Share on Facebook

Main News Page

ਸਰਬੱਤ ਖਾਲਸਾ ਸਿੱਖਾਂ ਨੂੰ ਸੁਚੱਜੀ ਸੇਧ ਕਿਉਂ ਨਹੀਂ ਦੇ ਸਕਿਆ ?
-: ਮਹਿੰਦਰ ਸਿੰਘ ਚਚਰਾੜੀ
(ਸੰਪਾਦਕ ‘ਸਿੱਖ ਗਾਰਡੀਅਨ’) +91-98148-90308

10 ਨਵੰਬਰ ਨੂੰ ਲੱਖਾਂ ਸਿੱਖ ‘ਸਰਬੱਤ ਖਾਲਸਾ’ ਦੇ ਇਕੱਠ ਵਿਚ ਇਸ ਉਮੀਦ ਨਾਲ ਸ਼ਾਮਲ ਹੋਏ ਸਨ ਕਿ ‘ਗੁਰੂ ਗ੍ਰੰਥ ਤੇ ਗੁਰੂ ਪੰਥ’ ਉਪਰ ਹੋ ਰਹੇ ਹਮਲਿਆਂ ਖਿਲਾਫ ਕੋਈ ਠੋਸ ਪ੍ਰੋਗਰਾਮ ਦਿਤਾ ਜਾਵੇਗਾ, ਪਰ ਜਦੋਂ ਮਨਮਰਜ਼ੀ ਦੇ ‘ਜਥੇਦਾਰ’ ਚੁਣਕੇ ਤੇ ਰਵਾਇਤੀ ਕਿਸਮ ਦੇ ਮਤੇ ਪੜ੍ਹਕੇ ‘ਸਰਬੱਤ ਖਾਲਸਾ’ ਸਮਾਗਮ ਦਾ ਭੋਗ ਪਾ ਦਿਤਾ ਗਿਆ, ਤਾਂ ਉਹ ਨਿਰਾਸ਼ ਹੋ ਕੇ ਘਰਾਂ ਨੂੰ ਮੁੜ ਗਏ। ਦਰਅਸਲ ‘ਸਰਬੱਤ ਖਾਲਸਾ’ ਦੇ ਪ੍ਰਬੰਧਕਾਂ ਨੇ ਸਿਆਸਤ ਦੀ ਵਗਦੀ ਗੰਗਾ ਵਿਚ ਹੱਥ ਧੋਣ ਲਈ ਇਸਦਾ ਆਸਰਾ ਤਾਂ ਲੈ ਲਿਆ ਪਰ ‘ਸਰਬੱਤ ਖਾਲਸਾ’ ਵਾਲੀ ‘ਪੰਥਕਤਾ’ ਨੂੰ ਬਰਕਰਾਰ ਨਾ ਰੱਖ ਸਕੇ! ਹੁਣ ਹਾਲਾਤ ਇਹ ਹਨ ਕਿ ‘ਸਰਬੱਤ ਖਾਲਸਾ’ ਦੇ ਚੁਣੇ ਹੋਏ ‘ਜਥੇਦਾਰ’ ਜੇਲ੍ਹਾਂ ਵਿਚ ਹਨ ਤੇ ਪੰਥ ਦੇ ਦਬਾਅ ਹੇਠ ਘਰਾਂ ਵਿਚ ਲੁਕੇ ਬੈਠੇ ‘ਬਾਦਲਾਂ ਦੇ ਜਥੇਦਾਰ’ ਮੁੜ ਬੋਲਣ ਲੱਗ ਪਏ ਹਨ, ਜਿਸ ਨਾਲ ਆਮ ਸਿੱਖ ਦੁਖੀ ਤੇ ਦੁਬਿਧਾ ਦਾ ਸ਼ਿਕਾਰ ਹੈ। ਉਨ੍ਹਾਂ ਤੇ ਅਸਤੀਫਿਆਂ ਵਾਲਾ ਦਬਾਅ ਵੀ ਖਤਮ ਹੋ ਗਿਆ ਹੈ।

ਦਰਅਸਲ ਬਾਦਲ਼ਾਂ ਦੇ ਥਾਪੇ ‘ਜਥੇਦਾਰਾਂ’ ਦੀਆਂ ਆਪਹੁਦਰੀਆਂ ਤੋਂ ਦੁਖੀ ਸਿੱਖ, ਕੇਵਲ ‘ਜਥੇਦਾਰ’ ਬਦਲਣ ਨਾਲ ਸੰਤੁਸ਼ਟ ਹੋਣ ਵਾਲੇ ਨਹੀਂ ਹਨ, ਉਹ ਇਸ ਸਿਸਟਮ ਵਿਚਲੀਆਂ ਊਣਤਾਈਆਂ ਦੂਰ ਕਰਨ ਜਾਂ ਇਸਨੂੰ ਰੱਦ ਕਰਨ ਦੀ ਸੋਚ ਉਪਰ ਖੜ੍ਹੇ ਹਨ। ਹੁਣ ਸਿੱਖਾਂ ਨੂੰ ਇਹ ਅਹਿਸਾਸ ਬਾਖੂਬੀ ਹੋ ਗਿਆ ਹੈ ਕਿ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਚੱਲਿਆ ਆ ਰਿਹਾ ‘ਜਥੇਦਾਰ ਸਿਸਟਮ’ ਪੰਥ ਨੂੰ ਕੋਈ ਸੇਧ ਦੇਣ ਦੀ ਬਜਾਏ ਨੁਕਸਾਨ ਕਰ ਰਿਹਾ ਹੈ। ਅੰਗਰੇਜ਼ਾਂ ਨੇ ਸਿੱਖਾਂ ਨੂੰ ਧਾਰਮਕ ਪੱਖੋਂ ਗੁਲਾਮ ਬਣਾਉਣ ਲਈ ਇਸ ਸਿਸਟਮ ਦੀ ਘਾੜਤ ਘੜੀ ਸੀ, ਜਦਕਿ ਅਜੋਕੇ ਹਾਕਮ ਵੀ ਇਹੀ ਕਰ ਰਹੇ ਹਨ। ਅਕਾਲੀ ਫੂਲਾ ਸਿੰਘ ਦੇ ਦਬਦਬੇ ਨੂੰ ਦੇਖਕੇ ਅੰਗਰੇਜ਼ਾਂ ਨੇ ‘ਜਥੇਦਾਰ ਸਿਸਟਮ’ ਪੈਦਾ ਕੀਤਾ ਸੀ। ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਲਏ ਸਟੈਂਡ ਨੂੰ ਪੰਥ ਵੱਲੋਂ ਮਿਲੀ ਹਮਾਇਤ ਮਗਰੋਂ ਤਾਂ ਇਹ ਗੱਲ ਤਕਰੀਬਨ ਪੱਕੀ ਹੋ ਗਈ ਹੈ ਕਿ ‘ਜਥੇਦਾਰਾਂ’ ਦੀ ਥਾਂ ਪੰਜਾਂ ਪਿਆਰਿਆਂ ਵਾਲਾ ਸਿਸਟਮ ਅੱਗੇ ਲਿਆਂਦਾ ਜਾਵੇ! ਪਿਛਲੇ ਸਮੇਂ ਵਿਚ ਪੰਜਾਂ ਪਿਆਰਿਆਂ ਵਾਲਾ ਸਿਸਟਮ ‘ਪੰਥਕ ਕਮੇਟੀਆਂ’ ਦੇ ਰੂਪ ਵਿਚ ਪੰਥ ਦੀ ਅਗਵਾਈ ਕਰਦਾ ਵੀ ਰਿਹਾ ਹੈ, ਜਦਕਿ ‘ਜਥੇਦਾਰ ਸਿਸਟਮ’ ਪੰਥ ਦੇ ਪੰਚ ਪ੍ਰਧਾਨੀ ਤੇ ਸੰਗਤੀ ਸਿਸਟਮ ਦੀ ਉਲੰਘਣਾ ਕਰਦਾ ਹੈ।

ਸਰਬੱਤ ਖਾਲਸਾ ਦੇ ਪ੍ਰਬੰਧਕਾਂ ਵੱਲੋਂ ਕਾਹਲੀ ਵਿਚ ਸਟੇਜ ਤੇ ਹੀ ‘ਜਥੇਦਾਰ’ ਥਾਪਣ ਤੋਂ ਆਮ ਸਿੱਖਾਂ ਵਿਚ ਇਹ ਸੁਨੇਹਾ ਵੀ ਗਿਆ ਕਿ ਮੌਕਾ ਮਿਲਣ ਤੇ ਇਹ ਪ੍ਰਬੰਧਕ ਬਾਦਲਾਂ ਨਾਲੋਂ ਵੀ ਅਗਾਂਹ ਲੰਘ ਸਕਦੇ ਹਨ! ਇਸ ਨਾਲ ਪੰਥ ਦੀ ਚੜ੍ਹਦੀ ਕਲਾ ਚਾਹੁਣ ਵਾਲੇ ਸਿੱਖਾਂ ਦੇ ਦਿਲ ਟੁੱਟ ਗਏ ਤੇ ਉਹ ਨਿਰਾਸ਼ ਹੋ ਕੇ ਘਰਾਂ ਵਿਚ ਬੈਠ ਗਏ ਹਨ! ਅੱਜ ਭਾਰਤੀ ਸਿਆਸਤ ਨੇ ਸਿੱਖਾਂ ਤੇ ਏਨਾ ਗਲਬਾ ਪਾ ਲਿਆ ਹੈ ਕਿ ਉਹ ‘ਗੁਰੂ ਗ੍ਰੰਥ ਤੇ ਗੁਰੂ ਪੰਥ’ ਦੀ ਅਜ਼ਮਤ ਉਪਰ ਹੋਏ ਕੋਝੇ ਵਾਰ ਨੂੰ ਵੀ ਸਿਆਸੀ ਨਜ਼ਰੀਏ ਤੋਂ ਹੀ ਵਾਚਣ ਲੱਗ ਪਏ ਹਨ। ਇਹ ਸੱਚੀ-ਸੁੱਚੀ ਸਿੱਖੀ ਤੇ ਝੂਠ ਤੇ ਪਾਖੰਡ ਦਾ ਗਲਬਾ ਪਾਉਣ ਵਾਲੀ ਗੱਲ ਹੈ। ਪਰ ਅਫਸੋਸ ਇਸ ਗੱਲ ਦਾ ਹੈ ਕਿ ਸ਼ਹੀਦ ਸੰਤ ਜਰਨੈਲ਼ ਸਿੰਘ ਭਿੰਡਰਾਂਵਾਲਿਆਂ ਦੇ ਵਾਰਸ ਕਹਾਉਣ ਵਾਲੇ ਵੀ ਹੁਣ ਇਸ ‘ਝੂਠੀ ਸਿਆਸਤ’ ਦੇ ਪਾਂਧੀ ਬਣਦੇ ਜਾ ਰਹੇ ਹਨ, ਜਦਕਿ ਖੁਦ ਸੰਤ ਜੀ ‘ਧਰਮੀ ਸਿਆਸਤ’ ਦੇ ਹਾਮੀ ਸਨ। ਇਸ ਵਿਚ ਕਿਸੇ ਨੂੰ ਵੀ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਤਕਰੀਬਨ 150 ਸਾਲਾਂ ਤੋਂ ਸਿੱਖਾਂ ਉਪਰ ਥੋਪੇ ਅੰਗਰੇਜ਼ੀ/ਭਾਰਤੀ ਰਾਜਪ੍ਰਬੰਧ ਨੂੰ ਸਫਲਤਾ ਨਾਲ ਵੰਗਾਰਿਆ ਸੀ, ਜਿਸ ਨਾਲ ਭਾਰਤ ਦੇ ਨਾਲ ਇੰਗਲੈਂਡ ਦੀ ਸਰਕਾਰ ਵੀ ਹਿੱਲ ਗਈ ਸੀ।

ਇਹ ਵੀ ਸਾਰੇ ਜਾਣਦੇ ਹਨ ਕਿ ਸ਼੍ਰੋਮਣੀ ਕਮੇਟੀ, ਜਥੇਦਾਰ ਤੇ ਸੰਤਵਾਦ ਅੰਗਰੇਜ਼ਾਂ ਦੀ ਦੇਣ ਹੈ, ਜਿਸ ਪਿਛੇ ਉਨ੍ਹਾਂ ਦੀ ਮਨਸ਼ਾ ਸਿੱਖਾਂ ਨੂੰ ਪੰਜਾਂ ਪਿਆਰਿਆਂ ਵਾਲੇ ਸੰਗਤੀ ਸਿਸਟਮ ਨਾਲੋਂ ਤੋੜਨਾ ਸੀ। ਅੰਗਰੇਜ਼ਾਂ ਦਾ ਬਣਾਇਆ ਇਹ ਸਾਰਾ ਸਿਸਟਮ ਵੋਟਾਂ ਤੇ ਵੀ.ਆਈ.ਪੀ. ਕਲਚਰ ਤੇ ਅਧਾਰਤ ਹੈ, ਜੋ ਦਸਵੇਂ ਪਾਤਸ਼ਾਹ ਦੇ ਸੰਗਤ ਜਾਂ ਪੰਥ ਨੂੰ ‘ਪਾਤਸ਼ਾਹੀ’ ਦੇਣ ਦੇ ਸਿਧਾਂਤ ਦੇ ਉਲਟ ਹੈ। ਅੰਗਰੇਜ਼ਾਂ ਦਾ ਬਣਾਇਆ ਇਹ ਸਾਰਾ ਸਿਸਟਮ ਅੱਜ ਸਿੱਖੀ ਨੂੰ ਹੜੱਪਣ ਲਈ ਬਾਦਲਾਂ ਦੀ ਕਮਾਂਡ ਹੇਠ ਕੰਮ ਕਰ ਰਿਹਾ ਹੈ। ਜੇਕਰ ‘ਸਰਬੱਤ ਖਾਲਸਾ’ ਦੇ ਪ੍ਰਬੰਧਕ ਦਸਵੇਂ ਪਾਤਸ਼ਾਹ ਦੇ ਸੰਗਤੀ ਸਿਧਾਂਤ ਨੂੰ ਸਰਬਉੱਚ ਰੱਖਦੇ, ਤਾਂ ਉੁਨ੍ਹਾਂ ਪੰਜਾਂ ਪਿਆਰਿਆਂ ਦੀ ਹੀ ਹਮਾਇਤ ਕਰ ਦਿੰਦੇ, ਜਿਨ੍ਹਾਂ ਨੇ ਪੰਥ ਨਾਲ ਧਰੋਹ ਕਮਾਉਣ ਵਾਲੇ ‘ਜਥੇਦਾਰਾਂ’ ਨੂੰ ਤਲਬ ਕੀਤਾ ਸੀ! ਪਰ ਪ੍ਰਬੰਧਕਾਂ ਨੇ ‘ਸਰਬੱਤ ਖਾਲਸਾ’ ਦਾ ਨਾਂ ਵਰਤਕੇ ਸਿਆਸਤ ਵਿਚ ਅੱਗੇ ਆਉਣ ਦੀ ਕਾਹਲ ਵਿਚ ‘ਆਪਣੇ ਜਥੇਦਾਰ’ ਥਾਪਕੇ ਹੀ ਸਾਹ ਲਿਆ, ਜਿਸਦਾ ਸਿੱਟਾ ਇਹ ਹੋਇਆ ਕਿ 23 ਨਵੰਬਰ ਨੂੰ ਧਿਆਨ ਸਿੰਘ ਮੰਡ ਦੇ ‘ਪੰਜਾਬ ਬੰਦ’ ਵੱਲ ਕਿਸੇ ਨੇ ਕੋਈ ਧਿਆਨ ਹੀ ਨਾ ਦਿਤਾ!

ਸਿੱਖਾਂ ਨੂੰ ਅੱਜ ਆਪਣਾ ਧਰਮ ਬਚਾਉਣ ਦੀ ਲੋੜ ਹੈ, ਜਿਸਨੂੰ ਖਤਮ ਕਰਨ ਲਈ ਭਾਰਤ ਦਾ ਸਮੁੱਚਾ ਸਿਸਟਮ ਬਾਦਲਾਂ ਦੀ ਕਮਾਂਡ ਹੇਠ ਸ਼੍ਰੋਮਣੀ ਕਮੇਟੀ, ਜਥੇਦਾਰਾਂ ਤੇ ਸੰਤ ਸਮਾਜ ਰਾਹੀਂ ਕੰਮ ਕਰ ਰਿਹਾ ਹੈ, ਪਰ ਸਿਆਸਤ ਵਿਚ ਗਲਤਾਨ ਹੋਏ ਸਿੱਖ, ਧਰਮ ਨੂੰ ਬਚਾਉਣ ਦੀ ਬਜਾਏ ਬਚਗਾਨਾ ਜਿਹੀਆਂ ਸਿਆਸੀ ਖੇਡਾਂ ਖੇਡ ਰਹੇ ਹਨਜਿਥੇ ਉਹ ਇਕ ਪਾਸੇ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਨਾਂ ਵੀ ਲਈ ਜਾ ਰਹੇ ਹਨ, ਪਰ ਨਾਲ ਹੀ ਸਿੱਖ ਵਿਰੋਧੀ ਭਾਰਤੀ ਸਿਆਸਤ ਅੱਗੇ ਨਤਮਸਤਕ ਵੀ ਹੋਈ ਜਾ ਰਹੇ ਹਨ। 10 ਨਵੰਬਰ ਦੇ ‘ਸਰੱਬਤ ਖਾਲਸਾ’ ਨੇ ਇਹ ਸ਼ੀਸ਼ਾ ਸਾਨੂੰ ਵਿਖਾ ਦਿਤਾ ਹੈ, ਜਿਸ ਵਿਚ ਸਾਰਿਆਂ ਨੂੰ ਝਾਤ ਮਾਰਕੇ ਆਪਾ ਚੀਨਣ ਦੀ ਲੋੜ ਹੈ। ਅੱਜ ਧਰਮੀ ਸਿੱਖਾਂ ਤੇ ਪੰਥਕ ਵਿਦਵਾਨਾਂ ਨੂੰ ਪੰਥ ਨੂੰ ਸੁਚੱਜੀ ਸੇਧ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top