Share on Facebook

Main News Page

ਮੋਕਮਾਰੂ ਪ੍ਰਬੰਧਕਾਂ, ਪੁਜਾਰੀਆਂ ਅਤੇ ਡੇਰੇਦਾਰ ਵਿਦਵਾਨਾਂ ਤੋਂ ਕੌਮ ਨੂੰ ਬਚਾਓ !!!
-: ਅਵਤਾਰ ਸਿੰਘ ਮਿਸ਼ਨਰੀ 510 432 5827

ਗੁਰੂ ਗ੍ਰੰਥ ਸਾਹਿਬ ਜੀ ਦੇ ਅਟੱਲ ਵਿਸ਼ਵਾਸ਼ ਰੱਖਣ ਅਤੇ ਇਸ ਦੀ ਸੱਚੀ ਵਿਚਾਰਧਾਰਾ ਨੂੰ ਮੰਨਣਵਾਲੇ ਸਿੱਖ ਆਗੂ ਵੀ ਜਦੋਂ ਪੁਜਾਰੀ ਜਥੇਦਾਰਾਂ ਦੇ ਦਸਮ ਗ੍ਰੰਥੀ ਫਤਵੇ ਅੱਗੇ ਮੋਕ ਮਾਰ ਜਾਂਦੇ ਹਨ ਤਾਂ ਇਹ ਗੁਰਮਤਿ ਦਾ ਸਭ ਤੋਂ ਵੱਧ ਨੁਕਸਾਨ ਕਰਦੇ ਹਨ। ਇਹ ਮਸਲਾ ਭਾਵੇਂ ਨਾਨਕਸ਼ਾਹੀ ਕੈਲੰਡਰ ਦਾ ਹੋਵੇ, ਭਾਵੇਂ ਸਿੱਖ ਰਹਿਤ ਮਰਯਾਦਾ ਜੋ ਕਈ ਥਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ 'ਤੇ ਪੂਰੀ ਨਹੀਂ ਉਤਰਦੀ, ਭਾਵੇਂ ਅਖੌਤੀ ਦਸਮ ਗ੍ਰੰਥ ਜੋ ਵਿਸ਼ੇ ਵਿਕਾਰਾਂ, ਬ੍ਰਾਹਮਣੀ ਗਾਥਾਵਾਂ, ਔਰਤ ਦੀ ਨਿੰਦਾ, ਮਾਰੂ ਨਸ਼ਿਆਂ ਅਤੇ ਚ੍ਰਿਤਰਹੀਨ “ਤ੍ਰਿਆਚ੍ਰਿਤਰ” ਵਰਗੀਆਂ ਮਾਰੂ ਰਚਨਾਵਾਂ ਨਾਲ ਭਰਿਆ ਹੋਇਆ, ਸਿੱਖ ਕੌਮ ਨੂੰ ਲਵ-ਕੁਛ ਦੀ ਉਲਾਦ ਦਸਦਾ ਹੈ ਦਾ ਹੋਵੇ, ਭਾਵੇਂ ਰਾਗਮਾਲਾ ਜੋ ਕਾਮਕੰਧਲਾ ਆਸ਼ਕਾਂ ਦੇ ਕਿਸੇ ਦੀ ਰਚਨਾਂ ਦਾ ਹੋਵੇ, ਝੱਟਕਾ ਮਾਸ ਸਿੰਘ ਭੋਜਨ ਛਕਣ ਬਾਰੇ ਹੋਵੇ, ਸਿੰਘਣੀਆਂ ਦੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕੀਰਤਨ ਜਾਂ ਖੰਡੇ ਦੀ ਪੁਹਲ ਦੀ ਸੇਵਾ ਵਿੱਚ ਸ਼ਾਮਲ ਹੋਣ ਦੀ ਬਰਾਬਰਤਾ ਦਾ ਹੋਵੇ, ਨਿਤਨੇਮ, ਆਰਤੀ, ਰਹਿਰਾਸ ਅਤੇ ਅੰਮ੍ਰਿਤ ਦੀਆਂ ਬਾਣੀਆਂ ਜੋ ਗੁਰੂ ਗ੍ਰੰਥ ਸਾਹਿਬ ਤੋਂ ਬਾਹਰੀ ਹਨ ਦਾ ਹੋਵੇ, ਕੱਚੀਆਂ ਰਚਨਾਵੀ ਧਾਰਨਾ ਦਾ ਹੋਵੇ, ਖਾਸ ਕਰਕੇ ਜਾਤ-ਪਾਤ, ਊਚ-ਨੀਚ ਵਾਲੀ ਹੈਂਕੜ ਅਤੇ ਛੂਆ-ਛਾਤ ਦਾ ਹੋਵੇ। ਇਹ ਸਾਰੇ ਵਿਸ਼ੇਸ਼ ਸਿਧਾਂਤਕ ਮਸਲੇ ਜੋ ਸਿੱਖ ਕੌਮ ਦੀ ਵਿਲੱਖਤਾ ਦੇ ਪ੍ਰਤੀਕ ਹਨ। ਗੁਰਮਤਿ ਨੂੰ ਪ੍ਰਣਾਏ ਸਿੱਖ ਵੀ ਜੇ ਇਨ੍ਹਾਂ ਮਸਲਿਆਂ ਤੇ ਪੁਜਾਰੀਆਂ ਦੇ ਡਰਾਵੇ ਅੱਗੇ ਨਿਧੜਕਤਾ ਨਾਲ ਵਿਚਾਰ ਕਰਨ ਤੇ ਠੀਕ ਫੈਸਲਾ ਲੈਣ ਦੀ ਬਜਾਏ ਪਾਰਟੀਆਂ, ਦੁਨਿਆਵੀ ਰਿਸ਼ਤੇਦਾਰੀਆਂ ਤੇ ਭਾਈ ਬੰਧੀਆਂ ਨੂੰ ਦੇਖ ਕੇ ਮੋਕ ਮਾਰ ਜਾਣ ਤਾਂ ਸਿੱਖ ਕੌਮ ਵਾਸਤੇ ਇਸ ਤੋਂ ਨਿਰਾਸਤਾ ਤੇ ਵੱਡੀ ਦੁਖਦਾਈ ਘਟਨਾਂ ਹੋਰ ਕਿਹੜੀ ਹੋ ਸਕਦੀ ਹੈ?

ਜਿਹੜੀਆਂ ਵੀ ਸਿੱਖ ਜਥੇਬੰਦੀਆਂ, ਸੰਸਥਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਵਿਅਕਤੀਗਤ ਸੰਗਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਪੂਰਨ ਰੂਪ ਵਿੱਚ ਗੁਰੂ ਮੰਨਦੀਆਂ, ਪ੍ਰਚਾਰਦੀਆਂ ਤੇ ਪ੍ਰੈਕਟੀਕਲ ਧਾਰਨ ਕਰਦੀਆਂ ਹਨ ਉਹ ਸ਼ਲਾਘਾ ਸਤਿਕਾਰਯੋਗ ਹਨ। ਦੋਗਲਿਆਂ ਤੋਂ ਬਚਣ ਦੀ ਲੋੜ ਹੈ ਜੋ ਸਦੀਆਂ ਤੋਂ ਲਕੀਰ ਦੇ ਫਕੀਰ ਬਣ ਕੇ ਨੁਕਸਾਨ ਕਰਦੇ ਆ ਰਹੇ ਹਨ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਤੋਂ ਚਲੇ ਆ ਰਹੇ ਮਹਜਬਾਂ (ਧਰਮਾਂ) ਦੀਆਂ ਕਰਮਕਾਂਡੀ ਰਹੁਰੀਤਾਂ, ਮਰਯਾਦਾਵਾਂ, ਸ਼ਰਾ ਫਤਵਿਆਂ, ਅੰਧ ਵਿਸ਼ਵਾਸ਼ਾਂ, ਪੁਜਾਰੀ ਤੇ ਸਰਕਾਰੀ ਜੋਰਾ-ਜਬਰੀਆਂ, ਜਾਤਾਂ-ਪਾਤਾਂ, ਛੂਆ-ਛਾਤਾਂ, ਖਾਣ-ਪੀਣ, ਉੱਠਣ-ਬੈਠਣ, ਭੇਖ-ਪਹਿਰਾਵਿਆਂ ਅਤੇ ਜਗਤ ਜਨਨੀ ਔਰਤ ਨੂੰ ਅਤਿ ਜਲੀਲ ਕਰਨ ਵਾਲੀਆਂ ਕੋਝੀਆਂ ਰੀਤਾਂ ਅਤੇ ਮਨੁੱਖਤਾ ਦੀ ਨਾਂ ਬਰਾਬਰੀ ਕਾਲੇ ਕਨੂੰਨਾਂ ਵਿਰੁੱਧ ਗੁਰੂ ਗਿਆਨ ਦਾ ਡੰਕਾ ਵਜਾ ਕੇ, ਇਨ੍ਹਾਂ ਰੂੜੀਵਾਦੀ ਰੀਤਾਂ, ਰਸਮਾਂ, ਕਰਮਾਂ, ਧੱਕੇ-ਧੌਂਸਾਂ ਅਤੇ ਜਬਰ-ਜੁਲਮ ਦਾ ਕਰੜਾ ਵਿਰੋਧ ਕਰਕੇ, ਜਨਤਾ ਨੂੰ ਅਗਿਆਨਤਾ, ਗਾਫਲਤਾ, ਰਾਜਿਆਂ ਤੇ ਭੇਖੀ ਧਰਮ ਆਗੂਆਂ ਦੇ ਫਤਵਿਆਂ ਦੇ ਡਰ ਤੋਂ ਜਗਾਇਆ ਤੇ ਬਚਾਇਆ ਸੀ। ਅੱਜ ਉਨ੍ਹਾਂ ਹੀ ਹਨੇਰਗਰਦੀ ਦੇ ਖੱਡਿਆਂ ਵਿੱਚ ਸਾਡੇ ਸਾਧ ਲਾਣੇ, ਸੰਪ੍ਰਦਾਵਾਂ, ਟਕਸਾਲਾਂ, ਡੇਰਿਆਂ ਅਤੇ ਕੁਰਪਟ ਰਾਜਨੀਤਕ ਲੀਡਰਾਂ ਨੇ ਸੁੱਟ ਦਿੱਤਾ ਹੈ।

ਭਲਿਓ ਜੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਖਰੀ ਤੇ ਸਰਬਉੱਚ ਕੋਈ ਰਹਿਤ ਮਰਯਾਦਾ ਦੇਣੀ ਹੁੰਦੀ ਤਾਂ ਉਹ ਆਪ ਵੀ ਬਣਾ ਕੇ ਲਿਖ ਕੇ ਦੇ ਜਾਂਦੇ। ਸਿੱਖ ਲਈ ਬਲਿਕ ਸੰਸਾਰ ਲਈ ਹੀ ਗੁਰਬਾਣੀ ਤੋਂ ਵੱਡੀ ਹੋਰ ਕਿਹੜੀ ਰਹਿਤ ਮਰਯਾਦਾ ਹੋ ਸਕਦੀ ਹੈ ਜੋ ਸਾਨੂੰ ਰੱਬ ਨੂੰ ਯਾਦ ਰੱਖਣ, ਉਸ ਅੱਗੇ ਹੀ ਅਰਦਾਸ ਬੇਨਤੀ ਕਰਨ, ਮਨੁੱਖਤਾ ਦੀ ਸੇਵਾ ਕਰਨ, ਪਰਉਪਕਾਰੀ ਹੋਣ, ਚੰਗਾ ਚਰਿਤਰ ਰੱਖਣ, ਆਪਣੇ ਆਪ ਨੂੰ ਰੱਬ ਦੇ ਬੱਚੇ ਬੱਚੀਆਂ ਸਮਝਣ-ਏਕੁ ਪਿਤਾ ਏਕਸ ਕੇ ਹਮ ਬਾਰਿਕ...(611) ਦਾ ਉਪਦੇਸ਼ ਦਿੰਦੀ ਹੋਈ ਸਭ ਪ੍ਰਕਾਰ ਦੇ ਵਿਸ਼ੇਵਿਕਾਰਾਂ, ਨਸ਼ਿਆਂ ਅਤੇ ਹਰ ਤਰ੍ਹਾਂ ਦੀਆਂ ਬੁਰਿਆਈਆਂ ਤੋਂ ਬਚਣ, ਹਉਮੇਂ ਤਿਆਗਣ ਤੇ ਨਿਵੈ ਸੁ ਗਉਰਾ ਹੋਏ॥ (470) ਗੁਣਾਂ ਦੀ ਸਾਂਝ ਰੱਖਦੇ ਮਨੁੱਖੀ ਏਕਤਾ ਦਾ ਸਰਬਸਾਂਝਾ ਉਪਦੇਸ਼ ਦਿੰਦੀ ਹੋਈ ਇੱਕ ਚੰਗੇ ਇਨਸਾਨ ਬਣ ਕੇ, ਸਰਬੱਤ ਦਾ ਭਲਾ ਮੰਗਦੇ ਹੋਏ, ਮਨੁੱਖੀ ਜਨਮ ਸਫਲ ਕਰਨ ਦਾ ਉਪਦੇਸ਼ ਦਿੰਦੀ ਹੈ।

ਸਿੱਖ ਕਿਵੇਂ ਅਤੇ ਕੈਸਾ ਬਣਨਾ ਹੈ? ਬਾਰੇ ਵੀ ਹੁਕਮ ਕਰਦੀ ਹੈ ਕਿ- ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥(601) ਸਿੱਖੀ ਕੀ ਹੈ? ਸਿਖੀ ਸਿਖਿਆ ਗੁਰਿ ਵੀਚਾਰਿ॥ (465) ਕੀ ਇਸ ਤੋਂ ਵੀ ਵੱਡੀ ਕੋਈ ਹੋਰ ਰਹਿਤ ਮਰਯਾਦਾ ਹੋ ਸਕਦੀ ਹੈ? ਜਦ ਗੁਰੂ ਨੇ ਗੁਰੂ ਗ੍ਰੰਥ ਸਹਿਬ ਸੰਪੂਰਨ ਕਰਕੇ, ਉਸ ਤੇ ਸਦੀਵੀ ਗੁਰਤਾ ਦੀ ਮੋਹਰ ਲਾ ਦਿੱਤੀ ਅਤੇ ਹੁਕਮ ਕਰ ਦਿੱਤਾ ਕਿ-ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥ (ਅਰਦਾਸੀ ਦੋਹਰਾ) ਫਿਰ ਕਿਸੇ ਸਰਕਾਰੀ ਪੁਜਾਰੀ ਦੇ ਹੁਕਮ ਮੰਨਣ ਦੀ ਕੀ ਗੁੰਜਾਇਸ਼ ਰਹਿ ਗਈ। ਗੁਰੂ ਸਾਹਿਬ ਨੇ ਮੁੰਦਾਣਵੀ ਦੀ ਐਸੀ ਮੋਹਰ ਲਾ ਦਿੱਤੀ ਕਿ ਗੁਰੂ ਗ੍ਰੰਥ ਸਹਿਬ ਰੂਪੀ ਥਾਲ ਵਿੱਚ ਮਨਮੱਤਾਂ, ਕਰਮਕਾਡਾਂ, ਅੰਧਵਿਸ਼ਵਾਸ਼ਾਂ, ਭੇਖੀ ਸਾਧਾਂ-ਸੰਤਾਂ, ਸੰਪ੍ਰਦਾਈ ਪੁਜਾਰੀਆਂ ਦੀ ਮੰਤ੍ਰ ਪਾਠਾਂ ਰਾਹੀਂ ਜਨਤਾ ਲੁੱਟੂ ਜ਼ਹਿਰ ਨਾਂ ਇਸ ਅੰਮ੍ਰਿਤ ਭਰੇ ਥਾਲ ਵਿੱਚ ਰਲ ਜਾਵੇ। ਇਹ ਬ੍ਰਾਹਮਣਵਾਦੀ ਸਰਕਾਰੀ ਤੇ ਭੇਖੀ ਪੁਜਾਰੀ ਲੋਕ ਉਸ ਵਿੱਚ ਤਾਂ ਆਪੋ ਆਪਣੇ ਪਾਖੰਡੀ ਜ਼ਹਰ ਦਾ ਰਲਾ ਤਾਂ ਕਰ ਨਾਂ ਸੱਕੇ ਪਰ ਕੁਟਲਨੀਤੀ ਨਾਲ ਸਿੱਖ ਸ਼ਬਦਾਵਲੀ ਵਾਲੇ ਅਖੌਤੀ ਦਸਮ ਗ੍ਰੰਥ, ਸਰਬਲੋਹ ਗ੍ਰੰਥ, ਸੂਰਜਪ੍ਰਕਾਸ਼ ਗ੍ਰੰਥ, ਗੁਰਬਿਲਾਸ ਪਾਤਸ਼ਾਹੀ ਛੇਵੀਂ ਗ੍ਰੰਥ, ਰਹਿਤਨਾਮੇ, ਆਰਤੀਆਂ, ਵੱਖ ਵੱਖ ਅਰਦਾਸਾਂ ਅਤੇ ਰਹਿਤ ਮਰਯਾਦਾ ਬਣਾ ਕੇ ਸ਼ਰਧਾਲੂ ਸਿੱਖਾਂ ਨੂੰ ਭੰਬਲਭੂਸੇ ਵਿੱਚ ਪਾ ਕੇ, ਫਿਰ ਲੁੱਟਣ, ਕੁੱਟਣ, ਫਤਵਿਆਂ ਰਾਹੀ ਡਰੌਣ, ਗੁਰੂ ਗ੍ਰੰਥ ਦੇ ਖਾਲਸਾ ਪੰਥ ਨੂੰ ਛੱਡ ਕੇ ਵੱਖ ਵੱਖ ਡੇਰਿਆਂ ਅਤੇ ਟਕਸਾਲਾਂ ਦੀ ਮਰਯਾਦਾ ਦੇ ਸਿੱਖ ਬਣਨ-ਬਨੌਣ ਵਿੱਚ ਕਾਮਯਾਬ ਹੋ ਗਏ ਹਨ। ਅੱਜ ਇਨ੍ਹਾਂ ਨੇ ਬਹੁਤੇ ਸ਼ਰਧਾਲੂ ਸਿੱਖਾਂ ਦਾ ਵਿਸ਼ਵਾਸ਼ ਇੱਕ ਰੱਬ, ਇੱਕ ਗੁਰੂ ਗ੍ਰੰਥ ਸਾਹਿਬ ਦੇ ਵਿਧਾਨ, ਇੱਕ ਨਿਸ਼ਾਨ ਅਤੇ ਇੱਕ ਨਾਨਕਸ਼ਾਹੀ ਕੈਲੰਡਰ ਤੋਂ ਤੋੜ ਦਿੱਤਾ ਹੈ।

ਬਹੁਤੇ ਸਿੱਖ ਪ੍ਰਚਾਰਕ ਤੇ ਧਰਮ ਆਗੂ ਵੀ ਮਾਇਆ, ਵਡਿਆਈ, ਦੁਨਿਆਵੀ ਨੱਕ ਰੱਖਣ ਦੀ ਆਦਤ ਅਤੇ ਅੰਦਰੂਨੀ ਕਮਜੋਰੀਆਂ ਕਰਕੇ ਲਕੀਰ ਦੇ ਫਕੀਰ ਬਣੇ ਹੋਏ, ਧਰਮ ਦੇ ਬੁਰਕੇ ਵਿੱਚ ਸਭ ਕੁਝ ਕਰੀ ਕਰਾਈ ਜਾ ਰਹੇ ਹਨ। ਮੈਨੂੰ ਉਮੀਦ ਨਹੀਂ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਅੱਜ ਜਿੰਨ੍ਹੇ ਲੱਖਾਂ ਦੀ ਤਦਾਦ ਵਿੱਚ ਪੇਡ ਪ੍ਰਚਾਰਕ ਪੈਦਾ ਕੀਤੇ ਹੋਣ, ਜੋ ਪ੍ਰਬੰਧਕਾਂ ਦਾ ਹੁਕਮ ਸਭ ਤੋਂ ਵੱਧ ਅਤੇ ਪਹਿਲੇ ਮੰਨਦੇ ਹੋਣ ਅਤੇ ਗੁਰੂ ਦੇ ਹੁਕਮ ਨੂੰ ਬਹੁਤੇ ਅਜੋਕੇ ਪ੍ਰਚਾਰਕਾਂ ਵਾਂਗ ਟਿੱਚ ਜਾਣਦੇ ਹੋਣ। ਇਕੱਲੇ ਗੁਰੂ ਨਾਨਕ ਸਾਹਿਬ ਨੇ, ਭਾਈ ਮਨਦਾਨਾਂ ਜੀ ਨੂੰ ਨਾਲ ਲੈ ਕੇ ਗੁਰਮਤਿ ਪ੍ਰਚਾਰ ਕਰਕੇ, ਤਿੰਨ ਕਰੋੜ ਨੂੰ ਸਿੱਖ ਅਤੇ ਚੰਗੇ ਇਨਸਾਨ ਬਣਾਇਆ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਸਮਕਾਲੀ ਇਤਿਹਾਸਕਾਰ ਮੋਹਸਨਫਾਨੀ ਆਪਣੀ ਕਿਤਾਬ ਦਬਸਤਾਨੇ ਮਜਾਹਬ ਵਿੱਚ ਲਿਖਦਾ ਹੈ ਕਿ ਸਚਾਈ ਅਤੇ ਲੋਕ ਭਲਾਈ ਸੇਵਾ ਕਰਕੇ ਲੋਕਾਂ ਵਿੱਚ ਗੁਰੂ ਨਾਨਕ ਦਾ ਰੱਬੀ ਧਰਮ ਏਨਾਂ ਹਰਮਨ ਪਿਆਰਾ ਹੋ ਗਿਆ ਕਿ ਉਸ ਵੇਲੇ ਹਿੰਦੁਸਤਾਨ ਦੀ ਨੌਂ ਕਰੋੜ ਦੀ ਅਬਾਦੀ ਚੋਂ ਛੇ ਕਰੋੜ ਗੁਰੂ ਨਾਨਕ ਨਾਮ ਲੇਵਾ ਸਿੱਖ ਸਨ।

ਸੋ ਭਲਿਓ ਗੁਰੂਆਂ ਭਗਤਾਂ ਨੇ ਕਿਰਤੀਆਂ ਨੂੰ ਹੀ ਪ੍ਰਚਾਰਕ ਬਣਾਇਆ ਸੀ ਜੋ ਆਪਣੀ ਕਿਰਤ ਕਰਦੇ ਰੱਬੀ ਪ੍ਰਚਾਰ ਵੀ ਕਰਦੇ ਸਨ। ਉਹ ਕਿਸੇ ਪ੍ਰਬੰਧਕ ਜਾਂ ਭੇਖੀ ਸਾਧ ਅੱਗੇ ਪੇਟ ਦੀ ਖਾਤਰ ਲਿਲਕੜੀਆਂ ਨਹੀਂ ਕੱਢਦੇ ਸਨ। ਅੱਜ ਵੀ ਜੇ ਸਿੱਖ ਕੌਮ ਸਮਝ ਜਾਵੇ ਕਿਰਤੀ ਸਿੱਖ ਆਪੋ ਆਪਣੀ ਵਿਤ ਅਨੁਸਾਰ ਗੁਰਮਿਤ ਦਾ ਪ੍ਰਚਾਰ ਕਰਨ ਤਾਂ ਗੁਰੂ ਦੀ ਗੋਲਕ ਲੋੜਵੰਦਾਂ ਤੇ ਲੋਕ ਭਲਾਈ ਲਈ ਵਰਤੀ ਜਾ ਸਕਦੀ ਹੈ। ਲੱਖਾਂ ਕਰੋੜਾਂ ਰੁਪਏ ਜੋ ਪੁਜਾਰੀ, ਪ੍ਰਚਾਰਕ, ਅਖੌਤੀ ਸਾਧ-ਸੰਤ ਡੇਰੇਦਾਰ ਅਤੇ ਹੰਕਾਰੀ ਤੇ ਲਾਲਚੀ ਪ੍ਰਬੰਧਕ ਛਕ ਜਾਂਦੇ ਹਨ। ਵੱਡੀਆਂ ਵੱਡੀਆਂ ਮਹਿੰਗੀਆਂ ਬਿਲਡਿੰਗਾਂ ਬਣਾ ਅਤੇ ਕੋਟ ਕਚਿਹਰੀਆਂ ਵਿੱਚ ਕੌਮ ਦਾ ਪੈਸਾ ਬਰਬਾਦ ਕਰ ਦਿੱਤਾ ਜਾਂਦਾ ਹੈ ਬਚ ਸਕਦਾ ਹੈ। ਸੋ ਇਸ ਕਰਕੇ ਕੌਮ ਨੂੰ ਕਿਰਤੀ ਪ੍ਰਬੰਧਕਾਂ ਅਤੇ ਪ੍ਰਚਾਰਕਾਂ ਦੀ ਲੋੜ ਹੈ ਨਾਂ ਕਿ ਉਨ੍ਹਾਂ ਪ੍ਰਬੰਧਕਾਂ, ਪੁਜਾਰੀ ਪ੍ਰਚਾਰਕਾਂ ਅਤੇ ਵਿਕਾਊ ਵਿਦਵਾਨਾਂ ਅਤੇ ਆਗੂਆਂ ਦੀ ਮੌਕੇ ਤੇ ਮੋਕ ਮਾਰ ਜਾਣ। 


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top