Share on Facebook

Main News Page

ਪਿ੍ਥਮੇ ਅਕਾਲ ਪੁਰਖ ਨੂੰ ਸਿਮਰ ਕੇ ਅਰਦਾਸ ਕਰਨੀ ਮਨ੍ਹਾਂ ਹੈ, ਛੇਕੇ ਜਾਉਗੇ !
ਅਜਿਹਾ ਕਹਿਣ ਵਾਲੇ ਤੇ ਹੁਕਮਨਾਮਿਆਂ ਵਾਲੇ ਜਥੇਦਾਰਾਂ ਨੇ ਕਦੇ ਬਾਬੇ ਨਾਨਕ ਦਾ 'ਹੁਕਮਨਾਮਾ' ਵੀ ਪੜਿ੍ਹਆ ਹੈ ?
- ਸੰਪਾਦਕੀ ਰੋਜ਼ਾਨਾ ਸਪੋਕਸਮੈਨ 16 Dec 2015

ਪੰਜ ਸਦੀਆਂ ਪਹਿਲਾਂ ਤਕ, ਜਦ ਈਸਾਈ ਧਰਮ ਵਿਚ ਪੋਪ ਦੀ ਸ਼ਕਲ ਵਿਚ, ਪੁਜਾਰੀਵਾਦ ਛਾਇਆ ਹੋਇਆ ਸੀ, ਕਈ ਦੇਸ਼ਾਂ ਦੇ ਬਾਦਸ਼ਾਹ ਵੀ ਪੋਪ ਅੱਗੇ ਸਿਰ ਝੁਕਾਉਾਦੇ ਸਨ ਤੇ ਉਸ ਦੇ ਹੁਕਮ ਪ੍ਰਵਾਨ ਕਰਦੇ ਸਨ, ਉਸ ਵੇਲੇ ਦੇ ਚੁਟਕਲੇ ਅੱਜ ਵੀ ਮਸ਼ਹੂਰ ਹਨ ਕਿ ਕਿਵੇਂ ਪੁਜਾਰੀ ਲੋਕ, ਅਪਣੀਆਂ ਬੇਪਨਾਹ ਤਾਕਤਾਂ ਦੀ ਦੁਰਵਰਤੋਂ ਕਰਦੇ ਸਨ ਤੇ ਕਿੰਨੇ ਤਰਕ-ਹੀਣ ਹੁਕਮ ਜਾਰੀ ਕਰਦੇ ਰਹਿੰਦੇ ਸਨ। ਇਨ੍ਹਾਂ ਹੀ ਵੱਡੇ ਪੁਜਾਰੀਆਂ ਨੇ ਸਾਇੰਸਦਾਨਾਂ ਨੂੰ ਮੌਤ ਦੀ ਸਜ਼ਾ ਤਕ ਵੀ ਦੇ ਦਿਤੀ ਕਿਉਾਕਿ ਸਾਇੰਸਦਾਨਾਂ ਦੀ ਖੋਜ ਨੇ, ਬਾਈਬਲ ਵਿਚ ਲਿਖੇ ਨੂੰ ਗ਼ਲਤ ਸਾਬਤ ਕਰ ਦਿਤਾ ਸੀ। ਹੌਲੀ ਹੌਲੀ, ਸਮਝਦਾਰ ਈਸਾਈ ਲੋਕਾਂ ਨੇ, ਪੋਪ ਵਿਰੁਧ ਹੀ ਬਗ਼ਾਵਤ ਕਰ ਦਿਤੀ ਤੇ ਪੁਜਾਰੀਆਂ ਕੋਲੋਂ ਸਾਰੀਆਂ ਤਾਕਤਾਂ ਖੋਹ ਲਈਆਂ।

ਇਸ ਵੇਲੇ ਸਿੱਖ ਧਰਮ, ਇਕੋ ਇਕ ਧਰਮ ਰਹਿ ਗਿਆ ਹੈ ਜਿਸ ਦੇ ਫ਼ਲਸਫ਼ੇ ਵਿਚ ਭਾਵੇਂ ਪੁਜਾਰੀਵਾਦ ਲਈ ਕੋਈ ਥਾਂ ਹੀ ਨਹੀਂ ਰੱਖੀ ਗਈ, ਪਰ ਸਿਆਸਤਦਾਨਾਂ ਦੇ ਕੰਧਾੜੇ ਚੜ੍ਹ ਕੇ ਤੇ ਪਿਛਲੇ ਦਰਵਾਜ਼ਿਉਂ, ਸਿੱਖੀ ਦੇ ਵਿਹੜੇ ਵਿਚ ਦਾਖ਼ਲ ਹੋ ਕੇ, ਸਿੱਖੀ ਨੂੰ ਤਾਂ ਉਂਗਲੀਆਂ ਉਤੇ ਨਚਾ ਹੀ ਰਿਹਾ ਹੈ ਪਰ ਇੰਜ ਕਰਦਿਆਂ 'ਅਕਲੀ ਸਾਹਿਬ ਸੇਵੀਏ' ਦਾ ਹੁਕਮ ਦੇਣ ਵਾਲੇ ਸਿੱਖ ਧਰਮ ਨੂੰ, ਇਕ ਤਰਕ-ਹੀਣ ਰੰਗਤ ਦੇਣ ਵਿਚ ਵੀ ਕੋਈ ਕਸਰ ਨਹੀਂ ਛੱਡ ਰਿਹਾ।

ਰੋਜ਼ਾਨਾ ਸਪੋਕਸਮੈਨ ਵਿਰੁਧ ਜਾਰੀ ਕੀਤੇ 'ਹੁਕਮਨਾਮੇ' ਬਾਰੇ ਜਥੇਦਾਰ ਗੁਰਬਚਨ ਸਿੰਘ ਆਪ ਸਾਨੂੰ ਟੈਲੀਫ਼ੋਨ ਕਰ ਕੇ ਕਹਿੰਦੇ ਹਨ ਕਿ, ''ਮੈਂ ਬਤੌਰ ਜਥੇਦਾਰ ਅਕਾਲ ਤਖ਼ਤ, ਕਹਿੰਦਾ ਹਾਂ ਕਿ ਤੁਸੀ ਕੋਈ ਭੁੱਲ ਨਹੀਂ ਸੀ ਕੀਤੀ ਅਤੇ ਭੁੱਲ ਵੇਦਾਂਤੀ ਨੇ ਕੀਤੀ ਸੀ ਜਿਸ ਨੇ ਕਾਲਾ ਅਫ਼ਗ਼ਾਨਾ ਦਾ ਗੁੱਸਾ ਤੁਹਾਡੇ ਤੇ ਕੱਢ ਕੇ, ਗ਼ਲਤ ਹੁਕਮਨਾਮਾ ਜਾਰੀ ਕਰ ਦਿਤਾ... ਪਰ ਮਰਿਆਦਾ ਹੀ ਅਜਿਹੀ ਹੈ ਕਿ ਭੁੱਲ ਭਾਵੇਂ ਤੁਹਾਡੀ ਕੋਈ ਨਹੀਂ ਤੇ ਸਾਡੇ ਪਾਸੇ ਦੀ ਹੈ ਪਰ ਅਕਾਲ ਤਖ਼ਤ ਤੇ ਪੇਸ਼ ਹੋ ਕੇ ਭੁੱਲ ਤੁਹਾਨੂੰ ਹੀ ਬਖ਼ਸ਼ਵਾਣੀ ਪਵੇਗੀ...।''

ਹੈ ਕੋਈ ਦਲੀਲ ਜਾਂ ਤਰਕ ਦੀ ਗੱਲ? ਦਿੱਲੀ ਦੇ ਤਖ਼ਤ ਵਾਲੇ ਗ਼ਲਤੀ ਕਰ ਲੈਣ ਤਾਂ ਉਹ ਅਦਾਲਤ ਕੋਲੋਂ ਵੀ ਤੇ ਪੀੜਤ ਵਿਅਕਤੀ ਕੋਲੋਂ ਵੀ ਮਾਫ਼ੀ ਮੰਗ ਲੈਂਦੇ ਹਨ ਪਰ ਇਹ ਚੰਗਾ 'ਅਕਾਲ ਦਾ ਤਖ਼ਤ' ਹੈ ਜੋ ਇਹ ਮੰਨ ਕੇ ਵੀ ਕਿ ਪੀੜਤ ਨੇ ਕੋਈ ਗ਼ਲਤੀ ਨਹੀਂ ਕੀਤੀ, ਕਹਿੰਦਾ ਹੈ, ''ਕੀ ਕਰੀਏ ਜੀ, ਮਰਿਆਦਾ ਹੀ ਇਹ ਹੈ ਕਿ ਭੁੱਲ ਬਖ਼ਸ਼ਵਾਉਣੀ ਤਾਂ ਉਸ ਨੂੰ ਹੀ ਪਵੇਗੀ ਜਿਸ ਨੇ ਭੁੱਲ ਕੀਤੀ ਹੀ ਕੋਈ ਨਹੀਂ ਸੀ!!''

ਯੂ.ਏ.ਈ. ਦੇ ਇਕ ਗੁਰਦਵਾਰੇ ਦੀ ਸੰਗਤ ਨੇ ਬੜਾ ਸੋਚ ਸਮਝ ਕੇ ਫ਼ੈਸਲਾ ਕੀਤਾ ਕਿ ਸਾਡੀ ਅਰਦਾਸ ਵਿਚ 'ਪਿ੍ਥਮ ਭਗੌਤੀ ਸਿਮਰ ਕੇ' ਵਾਲੀ ਗੱਲ ਸਿੱਖ ਸਿਧਾਂਤ ਨਾਲ ਮੇਲ ਨਹੀਂ ਖਾਂਦੀ ਬਲਕਿ ਸਿੱਖੀ ਦੇ ਪਹਿਲੇ ਮੁਢਲੇ ਅਸੂਲ (ਅਕਾਲ ਪੁਰਖ ਤੋਂ ਉਪਰ ਕਿਸੇ ਨੂੰ ਨਹੀਂ ਮੰਨਣਾ) ਦੀ ਉਲੰਘਣਾ ਕਰਦੀ ਹੈ, ਇਸ ਲਈ ਅਰਦਾਸ 'ਅਕਾਲ ਪੁਰਖ ਨੂੰ ਸਿਮਰ ਕੇ...', ਨਾਲ ਸ਼ੁਰੂ ਕੀਤੀ ਜਾਇਆ ਕਰੇ। ਅਕਾਲ ਤਖ਼ਤ ਦੇ ਇਕ ਸਾਬਕਾ 'ਜਥੇਦਾਰ' ਪ੍ਰੋ. ਦਰਸ਼ਨ ਸਿੰਘ ਨੇ ਇਸ ਬਾਰੇ ਸੰਗਤਾਂ ਨੂੰ ਸਥਿਤੀ ਸਪੱਸ਼ਟ ਕੀਤੀ ਸੀ। 'ਅਕਾਲ ਪੁਰਖ ਨੂੰ ਸਿਮਰ ਕੇ' ਨਾਲ ਅਰਦਾਸ ਤਾਂ ਹੋ ਗਈ, ਪਰ ਸਾਡੇ ਅੰਮਿ੍ਤਸਰ ਦੇ 'ਹੁਕਮਨਾਮਾ ਪੁਜਾਰੀਆਂ' ਤੇ ਉਨ੍ਹਾਂ ਦੇ ਮਾਲਕਾਂ (ਸ਼੍ਰੋਮਣੀ ਕਮੇਟੀ) ਨੂੰ ਇਹ ਗੱਲ ਚੰਗੀ ਨਾ ਲੱਗੀ ਤੇ ਉਨ੍ਹਾਂ ਸ਼ੋਰ ਪਾ ਦਿਤਾ ਕਿ ਘੋਰ ਅਨਰਥ ਹੋ ਗਿਆ ਹੈ ਜੀ...।

ਕਿਉਂ ਕਿਹੜੀ ਗੱਲ ਉਨ੍ਹਾਂ ਨੂੰ ਚੰਗੀ ਨਹੀਂ ਲੱਗੀ? ਕੀ ਅਕਾਲ ਪੁਰਖ ਨੂੰ ਸਿਮਰ ਕੇ, ਅਰਦਾਸ ਕਰਨੀ ਗ਼ਲਤ ਗੱਲ ਹੈ? ਉਹ ਇਹ ਤਾਂ ਨਹੀਂ ਕਹਿ ਸਕਦੇ ਪਰ ਕਹਿੰਦੇ ਹਨ, ਕਿ ਅਨਰਥ ਇਹ ਹੋਇਆ ਹੈ ਕਿ ਅਕਾਲ ਤਖ਼ਤ ਵਲੋਂ ਪ੍ਰਵਾਨਤ 'ਰਹਿਤ ਮਰਿਆਦਾ' ਦੀ ਉਲੰਘਣਾ ਹੋ ਗਈ ਹੈ। ਸੋ ਰਹਿਤ ਮਰਿਆਦਾ, ਅਕਾਲ ਪੁਰਖ ਨਾਲੋਂ ਵੀ ਵੱਡੀ ਹੋ ਗਈ? ਬਾਬੇ ਨਾਨਕ ਨੇ ਪੁਜਾਰੀਆਂ ਦੀ 'ਮਰਿਆਦਾ' ਨੂੰ ਵੀ ਅਕਾਲ ਪੁਰਖ ਨਾਲੋਂ ਕਿਸੇ ਥਾਂ ਵੱਡਾ ਲਿਖਿਆ ਹੈ? ਨਾਨਕਸ਼ਾਹੀ ਕੈਲੰਡਰ ਬਾਰੇ ਸਮੁੱਚੇ ਪੰਥ ਅਤੇ ਅਕਾਲ ਤਖ਼ਤ ਦਾ ਫ਼ੈਸਲਾ ਕਿਉਂ ਚੁੱਪ ਚਪੀਤੇ, ਸੰਤ ਸਮਾਜ ਨਾਲ ਸੌਦੇਬਾਜ਼ੀ ਕਰ ਕੇ, ਬਦਲ ਦਿਤਾ ਗਿਆ ਸੀ? ਉਦੋਂ ਅਕਾਲ ਤਖ਼ਤ ਦੇ ਪ੍ਰਵਾਨਤ ਕੈਲੰਡਰ ਨੂੰ ਚਾਰ ਬੰਦਿਆਂ ਨੇ ਕਿਵੇਂ ਉਲਟਾ ਦਿਤਾ? ਸੰਤ ਸਮਾਜ ਦੇ ਹਜ਼ਾਰਾਂ ਗੁਰਦਵਾਰੇ, ਵਖਰੀ ਮਰਿਆਦਾ ਨਹੀਂ ਚਲਾ ਰਹੇ? ਕੇਵਲ ਅਕਾਲ ਪੁਰਖ ਤੇ ਉਸ ਦੇ ਸ਼ਰਧਾਵਾਨ ਸਿੱਖਾਂ ਦੀ ਗੱਲ ਹੀ ਚੁਭਦੀ ਹੈ 'ਜਥੇਦਾਰਾਂ' ਨੂੰ?

ਪਰ 'ਘੋਰ ਅਨਰਥ ਹੋ ਗਿਆ' ਚੀਕਣ ਵਾਲੇ ਜੱਥੇ ਨੇ ਕਦੀ ਬਾਬੇ ਨਾਨਕ ਦੀ ਬਾਣੀ ਪੜ੍ਹੀ ਵੀ ਹੈ? ਪੜ੍ਹਦੇ ਤਾਂ ਰੋਜ਼ ਹੀ ਹਨ, ਪਰ ਉਹ ਤਾਂ ਪੈਸੇ ਕਮਾਉਣ ਲਈ ਪੜ੍ਹਦੇ ਹਨ, ਸਮਝਣ ਲਈ ਨਹੀਂ। ਨਿਸ਼ਕਾਮ ਹੋ ਕੇ ਪੜ੍ਹਨ ਤਾਂ ਉਸ ਵਿਚ ਪੈਰ ਪੈਰ ਤੇ ਲਿਖਿਆ ਮਿਲੇਗਾ ਕਿ ਉਹੀ ਗੱਲ ਚੰਗੀ ਹੈ ਜੋ ਮੈਨੂੰ ਅਕਾਲ ਪੁਰਖ ਦੇ ਨੇੜੇ ਲੈ ਜਾਵੇ ਤੇ ਅਕਾਲ ਪੁਰਖ ਤੋਂ ਬਿਨਾਂ ਸੱਭ ਕੁੱਝ ਝੂਠ ਹੈ।

ਭਗੌਤੀ ਵੀ ਅਕਾਲ ਪੁਰਖ ਦੇ ਸਾਹਮਣੇ ਝੂਠ ਹੈ (ਭਗੌਤੀ ਦੇ ਅਰਥ ਤੇ ਅਨਰਥ ਭਾਵੇਂ ਕੁੱਝ ਵੀ ਕਰ ਲਵੋ)। ਇਸੇ ਲਈ ਨਿਰੰਕਾਰੀ ਦਰਬਾਰ, ਰਾਵਲਪਿੰਡੀ (ਅਸਲ) ਨੇ ਸੱਭ ਤੋਂ ਪਹਿਲਾਂ ਆਵਾਜ਼ ਉਠਾਈ ਸੀ ਕਿ 'ਪਿ੍ਥਮ ਭਗੌਤੀ ਸਿਮਰ ਕੇ' ਦੀ ਥਾਂ 'ਪਿ੍ਥਮ ਅਕਾਲ ਪੁਰਖ ਸਿਮਰ ਕੇ' ਕੀਤਾ ਜਾਏ। ਉਨ੍ਹਾਂ ਦੀ ਆਵਾਜ਼ ਨਾ ਸੁਣੀ ਗਈ, ਪਰ ਉਹ ਅੱਜ ਤਕ ਵੀ ਅਪਣੇ ਗੁਰਦਵਾਰਿਆਂ ਵਿਚ ਅਰਦਾਸ 'ਪਿ੍ਥਮੇ ਅਕਾਲ ਪੁਰਖ ਸਿਮਰ ਕੇ' ਨਾਲ ਹੀ ਕਰਦੇ ਹਨ ਤੇ 100 ਸਾਲ ਤੋਂ ਵੱਧ ਸਮੇਂ ਤੋਂ ਹੀ ਕਰਦੇ ਆ ਰਹੇ ਹਨ। ਕੋਈ ਅਸਮਾਨ ਨਹੀਂ ਡਿਗਿਆ।

ਸਿੱਖ ਵਿਦਵਾਨ ਵੀ ਬੜੀ ਦੇਰ ਤੋਂ ਮੰਗ ਕਰਦੇ ਆ ਰਹੇ ਹਨ ਕਿ ਅਰਦਾਸ ਸਮੇਤ, ਸਿੱਖ ਰਹਿਤ ਮਰਿਆਦਾ ਦੀਆਂ ਬਾਕੀ ਗ਼ਲਤੀਆਂ ਦੀ ਵੀ ਸੋਧ ਸੁਧਾਈ ਕਰ ਦੇਣੀ ਚਾਹੀਦੀ ਹੈ ਕਿਉਾਕਿ ਜਦ ਇਹ ਮਰਿਆਦਾ ਬਣਾਈ ਗਈ ਸੀ, ਉਸ ਵੇਲੇ ਦਲੀਲ ਇਹ ਦਿਤੀ ਜਾਂਦੀ ਸੀ ਕਿ 'ਧਿਆਨ ਗੁਰਦਵਾਰਾ ਪ੍ਰਬੰਧ ਨੂੰ ਪੰਥ ਦੇ ਕਬਜ਼ੇ ਹੇਠ ਲਿਆਉਣ ਵਲ ਕੇਂਦਰਿਤ ਕਰੋ ਤੇ ਪੁਜਾਰੀ ਤੇ ਸਾਧ ਵਰਗ ਦੀਆਂ ਕੁੱਝ ਗੱਲਾਂ ਆਰਜ਼ੀ ਤੌਰ ਤੇ ਮੰਨ ਵੀ ਲਉ ਤਾਕਿ ਇਹ ਕੋਈ ਰੁਕਾਵਟ ਨਾ ਖੜੀ ਕਰ ਦੇਣ। ਗੁਰਦਵਾਰੇ ਪੂਰੀ ਤਰ੍ਹਾਂ ਪੰਥ ਦੇ ਕਬਜ਼ੇ ਹੇਠ ਆ ਜਾਣਗੇ ਤਾਂ ਜਿਨ੍ਹਾਂ ਬੁਰਾਈਆਂ ਨੂੰ ਮੰਨਣਾ ਅੱਜ ਸਾਡੀ ਮਜਬੂਰੀ ਬਣੀ ਹੋਈ ਹੈ, ਕਲ ਉਨ੍ਹਾਂ ਨੂੰ ਆਰਾਮ ਨਾਲ ਬਾਹਰ ਕੱਢ ਸੁੱਟਾਂਗੇ।''

ਪਰ ਅਜਿਹਾ ਹੋ ਨਾ ਸਕਿਆ। ਕੁੱਝ ਜਾਗਰੂਕ ਤੇ ਸੂਝਵਾਨ ਸਿੱਖਾਂ ਦਾ ਸਬਰ ਖ਼ਤਮ ਹੁੰਦਾ ਜਾ ਰਿਹਾ ਹੈ ਤੇ ਉਹ ਹੋਰ ਉਡੀਕ ਕਰਨ ਲਈ ਤਿਆਰ ਨਹੀਂ। ਉਨ੍ਹਾਂ ਨੂੰ 'ਪੰਥ-ਦੋਖੀ' ਕਹਿ ਦੇਣਾ ਤੇ ਬੇਦਲੀਲੇ ਢੰਗ ਨਾਲ ਉਨ੍ਹਾਂ ਦਾ ਵਿਰੋਧ ਕਰਨਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ। ਹਾਕਮਾਂ ਨੇ ਜਦ ਕਿਸੇ ਸੁਧਾਰ ਦਾ ਰਾਹ ਰੋਕਣਾ ਹੋਵੇ ਤਾਂ ਉਹ ਪੁਜਾਰੀਆਂ ਨੂੰ ਅੱਗੇ ਕਰ ਦੇਂਦੇ ਹਨ ਤੇ ਪੁਜਾਰੀ ਤਾਂ ਰੱਬ ਦੇ ਸ਼ਰੀਕ ਮੰਨੇ ਜਾਂਦੇ ਹਨ ਜੋ ਰੱਬ ਦਾ ਨਾਂ ਲੈ ਕੇ ਬੰਦੇ ਨੂੰ ਅਪਣੇ ਪੈਰਾਂ ਤੇ ਸੁਟ ਲੈਂਦੇ ਹਨ ਤੇ ਰੱਬ ਤੋਂ ਬੰਦੇ ਨੂੰ ਸਗੋਂ ਦੂਰ ਕਰ ਦੇਂਦੇ ਹਨ। ਸਿੱਖਾਂ ਨੂੰ ਬਾਬੇ ਨਾਨਕ ਦਾ 'ਹੁਕਮਨਾਮਾ' ਮੰਨਣਾ ਚਾਹੀਦਾ ਹੈ, ਪੁਜਾਰੀਆਂ ਦਾ ਨਹੀਂ। ਅਤੇ ਬਾਬੇ ਨਾਨਕ ਦਾ ਹੁਕਮਨਾਮਾ ਇਹੀ ਹੈ ਕਿ ਅਕਾਲ ਪੁਰਖ ਵਲ ਕਦਮ ਵਧਾ ਲਏ ਤਾਂ ਫਿਰ ਕਿਸੇ ਹੋਰ ਪਾਸੇ ਤਕਣਾ ਵੀ ਹਰਾਮ ਹੈ। ਪੁਜਾਰੀ ਕਦੇ ਵੀ ਅਕਾਲ ਪੁਰਖ ਵਲ ਨਹੀਂ ਜਾਣ ਦੇਣਗੇ। ਉਹ ਜ਼ਰੂਰ ਕਿਸੇ ਹੋਰ ਨੂੰ ਵਿਚਕਾਰ ਲੈ ਆਉਣਗੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top