Share on Facebook

Main News Page

ਇਹ ਵੀ ਇੱਕ ਸ਼ਤਰੰਜੀ ਚਾਲ ਹੈ, ਸਿੱਖਾਂ 'ਚ ਆਪਣੀ ਬੱਲੇ ਬੱਲੇ ਫਿਰ ਤੋਂ ਕਰਵਾਉਣ ਦੀ... ਸੰਭਲ ਕੇ ਸਿੱਖੋ !!! -: ਸੰਪਾਦਕ ਖ਼ਾਲਸਾ ਨਿਊਜ਼

ਅੰਮਿ੍ਤਸਰ, 24 ਦਸੰਬਰ (ਚਰਨਜੀਤ ਸਿੰਘ): ਸਿੱਖ ਵੋਟ ਬੈਂਕ ਨੂੰ ਅਪਣੇ ਨਾਲ ਜੋੜੀ ਰੱਖਣ ਲਈ ਅਕਾਲੀ ਦਲ ਨੇ ਹੁਣ ਸਿੱਖ ਪੱਤਾ ਖੇਡਣ ਲਈ ਪੂਰੀ ਤਿਆਰੀ ਕਰ ਲਈ ਹੈ । ਪੰਜਾਬ ਵਿਚ ਪਿਛਲੇ ਕੁਝ ਸਮੇਂ ਤੋਂ ਵਾਪਰੀਆਂ ਘਟਨਾਵਾਂ ਤੋਂ ਬਾਅਦ ਰਾਜ ਦੇ ਸਿੱਖ ਅਕਾਲੀ ਦਲ ਤੋਂ ਦੂਰੀ ਬਣਾ ਕੇ ਚਲ ਰਹੇ ਸਨ ਜਿਸ ਮਗਰੋਂ ਅਕਾਲੀ ਦਲ ਦੇ ਪ੍ਰਧਾਨ ਤੇ ਸੂਬੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਿੱਖ ਵੋਟਰਾਂ ਨੂੰ ਮੁੜ ਅਕਾਲੀ ਦਲ ਨਾਲ ਜੋੜਨ ਲਈ ਸਰਗਰਮ ਹਨ।

ਅਕਾਲੀ ਦਲ ਨੇ ਅਪਣੇ 'ਵਿਜ਼ਨ 2017' ਦੇ ਪੱਤੇ ਖੋਲ੍ਹਣੇ ਸ਼ੁਰੂ ਕਰ ਦਿਤੇ ਹਨ ਜਿਸ ਦੀ ਕੜੀ ਵਿਚ ਮੂਲ ਨਾਨਕਸ਼ਾਹੀ ਕੈਲੰਡਰ ਤੇ ਬਿਕ੍ਰਮੀ ਕੈਲੰਡਰ ਨਾਲ ਰਲਦਾ-ਮਿਲਦਾ ਕੋਈ ਕੈਲੰਡਰ ਲਿਆਉਣ ਦੀਆਂ ਤਿਆਰੀਆਂ ਜ਼ੋਰ-ਸ਼ੋਰ ਨਾਲ ਜਾਰੀ ਹਨ । ਇਸ ਪ੍ਰਸਤਾਵਤ ਕੈਲੰਡਰ ਲਈ ਸੰਤ ਸਮਾਜ ਨੂੰ ਵੀ ਸਮਝਾ ਦਿਤਾ ਗਿਆ ਹੈ ਕਿ ਇਹ ਕੌੜਾ ਅੱਕ ਚਬਣਾ ਹੀ ਪੈਣਾ ਹੈ।

ਪਿਛਲੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਦੀਆਂ ਨਿਰੰਤਰ ਵਾਪਰੀਆਂ ਘਟਨਾਵਾਂ ਤੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ ਕੀਤੇ ਜਾਣ ਬਾਅਦ ਹਾਸ਼ੀਏ 'ਤੇ ਪੁਜਿਆ ਅਕਾਲੀ ਦਲ ਹੁਣ ਤਕ ਖੇਡੇ ਗਏ ਸਿਆਸੀ ਪੱਤਿਆਂ ਵਿਚ ਇਕ ਹੋਰ ਕਦਮ ਅੱਗੇ ਵਧਦਿਆਂ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦਾ ਭੁਲੇਖਾ ਪਾਣ ਦੀ ਤਿਆਰੀ ਕਰ ਰਿਹਾ ਹੈ। ਸਾਲ 2003 ਵਿਚ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਜਾਰੀ ਕੀਤੇ ਮੂਲ ਰੂਪ ਨਾਨਕਸ਼ਾਹੀ ਕੈਲੰਡਰ ਨੂੰ ਹੀ ਲਾਗੂ ਕੀਤੇ ਜਾਣ ਦਾ ਭੁਲੇਖਾ ਪਾਉਣ ਦੀ ਤਿਆਰੀ ਚੱਲ ਰਹੀ ਹੈ।

ਇਸ ਮਕਸਦ ਦੀ ਪੂਰਤੀ ਲਈ ਸੁਖਬੀਰ ਸਿੰਘ ਬਾਦਲ ਦੇ ਓ. ਐਸ. ਡੀ. ਅਵਤਾਰ ਸਿੰਘ ਦੀ ਅਗਵਾਈ ਹੇਠ ਦੂਸਰੀ ਮੀਟਿੰਗ ਇਥੇ ਅੰਮਿ੍ਤਸਰ ਵਿਚ ਹੋ ਚੁਕੀ ਹੈ। ਕੈਲੰਡਰ ਨਾਲ ਸਬੰਧਤ ਮੀਟਿੰਗਾਂ ਤੋਂ ਵਿਵਾਦਤ ਜਥੇਦਾਰਾਂ ਨੂੰ ਪੂਰੀ ਤਰ੍ਹਾਂ ਦੂਰ ਰਖਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਅਵਤਾਰ ਸਿੰਘ ਦੀ ਅਗਵਾਈ ਵਾਲੀ ਇਸ ਹੋਈ ਮੀਟਿੰਗ ਵਿਚ ਆਨੰਦਪੁਰ ਸਾਹਿਬ ਤੋਂ ਸਾਲ 2011 ਦੀ ਚੋਣ ਮੌਕੇ ਚੁਣੇ ਗਏ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ, ਸ਼੍ਰੋਮਣੀ ਕਮੇਟੀ ਸਕੱਤਰ ਰੂਪ ਸਿੰਘ, ਵਧੀਕ ਸਕੱਤਰ ਬਲਵਿੰਦਰ ਸਿੰਘ ਜੌੜਾ ਸਿੰਘਾ ਤੇ ਮੀਤ ਸਕੱਤਰ ਸਿਮਰਜੀਤ ਸਿੰਘ ਸ਼ਾਮਲ ਹੋਏ। ਇਕ ਮੀਟਿੰਗ ਬੀਤੇ ਹਫ਼ਤੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਹੋਈ ਸੀ, ਪਰ ਗੁਪਤ ਰੱਖਣ ਦੀ ਨੀਅਤ ਨਾਲ ਇਹ ਇਕੱਤਰਤਾ ਸ਼੍ਰੋਮਣੀ ਕਮੇਟੀ ਦਫ਼ਤਰ ਦੀ ਬਜਾਏ ਕਿਸੇ ਹੋਰ ਸਥਾਨ 'ਤੇ ਕੀਤੀ ਗਈ। ਇਨ੍ਹਾਂ ਮੀਟਿੰਗਾਂ ਵਿਚ ਅਮਰਜੀਤ ਸਿੰਘ ਚਾਵਲਾ ਦੀ ਸ਼ਮੂਲ਼ੀਅਤ ਨੂੰ ਬਾਦਲ ਪਰਵਾਰ ਦੇ ਮਾਨਤਾ ਪ੍ਰਾਪਤ ਸੰਤ ਸਮਾਜ ਦੇ ਨੁਮਇੰਦੇ ਵਜੋਂ ਵੇਖੀ ਜਾ ਰਹੀ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦਿਤੇ ਜਾਣ ਦੇ ਮਾਮਲੇ 'ਤੇ ਜਥੇਦਾਰਾਂ ਦਾ ਵਿਰੋਧ ਕਰ ਚੁਕੇ ਸੰਤ ਸਮਾਜ ਦੀ ਹੋਰ ਕਿਸੇ ਨਾਰਾਜ਼ਗੀ ਤੋਂ ਬਚਣ ਲਈ ਚਾਵਲਾ ਨੂੰ ਕਮੇਟੀ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਵੱਖ-ਵੱਖ ਪ੍ਰਕਾਸ਼ਕਾਂ ਦੁਆਰਾ ਛਾਪੀਆਂ ਗਈਆਂ ਸਲਾਨਾ ਡਾਇਰੀਆਂ ਤੇ ਜੰਤਰੀਆਂ ਵਿਚ ਸਿੱਖ ਗੁਰੂ ਸਾਹਿਬਾਨ ਤੇ ਸਿੱਖ ਇਤਿਹਾਸ ਨਾਲ ਜੁੜੇ ਦਿਨਾਂ ਦਾ ਵੇਰਵਾ, ਨਾਨਕਸ਼ਾਹੀ ਤੇ ਬਿਕ੍ਰਮੀ ਕੈਲੰਡਰ ਅਨੁਸਾਰ ਪਹਿਲਾਂ ਹੀ ਵੱਖ-ਵੱਖ ਵਰਣਤ ਕਰ ਦਿਤਾ ਗਿਆ ਹੈ। ਇਸ ਸੰਬਧੀ ਕਮੇਟੀ ਦੇ ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਇਸ ਵਾਰ ਸ਼੍ਰੋਮਣੀ ਕਮੇਟੀ ਵਲੋਂ ਤਿਆਰ ਕੀਤਾ ਜਾ ਰਿਹਾ ਕੈਲੰਡਰ ਨਾਨਕਸ਼ਾਹੀ ਜ਼ਿਆਦਾ ਤੇ ਬਿਕ੍ਰਮੀ ਘੱਟ ਹੋਵੇਗਾ ਕਿਉਂਕਿ ਕੈਲੰਡਰ ਮਾਮਲੇ 'ਤੇ ਹੁਣ ਅਕਾਲੀ ਦਲ ਤੇ ਸ਼ੋ੍ਰਮਣੀ ਕਮੇਟੀ ਜੋਖਮ ਉਠਾਉਣ ਲਈ ਤਿਆਰ ਨਹੀਂ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top