Share on Facebook

Main News Page

ਅਕਾਲੀ ਦਲ ਦਾ ਇਤਿਹਾਸ ਤੇ ਮੌਜੂਦਾ ਅਕਾਲੀ ਦਲ ਦੀ ਸਰਕਾਰ
-: ਜਸਬੀਰ ਸਿੰਘ ਪੱਟੀ 09356024684

ਬੀਤੀ ਸਦੀ ਦੇ ਦੂਸਰੇ ਦਹਾਕੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਉਸ ਵੇਲੇ ਹੋਂਦ ਆਇਆ ਜਦੋਂ ਗੁਰੂਦੁਆਰਾ ਸੁਧਾਰ ਲਹਿਰ ਨੇ ਗੁਰੂਦੁਆਰਿਆ ਨੂੰ ਐਯਾਸ਼ੀ ਮਹੰਤਾਂ ਕੋਲੋ ਅਜ਼ਾਦ ਕਰਾਉਣ ਲਈ ਸੰਘਰਸ਼ ਸ਼ੁਰੂ ਕੀਤਾ ਹੋਇਆ ਸੀ। 1920 ਵਿੱਚ ਜਥੇਦਾਰ ਕਰਤਾਰ ਸਿੰਘ ਝੱਬਰ ਵੱਲੋ ਬੁਲਾਏ ਗਏ ਸਰਬੱਤ ਖਾਲਸੇ ਦੌਰਾਨ ਗੁਰੂਦੁਆਰਾ ਸੁਧਾਰ ਲਹਿਰ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸੇ ਸਮੇਂ ਦੌਰਾਨ ਹੀ ਪੰਥਕ ਲੀਡਰਾਂ ਨੇ ਕਾਫੀ ਸੋਚ ਵਿਚਾਰ ਉਪਰੰਤ 13 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕੀਤਾ ਜਿਹੜਾ ਪੰਜਾਬ ਦੇ ਰਾਜਨੀਤਕ ਦ੍ਰਿਸ਼ ‘ਤੇ ਪ੍ਰਗਟ ਹੋਣ ਵਾਲੀ ਉਹ ਪ੍ਰਮੁਖ ਪਾਰਟੀ ਬਣ ਗਿਆ ਜਿਸ ਕੋਲ ਸਿੱਖ ਪੰਥ ਦੇ ਰਾਜਸੀ, ਧਾਰਮਿਕ ਤੇ ਸਭਿਆਚਾਰਕ ਹਿੱਤਾਂ ਦੀ ਰਾਖੀ ਅਤੇ ਅੰਗਰੇਜ਼ੀ ਹਕੂਮਤ ਦੁਆਰਾ ਸਥਾਪਤ ਵਿਧਾਨਕ ਸਭਾਵਾਂ ਵਿੱਚ ਸਿੱਖ ਪੰਥ ਦੀ ਨੁਮਾਇੰਦਗੀ ਕਰਨ ਦਾ ਅਧਿਕਾਰ ਸੀ। 19ਵੀਂ ਸਦੀ ਦੇ ਅੰਤਿਮ ਦਹਾਕੇ ਵਿਚ ਸਿੰਘ ਸਭਾ ਲਹਿਰ ਨਾਲ ਆਈ ਜਾਗਰਤੀ ਕਾਰਨ ਇਹ ਗੱਲ ਬੜੀ ਤੀਬਰਤਾ ਨਾਲ ਮਹਿਸੂਸ ਕੀਤੀ ਜਾਣ ਲੱਗੀ ਕਿ ਸਿੱਖ ਸਿਧਾਂਤ ਤੇ ਸਿੱਖ ਮਰਿਆਦਾ ਦੀ ਉਸ ਸਮੇਂ ਤੱਕ ਬਹਾਲੀ ਨਹੀਂ ਹੋ ਸਕਦੀ ਜਦੋਂ ਤੱਕ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸੁਧਾਰ ਨਹੀਂ ਲਿਆਂਦਾ ਜਾਂਦਾ ਜਿਹੜੇ ਕਿ ਉਸ ਸਮੇਂ ਮਹੰਤਾਂ ਦੇ ਕਬਜ਼ੇ ਵਿਚ ਸਨ।

ਸਿੱਖ ਇਤਿਹਾਸ ਅਨੁਸਾਰ ਪੰਥ ਨੂੰ ਮੁਗਲ ਹਕੂਮਤ ਨਾਲ ਜਦੋਂ ਟੱਕਰ ਲੈਣੀ ਪਈ ਤੇ ਆਪਣੀ ਸੁਰੱਖਿਆਂ ਹਿਤ ਜੰਗਲਾਂ ਤੇ ਪਹਾੜਾਂ ਵੱਲ ਜਾਣਾ ਪਿਆ ਸੀ ਤਾਂ ਉਸ ਵੇਲੇ ਗੁਰੂਦੁਆਰੇ ਮਹੰਤਾਂ ਦੇ ਕਬਜ਼ੇ ਵਿੱਚ ਚੱਲੇ ਗਏ। ਭਾਂਵੇ ਗੁਰਦੁਆਰਾ ਸੁਧਾਰ ਲਹਿਰ ਦੇ ਆਰੰਭ ਹੋਣ ਤੋਂ ਪਹਿਲਾਂ ਹੀ ਮਹੰਤਾਂ ਦੀਆਂ ਕੁਰੀਤੀਆਂ ਦੇ ਖਿਲਾਫ ਆਵਾਜ਼ ਉਠਣ ਲੱਗ ਪਈ ਸੀ ਪਰ ਉਸ ਸਮੇਂ ਸਿੱਖ ਕਿਸੇ ਜਥੇਬੰਦੀ ਦੀ ਮਾਲਾ ਦਾ ਮੋਤੀ ਨਹੀਂ ਸਨ ਤੇ ਨਿੱਜੀ ਤੌਰ ਤੇ ਹੀ ਸਿੱਖ ਕੁਝ ਨਾ ਕੁਝ ਕਰਦੇ ਰਹਿੰਦੇ ਸਨ ਜਿਸ ਦੇ ਕੋਈ ਅਸਰਦਾਇਕ ਸਿੱਟੇ ਨਹੀਂ ਨਿਕਲਦੇ ਸਨ ਪਰ ਸਿੱਖਾਂ ਨੂੰ ਜਥੇਬੰਦ ਕਰਨ ਲਈ ਸੁਧਾਰ ਲਹਿਰ ਚਲਾਉਣ ਵਾਸਤੇ ਖੇਤਰੀ ਖਾਲਸਾ ਦੀਵਾਨਾਂ ਦੇ ਰੂਪ ਵਿਚ ਤਿਆਰੀ ਹੋ ਚੁੱਕੀ ਸੀ।

ਨਵੰਬਰ 1920 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਹੋਣ ਨਾਲ ਕਿਸੇ ਅਜਿਹੇ ਕੇਂਦਰੀ ਸੰਗਠਨ ਦੀ ਲੋੜ ਮਹਿਸੂਸ ਕੀਤੀ ਜਾਣ ਲੱਗੀ ਜਿਸ ਰਾਹੀਂ ਸਾਰੇ ਖੇਤਰੀ ਜੱਥਿਆਂ ਵਿੱਚ ਤਾਲਮੇਲ ਸਥਾਪਤ ਕੀਤਾ ਜਾ ਸਕੇ। ਉਸ ਮੌਕੇ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਘੱਟੋ-ਘੱਟ 10 ਖੇਤਰੀ ਜਥੇ ਗੁਰਦੁਆਰਾ ਸੁਧਾਰ ਲਹਿਰ ਵਿਚ ਆਪਣਾ-ਆਪਣਾ ਯੋਗਦਾਨ ਪਾ ਰਹੇ ਸਨ। ਤੱਤਕਾਲੀ ਸਿੱਖ ਆਗੂ ਮਾਸਟਰ ਮੋਤਾ ਸਿੰਘ ਨੇ ਸਭ ਤੋਂ ਪਹਿਲਾਂ ਇਹ ਸੁਝਾਅ ਦਿੱਤਾ ਕਿ 500 ਸੇਵਾਦਾਰਾਂ ਦੀ ਗਿਣਤੀ ਵਾਲਾ ਇਕ ਗੁਰਦੁਆਰਾ ਸੇਵਕ ਦਲ ਬਣਾਇਆ ਜਾਵੇ। ਥੋੜੇ ਸਮੇਂ ਬਾਅਦ ਹੀ 18 ਨਵੰਬਰ 1920 ਨੂੰ ਗੁਰਦੁਆਰਾ ਹਸਨ ਅਬਦਾਲ ਨੂੰ ਮਹੰਤਾਂ ਤੋਂ ਮੁਕਤ ਕਰਾਉਣ ਵਾਲੇ ਸ. ਕਰਤਾਰ ਸਿੰਘ ਝੱਬਰ ਨੇ ਇਹ ਪੇਸ਼ਕਸ਼ ਕੀਤੀ ਕਿ ਉਨਾਂ ਕੋਲ 200 ਸਿੱਖਾਂ ਦਾ ਜੱਥਾ ਤਿਆਰ ਹੈ ਜਿਸ ਨੂੰ ਕਿਸੇ ਵੀ ਕਾਰਵਾਈ ਲਈ ਭੇਜਿਆ ਜਾ ਸਕਦਾ ਹੈ।

ਵੱਖ ਵੱਖ ਜਥੇਬੰਦੀਆ ਤੇ ਨਿੱਜੀ ਤੌਰ 'ਤੇ ਆਏ ਸੁਝਾਵਾਂ ‘ਤੇ ਵਿਚਾਰ ਕਰਨ ਲਈ ਸਿੱਖ ਆਗੂਆਂ ਦੀ 13 ਦਸੰਬਰ 1920 ਨੂੰ ਅਕਾਲ ਤਖਤ ਦੇ ਸਾਹਮਣੇ ਇਕ ਇਕੱਤਰਤਾ ਹੋਈ ਜਿਸ ਵਿੱਚ ਇਕ ਕੇਂਦਰੀ ਦਲ ਦੀ ਸਥਾਪਨਾ ਕਰਕੇ ਸ.ਸਰਮੁਖ ਸਿੰਘ ਝਬਾਲ ਨੂੰ ਉਸ ਦਾ ਪ੍ਰਧਾਨ ਥਾਪਿਆ ਗਿਆ। ਇਸ ਤਾਰੀਖ ਨੂੰ ਹੀ ਵਿਦਵਾਨ ਅਕਾਲੀ ਦਲ ਦੇ ਹੋਂਦ ਵਿੱਚ ਆਉਣ ਵਾਲਾ ਦਿਨ ਮੰਨਦੇ ਹਨ ਪਰ ਇਸ ਨਾਲ ਸ਼੍ਰੋਮਣੀ ਸ਼ਬਦ ਜੋੜ ਕੇ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ 29 ਮਾਰਚ 1922 ਨੂੰ ਇਕ ਮਤਾ ਪਾਸ ਕਰਕੇ ਬਣਾਇਆ ਗਿਆ।

ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦਾ ਮੁੱਖ ਮੰਤਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੋੜ ਅਨੁਸਾਰ ਸੇਵਾਦਾਰ ਮੁਹੱਈਆ ਕਰਵਾਉਣਾ ਸੀ ਅਤੇ ਮਹੰਤਾਂ ਕੋਲੋ ਗੁਰੂਦੁਆਰੇ ਅਜ਼ਾਦ ਕਰਵਾ ਕੇ ਸ਼੍ਰੋਮਣੀ ਕਮੇਟੀ ਨੂੰ ਸੋਪਣਾ ਸੀ। ਜਦੋਂ ਅਕਾਲੀ ਦਲ ਦੇ ਸੰਘਰਸ਼ ਨੇ ਤੇਜ਼ੀ ਫੜੀ ਤਾਂ ਪੰਜਾਬ ਵਿਚ ਇਸ ਨੇ ਕਈ ਸਫਲ ਮੋਰਚੇ ਜਿਵੇਂ ਤੋਸ਼ੇਖਾਨੇ ਦੀਆਂ ਚਾਬੀਆਂ ਦਾ ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ, ਜੈਤੋ ਦਾ ਮੋਰਚਾ, ਭਾਈ ਫੇਰੂ ਦਾ ਮੋਰਚਾ ਆਦਿ ਚਲਾ ਕੇ ਰਾਜਨੀਤਕ ਖੇਤਰ ਵਿਚ ਤਰਥੱਲੀ ਮਚਾ ਦਿੱਤੀ। ਇਸ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਣ ਸਤਿਕਾਰ ਤੇ ਸ਼ਕਤੀ ਵਿਚ ਭਾਰੀ ਵਾਧਾ ਹੋਇਆ ਅਤੇ ਦੋਵਾਂ ਜਥੇਬੰਦੀਆਂ ਦੇ ਕੇਂਦਰੀ ਦਫਤਰ ਦਰਬਾਰ ਸਾਹਿਬ ਵਿਖੇ ਸਥਾਪਤ ਕੀਤੇ ਗਏ । ਦੋਵਾਂ ਦੀ ਇਕਸੁਰਤਾ ਨਾਲ ਗੁਰਦੁਆਰਾ ਸੁਧਾਰ ਲਹਿਰ ਚਰਮ ਸੀਮਾ ਤੇ ਪੁੱਜ ਗਈ ਤੇ ਅੰਗਰੇਜ਼ ਵੀ ਇਹਨਾਂ ਦੀ ਸ਼ਕਤੀ ਤੋ ਭੈਅ ਖਾਣ ਲੱਗ ਪਏ ਸਨ। ਅੰਗਰੇਜ਼ ਹਕੂਮਤ ਵੱਲੋਂ ਦੋਵੇਂ ਜਥੇਬੰਦੀਆਂ ਨੂੰ ਇਕੱਠਿਆਂ ਹੀ 12 ਅਕਤੂਬਰ 1923 ਨੂੰ ਗੈਰ ਕਾਨੂੰਨੀ ਕਰਾਰ ਦਿਤਾ ਗਿਆ ਤੇ ਫਿਰ ਕਰੀਬ ਤਿੰਨ ਸਾਲ ਬਾਅਦ ਇਕੱਠਿਆਂ ਹੀ ਇਹ ਪਾਬੰਦੀ 13 ਸਤੰਬਰ 1926 ਨੂੰ ਖਤਮ ਕੀਤੀ ਗਈ। ਗੁਰਦੁਆਰਾ ਐਕਟ ਪ੍ਰਵਾਨ ਹੋਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਈ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ 85 ਸੀਟਾਂ ਜਿੱਤ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਭਾਂਵੇ ਕਿ ਇਹਨਾਂ ਚੋਣਾਂ ਵਿੱਚ ਅੰਗਰੇਜ਼ ਸਰਕਾਰੀ ਨੇ ਆਪਣੇ ਟਾਊਟ ਸੁੰਦਰ ਸਿੰਘ ਮਜੀਠੀਆ ਤੇ ਮਹਿਤਾਬ ਸਿੰਘ ਧੜਿਆ ਨੂੰ ਖੜਾ ਕੀਤਾ ਸੀ।

ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਵੀ ਅਕਾਲੀ ਦਲ ਨੇ ਵੱਡਾ ਯੋਗਦਾਨ ਪਾਇਆ ਹੈ। ਮੋਤੀ ਲਾਲ ਨਹਿਰੂ ਦੀ ਅਗਵਾਈ ਵਿਚ ਮੁਸਲਿਮ ਤੇ ਸਿੱਖਾਂ ਦੀ ਸਾਂਝੀ ਬਣੀ ਕਮੇਟੀ ਵਿਚ ਜਦੋਂ ਸਿੱਖ ਹਿਤਾਂ ਦੀ ਸੁਰੱਖਿਆ ਕਰਨ ਦਾ ਕੋਈ ਭਰੋਸਾ ਨਾ ਦਿਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਲਾਹੌਰ ਵਿਖੇ 1929 ਵਿਚ ਹੋਣ ਵਾਲੇ ਕਾਂਗਰਸ ਦੇ 44ਵੇਂ ਸਾਲਾਨਾ ਸੈਸ਼ਨ ਦੇ ਸਮਾਨਾਂਤਰ ਅਕਾਲੀ ਕਾਨਫਰੰਸ ਕੀਤੀ ਜਿਸ ਵਿੱਚ ਸਿੱਖਾਂ ਦੇ ਬੇਤਾਜ ਬਾਦਸ਼ਾਹ ਬਾਬਾ ਖੜਕ ਸਿੰਘ ਨੇ ਸਪਸ਼ਟ ਸ਼ਬਦਾਂ ਵਿਚ ਐਲਾਨ ਕੀਤਾ ਕਿ ਪੰਜਾਬ ਵਿਚ ਸਿੱਖ ਹਿੱਤਾਂ ਦੀ ਰਾਖੀ ਹਰ ਹਾਲਤ ਵਿਚ ਕੀਤੀ ਜਾਵੇਗੀ ਤੇ ਸਿੱਖਾਂ ਨੂੰ ਅਣਡਿੱਠ ਕਰਕੇ ਕਿਸੇ ਨੂੰ ਪੰਜਾਬ ਵਿਚ ਰਾਜਸੀ ਵਿਰਾਸਤ ਕਾਇਮ ਨਹੀਂ ਕਰਨ ਦਿੱਤੀ ਜਾਵੇਗੀ। ਕਾਨਫਰੰਸ ਦੀ ਸਮਾਪਤੀ ਉਪਰੰਤ ਇਕ ਬੜਾ ਭਾਰੀ ਜਲੂਸ ਵੀ ਕੱਢਿਆ ਗਿਆ। ਇਸ ਇਕੱਠ ਨੂੰ ਵੇਖ ਕੇ ਕਾਂਗਰਸ ਨੇ ਇਹ ਸਪੱਸ਼ਟ ਐਲਾਨ ਕੀਤਾ ਕਿ ਪੰਜਾਬ ਵਿਚ ਸਿੱਖ ਹਿੱਤਾਂ ਦੀ ਰਾਖੀ ਸਿੱਖਾਂ ਦੀ ਇੱਛਾ ਅਨੁਸਾਰ ਕੀਤੀ ਜਾਵੇਗੀ ਜਿਹੜੀ ਅਜ਼ਾਦੀ ਤੋ ਬਾਅਦ ਨਹੀਂ ਕੀਤੀ ਗਈ ਤੇ ਹਿੰਦੂ ਆਗੂ ਕੀਤੇ ਵਾਅਦਿਆ ਤੋ ਮੁੱਕਰ ਹੀ ਨਹੀਂ ਗਏ ਸਗੋ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਲੋਕਾਂ ਦਾ ਖਿਤਾਬ ਦੇ ਕੇ ਸਿੱਖ ਆਗੂ ਮਾਸਟਰ ਤਾਰਾ ਸਿੰਘ ਨੂੰ ਜੇਲ ਵਿੱਚ ਬੰਦ ਕਰ ਦਿੱਤਾ ਗਿਆ।ਇਹ ਉਹੀ ਨਹਿਰੂ ਸੀ ਜਿਸ ਨੇ ਜਦੋਂ ਸਿੱਖਾਂ ਨੇ ਪਹਿਲੇ ਗੁਰੂਦੁਆਰੇ ਦਾ ਕਬਜ਼ਾ ਲਿਆ ਸੀ ਤੇ ਸਿੱਖਾਂ ਦੀ ਵਡਿਆਈ ਕਰਦਿਆ ਕਿਹਾ ਕਿ, ‘‘ਅਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ ਗਈ ਹੈ।’’ 1930 ਵਿੱਚ ਬਾਬਾ ਖੜਕ ਸਿੰਘ ਤੋਂ ਬਾਅਦ ਸਿੱਖਾਂ ਵਿੱਚ ‘ਪੰਥ ਰਤਨ’ ਵਜੋਂ ਜਾਣੇ ਜਾਂਦੇ ਮਾਸਟਰ ਤਾਰਾ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਜਿਹੜੇ ਤਿੰਨ ਦਹਾਕਿਆਂ ਤੱਕ ਅਕਾਲੀ ਦਲ ਦੀਆਂ ਮੋਹਰਲੀਆਂ ਸਫਾਂ ਵਿੱਚ ਵਿਚਰਦੇ ਰਹੇ।

ਧਰਮਾਂ ਦੇ ਆਧਾਰ ‘ਤੇ ਦੇਸ਼ ਦੀ ਹੋਣ ਵਾਲੀ ਵੰਡ ਨੂੰ ਰੋਕਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਪੂਰਾ ਜ਼ੋਰ ਲਾਇਆ ਤੇ 1942 ਵਿਚ ਕ੍ਰਿਪਸ ਦੇ ਸੁਝਾਅ,1944 ਵਿੱਚ ਰਾਜਾ ਫਾਰਮੂਲਾ ਤੇ 1946 ਵਿਚ ਕੈਬਨਿਟ ਮਿਸ਼ਨ ਦੀਆਂ ਕਾਰਵਾਈਆਂ ਦਾ ਵਿਰੋਧ ਕਰਕੇ ਦੇਸ਼ ਦੀ ਵੰਡ ਨੂੰ ਰੋਕਣ ਲਈ ਯਤਨ ਜਾਰੀ ਰੱਖੇ।ਪਰੰਤੂ ਅੰਗਰੇਜ਼ਾਂ ਦੀ ਕੂਟਨੀਤੀ ਤੇ ਅਹੁਦਿਆਂ ਦੇ ਲਾਲਚੀ ਲੀਡਰਾਂ ਅੱਗੇ ਉਹ ਬੇਵਸ ਹੋ ਗਏ। 1947 ਵਿਚ ਦੇਸ਼ ਦੀ ਵੰਡ ਉਪਰੰਤ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਲੰਬਾ ਸੰਘਰਸ਼ ਲੜਨਾ ਪਿਆ ਤੇ ਅਖੀਰ 1966 ਵਿਚ ਅਕਾਲੀ ਦਲ ਆਪਣੇ ਇਸ ਮਿਸ਼ਨ ਵਿਚ ਕਾਮਯਾਬ ਹੋਇਆ। ਸ਼੍ਰੋਮਣੀ ਅਕਾਲੀ ਦਲ ਨੂੰ ਸਮੇਂ-ਸਮੇਂ ਸੰਤ ਫਤਹਿ ਸਿੰਘ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਸੰਤ ਹਰਚਰਨ ਸਿੰਘ ਲੌਂਗੋਵਾਲ, ਸ. ਸੁਰਜੀਤ ਸਿੰਘ ਬਰਨਾਲਾ, ਸ. ਪ੍ਰਕਾਸ਼ ਸਿੰਘ ਬਾਦਲ ਆਦਿ ਪ੍ਰਮੁੱਖ ਸ਼ਖਸੀਅਤਾਂ ਵਲੋਂ ਸੁਯੋਗ ਅਗਵਾਈ ਮਿਲਦੀ ਰਹੀ ਹੈ ਜਦ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਅਗਵਾਈ ਅੱਜ ਸ੍ਰ ਸੁਖਬੀਰ ਸਿੰਘ ਬਾਦਲ ਦੇ ਕੋਲ ਹੈ। ਸੁਖਬੀਰ ਸਿੰਘ ਬਾਦਲ ਅਕਾਲੀ ਦਲ ਨੂੰ ਇਕ ਖੇਤਰੀ ਪਾਰਟੀ ਤੋਂ ਅੱਗੇ ਰਾਸ਼ਟਰੀ ਪਾਰਟੀ ਵਜੋਂ ਸਥਾਪਤ ਕਰਨ ਲਈ ਯਤਨਸ਼ੀਲ਼ ਹਨ ਪਰ ਹਾਲੇ ਉਹਨਾਂ ਦੀ ਆਸ ਨੂੰ ਕੋਈ ਵੀ ਬੂਰ ਨਹੀਂ ਪੈ ਰਿਹਾ ਕਿਉਕਿ ਦਿੱਲੀ ਵਿਧਾਨ ਸਭਾ ਵਿੱਚ ਅਕਾਲੀ ਦਲ ਦੇ ਸਾਰੇ ਉਮੀਦਵਾਰ ਹਾਰ ਗਏ ਅਤੇ ਭਵਿੱਖ ਵਿੱਚ ਸ਼ਰੋਮਣੀ ਅਕਾਲੀ ਦਲ ਨੂੰ ਰਾਸ਼ਟਰੀ ਪਾਰਟੀ ਬਣਾਉਣ ਦੇ ਸੁਫਨੇ ਚਕਨਾਚੂਰ ਹੋ ਗਏ।ਇਥੇ ਹੀ ਬੱਸ ਨਹੀਂ ਹਰਿਆਣਾ ਵਿਧਾਨ ਸਭਾ ਦੀਆ ਚੋਣਾਂ ਵਿੱਚ ਵੀ ਅਕਾਲੀ ਦਲ ਦੇ ਸਾਰੇ ਉਮੀਦਵਾਰ ਹਾਰ ਗਏ ਹਨ।

ਸ਼੍ਰੋਮਣੀ ਅਕਾਲੀ ਦਲ ਜਿਸ ਨੂੰ ਨਿਰੋਲ ਸਿੱਖਾਂ ਦੀ ਪਾਰਟੀ ਹੋਣ ਦਾ ਮਾਣ ਪ੍ਰਾਪਤ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਤੋ ਅਰਦਾਸ ਕਰਕੇ ਇਸ ਦੀ ਸਿਰਜਣਾ ਕੀਤੀ ਗਈ ਸੀ। ਇਸ ਦੇ ਪ੍ਰਧਾਨ ਸਾਰੇ ਮੈਂਬਰਾਂ ਦਾ ਅੰਮ੍ਰਿਤਦਾਰੀ ਹੋਣਾ ਜ਼ਰੂਰੀ ਮੰਨਿਆ ਜਾਂਦਾ ਸੀ ਪਰ ਹੌਲੀ ਹੌਲੀ ਇਸ ਦੇ ਵਕਾਰ ਨੂੰ ਇਸ ਕਦਰ ਢਾਹ ਲੱਗਣੀ ਸ਼ੁਰੂ ਹੋ ਗਈ ਕਿ ਅੰਮ੍ਰਿਤਧਾਰੀ ਹੋਣ ਵਾਲੀ ਮਦ ਖਤਮ ਹੋ ਗਈ। 1995 ਦੀ ਮੋਗਾ ਰੈਲੀ ਦੌਰਾਨ ਸ੍ਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਉਸ ਵੇਲੇ ਇਸ ਪਾਰਟੀ ਦੇ ਪ੍ਰਧਾਨ ਸਨ ਨੇ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਦਿੱਤਾ ਜਿਸ ਤੋ ਬਾਅਦ ਇਸ ਵਿੱਚ ਗੈਰ ਸਿੱਖਾਂ ਦੀ ਸ਼ਮੂਲੀਅਤ ਵੱਡੀ ਪੱਧਰ ਤੋ ਹੋਈ। ਡਾਕਟਰ ਮੋਹਨ ਲਾਲ ਸਾਂਡਲ ਇਸ ਦੇ ਸਹਿਜਧਾਰੀ ਵਿੰਗ ਦੇ ਪ੍ਰਧਾਨ ਰਹੇ ਪਰ ਉਹ ਸਿਰ ਤੇ ਨੀਲੀ ਦਸਤਾਰ ਜ਼ਰੂਰ ਸਜਾਉਦੇ ਸਨ ਅਤੇ ਉਹਨਾਂ ਦੀਆ ਪਰਿਵਾਰਕ ਰਹੁਰੀਤਾਂ ਵੀ ਸਾਰੀਆ ਸਿੱਖ ਰਹਿਤ ਮਰਿਆਦਾ ਅਨੁਸਾਰ ਹੀ ਨਿਭਾਈਆ ਜਾਂਦੀਆ ਸਨ। ਸਾਰੀ ਉਮਰ ਉਹਨਾਂ ਨੇ ਅਕਾਲੀ ਦਲ ਨਾਲ ਵਫਾਦਾਰੀ ਰੱਖੀ ਤੇ ਅਕਾਲੀ ਬਾਣੇ ਵਿੱਚ ਹੀ ਇਸ ਫਾਨੀ ਸੰਸਾਰ ਤੋ ਰੁਕਸਤ ਹੋਏ।

ਅਕਾਲੀ ਦਲ ਦੇ ਅੱਜ ਉਹ ਵੀ ਮੈਂਬਰ ਹਨ ਜਿਹੜੇ ਸਵੇਰੇ ਉੱਠ ਕੇ ਬੁਰਸ਼ ਬਾਅਦ ਵਿੱਚ ਕਰਦੇ ਹਨ ਤੇ ਨਸ਼ੇ ਦੀ ਡੋਜ਼ ਪਹਿਲਾਂ ਲੈਦੇ ਹਨ ਤੇ ਫਿਰ ਕਾਹਲੀ ਕਾਹਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਸ਼ਰਾਬੀ ਦਲ ਹੀ ਆਖੀ ਜਾਂਦੇ ਹਨ। ਧੀਆਂ ਭੈਣਾਂ ਦੀ ਰਾਖੀ ਕਰਨ ਵਾਲੇ ਅਕਾਲੀ ਦਲ ਦੇ ਉਹ ਆਹੁਦੇਦਾਰ ਬਣ ਗਏ ਜਿਹੜੇ ਲੋਕਾਂ ਦੀਆ ਧੀਆਂ ਭੈਣਾਂ ਨੂੰ ਛੇੜਣਾ ਆਪਣਾ ਹੱਕ ਸਮਝਦੇ ਤੇ ਰੋਕਣ ਵਾਲੇ ਨੂੰ ਗੋਲੀਆ ਮਾਰ ਕੇ ਸਦਾ ਨੀਂਦ ਸੁਆ ਕੇ ਬਿਕਰਮ ਸਿੰਘ ਮਜੀਠੀਆ -ਜਿੰਦਾਬਾਦ ਤੇ ਸ਼੍ਰੋਮਣੀ ਅਕਾਲੀ ਦਲ -ਜਿੰਦਾਬਾਦ ਦੇ ਨਾਅਰੇ ਲਗਾ ਕੇ ਲੋਕਾਂ ਨੂੰ ਖੋਫਜਦਾ ਕਰਦੇ ਹਨ ਤਾਂ ਕਿ ਉਹਨਾਂ ਨੂੰ ਐਰਾ ਗੈਰਾ ਨਾ ਸਮਝਿਆ ਜਾਵੇ।

ਇਥੇ ਹੀ ਬੱਸ ਨਹੀਂ ਅੱਜ ਸ਼ਰੋਮਣੀ ਅਕਾਲੀ ਦਲ ਦੇ ਪਰਧਾਨ ਤੇ ਅਕਾਲੀ ਮੁੱਖ ਮੰਤਰੀ ਵੱਲੋ ਸਿੱਖ ਅੱਤਵਾਦੀ ਕਹਿ ਕੇ ਭੰਡਿਆ ਜਾ ਰਿਹਾ ਹੈ ਅਤੇ ਸਦਭਾਵਨਾ ਰੈਲੀਆ ਕੀਤੀਆ ਜਾ ਰਹੀਆ ਹਨ। ਮਹਾਤਮਾ ਗਾਂਧੀ ਨੇ 1931 ਵਿੱਚ ਦਿੱਲੀ ਸਥਿਤ ਗੁਰੂਦੁਆਰਾ ਸੀਸ ਗੰਜ ਵਿਖੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆ ਕਿਹਾ ਸੀ ਕਿ, ‘ਜੇ ਕਾਂਗਰਸ ਸਿੱਖਾਂ ਨਾਲ ਧੋਖਾ ਕਰਦੀ ਹੈ ਤਾਂ ਉਹ ਹੱਥ ਵਿੱਚ ਤੇਗ ਫੜ ਕੇ ਸ਼ੰਘਰਸ਼ ਕਰਨ, ਦੁਨੀਆ ਤੇ ਮਨੁੱਖੀ ਆਤਮਾ ਉਹਨਾਂ ਦਾ ਸਾਥ ਦੇਵੇਗੀ।’ ਸਿੱਖ ਆਗੂਆਂ ਨੇ ਆਪ ਤਾਂ ਤੇਗ ਦੀ ਮੁੱਠ ‘ਤੇ ਹੱਥ ਧਰਨਾ ਹੀ ਕੀ ਉਲਟਾ ਤੇਗ ਉਠਾਉਣ ਵਾਲੇ ਨੌਜਵਾਨਾਂ ਨੂੰ ਵੀ ਅੱਤਵਾਦੀ ਕਹਿੰਦੇ ਹਨ ਅਤੇ ਸ਼ਾਂਤੀ ਦੀ ਰੱਟ ਲਗਾਈ ਰੱਖਦੇ ਹਨ। ਸਰਬੱਤ ਖਾਲਸਾ ਵਿੱਚ ਸ਼ਾਮਲ ਹੋਏ ਸਿੱਖਾਂ ਨੂੰ ਪੰਜਾਬ ਦੇ ਅਕਾਲੀ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸ੍ਰੁਖਬੀਰ ਸਿੰਘ ਬਾਦਲ ਲੱਖਾਂ ਦੀ ਗਿਣਤੀ ਵਿੱਚ ਸ਼ਾਮਲ ਸਿੱਖਾਂ ਨੂੰ ਅੱਤਵਾਦੀ ਦੱਸ ਕੇ ਅਕਾਲੀ ਦਲ ਦੇ ਇਤਿਹਾਸ ਨੂੰ ਕਲੰਕਿਤ ਕਰ ਰਹੇ ਹਨ, ਜਿਸ ਦਾ ਦੇਸ਼ ਵਿਦੇਸ਼ ਦੇ ਸਿੱਖਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।

ਹਿੰਦ ਦੀਆ ਧੀਆਂ-ਭੈਣਾਂ ਨੂੰ ਜਬਰੀ ਚੁੱਕ ਕੇ ਗਜ਼ਨੀ ਦੀਆ ਗਲੀਆ ਵਿੱਚ ‘ਚ ਟਕੇ-ਟਕੇ ‘ਚ ਵੇਚਣ ਵਾਲੇ ਅਹਿਮਦ ਸ਼ਾਹ ਅਬਦਾਲੀ ਨੂੰ ਵੀ ਕਰੜੇ ਹੱਥ ਵਿਖਾਉਣ ਵਾਲੇ, ਅੰਗਰੇਜ਼ਾਂ ਵੱਲੋਂ ਹਿੰਦੋਸਤਾਨੀਆਂ ਨੂੰ ਗੁਲਾਮ ਬਣਾ ਕੇ ਇਸ ਦੇਸ਼ ਦੀ ਗੁਲਾਮੀ ਤੇ ਲੁੱਟ ਵਿਰੁੱਧ ਝੰਡਾ ਬੁਲੰਦ ਕਰਨ ਵਾਲੇ, ਇੰਦਰਾ ਗਾਂਧੀ ਵੱਲੋਂ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਲਈ ਲਾਈ ਐਮਰਜੈਂਸੀ ਵਿਰੁੱਧ ਜਬਰਦਸ਼ਤ ਮੋਰਚਾ ਖੋਹਲਣ ਵਾਲੇ ਅਤੇ ਹੋਰ ਜ਼ਿਆਦਤੀਆ ਵਿਰੁੱਧ ਬੇਖ਼ੌਫ ਹੋ ਕੇ ਹਿੱਕਾਂ ਡਾਹ ਕੇ ਲੜਾਈਆਂ ਲੜਣ ਵਾਲੇ ਜੇਕਰ ਅੱਤਵਾਦੀ ਹਨ, ਤਾਂ ਫਿਰ ਇਥੇ ਕੋਈ ਹੋਰ ਸਤਵਾਦੀ ਵੀ ਨਹੀਂ ਹੋ ਸਕਦਾ। ਅੱਜ ਜਦੋਂ ਸਿੱਖਾਂ ਦੇ ਹੱਕਾਂ ਹੀ ਨਹੀਂ ਸਗੋ ਭਾਰਤੀ ਸੰਵਿਧਾਨ ਅਨੁਸਾਰ ਮਿਲੇ ਮੌਲਿਕ ਅਧਿਕਾਰਾਂ ਤੇ ਡਾਕਾ ਵੱਜ ਰਿਹਾ ਹੈ ਅਤੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਤੇ ਲਾਵਾਰਸ਼ ਸਿੱਖ ਨੌਜਵਾਨਾਂ ਦੀਆ ਲਾਸ਼ਾ ਦੀ ਪੜਤਾਲ ਕਰਕੇ ਇਨਸਾਫ ਦੀ ਗੱਲ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਮਨੁੱਖੀ ਅਧਿਕਾਰ ਸੰਗਠਨ ਦੇ ਜਨਰਲ ਸਕੱਤਰ ਜਸਵੰਤ ਸਿੰਘ ਖਾਲੜਾ ਨੂੰ ਲਾਸ਼ ਬਣਾ ਦੇਣ ਦੇ ਬਾਵਜੂਦ ਵੀ ਅਕਾਲੀ ਦਲ ਚੁੱਪ ਰਿਹਾ ਜਿਸ ਤੋ ਸਾਬਤ ਹੁੰਦਾ ਕਿ ਅਕਾਲੀ ਦਲ ਵੀ ਉਹਨਾਂ ਸਿੱਖ ਵਿਰੋਧੀ ਅਜਗਰਾ ਦਾ ਇੱਕ ਹਿੱਸਾ ਬਣ ਚੁੱਕਾ ਹੈ ਜਿਹਨਾਂ ਨੇ ਸਿੱਖ ਨੂੰ ਨਿਗਲਣ ਲਈ ਚਾਰ ਚੁਫੇਰੇ ਤੋ ਘੇਰਾ ਪਾਇਆ ਹੋਇਆ ਹੈ।

ਰਾਜਨੀਤੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਗੁਰੂ ਆਸ਼ੇ ਅਨੁਸਾਰ ਗਰੀਬ ਸਿੱਖਾਂ ਦੀ ਸਾਰ ਲੈਣ ਅਤੇ ਉਨਾਂ ਨੂੰ ਸਰਦਾਰੀਆਂ ਬਖ਼ਸ਼ਣ ਵਾਲੇ ਅਕਾਲੀ ਦਲ ‘ਚ ਆਮ ਸਾਧਾਰਣ ਸਿੱਖ ਦੀ ਕੋਈ ਥਾਂ ਨਹੀਂ ਤੇ ਅੱਜ ਕਲ ਧਨ ਕੁਬੇਰ, ਸ਼ਰਾਬ ਦੇ ਠੇਕੇਦਾਰ, ਵੱਡੇ ਵਪਾਰੀਂ ਤੇ ਅਰੀਸ ਸਨੱਅਤਕਾਰ ਹੀ ਪਾਰਟੀ ਟਿਕਟਾਂ ਤੇ ਅਹੁਦੇਦਾਰੀਆਂ ਦੇ ਹੱਕਦਾਰ ਬਣੇ ਹੋਏ ਹਨ ਜਿਹਨਾਂ ਨੂੰ ਅਕਾਲੀ ਦਲ ਵੱਲੋ ਨਿਵਾਜਿਆ ਜਾ ਰਿਹਾ ਹੈ ਤੇ ਆਮ ਸਿੱਖ ਪੂਰੀ ਤਰ੍ਹਾਂ ਹਾਸ਼ੀਏ ਤੇ ਚਲਾ ਗਿਆ ਹੈ। ਸਿੱਖ ਮੰਗਾਂ ਤੇ ਸਿੱਖ ਮੁੱਦਿਆਂ ਨੂੰ ਦੁਸ਼ਮਣ ਤਾਕਤਾਂ ਕੋਲ ਗਹਿਣੇ ਰੱਖਣ ਅਤੇ ਪੰਥ ਵਿਰੋਧੀ ਸ਼ਕਤੀਆਂ ਤਾਕਤਾਂ ਨਾਲ ਭਾਈਵਾਲ ਪਾਉਣ ਵਾਲਿਆ ਨੂੰ ਅਕਾਲੀ ਦਲ ਦੇ ਵਾਰਸ ਨਹੀਂ ਕਿਹਾ ਦਾ ਸਕਦਾ।

ਸ੍ਰੀ ਅਕਾਲ ਤਖਤ ਸਾਹਿਬ ਤੋ ਅਰਦਾਸ ਕਰਕੇ ਅਕਾਲੀ ਦਲ ਦੀ ਸਥਾਪਨਾ ਸਿਰਫ ਇਸੇ ਕਰਕੇ ਕੀਤੀ ਗਈ ਸੀ ਕਿ ‘ਅਕਾਲੀ’ ਤਾਂ ਸਿਰਫ਼ ਇਕ ਅਕਾਲ ਦਾ ਹੀ ਪੁਜਾਰੀ ਹੋਵੇਗਾ, ਪਰ ਅੱਜ ਅਕਾਲੀ ਦਲ ਦਾ ਪ੍ਰਧਾਨ ਵੱਖ ਵੱਖ ਡੇਰੇਦਾਰ ਕੋਲ ਜਾ ਕੇ ਹੱਥ ਜੋੜ੍ਹਨ ਤੋ ਇਲਾਵਾ ਵੋਟਾਂ ਦੀ ਖਾਤਰ ਲੰਮੇ ਪੈ ਕੇ ਡੰਤੋਤ ਕਰਨ ਨੂੰ ਹੀ ਅਕਾਲ ਸਮਝੀ ਬੈਠਾ ਹੈ। ਬਾਬੇ ਨਾਨਕ ਦੇ ਸਿਧਾਂਤ ਕਿਰਤ ਕਰੋ, ‘ਨਾਮ ਜਪੋ, ਵੰਡ ਛੱਕੋ’ ਦੇ ਬੁਨਿਆਦੀ ਸਿਧਾਂਤ ਨੂੰ ਵੀ ਤਿਲਾਂਜਲੀ ਦਿੱਤੀ ਜਾ ਚੁੱਕੀ ਹੈ ਅਤੇ ਹਰ ਅਮੀਰ ਸਿੱਖ ਦੀ ਜਾਇਦਾਦ ਵਿੱਚ ਆਪਣਾ ਜਬਰੀ ਹਿੱਸਾ ਪਾਉਣ ਦੀਆ ਗੋਦਾ ਗੂੰਦੀਆ ਜਾਂਦੀਆ ਹਨ ਜਿਹੜਾ ਇਨਕਾਰ ਕਰਦਾ ਹੈ ਉਸ ਨੂੰ ਜੇਲ ਵਿੱਚ ਬੰਦ ਕਰਨ ਦੀਆ ਧਮਕੀਆ ਦਿੱਤੀਆ ਜਾਂਦੀਆ ਹਨ। ਇਥੇ ਹੀ ਬੱਸ ਨਹੀਂ ਬਰੈਡ ਵੇਚਣ ਵਾਲਿਆ ਕੋਲੋ ਵੀ ਗੁੰਡਾ ਟੈਕਸ ਲਿਆ ਜਾ ਰਿਹਾ ਹੈ।

ਸਿੱਖ ਦੀ ਦਸਤਾਰ ਅੱਜ ਕੋਈ ਹੋਰ ਨਹੀਂ ਰੋਲ ਰਿਹਾ, ਸਗੋ ਇਹ ਕਾਰਜ ਵੀ ਸ਼੍ਰੋਮਣੀ ਅਕਾਲੀ ਦਲ ਹੀ ਕਰ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆ ਦੀ ਗਿਰਫਤਾਰੀ ਨੂੰ ਲੈ ਕੇ ਸ਼ਾਤਮਈ ਸੰਘਰਸ਼ ਕਰਦੇ ਸਿੱਖਾਂ ਤੇ ਗੋਲੀ ਚਲਾ ਕੇ ਸਿੱਖਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ ਅਤੇ ਬਾਕੀਆ ਦੀਆ ਦਸਤਾਰਾਂ ਸੜਕਾਂ ਤੇ ਖਿਲਾਰ ਕੇ ਉਹਨਾਂ ਨੂੰ ਬੇਇੱਜਤ ਕੀਤਾ ਜਾ ਰਿਹਾ ਹੈ। ਗੁਰੂ ਦਾ ਜੱਸ ਗਾਇਨ ਕਰਨ ਵਾਲੇ ਪ੍ਰਚਾਰਕਾਂ ਨੂੰ ਗੁਰਬਾਣੀ ਪੜਦਿਆ ਧੂਹ ਘਸੀਟ ਕੀਤੀ ਜਾਂਦੀ ਹੈ ਤੇ ਉਹਨਾਂ ਨੂੰ ਚੋਰਾਂ ਉਚੱਕਿਆ ਨਾਲ ਹਵਾਲਾਤਾਂ ਵਿੱਚ ਬੰਦ ਕੀਤਾ ਜਾਂਦਾ ਹੈ। ਕੀ 1920 ਵਿੱਚ ਅਕਾਲ ਪੁਰਖ ਦਾ ਓਟ ਆਸਰਾ ਲੈ ਕੇ ਸਿਰਜੇ ਗਏ ਅਕਾਲੀ ਦਲ ਨਾਲ ਅੱਜ ਦੇ ਅਕਾਲੀ ਦਲ ਦੀ ਤੁਲਨਾ ਕੀਤੀ ਜਾ ਸਕਦੀ?

ਫੈਸਲਾ ਕੌਮ ਨੇ 2017 ਦੀਆ ਵਿਧਾਨ ਸਭਾ ਚੋਣਾਂ ਸਮੇਂ ਕਰਨਾ ਹੈ ਕਿ ਉਹਨਾਂ ਦੀ ਰਾਇ ਅਜਿਹੇ ਸਿੱਖੀ ਵਿਰੋਧੀ ਅਕਾਲੀ ਦਲ ਦੇ ਨਾਲ ਹੈ ਜਾਂ 1920 ਵਾਲੇ ਅਕਾਲੀ ਦਲ ਦੀ ਵਿਚਾਰਧਾਰਾ ਦੇ ਨਾਲ ਹੈ।

ਇਹ ਸੀ "ਅਕਾਲੀ" ਇਹ ਹਨ "ਕਾਲੀ"

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top