Share on Facebook

Main News Page

ਗੁਰੂ ਗ੍ਰੰਥ ਸਾਹਿਬ ਬਨਾਮ ਸਿੱਖ ਰਹਿਤ ਮਰਿਯਾਦਾ
-: ਅਵਤਾਰ ਸਿੰਘ ਮਿਸ਼ਨਰੀ

ਜਾਹਰ ਪੀਰ ਜਗਤ ਗੁਰੂ ਬਾਬਾ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਸਿੱਖ ਮਿਸਲਾਂ ਤੱਕ ਸਿੱਖ ਕਿਹੜੀ ਮਰਿਯਾਦਾ ਦਾ ਪਾਲਨ ਕਰਦੇ ਸਨ? ਜੇ ਸਿੱਖਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਤੋਂ ਉਂਪਰ ਕੋਈ ਮਰਿਯਾਦਾ ਹੁੰਦੀ ਤਾਂ ਗੁਰੂ ਸਾਹਿਬ ਆਪ ਲਿਖ ਕੇ ਦੇ ਜਾਂਦੇ। ਗੁਰੂ ਕਾਲ ਤੋਂ ਲੈ ਕੇ ਸਿੱਖ ਮਿਸਲਾਂ ਤੱਕ ਗੁਰੂਆਂ-ਭਗਤਾਂ ਦੀ ਬਾਣੀ ਹੀ ਗੁਰੂਸਿੱਖਾਂ ਲਈ ਮਰਿਯਾਦਾ ਅਤੇ ਅਰਦਾਸ ਪ੍ਰਾਰਥਨਾਂ ਸੀ। ਅਜੋਕੀ ਸਿੱਖ ਰਹਿਤ ਮਰਿਯਾਦਾ ਤਾਂ 1932 ਵਿੱਚ ਬਣੀ ਸੀ ਜਿਸ ਵਿੱਚ ਕਈ ਡੇਰੇ ਅਤੇ ਸੰਪ੍ਰਦਾਵਾਂ ਵੀ ਸ਼ਾਮਲ ਸਨ, ਜਿਸ ਕਰਕੇ ਇਸ ਵਿੱਚ ਕੁਝ ਕਰਮਕਾਂਡ ਅਤੇ ਅਖੌਤੀ ਦਸਮ ਗ੍ਰੰਥ ਦੀਆਂ ਰਚਨਾਵਾਂ ਵੀ ਸ਼ਾਮਲ ਕਰ ਲਈਆਂ ਗਈਆਂ।

ਯਾਦ ਰਹੇ ਕਿ ਸਿੱਖਾਂ ਦਾ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਹੈ, ਇਸ ਲਈ ਸਿੱਖ ਨੇ ਜੋ ਵੀ ਰਹਿਣੀ ਬਹਿਣੀ ਦਾ ਸਵਿਧਾਨ ਤਿਆਰ ਕਰਨਾ ਹੈ, ਉਹ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਅਨੁਸਾਰ ਹੀ ਹੋਵੇ। ਗੁਰੂ ਗ੍ਰੰਥ ਸਾਹਿਬ ਇਕੱਲੇ ਸਿੱਖਾਂ ਦੇ ਹੀ ਨਹੀਂ, ਸਗੋਂ ਸਮੁੱਚੇ ਸੰਸਾਰ ਦੇ ਰਹਿਨੁਮਾਂ ਹਨ। ਗੁਰੂ ਨੇ ਸਿੱਖ-ਪੰਥ (ਖਾਲਸਾ-ਪੰਥ) ਦੀ ਸਾਜਨਾ ਕੀਤੀ ਸੀ ਨਾਂ ਕਿ ਵੱਖ-ਵੱਖ ਡੇਰੇ ਅਤੇ ਸੰਪ੍ਰਦਾਵਾਂ ਚਲਾਈਆਂ ਸਨ। ਇਸ ਲਈ ਸਿੱਖਾਂ ਦਾ ਗੁਰੂ-ਪੰਥ ਇੱਕ, ਨਿਸ਼ਾਨ ਅਤੇ ਵਿਧਾਨ ਵੀ ਇੱਕ ਹੈ। ਅੱਜ ਪੰਥ ਦੀ ਅਧੋਗਤੀ ਹੀ ਸਮਝੀ ਜਾਣੀ ਚਾਹੀਦੀ ਹੈ ਕਿ ਇਸ ਵਿੱਚ ਵੱਖ-ਵੱਖ ਸੰਪ੍ਰਦਾਵਾਂ ਅਤੇ ਡੇਰੇ ਪੈਦਾ ਹੋ ਗਏ ਅਤੇ ਹੋ ਰਹੇ ਹਨ। ਉਨ੍ਹਾਂ ਨੇ ਆਪੋ-ਆਪਣੇ ਵਿਧੀ ਵਿਧਾਨ ਵੀ ਬਣਾਏ ਹੋਏ ਹਨ। ਸੰਨ 1932 ਵੇਲੇ ਜਦ ਗੁਰੂ-ਪੰਥ ਇਕੱਠਾ ਹੋ ਕੇ, ਇੱਕ ਮਰਿਯਾਦਾ ਤਿਆਰ ਕਰ ਰਿਹਾ ਸੀ, ਉਸ ਵੇਲੇ ਵੀ ਇਹ ਡੇਰੇਦਾਰ ਅਤੇ ਸੰਪ੍ਰਦਾਈ ਹਾਵੀ ਸਨ। ਇਸ ਕਰਕੇ ਅੱਜ ਜੇ ਸਿੱਖ ਰਹਿਤ ਮਰਿਯਾਦਾ ਵਿੱਚ ਕੁਝ ਗੁਰੂਮਤਿ ਦੇ ਉਲਟ ਦਿੱਸ ਰਿਹਾ ਹੈ ਤਾਂ ਇਨ੍ਹਾਂ ਭੱਦਰਪੁਰਸ਼ਾਂ ਦੀ ਹੀ ਦੇਣ ਹੈ। ਜਿਵੇਂ ਇਨ੍ਹਾਂ ਨਾਨਕਸ਼ਾਹੀ ਕੈਲੰਡਰ ਵਿੱਚ ਸਿੱਧਾ ਦਖਲ ਦੇ ਕੇ ਕੀਤਾ ਹੈ ਓਵੇਂ ਹੀ 1932 ਵਿੱਚ ਸਿੱਖ ਰਹਿਤ ਮਰਿਯਾਦਾ ਨਾਲ ਕੀਤਾ ਸੀ।

ਅੱਜ ਇਲੈਕਟ੍ਰੌਣਕ ਮੀਡੀਏ ਕਰਕੇ, ਗੁਰੂ-ਪੰਥ ਕੁਝ ਜਾਗ੍ਰਿਤ ਹੋਇਆ ਹੈ, ਸਿੱਖ ਆਪ ਗੁਰੂਬਾਣੀ ਅਤੇ ਇਤਿਹਾਸ ਪੜ੍ਹਨ ਸੁਣਨ ਅਤੇ ਵਿਚਾਰਨ ਲੱਗ ਪਏ ਹਨ। ਇਸ ਲਈ ਹੁਣ ਇਕੱਠੇ ਹੋ ਕੇ, ਸਿੱਖ ਰਹਿਤ ਮਰਿਯਾਦਾ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਲਾ ਕੇ ਸੋਧ ਕਰ ਲੈਣੀ ਚਾਹੀਦੀ ਹੈ। ਸਮੇਂ ਅਨੁਸਾਰ ਜੋ ਸੰਸਾਰ ਵਿੱਚ ਸਾਰਥਕ ਬਦਲਾਵ ਆਉਂਦੇ ਹਨ ਉਨ੍ਹਾਂ ਮੁਤਾਬਕ ਰਹਿਣ-ਸਹਿਣ ਵੀ ਬਦਲਦਾ ਹੈ ਅਤੇ ਮਰਿਯਾਦਾ ਵੀ ਉਹ ਹੀ ਹੋਣੀ ਚਾਹੀਦੀ ਹੈ ਜੋ ਸਮੁੱਚੇ ਸੰਸਾਰ ਵਿੱਚ ਅਪਣਾਈ ਜਾ ਸੱਕੇ। ਉਹ ਕੇਵਲ ਤੇ ਕੇਵਲ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਬਕਾਲੀ ਸਿਧਾਂਤਾਂ ਅਨੁਸਾਰ ਹੀ ਹੋਵੇ ਹੈ ਨਾਂ ਕਿ ਡੇਰੇਦਾਰ ਸਾਧਾਂ ਸੰਪ੍ਰਦਾਈਆਂ ਜਾਂ ਕਿਸੇ ਵਿਸ਼ੇਸ਼ ਜਥੇਬੰਦੀ ਗਿਆਨੀ, ਬ੍ਰਹਮ ਗਿਆਨੀ ਜਾਂ ਸੰਤ ਅਨੁਸਾਰ।

ਗੁਰੂ ਗ੍ਰੰਥ ਸਾਹਿਬ ਜੀ ਨੂੰ ਮੁਖੀ ਮੰਨਣ ਨਾਲ ਸਿੱਖਾਂ ਵਿੱਚ ਏਕਤਾ ਪੈਦਾ ਹੁੰਦੀ ਹੈ, ਪਰ ਅੱਜ ਤਾਂ ਹੋਰ ਹੀ ਭਾਣੇ ਵਰਤਾਏ ਜਾ ਰਹੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਨਾਲ ਹੋਰ ਕਈ ਗ੍ਰੰਥ ਬਰਾਬਰ ਪ੍ਰਕਾਸ਼ ਕੀਤੇ ਜਾ ਰਹੇ ਹਨ। ਸਿੱਖਾਂ ਨੂੰ ਭੰਬਲਭੂਸੇ ਵਿੱਚ ਪਾਇਆ ਜਾ ਰਿਹਾ ਹੈ। ਆਪੋ ਆਪਣੇ ਕੈਲੰਡਰ ਅਤੇ ਮਰਿਯਾਦਾਵਾਂ ਬਣਾਈਆਂ ਜਾ ਰਹੀਆਂ ਹਨ। ਸਿੱਖ ਕਦੋਂ ਸੋਚਣਗੇ ਕਿ ਗੁਰੂ ਗ੍ਰੰਥ ਸਾਹਿਬ ਪੂਰਾ ਗੁਰੂ ਹੈ, ਅਧੂਰਾ ਨਹੀਂ, ਜੇ ਅਧੂਰੇ ਹਾਂ ਤਾਂ ਅਸੀਂ ਹਾਂ ਜੋ ਗੁਰੂ ਗ੍ਰੰਥ ਸਾਹਿਬ ਤੇ ਪੂਰਨ ਵਿਸ਼ਵਾਸ਼ ਨਹੀਂ ਕਰਦੇ, ਟਪਲੇ ਖਾ ਕੇ, ਹੋਰ ਗ੍ਰੰਥਾਂ ਅਤੇ ਸੰਤਾਂ ਦੇ ਵੀ ਮੱਗਰ ਤੁਰੇ ਫਿਰਦੇ ਹਾਂ। ਆਓ ਭਲਿਓ ਦੁਬਿਧਾ ਦੂਰ ਕਰਕੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਦਿਲੋਂ ਲੜ ਲੱਗੀਏ ਅਤੇ ਜੋ ਵੀ ਵਿਧੀ ਵਿਧਾਨ ਮਰਿਯਾਦਾ ਬਣਾਈਏ ਉਹ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਤੇ ਪੂਰੀ ਹੋਵੇ ਨਾਂ ਕਿ ਕਿਸੇ ਡੇਰੇ ਸੰਪ੍ਰਦਾਈ ਸਾਧ ਦੀਆਂ ਮਿਥਿਹਾਸਕ ਸਾਖੀਆਂ ਜਾਂ ਭਾਂਤ ਸੁਭਾਂਤੇ ਵੱਖ-ਵੱਖ ਰਹਿਤਨਾਮਿਆਂ ਤੇ ਅਧਾਰਤ ਹੋਵੇ। ਗੁਰੂਮਤਿ ਵਿਰੋਧੀ ਸਰਕਾਰੀ ਤੇ ਪੁਜਾਰੀ ਲੋਕ “ਗੁਰੂ ਗ੍ਰੰਥ ਸਾਹਿਬ” ਵਿੱਚ ਤਾਂ ਰਲਾ ਕਰ ਨਹੀਂ ਸਕਦੇ ਕਿਉਂਕਿ ਗੁਰੂ ਸਾਹਿਬ ਦਾ ਲਿਖਣ ਢੰਗ ਹੀ ਨਿਰਾਲਾ ਤੇ ਵਿਆਕਰਣਕ ਹੈ। ਇਸ ਲਈ ਉਹ ਵੱਖ-ਵੱਖ ਸੰਪ੍ਰਦਾਵਾਂ, ਪ੍ਰੰਪਰਾਵਾਂ ਅਤੇ ਸੀਨਾ ਬਸੀਨੀ ਮਰਿਯਾਦਾ ਦਾ ਵਾਸਤਾ ਪਾਉਂਦੇ ਤੇ ਆਪੂੰ ਜਾਂ ਕਵੀਆਂ ਦੇ ਰਚੇ ਅਖੌਤੀ ਗ੍ਰੰਥ, ਵੱਖ-ਵੱਖ ਰਹਿਤਨਾਮਿਆਂ ਦਾ ਜੋਰ ਜਬਰੀ ਨਾਲ ਧੂੰਆਂਧਾਰ ਪ੍ਰਚਾਰ ਕਰਕੇ, ਆਪੋ ਆਪਣੀ ਡਫਲੀ ਵਜਾਉਂਦੇ ਹੋਏ, ਗੁਰੂ ਗ੍ਰੰਥ ਸਾਹਿਬ ਨੂੰ ਅਧੂਰਾ ਸਾਬਤ ਕਰਨ ਅਤੇ ਆਪੋ ਆਪਣੇ ਸੰਤਾਂ, ਮਹਾਂਪੁਰਸ਼ਾਂ ਜਾਂ ਅਖੌਤੀ ਬ੍ਰਹਮਗਿਆਨੀਆਂ ਨੂੰ ਪੂਰਨ ਬ੍ਰਹਮ ਗਿਆਨੀ ਅਤੇ ਸੰਪ੍ਰਦਾਈ ਮਰਿਯਾਦਾ ਨੂੰ ਪੂਰਨ ਰਹਿਤ ਮਰਿਯਾਦਾ ਪ੍ਰਚਾਰ ਰਹੇ ਹਨ।

ਲਗਦਾ ਜਿਵੇਂ ਮੁਸਲਮਾਨ ਮੌਲਾਨਿਆਂ ਨੇ ਪਵਿਤ੍ਰ ਕੁਰਾਨ ਸ਼ਰੀਫ ਬਰਾਬਰ ਸ਼ਰਾ ਬਣਾ ਲਈ ਤੇ ਫਤਵੇ ਦੇਣੇ ਸ਼ੁਰੂ ਕਰ ਦਿੱਤੇ, ਹਿੰਦੂਆਂ ਨੇ ਬ੍ਰਾਹਮਣੀ ਸੂਤਰ ਅਪਨਾਅ ਲਏ ਇਵੇਂ ਹੀ ਸਿੱਖਾਂ ਵਿੱਚ ਵੀ ਕਾਂਸ਼ੀ ਤੋਂ ਪੜ੍ਹੇ ਡੇਰੇਦਾਰ ਸੰਪ੍ਰਦਾਈ ਟਕਸਾਲੀਆਂ ਨੇ ਆਪੋ ਆਪਣੇ ਸੰਤਾਂ ਮਹੰਤਾਂ ਦੇ ਕਹਿ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੀ ਸ਼ਰੀਕ ਰਹਿਤ ਮਰਿਯਾਦਾ ਬਣਾ ਲਈ ਅਤੇ ਵੱਖ-ਵੱਖ ਕ੍ਰਮਕਾਂਡ ਰਚ ਕੇ ਵੱਖਰੀ-ਵੱਖਰੀ ਮਰਿਯਾਦਾ ਦੇ ਮੰਤ੍ਰ ਪਾਠਾਂ, ਜਪਾਂ, ਤਪਾਂ, ਮਾਲਾ ਫੇਰ ਅਤੇ ਅੱਖਾਂ ਮੀਟ ਸਿਮਰਨਾਂ ਰਾਹੀਂ ਸੰਗਤਾਂ ਨੂੰ ਅੰਧਵਿਸ਼ਵਾਸ਼ਾਂ ਵਿੱਚ ਪਾ, ਅੰਨ੍ਹੀ ਸ਼ਰਧਾ ਅਤੇ ਮਰਿਯਾਦਾ ਰਾਹੀਂ ਲੁੱਟ ਤੇ ਕੁੱਟ ਰਹੇ ਹਨ। ਜੇ ਕੋਈ ਗੁਰੂਮੁਖ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਪਵਿਤ੍ਰ ਬਾਣੀ ਦੀ ਹੀ ਵਿਚਾਰ ਕਰਦਾ ਹੈ ਤਾਂ ਉਸ ਨੂੰ ਨਾਸਤ ਕਹਿ ਉਸ ਦੀ ਜ਼ਬਾਨ ਬੰਦ ਕਰਕੇ, ਕੁੱਟਣ ਮਾਰਨ ਤੱਕ ਜਾਂਦੇ ਹਨ।

ਇਸ ਲਈ ਗੁਰੂਸਿੱਖੋ ਜਾਗੋ ਸੰਪ੍ਰਦਾਵਾਂ, ਡੇਰੇ, ਸੰਤ ਅਤੇ ਭੇਖੀ ਬਾਬੇ ਤਿਆਗੋ ਅਤੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਲੜ ਲਗੋ, ਕਿਉਂਕਿ ਗੁਰੂਬਾਣੀ ਹੀ ਗੁਰੂਸਿੱਖਾਂ ਦੀ ਪੂਰਨ ਰਹਿਤ ਮਰਿਯਾਦਾ ਅਤੇ ਜੀਵਨ ਜਾਚ ਤੇ ਰਾਹ ਦਸੇਰਾ ਹੈ। ਫਿਰ ਵੀ ਸਿੱਖਾਂ ਨੇ ਜੇ ਇੱਕ ਰਹਿਤ ਮਰਿਯਾਦਾ ਬਣਾਉਣੀ ਹੀ ਹੈ ਤਾਂ ਉਹ ਗੁਰੂ ਗ੍ਰੰਥ ਸਾਹਿਬ ਚੋਂ ਹੀ ਹੋਵੇ ਅਤੇ ਗੁਰੂ ਗ੍ਰੰਥ ਸਾਹਿਬ ਦੀ ਸਿਧਾਂਤਕ ਕਸਵੱਟੀ 'ਤੇ ਪਰਖ ਕੇ ਬਣਾਈ ਜਾਂ ਪਹਿਲਾਂ ਬਣੀ ਸੋਧ ਲਈ ਜਾਵੇ। ਗੁਰੂ ਭਲੀ ਕਰੇ ਆਪਾਂ ਸਾਰੇ ਗੁਰੂਸਿੱਖ ਸੁਚੇਤ ਹੋਈਏ, ਇਸ ਨਾਲ ਹੀ ਪੁਜਰੀਵਾਦ ਨੂੰ ਠੱਲ੍ਹ ਪੈਣੀ ਅਤੇ ਸਿੱਖ ਪੰਥ ਦੀ ਚੜ੍ਹਦੀ ਕਲ੍ਹਾ ਹੋਣੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top