Share on Facebook

Main News Page

ਗੁਰੂ ਦੇ ਸਿੱਖ ਅੰਜਾਮ ਦੀ ਪਰਵਾਹ ਨਹੀਂ ਕਰਦੇ
-: ਇੰਦਰਜੀਤ ਸਿੰਘ, ਕਾਨਪੁਰ

ਕੌਮ ਦੀ ਮਹਾਨ ਸ਼ਖਸ਼ਿਅਤ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਜੋ ਭਗਉਤੀ, ਕਾਲ, ਮਹਾਕਾਲ, ਖੜਗਕੇਤੁ, ਅਸਧੁੱਜ ਅਤੇ ਕਾਲਕਾ ਨੂੰ ਕੌਮ ਦੇ ਮਗਰੋਂ ਲਾਉਣ ਲਈ ਦੀ ਜੋ ਮੁਹਿੰਮ ਛੇੜੀ ਹੈ, ਉਸ ਵਿੱਚ ਕੇਵਲ ਤੇ ਕੇਵਲ ਭਾਗਾਂ ਵਾਲੇ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ 'ਤੇ ਉਸਤੇ ਪਹਿਰਾ ਦੇਣ ਵਾਲੇ ਸਿੱਖ ਹੀ ਉਸ ਨੂੰ ਸਮਝ ਸਕਣਗੇ। ਗੁਰੂ ਨਾਨਕ ਸਾਹਿਬ ਨੇ ਵੀ ਜਦੋਂ ਬਿਪਰ ਦੇ ਝੂਠੇ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕੀਤਾ ਸੀ, ਤਾਂ ਨਭਾਗੇ ਅਤੇ ਮੂਰਖ ਲੋਕਾਂ ਨੇ ਉਨ੍ਹਾਂ ਨੂੰ ਵੀ ਭੂਤਨਾਂ ਅਤੇ ਬੇਤਾਲਾ ਕਹਿਆ ਸੀ। ਪ੍ਰੋਫੇਸਰ ਦਰਸ਼ਨ ਸਿੰਘ ਵੀ ਗੁਰੂ ਨਾਨਕ ਦੇ ਪੂਰਨਿਆਂ 'ਤੇ ਚੱਲਣ ਵਾਲਾ ਇਕ ਸੱਚਾ ਸਿੱਖ ਹੈ।

ਜਾਗਰੂਕ (ਪਾਸਰੂਕ) ਅਖਵਾਉਣ ਵਾਲਾ ਤਬਕਾ, ਪਹਿਲਾਂ ਤਾਂ ਉਨ੍ਹਾਂ ਨਾਲ ਇਸ ਕਰਕੇ ਨਹੀਂ ਸੀ ਜੁੜਦਾ ਕਿ ਉਹ ਭਗਉਤੀ, ਜਾਪ ਅਤੇ ਚੌਪਈ ਦਾ ਸਟੇਜ 'ਤੇ ਖੰਡਨ ਨਹੀਂ ਸਨ ਕਰਦੇ। ਜੇ ਹੁਣ ਉਹ ਉਹ ਸਟੇਜ ਤੋਂ ਹੀ, ਇਹ ਮੁਹਿੰਮ ਚਲਾ ਕੇ ਅਪਣੇ ਸ਼ਬਦ ਗੁਰੂ ਦੇ ਪਰਿਵਾਰ ਨੂੰ ਸੁਚੇਤ ਕਰਣ ਲੱਗੇ ਹਨ, ਤਾਂ ਸੁਰਜੀਤ ਸਿੰਘ ਅਤੇ ਸਰਨਾਂ ਭਰਾਵਾਂ ਵਰਗੇ ਪ੍ਰਧਾਨ ਵੀ ਭੱਜ ਖਲੋਤੇ ਹਨ। ਜਦੋਂ ਭਾਈ ਤਰਸੇਮ ਸਿੰਘ ਵਰਗੇ ਗੁਰਮਤ ਦੇ ਧਾਰਣੀ ਚੇਅਰਮੈਨ ਸਿੱਖ ਵੀ ਇਹ ਕਹਿੰਦੇ ਹਨ ਕਿ ਭਗੌਤੀ, ਜਾਪ ਅਤੇ ਚੌਪਈ ਨੂੰ ਸਟੇਜਾਂ 'ਤੇ ਨਾ ਛੇੜੋ, ਤਾਂ ਬੜੀ ਹੀ ਹੈਰਾਨਗੀ ਹੁੰਦੀ ਹੈ ? ਕੀ ਹਰ ਸਿੱਖ ਆਪਣੀ ਜ਼ਮੀਰ ਨੂੰ ਵੇਚ ਚੁਕਾ ਹੈ। ਹਰ ਸਿੱਖ ਆਪਣੇ ਜਾਤੀ ਜੀਵਨ ਵਿੱਚ ਕੁੱਝ ਹੋਰ ਹੈ ਤੇ ਸਮਾਜ ਵਿੱਚ ਕੁੱਝ ਹੋਰ ਹੈ। ਇਨ੍ਹਾਂ ਮੁਖੌਟਿਆਂ ਨਾਲ ਅਸੀਂ ਕਦੋਂ ਤੱਕ ਦੋਗਲਾ ਜੀਵਨ ਜੀਉਂਦੇ ਰਹਾਂਗੇ ?

ਵਾਹ ਉਏ ਸਿੱਖੋ ! ਇਕ ਸਦੀ ਤਾਂ ਤੁਸੀਂ ਲੰਘਾ ਦਿੱਤੀ ਭਗੁਉਤੀ, ਮਹਾਕਾਲ ਅਤੇ ਖੜਗਕੇਤੁ ਅਗੇ ਲਿਲਕੀਆਂ ਲੈਦਿਆਂ, ਹੋਰ ਕਿਨੀਆਂ ਸਦੀਆਂ ਕੌਮ ਨੂੰ "ਚੰਡੀ" ਦਾ ਪੁਜਾਰੀ ਬਣਾਈ ਰੱਖੋਗੇ ? ਕਦੋਂ ਤਕ ਖੜਗਕੇਤੁ ਕੋਲੋਂ ਸ਼ਰਣ ਅਤੇ ਪਨਾਹ ਮੰਗਦੇ ਰਹੋਗੇ। ਉਏ ! ਸ਼ਬਦ ਗੁਰੂ ਦੇ ਸਿੱਖ ਅਖਵਾਉਣ ਵਾਲਿਉ ! ਹੁਣ ਤਾਂ ਜਾਗ ਜਾਉ ! ਇਸ ਕੂੜ ਕਿਤਾਬ ਨੇ ਤੁਹਾਡਾ ਨਿਤਨੇਮ, ਅੰਮ੍ਰਿਤ ਅਤੇ ਅਰਦਾਸ ਸਭ ਕੁਝ ਮੱਲ ਲਿਆ ਹੈ। ਜੇ ਪ੍ਰੋਫੇਸਰ ਦਰਸ਼ਨ ਸਿੰਘ ਵਰਗਾ ਗੁਰੂ ਦਾ ਸਿੱਖ ਵੀ ਚੁੱਪ ਕਰ ਜਾਵੇ, ਤਾਂ ਇਨ੍ਹਾਂ ਬਿਪਰ ਦੇ ਬਣਾਏ ਦੇਵੀ ਦੇਵਤਿਆਂ ਤੋਂ ਤੁਹਾਨੂੰ ਕੌਣ ਬਚਾਏਗਾ ?

ਜੇ ਪ੍ਰੋਫੇਸਰ ਦਰਸ਼ਨ ਸਿੰਘ ਵੀ ਸਕੱਤਰੇਤ ਵਿੱਚ ਜਾ ਕੇ ਸਰਕਾਰੀ ਪਿਆਦਿਆਂ ਕੋਲੋਂ ਮੁਆਫੀ ਮੰਗ ਲੈਂਦੇ, ਤਾਂ ਉਨ੍ਹਾਂ ਨੂੰ ਕਿੱਸ ਨੇ ਬੁਰਾ ਕਹਿਣਾਂ ਸੀ ? ਜੇ ਉਹ ਪੈਸੇ ਦੇ ਲਾਲਚੀ ਹੁੰਦੇ ਤਾਂ ਉਹ ਵੀ ਦੂਜਿਆਂ ਵਾਂਗ ਇਹ ਸੋਚਦੇ ਕਿ ਮੈਨੂੰ ਕੀ ਲੋੜ ਪਈ ਹੈ, ਸਟੇਜ 'ਤੇ ਭਗਉਤੀ ਦੇ ਪਾਜ ਖੋਲਣ ਦੀ, ਕੀ ਉਨ੍ਹਾਂ ਨੂੰ ਇਹ ਪਤਾ ਨਹੀਂ, ਕਿ ਇਸ ਮੁਹਿੰਮ ਨਾਲ ਡੁਬਈ ਦੇ ਪ੍ਰਧਾਨ ਵਰਗੇ ਨਾਲਾਇਕ ਲੋਕਾਂ ਨੇ ਦੋਬਾਰਾ ਉਨ੍ਹਾਂ ਨੂੰ ਸਟੇਜਾਂ ਨਹੀਂ ਦੇਣੀਆਂ।

ਗੁਰੂ ਦੀ ਰਹਿਮਤ ਵਾਲਾ ਇਹ ਨਿਡਰ ਪ੍ਰਚਾਰਕ ਆਪਣੇ ਜੀਵਨ ਕਾਲ ਵਿੱਚ ਉਹ ਬੂਟਾ ਲਾ ਜਾਣਾ ਚਾਹੁੰਦਾ ਹੈ, ਜਿਸ ਦਾ ਫੱਲ ਆਉਣ ਵਾਲੀਆਂ ਪੀੜ੍ਹੀਆਂ ਖਾਣਗੀਆਂ। ਸੁਰਜੀਤ ਸਿੰਘ, ਸਰਨਿਆਂ ਅਤੇ ਤਰਸੇਮ ਸਿੰਘ ਵਰਗੇ ਲੋਕੀਂ ਹੱਲੀ ਤਾਂ ਇਹ ਸਮਝ ਰਹੇ ਨੇ ਕੇ ਪ੍ਰੋਫੇਸਰ ਸਾਹਿਬ ਦਾ ਸਿਰ ਫਿਰ ਗਿਆ ਹੈ। ਲੇਕਿਨ ਉਨ੍ਹਾਂ ਦੀ ਇਸ ਮੁਹਿੰਮ ਨੂੰ ਆਉਣ ਵਾਲੀਆਂ ਪੀੜ੍ਹੀਆਂ ਯਾਦ ਕਰਣਗੀਆਂ।

ਗਿਆਨੀ ਦਿੱਤ ਸਿੰਘ ਨੂੰ ਕੀ ਮਿਲਿਆ ਸੀ, ਇਸ ਕੌਮ ਕੋਲੋਂ? ਗੁਰਮੁੱਖ ਸਿੰਘ ਨੂੰ ਕੀ ਮਿਲਿਆ ਸੀ ? ਤੇ ਭਾਈ ਕਾਨ੍ਹ ਸਿੰਘ ਨਾਭਾ ਵਰਗੇ ਵਿਦਵਾਨ, ਜੋ ਕਦੀ ਨਾਭਾ ਰਿਆਸਤ ਦਾ ਵਿਦੇਸ਼ ਮੰਤਰੀ ਹੁੰਦਾ ਸੀ, ਉਹ ਵੀ ਅਖੀਰਲੇ ਸਮੇਂ ਅੰਦਰ ਆਪਣਾ ਲਿਖਿਆ "ਮਹਾਨ ਕੋਸ਼" ਵੀ ਛਪਵਾ ਨਾ ਸਕਿਆ, ਜਿਸਨੂੰ ਲਿਖਣ ਲਈ ਉਨ੍ਹਾਂ ਨੇ ਆਪਣੇ ਜੀਵਨ ਦੇ 27 ਕੀਮਤੀ ਵਰ੍ਹੇ ਲਾਅ ਦਿੱਤੇ ਸਨ।

ਗੁਰੂ ਦੇ ਸਿੱਖ ਅੰਜਾਮ ਦੀ ਪਰਵਾਹ ਨਹੀਂ ਕਰਦੇ, ਉਨ੍ਹਾਂ ਨੂੰ ਸਿਰਫ ਤੇ ਸਿਰਫ ਪੰਥ ਦੀ ਫਿਕਰ ਹੁੰਦੀ ਹੈ। ਗਾਲ੍ਹਾਂ, ਧਮਕੀਆਂ ਅਤੇ ਅਲੋਚਨਾਂ ਸਹਿ ਕੇ ਵੀ ਉਹ ਗੁਰੂ ਦੇ ਇਕ ਵਫਾਦਾਰ ਕੂਕਰ ਦੀ ਤਰ੍ਹਾਂ ਆਪਣਾ ਫਰਜ ਨਿਭਾਉਂਦੇ ਰਹਿੰਦੇ ਹਨ ? ਕਈ ਵਾਰ ਮਾਲਕ ਵੀ ਉਸ ਕੂਕਰ ਨੂੰ ਡਾਂਟ ਜਾਂ ਮਾਰ ਵੀ ਦਿੰਦਾ ਹੈ, ਲੇਕਿਨ ਉਹ ਆਪਣੇ ਮਾਲਕ ਨਾਲ ਵਫਾਦਾਰੀ ਕਰਣਾ ਨਹੀਂ ਛੱਡ ਦਿੰਦੇ।

ਵਾਹਿਗੁਰੂ ਕੌਮ 'ਤੇ ਮੇਹਰ ਕਰਣ, ਸੁਮਤਿ ਬਖਸ਼ਣ ਤੇ ਇਹ ਅਰਦਾਸ ਹੈ, ਕਿ ਪ੍ਰੋਫੇਸਰ ਦਰਸ਼ਨ ਸਿੰਘ ਵਰਗੇ ਪ੍ਰਚਾਰਕ ਘਰ ਘਰ ਪੈਦਾ ਹੋਣ, ਜੋ ਆਪਣਾ ਆਪ ਗਵਾ ਕੇ, ਕੌਮ ਨੂੰ ਨਿਡਰਤਾ ਨਾਲ ਸੁਚੇਤ ਕਰਣ ਲਈ ਕਮਰ ਕੱਸਾ ਕਰ ਲੈਣ।

ਭੁੱਲ ਚੁੱਕ ਲਈ ਖਿਮਾਂ ਦਾ ਜਾਚਕ ਹਾਂ ਜੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top