ਸੁਬਾਹ
ਸਵੇਰੇ ਇਕ ਮਾਈ, ਆਈ ਗੁਰੂਦੁਆਰੇ।
ਭਾਈ ਜੀ ਅਰਦਾਸ ਕਰੌਣੀ, ਹੱਥ ਬੰਨ੍ਹ ਅਰਜ਼ ਗੁਜ਼ਾਰੇ।
ਇੰਡੀਆ ਦੀ ਮੈਂ ਕਰੀ ਤਿਆਰੀ, ਅਰਦਾਸ ਕਰਿਓ ਜ਼ਰਾ ਚੰਗੀ।
ਸਿਹਤ ਵੀ ਰਹਿੰਦੀ ਢਿੱਲੀ ਮੱਠੀ, ਹੋਵੇ ਰਾਹ ਵਿਚ ਨਾ ਕੋਈ ਤੰਗੀ।
ਦੋ ਅਰਦਾਸਾਂ ਅਸੀਂ ਕਰਦੇ ਬੀਬੀ, ਇਕ ਵੱਡੀ ਇਕ ਛੋਟੀ।
ਉਂਜ ਸਭ ਵੱਡੀ ਕਰਵਾਉਂਦੇ, ਘੱਟ ਹੀ ਕਰੀਏ ਛੋਟੀ।
ਭਾਈ ਜੀ ਕੀ ਫਰਕ ਦੋਹਾਂ ਵਿਚ, ਜ਼ਰਾ ਮੈਨੂੰ ਇਹ ਸਮਝਾਉ।
ਮਾਇਆ ਦੀ ਨਹੀਂ ਚਿੰਤਾ ਕੋਈ, ਜੋ ਮਰਜ਼ੀ ਰੇਟ ਲਗਾਉ।
ਛੋਟੀ ਦੇ ਨੇ ਲਗਦੇ ਗਿਆਰਾਂ, ਵੱਡੀ ਦੇ ਲਗਦੇ ਇੱਕੀ।
ਵੱਡੀ ਆਖਰ ਵੱਡੀ ਹੁੰਦੀ, ਨਿੱਕੀ ਦੀ ਗੱਲ ਨਿੱਕੀ।
ਹੋਰ ਫਰਕ ਕੀ ਵਿਚ ਦੋਹਾਂ ਦੇ, ਕਰ ਦਿਉ ਜ਼ਰਾ ਖੁਲਾਸਾ।
ਗੱਲ ਖੋਲ੍ਹ ਕੇ ਦੱਸੋ ਸਾਰੀ, ਭੇਦ ਨਾ ਰੱਖਿਓ ਮਾਸਾ।
ਵੱਡੀ ਦੇਊ ਫੁੱਲ ਪਰੋਟੈਕਸ਼ਨ, ਛੋਟੀ ਜ਼ਰਾ ਹੈ ਰਿਸਕੀ।
ਵੱਡੀ ਹਰ ਥਾਂ ਪਾਰ ਲੰਘਾਊ, ਛੋਟੀ ਖਿਸਕੀ ਕਿ ਖਿਸਕੀ।
ਭਾਈ ਜੀ ਤੁਸੀਂ ਕਰ ਦਿਉ ਵੱਡੀ, ਕੋਈ ਫਰਕ ਨਹੀਂ ਪੈਣਾ।
ਦਸ ਪੌਂਡਾਂ ਦੇ ਨੋਟ ਪਿੱਛੇ, ਮੈਂ ਕੋਈ ਰਿਸਕ ਨਹੀਂ ਲੈਣਾ। |
ਨਿਸ਼ਚਿੰਤ ਹੋ ਕੇ ਇਕ ਦਿਨ ਮਾਈ, ਚੜ੍ਹ
ਗਈ ਫੇਰ ਜਹਾਜ਼ੇ।
ਖੁਸ਼ੀ ਖੁਸ਼ੀ ਪਹੁੰਚੀ ਅੰਮ੍ਰਿਤਸਰ, ਕੰਨਾਂ ਵਿਚ ਵੱਜਣ ਵਾਜੇ।
ਉਡੀਕ ਉਡੀਕ ਕੇ ਥੱਕ ਗਈ ਮਾਈ, ਪਰ
ਟੈਚੀਕੇਸ ਨਾ ਆਇਆ।
ਪਟਾ ਜਿਹਾ ਵੀ ਰੁਕ ਗਿਆ ਜਦ, ਮਾਈ ਨੇ ਰੌਲਾ ਪਾਇਆ।
ਏਅਰਲਾਈਨ ਦਾ ਬੰਦਾ ਕਹਿੰਦਾ, ਕਦੇ ਐਸਾ
ਵੀ ਹੋ ਜਾਂਦਾ।
ਲੱਦਣ ਵਾਲ਼ੇ ਗ਼ਲਤੀ ਕਰਦੇ, ਸਾਮਾਨ ਮਿਕਸ ਹੋ ਜਾਂਦਾ।
ਸੱਤ ਦਿਨਾਂ ਤੋਂ ਮਾਈ ਆਪਣਾ, ਹੁਣ
ਟੈਚੀਕੇਸ ਉਡੀਕੇ।
ਏਅਰਲਾਈਨ ਕੁਝ ਦੱਸਦੀ ਨਾਹੀਂ, ਜਿਵੇਂ ਸੌਂ ਗਏ ਭੰਗ ਪੀ ਕੇ।
ਗੁੱਸੇ ਦੇ ਵਿਚ ਮਾਈ ਨੇ ਫਿਰ, ਫੋਨ
ਭਾਈ ਨੂੰ ਕੀਤਾ।
ਖ਼ੂਬ ਸੁਣਾਈਆਂ ਤੱਤੀਆਂ ਠੰਢੀਆਂ, ਹਿਰਦਾ ਠੰਢਾ ਕੀਤਾ।
ਕਹਿੰਦੀ ਆਉਣ ਦੇ ਮੈਨੂੰ ਵਾਪਸ ਯੂ.ਕੇ.
ਤੈਨੂੰ ਨਾ ਮੈਂ ਛੱਡੂੰ।
ਇੱਕੀਆਂ ਦੇ ਮੈਂ ‘ਕੱਤੀ ਭਾਈ, ਤੇਰਿਆਂ ਹੱਡਾਂ ‘ਚੋਂ ਕੱਢੂੰ। |
ਸਿੱਖਿਆ
ਕਰਨ ਲਈ ਅਰਦਾਸ ਗੁਰੂ ਨੂੰ, ਤੂੰ ਲੱਭ
ਨਾ ਕੋਈ ਵਿਚੋਲਾ।
ਭੋਲ਼ੇ ਭਾਅ ਗੱਲ ਗੁਰੂ ਨੂੰ ਕਹਿ ਦੇ, ਕਿਉਂ ਰੱਖਨੈ ਵਿਚ ਓਹਲਾ?
ਜਾਣੀਜਾਣ ਤੇਰੇ ਉਹ ਦਿਲ ਦਾ, ਬਿਨ ਬੋਲੇ
ਸਭ ਜਾਣੇ।
ਸ਼ੁੱਧ ਹਿਰਦੇ ਦੀ ਬਾਤ ਹੈ ਸਾਰੀ, ਕਹਿੰਦੇ ਸਭ ਸਿਆਣੇ।
ਜਿਸ ਪੰਡੇ ਤੋਂ ਬਾਬੇ ਨਾਨਕ, ਸੀ ਖਹਿੜਾ
ਛੁਡਵਾਇਆ।
ਉਹ ਪੰਡਾ ਅੱਜ ਰੂਪ ਬਦਲ ਕੇ, ਸਿੱਖੀ ਦੇ ਵਿਹੜੇ ਆਇਆ। |