Share on Facebook

Main News Page

ਬਚਿੱਤਰ ਨਾਟਕ ਦੇ ਗੱਪੌੜੀ ਲਿਖਾਰੀ ਨੂੰ ਕੱਖ ਵੀ ਪਤਾ ਨਹੀਂ ਸੀ; ਇਸ ਨੂੰ ਗੁਰੂ ਸਾਹਿਬ ਨਾਲ ਜੋੜ੍ਹਨਾਂ ਉਨ੍ਹਾਂ ਦੀ ਪ੍ਰਤਿਸ਼ਠਾ ਨੂੰ ਘਟਾਉਣਾ ਹੈ
-: ਗੁਰਦੀਪ ਸਿੰਘ ਬਾਗੀ

ਬਚਿੱਤਰ ਨਾਟਕ ਦੇ ਸਮਰਥਕ ਅਕਸਰ ਕਿਤਾਬਾਂ ਲਿਖਦੇ ਨੇ ਤੇ ਉਨ੍ਹਾਂ ਦਾ ਨਾਮ ਰਖ ਦੇਂਦੇ ਨੇ “ਦਸਮ ਗ੍ਰੰਥ ਸ਼ੰਕੇ ਅਤੇ ਸਮਾਧਾਨ”, ਇਹ ਨਾਮ ਪੜ੍ਹ ਕੇ ਧਿਆਨ ਆਇਆ ਕਿ ਗੁਰੂ ਦੇ ਸਿੱਖਾਂ ਨੂੰ ਵੀ ਬਚਿੱਤਰ ਨਾਟਕ ਨਾਲ ਜੁੜ੍ਹੇ ਹੋਏ ਸ਼ਕੇ ਲਿਖਣ ਅਤੇ ਉਨ੍ਹਾਂ ਦਾ ਸਮਾਧਾਨ ਲੱਭਣ ਦੀ ਕੋਸ਼ਿਸ਼ ਕਰਨੀ ਚਾਹਿਦੀ ਹੈ। ਅਸੀਂ ਫਿਲਹਾਲ ਇਕ ਸ਼ੰਕੇ ਦਾ ਸਮਾਧਾਨ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਸ਼ੰਕਾ ਹੈ ਕਿ ਬਚਿੱਤਰ ਨਾਟਕ ਵਿੱਚ ਬ੍ਰਹਮਾ, ਵਿਸ਼ਨੂੰ ਅਤੇ ਰੁਦ੍ਰ (ਸ਼ਿਵ) ਦੇ ਅਵਤਾਰਾਂ ਦੀ ਜੋ ਕਹਾਣੀਆਂ ਹਨ, ਕਿ ਉਹ ਹਿੰਦੂ ਧਰਮ ਗ੍ਰੰਥਾਂ ਦਾ ਅਨੁਵਾਦ ਹੈ?

ਅਸੀਂ ਇਸ ਸ਼ੰਕੇ ਦਾ ਸਮਾਧਾਨ ਲੱਭਣ ਦੀ ਕੋਸ਼ਿਸ਼ ਵਿੱਚ ਹਿੰਦੂ ਪੁਰਾਣਾ ਦਾ ਅਧਿਐਨ ਕੀਤਾ ਤੇ ਪਤਾ ਚਲਿਆ ਕਿ ਬ੍ਰਹਮਾ ਦੇ ਜੋ ਅਵਤਾਰ ਬਚਿੱਤਰ ਨਾਟਕ ਵਿੱਚ ਦਰਜ ਹਨ, ਉਹ ਕਿਸੇ ਵੀ ਹਿੰਦੂ ਧਰਮ ਗ੍ਰੰਥ ਵਿੱਚ ਦਰਜ ਨਹੀਂ ਹਨ ਅਤੇ ਇਸ ਸ਼ੰਕੇ ਦਾ ਸਮਾਧਾਨ ਬਹੁਤ ਆਰਾਮ ਨਾਲ ਹੋ ਗਿਆ ਕਿ ਬਚਿੱਤਰ ਨਾਟਕ ਵਿੱਚ ਹਿੰਦੂ ਧਰਮ ਗ੍ਰੰਥਾਂ ਦਾ ਅਨੁਵਾਦ ਨਹੀਂ ਹੈ। ੳਲਟਾ ਬਿਆਸ ਰਿਸ਼ੀ ਵਿਸ਼ਨੂੰ ਦਾ ਅਵਤਾਰ ਹੈ, ਜਿਸ ਨੂੰ ਬਚਿੱਤਰ ਨਾਟਕ ਦੇ ਲਿਖਾਰੀ ਨੇ ਬ੍ਰਹਮਾ ਦਾ ਅਵਤਾਰ ਲਿਖ ਦਿੱਤਾ।

ਅਸੀਂ ਜੋ ਪੜਚੋਲ ਕਰ ਰਹੇ ਹਾਂ ਉਹ ਬ੍ਰਹਮਾ ਦੇ ਅਵਤਾਰਾਂ ਦੇ ਕਥਨ ਵਾਲੇ ਅਧਿਆਇ ਵਿੱਚ ਬ੍ਰਹਮਾ ਦੇ “ਬਿਆਸ ਅਵਤਾਰ” ਹੇਠਾਂ ਦੀਤੀਆਂ ਰਾਜਿਆਂ ਦੀਆਂ ਕਹਾਣੀਆਂ ਦੀ ਚਲ ਰਹੀ ਹੈ। ਅਸੀਂ ਹਾਲੇ ਤਕ ਇਹ ਪੜਚੋਲ ਕਰ ਚੁਕੇ ਹਾਂ, ਕਿ ਬਚਿੱਤਰ ਨਾਟਕ ਦੇ ਗੱਪੌੜੀ ਲਿਖਾਰੀ ਨੂੰ ਕੱਖ ਵੀ ਪਤਾ ਨਹੀਂ ਸੀ। ਹਿੰਦੂ ਪੁਰਾਣਾ ਮੁਤਾਬਿਕ ਮਹਾਪਾਪੀ ਰਾਜੇ ਬੇਣ ਨੂੰ ਬਹੁਤ ਵਧਿਆ ਰਾਜਾ ਲਿਖ ਕੇ ਬਚਿੱਤਰ ਨਾਟਕ ਦੇ ਲਿਖਾਰੀ ਨੇ ਅਪਣੀ ਅਗਿਆਨਤਾ ਦਾ ਜਲੂਸ ਕੱਢਵਾ ਲਿਆ।

ਰਾਜੇ ਬੇਨ ਦੀ ਕਹਾਣੀ ਦੇ ਬਾਦ ਬਚਿੱਤਰ ਨਾਟਕ ਦਾ ਲਿਖਾਰੀ ਮਾਨਧਾਤਾ ਨੂੰ ਧਰਤੀ ਦਾ ਰਾਜਾ ਲਿਖਦਾ ਹੈ, ਬਚਿੱਤਰ ਨਾਟਕ ਦਾ ਲਿਖਾਰੀ ਤਾਂ ਆਪਣੀ ਅਕਲ ਦਾ ਜਲੁਸ ਕੱਢਵਾ ਚੁਕਿਆ ਹੈ, ਨਾਲ-ਨਾਲ ਇਸ ਬਚਿੱਤਰ ਨਾਟਕ ਨੂੰ ਗੁਰੂ ਕ੍ਰਿਤ ਕਹਿਣ ਵਾਲਿਆਂ ਦੀ ਕੌਮ ਨਾਲ ਗੱਦਾਰੀ ਸਾਮ੍ਹਣੇ ਆ ਗਈ ਕਿ ਕਿਸ ਤਰਹਾਂ ਇਹ ਲੋਕ ਆਮ ਸਿੱਖ ਦਾ ਬੇਵਕ਼ੂਫ਼ ਬਣਾ ਰਹੇ ਹਨ।

ਹਿੰਦੂ ਧਰਮ ਗ੍ਰੰਥਾਂ ਮੁਤਾਬਿਕ ਰਾਜੇ ਬੇਨ ਦੇ ਬਾਦ ਰਾਜਾ ਪ੍ਰਿਥੁ ਧਰਤੀ ਦਾ ਰਾਜਾ ਬਣਿਆ। ਬਚਿੱਤਰ ਨਾਟਕ ਦਾ ਲਿਖਾਰੀ ਨਸ਼ਿਆ ਦੇ ਸੇਵਨ ਦਾ ਜੋਰਦਾਰ ਹਲੂਣਾ ਦੇਂਦਾ ਹੈ, ਲਗਦਾ ਹੈ ਲਿਖਾਰੀ ਨਸ਼ੇ ਦੇ ਪ੍ਰਭਾਵ ਵਿੱਚ ਇਹ ਕਿਤਾਬ ਲਿਖ ਰਹਿਆ ਹੈ, ਇਸ ਕਰਕੇ ਸ਼ਕੁੰਤਲਾ ਦੇ ਪਤੀ ਦਾ ਨਾਮ ਪ੍ਰਿਥੁ ਲਿਖ ਗਿਆ ਜਦ ਕਿ ਸ਼ਕੁੰਤਲਾ ਦੇ ਪਤੀ ਦਾ ਨਾਮ ਦੁਸ਼ਅੰਤ ਸੀ। ਨਸ਼ੇ ਦੇ ਅਸਰ ਅਤੇ ਉਸ ਦੀ ਅਗਿਆਨਤਾ ਦਾ ਤੜਕਾ ਹੀ ਲਗਦਾ ਹੈ, ਕਿ ਬਚਿੱਤਰ ਨਾਟਕ ਦਾ ਲਿਖਾਰੀ ਰਾਜੇ ਰਾਮ ਦੇ ਇਕ ਵਡੇਰੇ ਮਾਨਧਾਤਾ ਨੂੰ ਰਾਜੇ ਬੇਨ ਦੇ ਬਾਦ ਧਰਤੀ ਦਾ ਰਾਜਾ ਲਿਖ ਰਹਿਆ ਹੈ।

ਕਮਾਲ ਦੀ ਗੱਲ ਹੈ ਰਾਜੇ ਸਗਰ ਨੂੰ ਮਾਨਧਾਤਾ ਤੂੰ ਪਹਿਲਾਂ ਲਿਖੀਆ, ਜਦ ਕਿ ਰਾਜਾ ਸਗਰ ਰਾਜੇ ਮਾਨਧਾਤੇ ਦੇ ਬਾਦ ੧੮ਵੀਂ ਪੀੜੀ ਵਿੱਚ ਹੋਇਆ।

ਬਚਿੱਤਰ ਨਾਟਕ ਦਾ ਲਿਖਾਰੀ ਗੱਪਾਂ ਮਾਰਨ ਦੀ ਸਾਰੀ ਹੱਦਾਂ ਤੋੜ ਚੁਕਿਆ, ਹੁਣ ਆਪਣੀ ਮਸਤੀ ਵਿੱਚ ਪੁਰੀ ਤਰਹਾਂ ਪੰਨੇ ਕਾਲੇ ਕਰ ਰਹਿਆ ਹੈ ਅਤੇ ਮਾਨਧਾਤਾ ਦੀ ਮੌਤ ਬਾਦ ਦਿਲੀਪ ਨੂੰ ਦਿੱਲੀ ਦਾ ਰਾਜਾ ਲਿਖ ਦੇਂਦਾ ਹੈ। ਬਚਿੱਤਰ ਨਾਟਕ ਦੀ ਲਿਖਤ ਪਾਠਕਾਂ ਲਈ ਸਾਮ੍ਹਣੇ ਰਖ ਦੇਵਾਂ:--

ਚੌਪਈ ॥
ਜਬ ਨ੍ਰਿਪ ਹਨਾ ਮਾਨਧਾਤਾ ਬਰ ਸ਼ਿਵ ਤ੍ਰਿਸੂਲ ਕਰ ਧਰਿ ਲਵਨਾਸੁਰ
ਭਯੋ ਦਲੀਪ ਜਗਤ ਕੋ ਰਾਜਾ ਭਾਂਤ ਭਾਂਤ ਜਿਹ ਰਾਜ ਬਿਰਾਜਾ ॥੧੨੧॥

ਲਾਹਨਤ ਹੈ ਉਨ੍ਹਾਂ ਲੋਕਾਂ ਉਤੇ ਜੋ ਇਸ ਗਲਤ ਗੱਲਾਂ ਦੀ ਭਰੀ ਕਿਤਾਬ ਨੂੰ ਗੁਰੂ ਸਾਹਿਬ ਦੇ ਨਾਮ ਨਾਲ ਜੋੜ੍ਹਦੇ ਹਨ। ਮਾਨਧਾਤਾ ਦੇ ਬਾਦ ਅੰਬਰੀਸ਼ ਰਾਜਾ ਬਣਿਆ ਸੀ, ਨਾ ਕਿ ਦਿਲੀਪ। ਬਚਿੱਤਰ ਨਾਟਕ ਦਾ ਗੱਪੌੜੀ, ਰਾਜੇ ਦਿਲੀਪ ਨੂੰ ਦਿੱਲੀ ਦਾ ਰਾਜਾ ਲਿਖ ਰਹਿਆ ਹੈ “ਰਣ ਮੋ ਜਨ ਮਾਨ ਮਹੀਪ ਹਏ ॥ ਤਬ ਆਨ ਦਿਲੀਪ ਦਿਲੀਸ ਭਏ ॥----੧੨੦॥”, ਜਦ ਕਿ ਉਹ ਅਯੋਧਿਆ ਦਾ ਰਾਜਾ ਸੀ, ਉਹ ਮੁਰਖ ਹਨ ਜੋ ਇਸ ਬੇਤੁਕੀ ਅਤੇ ਬੇ ਸਿਰ-ਪੈਰ ਦੀਆਂ ਗੱਲਾਂ ਨੂੰ ਹਿੰਦੂ ਧਰਮ ਗ੍ਰੰਥਾਂ ਦਾ ਅਨੁਵਾਦ ਕਹਿ ਰਹੇ ਹਨ।

ਰਾਜੇ ਦਿਲੀਪ ਦੇ ਬਾਅਦ ਬਚਿੱਤਰ ਨਾਟਕ ਦਾ ਲਿਖਾਰੀ ਰਾਜੇ ਰਘੂ ਦੇ ਬਾਰੇ ਲਿਖਦਾ ਹੈ। ਪਾਠਕਾਂ ਦੀ ਜਾਣਕਾਰੀ ਵਾਸਤੇ ਇਹ ਦੁਹਰਾ ਦੇਵਾਂ ਕਿ ਇਹ ਰਾਜਾ ਰਘੂ ਹੀ ਸੀ, ਜਿਸ ਦੇ ਕਰਕੇ ਰਾਜੇ ਰਾਮ ਨੂੰ ਰਘੂਵੰਸ਼ੀ ਰਾਜਾ ਕਹਿਆ ਗਿਆ ਹੈ। ਬਚਿੱਤਰ ਨਾਟਕ ਦੀ ਇਕ ਹੋਰ ਕਵਿਤਾ ਗਿਆਨ ਪ੍ਰਬੋਧ ਵਿੱਚ ਬਚਿੱਤਰ ਨਾਟਕ ਦਾ ਲਿਖਾਰੀ ਰਾਮ ਨੂੰ ਚੰਦ੍ਰਵੰਸ਼ੀ ਯਦੁ ਦੇ ਕੁਲ ਵਿੱਚ ਹੋਇਆ ਲਿਖ ਕੇ, ਗਿਆਨ ਪ੍ਰਬੋਧ ਨੂੰ ਅਗਿਆਨ ਪ੍ਰਬੋਧ ਬਣਾ ਰਹਿਆ ਹੈ। ਰਘੂ ਦੀ ਸਿਫਤ ਕਰਦਿਆਂ ਬਚਿੱਤਰ ਨਾਟਕ ਦਾ ਲਿਖਾਰੀ ਕਾਲ ਦੋਸ਼ ਦੀ ਵੀ ਸਿਰਜਣਾ ਕਰ ਜਾਂਦਾ ਹੈ, ਜਦ ਉਹ ਹੇਠਾਂ ਦੀਤੀਆਂ ਪੰਕਤੀਆਂ ਲਿਖਦਾ ਹੈ:-

ਸੰਨਿਆਸਨ ਦੱਤ ਰੂਪ ਕਰਿ ਜਾਨਯੋ ਜੋਗਨ ਗੁਰ ਗੋਰਖ ਕਰਿ ਮਾਨਯੋ
ਰਾਮਾਨੰਦ ਬੈਰਾਗਨ ਜਾਨਾ ਮਹਾ ਦੀਨ ਤੁਰਕਨ ਪਹਚਾਨਾ ॥੧੪੦॥

ਇਨ੍ਹਾਂ ਪੰਕਤੀਆਂ ਦਾ ਭਾਵ ਹੈ ਰਘੂ ਨੂੰ ਸੰਨਿਆਸੀਆਂ ਨੇ ਦੱਤ ਦਾ ਰੂਪ ਕਰ ਜਾਣਿਆ, ਜੋਗੀਆਂ ਨੇ ਗੋਰਖ ਦਾ ਰੂਪ ਕਰ ਕੇ ਜਾਣਿਆ, ਬੈਰਾਗੀਆਂ ਨੇ ਰਾਮਾਨੰਦ ਦਾ ਰੂਪ ਕਰ ਜਾਣਿਆ ਅਤੇ ਤੁਰਕਾਂ ਯਾਨਿ ਮੁਸਲਮਾਨਾਂ ਨੇ ਮਹਾਦੀਨ ਯਾਨਿ ਪੈਗੰਬਰ ਮੁਹੰਮਦ ਕਰ ਜਾਣਿਆ।

ਰਾਮਚੰਦ੍ਰ ਕਦ ਹੋਏ ਨੇ ਇਸ ਬਾਰੇ ਸਹੀ ਢੰਗ ਨਾਲ ਕੁਛ ਨਹੀਂ ਕਹਿਆ ਜਾ ਸਕਦਾ, ਅਨੁਮਾਨ ੫,੦੦੦ ਤੂੰ ੨੫,੦੦੦ ਸਾਲ ਪਹਿਲਾਂ ਹੋਣ ਦਾ ਲਾਇਆ ਜਾਂਦਾ ਹੈ ਤੇ ਰਘੂ ਉਨ੍ਹਾਂ ਦਾ ਇਕ ਵਡੇਰਾ ਸੀ। ਪੈਗੰਬਰ ਮੁਹੰਮਦ ੬ਵੀਂ ਸਦੀ ਵਿੱਚ ਹੋਏ ਨੇ ਅਤੇ ਭਗਤ ਰਮਾਨੰਦ ੧੫ਵੀਂ ਸਦੀ ਦੇ ਆਸ-ਪਾਸ ਹੋਏ ਨੇ, ਹੁਣ ਇਨ੍ਹਾਂ ਦੇ ਹੋਣ ਤੋਂ ਪਹਿਲਾਂ ਹੀ ਲੋਕਾਂ ਨੇ ਰਾਜੇ ਰਘੂ ਵਿੱਚ ਇਨ੍ਹਾਂ ਦਾ ਅਕਸ ਵੇਖ ਲਿਆ, ਕਮਾਲ ਦੀ ਗੱਲ ਹੈ !!!

ਹੈਰਾਨੀ ਤਾਂ ਉਨ੍ਹਾਂ ਅਖੌਤੀ ਵਿਦਵਾਨਾਂ 'ਤੇ ਹੋਂਦੀ ਹੈ, ਜੋ ਇਸ ਗਲਤੀ ਨੂੰ ਵੀ ਹਿੰਦੂ ਧਰਮ ਗ੍ਰੰਥਾਂ ਦਾ ਅਨੁਵਾਦ ਦੱਸਦੇ ਨੇ। ਪਾਠਕ ਇਸ ਪੜਚੋਲ ਤੋਂ ਅੰਦਾਜਾ ਲਾ ਚੁਕੇ ਹੋਣੇ ਨੇ, ਕਿ ਇਹ ਹਿੰਦੂ ਧਰਮ ਗ੍ਰੰਥਾਂ ਦਾ ਅਨੁਵਾਦ ਨਹੀਂ ਹੈ ਅਤੇ ਨਾ ਹੀ ਇਹ ਕਿਸੇ ਜਾਣਕਾਰ ਤੇ ਪੜ੍ਹੇ-ਲਿਖੇ ਸ਼ਖਸ ਦੀ ਲਿਖਤ ਹੈ, ਇਸ ਨੂੰ ਗੁਰੂ ਸਾਹਿਬ ਨਾਲ ਜੋੜ੍ਹਨਾਂ ਉਨ੍ਹਾਂ ਦੀ ਪ੍ਰਤਿਸ਼ਠਾ ਨੂੰ ਘਟਾਉਣਾ ਹੈ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top