Share on Facebook

Main News Page

ਪੰਥ ਦਾ ਹੋਕਾ ਤੇ ਲਫਾਫੇ ਦੀ ਲੋਚਾ
ਦਰ ਖੁਲ੍ਹਾ ਹਸ਼ਰ ਅਜ਼ਾਬ ਦਾ, ਬੁਰਾ ਹਾਲ ਹੋਇਆ ਪੰਜਾਬ ਦਾ

-: ਕੁਲਵੰਤ ਸਿੰਘ ‘ਢੇਸੀ’

ਪਿਛਲੇ ਦਿਨੀ ਸਿੱਖ ਸਿਆਸਤ ਡਾਟ ਕਾਮ ਤੇ ਭਾਈ ਪ੍ਰਮਜੀਤ ਸਿੰਘ (ਗਾਜੀ) ਨੇ ਜਿਨ੍ਹਾਂ ਪੰਥ ਪ੍ਰਸਿੱਧ ਵਿਦਵਾਨਾਂ ਦੀਆਂ ਇੰਟਰਵਿਊ ਲਈਆਂ ਹਨ, ਉਨ੍ਹਾਂ ਵਿਚ ਸ: ਅਜਮੇਰ ਸਿੰਘ, ਪ੍ਰੋ: ਗੁਰਦਰਸ਼ਨ ਸਿੰਘ ਢਿੱਲੋਂ, ਸ: ਗੁਰਤੇਜ ਸਿੰਘ ਅਤੇ ਸ: ਜਸਪਾਲ ਸਿੰਘ ਸਿੱਧੂ ਦੇ ਨਾਮ ਵਿਸ਼ੇਸ਼ ਤੌਰ ਤੇ ਵਰਨਣ ਯੋਗ ਹਨ। ਇਹਨਾ ਵਿਦਵਾਨਾਂ ਨੇ 10 ਨਵੰਬਰ ਨੂੰ ਪਿੰਡ ਚੱਬੇ ਵਿਚ ਹੋਏ ਸਰਬਤ ਖਾਲਸੇ ਸਬੰਧੀ ਬੜੇ ਹੀ ਨਿਰਾਸ਼ਾਜਨਕ ਖੁਲਾਸੇ ਕੀਤੇ ਹਨ। ਜੇਕਰ ਇਹਨਾ ਸਾਰੇ ਸਿੱਖ ਚਿੰਤਕਾਂ ਦੇ ਵਿਚਾਰ ਮੋਟੇ ਲਹਿਜੇ ਵਿਚ ਬਿਆਨ ਕਰਨੇ ਹੋਣ ਤਾਂ ਉਨ੍ਹਾਂ ਦਾ ਤਤਸਾਰ ਇਹ ਹੀ ਬਣਦਾ ਹੈ ਕਿ ਬਾਦਲ ਵਿਰੋਧੀ ਸਮਝੀ ਜਾਣ ਵਾਲੀ ਸਿੱਖ ਲੀਡਰਸ਼ਿਪ ਅਸਲ ਵਿਚ ਉਸ ਦੇ ਹੱਕ ਵਿਚ ਹਰਕਤਾਂ ਕਰ ਰਹੀ ਹੈ ਅਤੇ ਜਿਵੇਂ ਬਾਦਲ ਦੇ ਲਫਾਫੇ ਵਿਚੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਜਥੇਦਾਰਾਂ ਦੇ ਨਾਮ ਨਿਕਲਦੇ ਹਨ ਤਿਵੇਂ ਹੀ ਇਹਨਾ ਆਗੂਆਂ ਦੇ ਲਫਾਫਿਆਂ ਵਿਚੋਂ ਸਰਬਤ ਖਾਲਸਾ ਵਿਚ ਐਲਾਨੇ ਨਾਮ ਨਿਕਲੇ ਸਨ ਜਦ ਕਿ ਲੱਖਾਂ ਦੀ ਤਾਦਾਦ ਵਿਚ ਸਿੱਖ ਸੰਗਤ ਬੜੀ ਨਿਰਾਸ਼ਾ ਵਿਚ ਘਰੀਂ ਪਰਤੀ ਸੀ। ਇਹਨਾ ਵਿਚਾਰਵਾਨਾਂ ਨੇ ਇਹ ਵੀ ਪ੍ਰਤੀਕਰਮ ਦਿਤਾ ਹੈ ਕਿ ਚੌਧਰ ਦੀ ਲੋਚਾ ਰੱਖਣ ਵਾਲੇ ਇਹਨਾ ਚੌਧਰੀਆਂ ਨੇ ਜਿਥੇ ਬਾਦਲਾਂ ਦੇ ਥਾਂ ਤੇ ਸੱਚੇ ਸੁੱਚੇ ਬਦਲ 'ਤੇ ਪੋਚਾ ਫੇਰ ਦਿੱਤਾ ਹੈ, ਉਥੇ ਵੱਖੋ ਵੱਖ ਧੜਿਆਂ ਵਿਚ ਆਕੜੇ ਰਹਿ ਕੇ ਇਹਨਾ ਨੇ ਖਾਲਸਾ ਪੰਥ ਨੂੰ ਨਿਰਾਸ਼ ਵੀ ਕੀਤਾ ਹੈ।

ਉਪਰੋਕਤ ਵਿਚਾਰ ਨਿਰਸੰਦੇਹ ਪ੍ਰੇਸ਼ਾਨ ਕਰਨ ਵਾਲੇ ਹਨ। ਇੱਕ ਪਾਸੇ ਤਾ ਅਖੌਤੀ ਅਕਾਲੀ ਹੁਕਮਰਾਨ ਹਨ ਜਿਨ੍ਹਾਂ ਨੇ ਕਿ ਹੁਣ ਹਰ ਵਿਰੋਧ ਨਾਲ ਤਾਨਾਸ਼ਾਹੀ ਤਰੀਕੇ ਨਾਲ ਨਜਿੱਠਣ ਦੀ ਠਾਣ ਲਈ ਹੈ ਅਤੇ ਉਨ੍ਹਾਂ ਨੂੰ ਕੇਂਦਰ ਦੀ ਪੂਰੀ ਪੂਰੀ ਸ਼ਹਿ ਵੀ ਹੈ। ਦੂਸਰੇ ਪਾਸੇ ਖਿਚੜੀ ਅਕਾਲੀ ਹਨ ਜਿਨ੍ਹਾਂ ਦੇ ਚਿਹਰੇ ਮੋਹਰੇ ਸਿੱਖ ਸਮੂਹ ਵਿਚ ਸਤਿਕਾਰ ਵਾਲੇ ਰਹੇ ਹੋਣ ਕਾਰਨ, ਉਹ ਆਪਣੇ ਆਪ ਨੂੰ ਤਾਨਾਸ਼ਾਹ ਹੀ ਸਮਝਦੇ ਹਨ ਅਤੇ ਉਨ੍ਹਾਂ ਦੇ ਇਰਾਦਿਆਂ ਤੇ ਵੱਡੇ ਵੱਡੇ ਸਵਾਲੀਆ ਚਿੰਨ ਹਨ।

ਪੰਥਕ ਵਿਦਵਾਨਾਂ ਨੇ ਇਹ ਗੱਲ ਬੜੀ ਹੀ ਬੇਬਾਕੀ ਨਾਲ ਕਹੀ ਹੈ ਕਿ ਬਾਦਲਾਂ ਦੇ ਵਿਰੋਧ ਵਿਚ ਖੜ੍ਹੇ ਇਹ ਧੜੇ ਏਨਾ ਕੁਝ ਹੋਣ ਦੇ ਬਾਵਜੂਦ ਵੀ ਆਪਣੀ ਧੜੇਬਾਜੀ ਤਿਆਗ ਕੇ ਇੱਕ ਸਰਬ ਸਾਂਝੇ ਪਲੇਟਫਾਰਮ ਤੇ ਇੱਕਮੁ੍ਠ ਅਤੇ ਇੱਕਜੁੱਟ ਹੋਣੋ ਆਨਾ ਕਾਨੀ ਕਰ ਰਹੇ ਹਨ, ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਇਹ ਧੜੇ ਅਸਲ ਵਿਚ ਬਾਦਲ ਦੇ ਲਾਹੇ ਵਿਚ ਹੀ ਭੁਗਤ ਰਹੇ ਹਨ।

ਸੂਬੇ ਵਿਚ ਪਹਿਲਾਂ ਸੌਦੇ ਵਾਲੇ ਸਾਧ ਦੀ ਮੁਆਫੀ ਤੇ ਅਤੇ ਫਿਰ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਬੇਅਦਬੀ ਮਗਰੋਂ ਹਾਲਾਤ ਬਹੁਤ ਵਿਗੜ ਗਏ ਸਨ। ਸੌਦੇ ਵਾਲੇ ਸਾਧ ਦਾ ਮਾਮਲਾ ਸਿੱਧਾ ਸਿੱਧਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਰਾਜਨੀਤੀ ਨਾਲ ਸਬੰਧਤ ਸੀ, ਜਦ ਕਿ ਪਵਿੱਤਰ ਬੀੜਾਂ ਦੀ ਬੇਅਦਬੀ ਦੇ ਦੋਸ਼ੀ ਹਾਲੇ ਤਕ ਵੀ ਸਰਕਾਰ ਨੇ ਫੜੇ ਨਹੀਂ ਹਨ।

ਪੰਜਾਬ ਦੇ ਵਿਗੜੇ ਹਾਲਾਤਾਂ ਲਈ ਬਾਦਲ ਪਹਿਲਾਂ ਜਿਥੇ ‘ਬਾਹਰੀ ਤਾਕਤਾਂ’ ਨੂੰ ਦੋਸ਼ ਦਿੰਦਾ ਸੀ ਉਥੇ ਹੁਣ ਰਾਜਨੀਤਕ ਲੋੜ ਮੁਤਾਬਕ ਉਹ ਦਿਨ ਰਾਤ ਇਹਨਾ ਹਾਲਾਤਾਂ ਲਈ ਕਾਂਗਰਸ ਤੇ ਤੀਰ ਕੱਸ ਰਿਹਾ ਹੈ। ਅਖੌਤੀ ਸਦਭਾਵਨਾ ਰੈਲੀਆਂ ਤੇ ਸਟੇਟ ਮਸ਼ਿਨਰੀ ਕੇਂਦਰਤ ਹੈ ਅਤੇ ਮਾਇਆ ਦੀ ਵੰਡ ਵੰਡਾਈ ਨਾਲ ਵੋਟਾਂ ਪੱਕੀਆਂ ਕੀਤੀਆਂ ਜਾ ਰਹੀਆਂ ਹਨ। ਸਰਬਤ ਖਾਲਸਾ ਵਾਲੇ ਨਵੇਂ ਜਥੇਦਾਰ ਅਤੇ ਆਗੂ ਜਿਹਲਾਂ ਵਿਚ ਬੰਦ ਹਨ ਜਦ ਕਿ ਸ੍ਰੀ ਅਕਾਲ ਦੇ ਨਵੇਂ ਬਣਾਏ ਐਕਟਿੰਗ ਜਥੇਦਾਰ ਧਿਆਨ ਸਿੰਘ ਮੰਡ ਵਲੋਂ ਬਾਦਲ ਦੀ ਸੱਦਭਾਵਨਾ ਰੈਲੀ ਦੇ ਵਿਰੋਧ ਵਿਚ 23 ਨਵੰਬਰ ਨੂੰ ਕੀਤੇ ਐਲਾਨ ਦਾ ਲੋਕਾਂ ਤੇ ਕੋਈ ਅਸਰ ਨਾ ਹੋਇਆ। ਆਓ ਹੁਣ ਵਿਦਵਾਨਾਂ ਦੇ ਬਿਆਨਾਂ ਦਾ ਤਤਸਾਰ ਦੇਖੀਏ-

ਦਿਸ਼ਾ ਹੀਣ ਆਗੂ

ਪ੍ਰੋ: ਗੁਰਦਰਸ਼ਨ ਸਿੰਘ ਢਿੱਲੋਂ: ਅੰਮ੍ਰਿਤਸਰ ਅਕਾਲੀ ਦਲ ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਅਤੇ ਯੁਨਾਈਟਿਡ ਅਕਾਲੀ ਦਲ ਦੇ ਭਾਈ ਮੋਹਕਮ ਸਿੰਘ ਨੇ ਸਰਬਤ ਖਾਲਸਾ ਕਾਹਲੀ ਵਿਚ ਕੀਤਾ ਜਦ ਕਿ ਸੰਜੀਦਾ ਸੋਚ ਦੀ ਘਾਟ ਰਹੀ। ਭਾਈ ਧਿਆਨ ਸਿੰਘ ਮੰਡ ਨੂੰ ਕਾਰਜਕਾਰੀ ਜਥੇਦਾਰ ਐਲਾਨਣ ਤੋਂ ਪਹਿਲਾਂ ਤਤਕਾਲ ਪਹਿਲਾਂ ਉਸ ਤੋਂ ਅਕਾਲੀ ਦਲ ਮਾਨ ਦੀ ਪ੍ਰਧਾਨਗੀ ਤੋਂ ਅਸਤੀਫਾ ਲਿਆ ਗਿਆ ਅਤੇ ਮਨਜ਼ੂਰ ਕੀਤਾ ਗਿਆ ਸੀ, ਇਸੇ ਤਰਾਂ ਸੰਤ ਦਾਦੂਵਾਲ ਨੇ ਵੀ ਖੜ੍ਹੇ ਪੈਰ "ਸੰਤ" ਪਦ ਨੂੰ ਤਿਆਗ ਕੇ ਜਥੇਦਾਰੀ ਪ੍ਰਾਪਤ ਕੀਤੀ ਜੋ ਕਿ ਹਾਸੋ ਹੀਣਾ ਸੀ। ਖਾਲਸਾ ਪੰਚਾਇਤ ਅਤੇ ਹੋਰ ਧਿਰਾਂ ਦਾ ਸੁਝਾਅ ਸੀ ਕਿ ਇਸ ਇੱਕਠ ਨੂੰ ਵਿਸ਼ਵ ਸਿੱਖ ਸੰਮੇਲਨ ਦੇ ਤੌਰ 'ਤੇ ਲਿਆ ਜਾਵੇ ਨਾ ਕਿ ਸਰਬਤ ਖਾਲਸਾ ਦੇ ਤੌਰ ਤੇ। ਅੱਧੇ ਦਿਨ ਦਾ ਪੰਜਾਬ ਬੰਦ ਵੀ ਕਾਹਲੀ ਵਿਚ ਐਲਾਨਿਆ ਗਿਆ ਅਤੇ ਉਹ ਫਿਹਲ ਹੋ ਗਿਆ। ਸਾਰਾ ਕੁਝ ਹੀ ਬੜੀ ਕਾਹਲੀ ਵਿਚ ਬੇਭਰੋਸਗੀ ਵਿਚ ਕੀਤਾ ਗਿਆ।

ਬਾਦਲ ਆਰ.ਐਸ.ਐਸ. ਦੀ ਹਿਮਾਇਤ ਨਾਲ ਹਕੂਮਤ ਚਲਾ ਰਿਹਾ ਹੈ ਅਤੇ ਆਰ.ਐਸ.ਐਸ. ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨਾ ਚਾਹੁੰਦੀ ਹੈ ਅਤੇ ਉਹ ਸਿੱਖ ਪ੍ਰੰਪਰਾਵਾਂ ਅਤੇ ਸਿੱਖਾਂ ਦਾ ਘਾਣ ਬਾਦਲ ਰਾਹੀਂ ਕਰਵਾ ਰਹੀ ਹੈ। ਇਸੇ ਲਈ ਹੀ ਸਿੱਖ ਕੈਲੰਡਰ ਰੱਦੀ ਕਰਕੇ ਬਾਬਾ ਵਡਭਾਗ ਸਿੰਘ ਡੇਰੇ ਨੂੰ ਕਲੀਨ ਚਿੱਟ ਦਿੱਤੀ ਗਈ, (ਬਾਬਾ) ਸ੍ਰੀ ਚੰਦ ਦੇ ਨਾਮ ਤੇ ਪੰਜਾਬ ਵਿਚ ਛੁੱਟੀ ਕੀਤੀ ਗਈ ਅਤੇ ਸੌਦੇ ਵਾਲੇ ਸਾਧ ਨੂੰ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕੀਤੀ ਗਈ। ਤੇਰਾਂ ਮਤਿਆਂ ਵਿਚੋਂ ਬਾਦਲ ਖਿਲਾਫ ਇੱਕ ਹੀ ਮਤਾ ਸੀ ਕਿ ਉਸ ਤੋਂ ਫਖਰੇ ਕੌਮ ਅਤੇ ਪੰਥ ਰਤਨ ਦੇ ਰੁਤਬੇ ਵਾਪਸ ਲਏ ਜਾਣ। ਲੋੜ ਤਾਂ ਇਸ ਗੱਲ ਦੀ ਸੀ ਕਿ ਸਾਰੇ ਨਿੱਕੇ ਵੱਡੇ ਧੜੇ ਭੰਗ ਕਰਕੇ ਇੱਕ ਅਕਾਲੀ ਦਲ ਬਣਾਇਆ ਜਾਂਦਾ ਜੋ ਕਿ 2017 ਵਿਚ ਬਾਦਲ ਦਾ ਰਾਜਸੀ ਬਦਲ ਪੇਸ਼ ਕਰਦਾ ਪਰ ਆਪੋ ਆਪਣੀ ਚੌਧਰ ਦੀ ਲੋਚਾ ਨੇ ਇਹ ਹੋਣ ਨਾ ਦਿੱਤਾ ਅਤੇ ਸਰਬਤ ਖਾਲਸੇ ਤੋਂ ਲੋਕੀ ਖਾਲੀ ਹੱਥ ਪਰਤੇ।

ਸੁਆਰਥੀ ਮੀਰ

ਸ: ਅਜਮੇਰ ਸਿੰਘ: ਪੰਥ ਦਾ ਮੌਜੂਦਾ ਸੰਕਟ ਅਸਲ ਵਿਚ ਸੁਆਰਥੀ ਰਾਜਨੀਤਕਾਂ ਕਾਰਨ ਹੈ। ਐਸੇ ਸੁਆਰਥ ਦੀਆਂ ਢਿੱਲੀਆਂ ਮੱਸੀਆਂ ਕੋਸ਼ਿਸ਼ਾਂ ਭਾਵੇਂ ਪਹਿਲਾਂ ਵੀ ਹੋਈਆਂ ਪਰ ਬਾਦਲ ਦੇ ਸਮੇਂ ਇਹ ਸੁਆਰਥ ਸਿੜ ਚੜ੍ਹ ਕੇ ਬੋਲਿਆ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਕੋਲ ਸਾਰੀ ਸਮਰਥਾ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਜਥੇਦਾਰ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ ਕਿਓਂਕਿ ਉਹ ਸੁਆਰਥੀ ਨਹੀਂ ਸਨ। ਅੱਜ ਪੰਥਕ ਮੂੰਹ ਮੁਹਾਂਦਰੇ ਵਾਲੇ ਆਗੂ ਸਿਆਸੀ ਲਾਲਸਾ ਤਹਿਤ ਗੈਰ ਅਸੂਲੀ ਸਮਝੌਤੇ ਕਰ ਰਹੇ ਹਨ। ਪੰਥ ਦੇ ਹੀਰੋ ਭਾਈ ਹਵਾਰਾ ਨੂੰ ਵੀ ਸ਼ਾਇਦ ਹਨੇਰੇ ਵਿਚ ਰੱਖਿਆ ਗਿਆ ਹੋਵੇ ਤਾਂ ਕਿ ਉਸ ਦਾ ਨਾਮ ਵਰਤ ਕੇ ਰਾਜਸੀ ਲਾਲਸਾਵਾਂ ਪੁਰੀਆਂ ਕੀਤੀਆਂ ਜਾ ਸਕਣ। ਵਿਆਪਕ ਸਮੱਸਿਆਵਾਂ ਅਤੇ ਸੰਕਟ ਨੂੰ ਸਮਝ ਕੇ ਹੀ ਜਥੇਦਾਰਾਂ ਦੀ ਚੋਣ ਕੀਤੀ ਜਾਣੀ ਚਾਹੀਦੀ ਹੈ ਨਾ ਕਿ ਧਿਰਾਂ ਦੀ ਲਾਲਸਾ ਮੁਤਾਬਕ। ਕੌਮ ਦੇ ਮਸਲੇ ਸੋਸ਼ਲ ਮੀਡੀਏ ਤੇ ਨਹੀਂ ਨਜਿੱਠੇ ਜਾ ਸਕਦੇ। ਸੋਸ਼ਲ ਮੀਡੀਆ ਸੰਜੀਦਾ ਅਤੇ ਗੰਭੀਰ ਮੁੱਦਿਆਂ ਨੂੰ ਧੁਆਂਖ ਰਿਹਾ ਹੈ। ਨਾਨਕਸ਼ਸ਼ਾਹੀ ਕੈਲੰਡਰ ਦੀ ਬਲੀ ਅਤੇ ਡੇਰੇਵਾਲਿਆਂ ਦੀ ਹਿਮਾਇਤ ਇਹ ਸਾਬਤ ਕਰਦੀ ਹੈ ਕਿ ਜਦੋਂ ਜਦੋਂ ਸਤਾ ਦੀ ਭੁੱਖ ਜਾਗਦੀ ਹੈ ਤਾਂ ਆਗੂ ਹੌਲੀ ਹੌਲੀ ਸਮਝੋਤਾਵਾਦੀ ਹੋ ਜਾਂਦੇ ਹਨ।

ਜਿਹੜਾ ਬੰਦਾ ਨਾਅਰੇ ਨਹੀਂ ਮਾਰਦਾ, ਜਿਹਲ ਨਹੀਂ ਜਾਂਦਾ ਜਾਂ ਸਿਆਸੀ ਚੁਣੌਤੀ ਨਹੀਂ ਦੇ ਸਕਦਾ, ਉਸ ਨੂੰ ਬੰਦਾ ਹੀ ਨਾ ਸਮਝਣਾ ਵੀ "ਕੱਚੀ ਮਾਨਸਿਕਤਾ" ਦੀ ਨਿਸ਼ਾਨੀ ਹੈ।

ਵਨ ਮੈਨ ਸ਼ੋ One Man Show

ਸ: ਗੁਰਤੇਜ ਸਿੰਘ: ਜਦੋਂ ਅਸੀਂ ਸਰਬਤ ਖਾਲਸਾ ਦੀ ਪੁਨਰ ਸੁਰਜੀਤੀ ਦੀ ਗੱਲ ਕਰਦੇ ਹਾਂ, ਤਾਂ ਇਹ ਸਮਝਣਾ ਚਾਹੀਦਾ ਹੈ ਕਿ ਪਾਰਲੀਮੈਂਟ ਅਤੇ ਯੂ.ਐਨ.ਓ ਦਾ ਜੋ ਮਾਡਲ ਹੈ, ਉਸ ਦਾ ਮਨੋਰਥ ਹੀ ਇਹ ਹੈ ਕਿ ਲੋਕ ਇੱਕਠੇ ਹੋ ਕੇ ਫੈਸਲੇ ਕਰ ਸਕਣ। ਸਾਰੇ ਲੋਕ ਨਾ ਤਾਂ ਇੱਕ ਥਾਂ ਇੱਕਠੇ ਹੋ ਸਕਦੇ ਹਨ ਅਤੇ ਨਾ ਹੀ ਇੰਝ ਹੋਣਾ ਜ਼ਰੂਰੀ ਹੈ, ਪਰ ਬਹੁਮਤ ਦੀ ਆਵਾਜ਼ ਆਗੂਆਂ ਤਕ ਪਹੁੰਚਣੀ ਜ਼ਰੂਰੀ ਹੈ। ਸਾਰੇ ਦੇਸ਼ਾਂ ਦੇ ਸਿੱਖ ਪ੍ਰਤੀਨਿਧਾਂ ਦੀ ਆਵਾਜ਼ ਜ਼ਰੂਰ ਸਰਬਤ ਖਾਲਸੇ ਤਕ ਪਹੁੰਚਣੀ ਚਾਹੀਦੀ ਹੈ। ਇਹਨਾ ਵਿਚ ਇਲੈਕਟਡ ਅਤੇ ਨੌਮੀਨੇਟਡ ਪ੍ਰਤੀਨਿਧ ਆ ਸਕਦੇ ਹਨ। ਸਰਬਤ ਖਾਲਸੇ ਦਾ ਹਿੱਸਾ ਉਹ ਲੋਕ ਹੋ ਸਕਦੇ ਹਨ ਜਿਨ੍ਹਾਂ ਨੂੰ ਪੰਥ ਦਾ ਦਰਦ ਹੋਵੇ ਅਤੇ ਨਿੱਜ ਤੋਂ ਉਪਰ ਹੋਣ। ਬਾਦਲ ਦਾ ਬਦਲ ਪੇਸ਼ ਕਰਨ ਦਾ ਭੁਲੇਖਾ ਦੇਣ ਵਾਲੇ ਆਗੂ ਵਨ ਮੈਨ ਸ਼ੋ ਹਨ ਅਤੇ ਉਹ ਆਪਣੀ ਜਥੇਬੰਦੀ ਦਾ ਕਿਸੇ ਨੂੰ ਹਿਸਾਬ ਵੀ ਨਹੀਂ ਦਿੰਦੇ। ਐਸੇ ਆਗੂ ਪੰਥ ਦੀ ਕਿਹੋ ਜਹੀ ਅਗਵਾਈ ਕਰ ਸਕਦੇ ਹਨ ਅੰਦਾਜ਼ਾ ਲਾਇਆ ਜਾ ਸਕਦਾ ਹੈ।

ਸਰਬਤ ਖਾਲਸੇ ਦੇ ਰੁਤਬੇ ਨੂੰ ਢਾਅ

ਜਸਪਾਲ ਸਿੰਘ ਸਿੱਧੂ: 10 ਨਵੰਬਰ ਦਾ ਇੱਕਠ ਵੀ 26 ਜਨਵਰੀ 86 ਦੇ ਸਰਬਤ ਖਾਲਸੇ ਵਰਗਾ ਸੀ। ਸਾਰਾ ਮਹੌਲ ਸਿਆਸੀ ਮੰਤਵਾਂ ਵਾਲਾ ਸੀ। ਇਸ ਸਰਬਤ ਖਾਲਸੇ ਦੇ ਕੇਂਦਰ ਵਿਚ 2017 ਦੀਆਂ ਅਸੈਂਬਲੀ ਚੋਣਾਂ ਸਨ। ਇਸ ਇੱਕਠ ਵਿਚ ਪੰਚ ਪ੍ਰਧਾਨੀ ਅਤੇ ਦਲ ਖਾਲਸਾ ਸਟੇਜੀ ਪੱਧਰ ‘ਤੇ ਸ਼ਾਮਲ ਨਹੀਂ ਹੋਏ ਅਤੇ ਪੰਥ ਪ੍ਰਚਾਰਕ ਤਾਂ ਉੱਕਾ ਹੀ ਬਾਹਰ ਰਹੇ। ਅਸਲ ਵਿਚ 25 ਅਕਤੂਬਰ ਦੇ ਇੱਕਠ ਨੂੰ ਸਰਬਤ ਖਾਲਸੇ ਦੇ ਨਾਮ ਹੇਠ ਹਾਈਜੈਕ ਕਰ ਲਿਆ ਗਿਆ ਸੀ। ਜੋ ਸੰਗਤ ਦੀਆਂ ਭਾਵਨਾਵਾਂ ਸਨ ਉਹ ਭਾਵਨਾਵਾਂ ਸਟੇਜ ਤੇ ਨਹੀਂ ਸਨ। ਸੰਗਤ ਦੀ ਧਾਰਮਕ ਭਾਵਨਾਂ ਨੂੰ ਸਿਆਸੀ ਲਾਲ੍ਹਾਂ ਨੇ ਲਿਬੇੜ ਦਿੱਤਾ। ਇਸ ਨਾਲ ਸਰਬਤ ਖਾਲਸੇ ਦੇ ਪਵਿੱਤਰ ਰੁਤਬੇ ਨੂੰ ਢਾ ਲੱਗੀ ਹੈ।

ਪੰਥ ਅਤੇ ਪੰਜਾਬ ਦੀ ਸਾਂਝ

ਸੁਣਿਆ ਹੈ ਕਿ ਭਾਈ: ਪ੍ਰਮਜੀਤ ਸਿੰਘ ਗਾਜੀ ਦੂਜੀ ਧਿਰ ਦੇ ਆਗੂਆਂ ਦਾ ਪੱਖ ਪੇਸ਼ ਕਰਨ ਦੀ ਕੋਸ਼ਿਸ਼ ਵਿਚ ਹਨ ਜਿਨ੍ਹਾਂ ਵਿਚ ਸ: ਸਿਮਰਨਜੀਤ ਸਿੰਘ ਮਾਨ ਪ੍ਰਮੁਖ ਹਨ। ਸ: ਮਾਨ ਦਾ ਇਹ ਖਿਆਲ ਹੈ ਕਿ 10 ਨਵੰਬਰ ਦਾ ਇਕੱਠ ਸੰਨ 2017 ਵਿਚ ਬਾਦਲ ਦੇ ਬਦਲ ਵਜੋਂ ਜਲਵਾਗਰ ਹੋਵੇਗਾ। ਕਾਂਗਰਸ ਅਤੇ ਆਮ ਆਦਮੀ ਪਾਰਟੀ ਵੀ ਅਸੈਂਬਲੀ ਚੋਣਾਂ ਲਈ ਆਪਣੇ ਪਰ ਤੋਲ ਰਹੇ ਹਨ। ਪੰਥਕ ਵਿਦਵਾਨ ਇਹ ਤਾਂ ਸਮਝਦੇ ਹਨ ਕਿ ਸੁਖਬੀਰ ਬਾਦਲ ਹਾਲਾਤਾਂ ਨੂੰ ਟਕਰਾਓ ਵਲ ਲਿਜਾ ਰਿਹਾ ਹੈ ਅਤੇ ਉਸ ਦੀ ਭਾਸ਼ਾ ਅਤੇ ਹਰਕਤਾਂ ਵਿਚੋਂ ਬੁਰਛਾਗਰਦੀ ਝਲਕਦੀ ਹੈ ਪਰ ਕਿਸੇ ਵੀ ਸਿੱਖ ਚਿੰਤਕ ਜਾਂ ਦਾਨਸ਼ਵਰ ਨੇ ਪੰਜਾਬ ਮਸਲੇ ਨੂੰ ਪੰਜਾਬੀਆਂ ਦੇ ਮਸਲੇ ਵਜੋਂ ਦੇਖਣ ਵਿਚ ਕਮਜ਼ੋਰੀ ਦਿਖ਼ਾਈ ਹੈ ਅਤੇ ਸਿੱਖ ਸਾਂਝ ਨੂੰ ਪੰਜਾਬੀਆਂ ਅਤੇ ਪੰਜਾਬੀਅਤ ਦੀ ਸਾਂਝ ਵਜੋਂ ਦੇਖਣ ਲਈ ਅਰੁਚੀ ਵਿਖਾਈ ਹੈ। ਉਨ੍ਹਾਂ ਨੂੰ ਇਹ ਤਾ ਸਮਝ ਲੱਗੀ ਹੈ ਕਿ ਆਗੂ ਧਿਰ ਦਾ ਨੈਤਕ ਨਿਘਾਰ ਹੀ ਸਮੱਸਿਆ ਦੀ ਅਸਲ ਜੜ੍ਹ ਹੈ ਅਤੇ ਇਹ ਨਾ ਕੇਵਲ ਬਾਦਲ ਦਲ ਸਗੋਂ ਬਾਦਲ ਦੇ ਬਦਲ ਵਾਲੇ ਦਲ ਵਿਚ ਵੀ ਫੈਲ ਰਹੀ ਹੈ ਪਰ ਉਨ੍ਹਾਂ ਨੇ ਇਸ ਤੋਂ ਛੁਟਕਾਰੇ ਲਈ ਆਮ ਆਦਮੀ ਵਰਗੀ ਕਿਸੇ ਤੀਸਰੀ ਸੰਭਾਵਨਾ ਦਾ ਨਾਮ ਤਕ ਲੈਣ ਤੋਂ ਗੁਰੇਜ਼ ਕੀਤਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top