ‘ਕੋਠਾ ਸਾਹਿਬ ਠੀਕ ਠਾਕ ਹੈ’, ਇਹ ਤਾਂ ਕੱਲ੍ਹ ਦੀ ਗੱਲ ਹੈ ‘ਸੰਤ ਭਿੰਡਰਾਂਵਾਲਾ ਠੀਕ ਠਾਕ ਬਚ ਕੇ ਨਿਕਲ ਗਿਆ ਹੈ’, ਵੀਹ ਸਾਲ ਤਾਈਂ ਚੱਲੀ/ਚਲਾਈ ਇਹ ਕਥਾ ਸਭ ਨੂੰ ਯਾਦ ਹੈ।

ਸਮੁੱਚੀ ਦਮਦਮੀ ਟਕਸਾਲ ਦੀ ਗੱਦਾਰੀ ਨੂੰ ਏਥੇ ਯਾਦ ਰੱਖਣਾ ਬਣਦਾ ਹੈ। ਹਰਿਮੰਦਰ ਸਾਹਿਬ ਦੀ ਤਬਾਹੀ ਲਈ ਫੌਜ ਸੱਦਣ ਪਿਛੇ ਅਕਾਲੀ ਆਗੂਆਂ ਦੀ ਸਾਜ਼ਿਸ਼ ਅਤੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਅਜੋਕੇ ਰਾਸ਼ਟਰਪਤੀ ਸ੍ਰੀ ਪ੍ਰਣਾਬ ਮੁਖਰਜੀ ਨਾਲ ਇੱਕ ਸਾਂਝੀ ਰਾਏ ਬਣਾਉਣਾ ਕਿਸਨੂੰ ਭੁਲਿਆ ਹੈ। ਇਹਨਾਂ ਨੇ ਹੀ ਸੰਤ ਭਿੰਡਰਾਂਵਾਲਾ ਸ਼ਹੀਦ ਕਰਵਾਏ। ਇਸ ਸਭ ਕੁਝ ਦੀ ਪੁਸ਼ਟੀ ਅੱਜ ਉਪਲਬਧ ਸਰਕਾਰੀ ਰਿਕਾਰਡ ਕਰਦਾ ਹੈ। ਸੋ, ਗੱਦਾਰਾਂ ਨੂੰ ਸਜ਼ਾ ਦੇਣੀ ਸਿੱਖਾਂ ਸਾਹਮਣੇ ਵੱਡਾ ਏਜੰਡਾ ਬਣਦਾ ਹੈ ਜਿਸ ਦੀ ਸੰਨ 2017 ਦੀਆਂ ਆਉਣ ਵਾਲੀਆਂ ਪੰਜਾਬ ਅਸੈਂਬਲੀ ਦੀਆਂ ਚੋਣਾਂ ਸਮੇਂ ਵਰਤੋਂ ਹੋਣੀ ਹੈ। ਕਿਸੇ ਨੂੰ ਪਸੰਦ ਆਵੇ ਜਾਂ ਨਾ ਆਵੇ। ਆਮ ਆਦਮੀ ਪਾਰਟੀ, ਕਾਂਗਰਸ, ਬੀ. ਜੇ. ਪੀ. ਅਤੇ ਬਾਦਲਕੇ ਉਪਰੋਕਤ ਮੈਨੀਫੈਸਟੋ ਦਾ ਸਾਹਮਣਾ ਨਹੀਂ ਕਰ ਸਕਣਗੇ। ਇਹੋ ਹੀ ਮੈਨੀਫੈਸਟੋ ਸੀ ਜਿਸ ਸਕਦਾ ਸਾਰਾ ਪੰਜਾਬ ਉੱਭਰ ਕੇ ‘ਸਰਬੱਤ ਖਾਲਸਾ ਸਮਾਗਮ’ ਵਿੱਚ ਸ਼ਾਮਲ ਹੋਇਆ।

ਅੰਤ ਵਿੱਚ ਭਾਰਤੀ ਸੁਪਰੀਮ ਕੋਰਟ ਵੱਲੋਂ ਹੁਣੇ-ਹੁਣੇ ਦਿੱਤੇ ਗਏ ਇਸ ਫੈਸਲੇ ਦੀ ਚਰਚਾ ਕਰਨੀ ਜ਼ਰੂਰੀ ਹੈ ਕਿ ਕੇਂਦਰੀ ਏਜੰਸੀਆਂ ਵੱਲੋਂ ਦਰਜ ਕੇਸਾਂ ਵਿੱਚ ਉਮਰ ਕੈਦਾਂ ਦੀ ਸਜ਼ਾ ਭੁਗਤਣ ਵਾਲੇ ਸਾਰੀ ਉਮਰ ਜੇਲ੍ਹਾਂ ਵਿੱਚ ਹੀ ਰਹਿਣਗੇ। ਸਤਿਕਾਰਤ ਸੁਪਰੀਮ ਕੋਰਟ ‘ਵਧਾਈ’ ਦਾ ਪਾਤਰ ਹੈ, ਜਿਸ ਨੇ ਮਨੁੱਖਾਂ ਨੂੰ ਗੁਲਾਮ ਰੱਖਣ ਵਾਲੇ ਅੰਗਰੇਜ਼ਾਂ ਵੱਲੋਂ ਵੀ 14 ਸਾਲ ਬਾਅਦ ਉਮਰ ਕੈਦੀਆਂ ਨੂੰ ਰਿਹਾਅ ਕਰਨਾ ਜਾਰੀ ਰੱਖਿਆ ਅਤੇ ਹੁਣ ਭਾਰਤੀ ਉੱਚ ਅਦਾਲਤ ਨੇ ਉਪਰੋਕਤ ਕਾਲਾ ਹਾਰ ਸਾਰੀ ਧਰਤੀ ਦੀਆਂ ਯੂ. ਐੱਨ. ਓ. ਸਮੇਤ ਮਨੁੱਖੀ ਅਧਿਕਾਰ ਸੰਭਾਲੂ ਸੰਸਥਾਵਾਂ ਦੇ ਗਲ਼ ਪਾ ਕੇ ਉਨ੍ਹਾਂ ਨੂੰ ਵੰਗਾਰਿਆ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਅਤੇ ਉਸਦਾ ਸਿਰਜਿਆ ਹੋਇਆ ਖਾਲਸਾ ਕੀ ਕਹਿੰਦਾ ਹੈ? ਸਮਾਂ ਦੱਸੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 

Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top